ਇਹ ਮਹਾਂਮਾਰੀ ਇੱਕ ਲਾਂਘਾ ਹੈ

ਇਹ ਮਹਾਂਮਾਰੀ ਇੱਕ ਲਾਂਘਾ ਹੈ
ਅਰੁੰਧਤੀ ਰਾਏ

ਅਰੁੰਧਤੀ ਰਾਏ

ਪੰਜਾਬੀ ਅਨੁਵਾਦ- ਬਲਤੇਜ 

"ਵਾਇਰਲ ਹੋਗਿਆ" ਕਹਿੰਦਿਆਂ ਸਾਰ ਇੱਕ ਮਿੰਨੀ ਜਿਹੀ ਕੰਬਣੀ ਕਿਸ ਨੂੰ ਨਹੀਂ ਛਿੜੇਗੀ? ਦਰਵਾਜ਼ੇ ਦੇ ਕੁੰਡੇ ਨੂੰ, ਗੱਤੇ ਦੇ ਡੱਬੇ ਨੂੰ ਵੇਖ ਕੇ ਕੌਣ ਨਹੀਂ ਸੋਚੇਗਾ ਉਹਨਾਂ ਅਦਿੱਖ, ਅਮਰ ਤੇ ਨਿਰਜੀਵ ਜਿਹੀਆਂ ਬਿੰਦੀਆਂ ਬਾਰੇ ਜੋ ਸਾਡੇ ਫੇਫੜਿਆਂ ਵਿੱਚ ਜਾਣ ਦੀ ਉਡੀਕ ਵਿੱਚ ਨੇ?

ਕਿਸੇ ਅਣਜਾਣ ਨੂੰ ਚੁੰਮਣ ਵੇਲੇ, ਬੱਸ ਵਿੱਚ ਚੜ੍ਹਣ ਵੇਲੇ ਜਾਂ ਨਿਆਣੇ ਨੂੰ ਬੱਸ ਚੜਾਉਣ ਵੇਲੇ ਡਰ ਕੌਣ ਨਹੀਂ ਮਹਿਸੂਸ ਕਰੇਗਾ?  ਜ਼ਿੰਦਗੀ ਦੇ ਆਮ ਸੁਆਦਲੇ ਕੰਮ ਕਰਨ ਲੱਗਿਆਂ ਉਹਨਾਂ ਦੇ ਜ਼ੋਖਿਮ ਦਾ ਜਾਇਜ਼ਾ ਕੌਣ ਨਹੀਂ ਆਂਕੇਗਾ? ਸਾਡੇ ਵਿਚੋਂ ਕੌਣ ਹੁਣੇ ਮਹਾਂਮਾਰੀ ਗਿਆਨੀ, ਵਿਗਿਆਨੀ ਜਾਂ ਬਾਬਾ ਬਣਨੋਂ ਰਹਿ ਗਿਆ ਹੈ? ਕਿਹੜਾ ਵਿਗਿਆਨੀ ਜਾਂ ਡਾਕਟਰ ਹੁਣ ਚੋਰੀ ਛੁਪੇ ਕਿਸੇ ਕੌਤਕ ਦੀਆਂ ਅਰਦਾਸਾਂ ਨਹੀਂ ਕਰ ਰਿਹਾ? ਕਿਹੜਾ ਬਾਬਾ ਹੁਣ ਚੋਰੀ-ਛੁਪੇ, ਘੱਟੋ ਘੱਟ ਵਿਗਿਆਨ ਮੂਹਰੇ ਗੋਡੇ ਨਹੀਂ ਟੇਕੀ ਬੈਠਾ?

ਤੇ ਹੁਣ ਜਦ ਵਾਇਰਸ ਫੈਲ ਰਿਹਾ ਹੈ, ਕੌਣ ਅਸਮਾਨ ਦੀ ਚੁੱਪ ਵੇਖ, ਸ਼ਹਿਰਾਂ ਵਿੱਚ ਪੰਛੀਆਂ ਦੀ ਚਹਿਕ ਸੁਣ, ਸੜਕਾਂ ਤੇ ਮੋਰਾਂ ਨੂੰ ਪੈਲਾਂ ਪਾਉਂਦਿਆਂ ਵੇਖ ਖੁਸ਼ ਨਹੀਂ ਹੈ?

ਮਰੀਜ਼ਾਂ ਦੀ ਗਿਣਤੀ ਦੁਨੀਆਂ ਵਿਚ ਦਸ ਲੱਖ ਦੇ ਕਰੀਬ ਹੈ, ਪੰਜ਼ਾਹ ਹਜ਼ਾਰ ਤੋਂ ਜਿਆਦਾ ਹੁਣ ਤੱਕ ਮਰ ਚੁੱਕੇ ਹਨ। ਮੰਨਿਆ ਜਾ ਰਿਹਾ ਕਿ ਗਿਣਤੀ ਸੈਂਆਂ ਹਜ਼ਾਰਾਂ ਵਿੱਚ ਹੋਰ ਵਧ ਸਕਦੀ ਹੈ। ਵਾਇਰਸ ਅੰਤਰ-ਰਾਸ਼ਟਰੀ ਵਪਾਰ ਅਤੇ ਸਰਮਾਏ ਦੇ ਰਾਹਾਂ ਵਿੱਚ ਆਜ਼ਾਦ ਘੁੰਮ ਰਿਹਾ ਹੈ, ਤੇ ਇਹਦੀ ਲਿਆਂਦੀ ਬਿਮਾਰੀ ਨੇ ਲੋਕਾਂ ਨੂੰ ਉਹਨਾਂ ਦੇ ਦੇਸ਼ਾਂ, ਉਹਨਾਂ ਦੇ ਸ਼ਹਿਰਾਂ ਤੇ ਉਹਨਾਂ ਦੇ ਘਰਾਂ ਵਿੱਚ ਡੱਕ ਦਿੱਤਾ ਹੈ।

ਇਹਦੀ ਚਾਲ ਪੈਸੇ ਵਰਗੀ ਨਹੀਂ, ਵਾਇਰਸ ਫੈਲਾਅ ਤਾਂ ਚਾਹੁੰਦਾ ਹੈ ਪਰ ਮੁਨਾਫ਼ਾ ਨਹੀਂ, ਏਸੇ ਲਈ ਨਾ ਚਾਹੁੰਦਿਆਂ ਕੁਝ ਹੱਦ ਤੱਕ ਇਸ ਨੇ ਵਹਿਣ ਨੂੰ ਪੁੱਠਾ ਗੇੜ ਦੇ ਦਿੱਤਾ ਹੈ। ਇਸਨੇ ਆਉਣ ਜਾਣ ਦੀਆਂ ਬੰਦਿਸ਼ਾਂ, ਅੰਗੂਠਿਆਂ ਨਾਲ ਲੱਗਦੀਆਂ ਹਾਜ਼ਰੀਆਂ (ਬਾਇਓਮੈਟ੍ਰਿਕਸ), ਡਿਜ਼ੀਟਲ ਨਿਗਰਾਨੀ ਤੇ ਹਰ ਤਰ੍ਹਾਂ ਦੇ ਡਾਟਾ ਦਾ ਵਿਸ਼ਲੇਸ਼ਣ ਕਰਨ ਵਾਲੀਆਂ ਕੰਪਨੀਆਂ ਦਾ ਮਖੌਲ ਉਡਾਇਆ ਹੈ। ਤੇ ਸਭ ਤੋਂ ਅਮੀਰ, ਸਭ ਤੋਂ ਤਾਕਤਵਰ ਦੇਸ਼ਾਂ ਵਿੱਚ ਸਰਮਾਏਦਾਰੀ ਦੇ ਇੰਜਣ ਵਿੱਚ ਨਿਰਣਾਇਕ ਅੜਚਣ ਲਾਈ ਹੈ। ਕੁਝ ਸਮੇਂ ਲਈ ਹੀ ਸੀ, ਪਰ ਇਨ੍ਹਾਂ ਕੁ ਸਮਾਂ ਦਿੱਤਾ ਕਿ ਇਸਦੇ ਪੁਰਜ਼ਿਆਂ ਨੂੰ ਪਰਖਿਆ ਜਾਵੇ, ਹਿਸਾਬ ਲਾਇਆ ਜਾਵੇ ਕਿ ਇਸ ਨੂੰ ਸਹੀ ਚਲਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ, ਜਾਂ ਕੋਈ ਹੋਰ ਵਧੀਆ ਇੰਜਣ ਲੱਭਣਾ ਚਾਹੀਦਾ ਹੈ।

ਇਸ ਮਹਾਂਮਾਰੀ ਦਾ ਹੱਲ ਲੱਭਣ ਵਿੱਚ ਰੁੱਝੇ ਯੁੱਧ ਯੁੱਧ ਚੀਖ਼ਣ ਗਿੱਝੇ ਹਨ। ਉਹ ਯੁੱਧ ਸ਼ਬਦ ਕਿਸੇ ਅਲੰਕਾਰ ਵਾਂਗੂ ਨਹੀਂ ਵਰਤ ਰਹੇ, ਸਗੋਂ ਯੁੱਧ ਲਈ ਹੀ ਵਰਤ ਰਹੇ ਨੇ। ਪਰ ਜੇ ਇਹ ਸੱਚੀਓਂ ਯੁੱਧ ਹੁੰਦਾ, ਤਾਂ ਅਮਰੀਕਾ ਨਾਲੋਂ ਵੱਧ ਤਿਆਰੀ ਕਿਸਨੇ ਕਰਨੀ ਸੀ? ਜੇ ਇਹਦੇ ਨਾਲ ਮੂਹਰਲੀਆਂ ਸਫ਼ਾਂ ਵਿੱਚ ਲੜਣ ਵਾਲੇ ਸਿਪਾਹੀਆਂ ਨੂੰ ਮਾਸਕ, ਦਸਤਾਨਿਆਂ ਦੀ ਥਾਂ ਤੇ ਬੰਦੂਕਾਂ, ਆਧੁਨਿਕ ਬੰਬ, ਬਾਰੂਦ, ਲੜਾਕੂ ਜਹਾਜ ਤੇ ਜਾਂ ਪਰਮਾਣੂ ਬੰਬ ਚਾਹੀਦੇ ਹੁੰਦੇ ਤਾਂ ਕਦੇ ਕਿੱਲਤ ਹੋਣੀ ਸੀ?

ਹਰ ਰਾਤ, ਦੁਨੀਆਂ ਦੇ ਦੂਜੇ ਸਿਰੇ ਤੋਂ, ਸਾਡੇ ਵਿੱਚੋਂ ਕੁਝ ਨਿਯੂ ਯਾਰਕ ਦੇ ਗਵਰਨਰ ਦੇ ਬਿਆਨ ਨੂੰ ਅਜਿਹੇ ਮੋਹ ਨਾਲ ਵੇਖਦੇ ਹਨ ਜੋ ਵਿਖਿਆਨ ਕਰਨਾ ਔਖਾ ਹੈ। ਅਸੀਂ ਆਂਕੜੇ ਵੇਖਦੇ ਹਾਂ,  ਤੇ ਖਬਰਾਂ ਸੁਣਦੇ ਹਾਂ, ਅਮਰੀਕਾ ਦੇ ਭਰੇ ਹੋਏ ਹਸਪਤਾਲਾਂ ਬਾਰੇ, ਘੱਟ ਤਨਖਾਹ ਤੇ ਬਹੁਤਾ ਕੰਮ ਕਰਨ ਵਾਲੀਆਂ ਨਰਸਾਂ ਬਾਰੇ ਜੋ ਕੂੜੇ ਵਾਲੇ ਲਿਫ਼ਾਫਿਆਂ ਨੂੰ ਮਾਸਕ ਵਾਂਗੂ ਪਹਿਨਦੀਆਂ ਨੇ, ਸਭ ਕੁਝ ਦਾਅ ਤੇ ਲਾਉਂਦੀਆਂ ਨੇ ਮਰੀਜ਼ਾਂ ਦੀ ਤੰਦਰੁਸਤੀ ਲਈ। ਵੈਂਟੀਲੇਟਰਾਂ ਲਈ ਇੱਕ ਦੂਜੇ ਖ਼ਿਲਾਫ ਬੋਲੀ ਲਾਉਂਦੇ ਰਾਜਾਂ ਬਾਰੇ ਸੁਣਦੇ ਹਾਂ, ਡਾਕਟਰਾਂ ਦੀ ਦੁਵਿਧਾ ਬਾਰੇ ਸੁਣਦੇ ਹਾਂ, ਕਿ ਕਿਸ ਮਰੀਜ਼ ਨੂੰ ਬਚਾਇਆ ਜਾਵੇ ਤੇ ਕਿਸ ਨੂੰ ਮਰਨ ਖਾਤਿਰ ਛੱਡਿਆ ਜਾਵੇ। ਤੇ ਇਹ ਸੋਚਦਿਆਂ ਅਸੀਂ ਆਪਣੇ ਆਪ ਨੂੰ ਆਖਦੇ ਹਾਂ, "ਹਾਏ ਰੱਬਾ! ਆਹ ਏ ਅਮਰੀਕਾ!"

ਇਹ ਤ੍ਰਾਸਦੀ ਅਚਾਨਕ, ਅਸਲ ਤੇ ਵਿਰਾਟ ਹੈ ਜੋ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਹੀ ਹੈ। ਪਰ ਇਹ ਨਵੀਂ ਨਹੀਂ। ਇਹ ਵਰ੍ਹਿਆਂ ਤੋਂ ਲੀਹੋਂ ਲੱਥੀ ਰੇਲ ਗੱਡੀ ਦਾ ਮਲਬਾ ਹੈ। ਕੀਹਨੂੰ ਨਹੀਂ ਯਾਦ ਹੋਣੀਆਂ "ਰੋਗੀਆਂ ਨੂੰ ਬਾਹਰ ਸੁੱਟਣ" ਵਾਲੀਆਂ ਉਹ ਵੀਡੀਓ ਜਿਨ੍ਹਾਂ ਵਿੱਚ ਬਿਮਾਰ ਲੋਕ, ਹਸਪਤਾਲਾਂ ਦੇ ਗਾਊਨਾਂ ਵਿੱਚ ਹੀ, ਨੰਗੇ ਚਿੱਤੜ, ਲੁਕੋ ਕੇ ਗਲੀਆਂ ਦੀਆਂ ਨੁੱਕਰਾਂ ਵਿੱਚ ਸੁੱਟੇ ਗਏ? ਹਸਪਤਾਲਾਂ ਦੇ ਬੂਹੇ ਅਮਰੀਕਾ ਦੇ ਬਦਕਿਸਮਤ ਨਾਗਰਿਕਾਂ ਲਈ ਅਕਸਰ ਬੰਦ ਹੋ ਜਾਇਆ ਕਰਦੇ ਸਨ। ਬਿਨਾਂ ਪਰਵਾਹ ਕੀਤਿਆਂ ਕਿ ਕੋਈ ਕਿੰਨਾ ਬਿਮਾਰ ਹੈ ਜਾਂ ਕਿੰਨੀਆਂ ਦਿੱਕਤਾਂ ਝੱਲ ਰਿਹਾ ਹੈ।

ਖੈਰ ਹੁਣ ਤੱਕ ਕਦੇ ਫਰਕ ਨਹੀਂ ਪਿਆ ਸੀ ਪਰ ਹੁਣ, ਵਾਇਰਸ ਦੇ ਦੌਰ ਵਿੱਚ ਗਰੀਬ ਬੰਦੇ ਦੀ ਬਿਮਾਰੀ ਕਿਸੇ ਅਮੀਰ ਦੀ ਸਿਹਤ ਵਿਗਾੜ ਸਕਦੀ ਹੈ। ਹੁਣ ਤੱਕ, ਤੇ ਹੁਣ ਵੀ, ਸੈਨੇਟਰ ਬਰਨੀ ਸੈਂਡਰਸ ਜਿਹੜਾ ਸਾਰਿਆਂ ਲਈ ਸਿਹਤ ਸਹੂਲਤਾਂ ਦੀ ਗੱਲ ਕਰਦਾ ਸੀ ਉਹਨੂੰ ਉਹਦੀ ਆਪਣੀ ਪਾਰਟੀ ਵੱਲੋਂ ਹੀ ਵ੍ਹਾਈਟ ਹਾਊਸ ਦੀ ਦੌੜ ਵਿੱਚੋਂ ਬੇਗਾਨਾ ਕਰ ਦਿੱਤਾ ਗਿਆ ਹੈ। ਅਤੇ ਮੇਰੇ ਦੇਸ਼ ਦਾ ਕੀ, ਮੇਰੇ ਗਰੀਬ-ਅਮੀਰ ਦੇਸ਼, ਭਾਰਤ ਦਾ ਜੋ ਘੋਰ ਸੱਜੇ-ਪੱਖੀ ਹਿੰਦੂ ਰਾਸ਼ਟਰਵਾਦੀ ਹਕੂਮਤ ਅਧੀਨ ਹੈ ਤੇ ਲਟਕ ਰਿਹਾ ਹੈ, ਜਗੀਰੂ ਅਤੇ ਧਾਰਮਿਕ ਕੱਟੜਵਾਦ, ਸਰਮਾਏਦਾਰੀ ਅਤੇ ਜਾਤ-ਪਾਤ ਦੇ ਵਿਚਕਾਰ?

ਦਸੰਬਰ ਵਿੱਚ, ਜਦੋਂ ਚੀਨ ਵਾਇਰਸ ਦੇ ਫੈਲਾਅ ਨਾਲ ਵੂਹਾਨ ਵਿੱਚ ਜੂਝ ਰਿਹਾ ਸੀ, ਤਾਂ ਭਾਰਤ ਸਰਕਾਰ ਆਪਣੇ ਹੀ ਲੋਕਾਂ ਦੇ ਵੱਡੀ ਗਿਣਤੀ ਵਿੱਚ ਭੜਕੇ ਅੰਦੋਲਨਾਂ ਨਾਲ ਨਿੱਬੜ ਰਹੀ ਸੀ ਜੋ ਪਾਰਲੀਮੈਂਟ ਵਿੱਚ ਪਾਸ ਹੋਏ ਮੁਸਲਮਾਨ ਵਿਰੋਧੀ ਬੇਕਿਰਕ ਕਾਨੂੰਨ ਖਿਲਾਫ ਸਨ।

ਕੋਵਿਡ-19 ਦਾ ਪਹਿਲਾ ਕੇਸ ਭਾਰਤ ਵਿੱਚ 30 ਜਨਵਰੀ ਨੂੰ ਦਰਜ ਹੋਇਆ ਸੀ, ਗਣਤੰਤਰ ਦਿਹਾੜੇ ਦੀ ਪਰੇਡ ਤੇ ਪਹੁੰਚੇ ਸਾਡੇ ਮਾਣਯੋਗ ਪ੍ਰਾਹੁਣੇ, ਐਮਾਜ਼ਨ ਜੰਗਲਾਂ ਨੂੰ ਨਿਗਲਣ ਵਾਲੇ ਤੇ ਕੋਵਿਡ ਦੀ ਹੋਂਦ ਨੂੰ ਨਕਾਰਨ ਵਾਲੇ ਜੈਰ ਬੋਲਸੋਨਾਰੋ ਦੇ ਦਿੱਲੀਓਂ ਜਾਣ ਤੋਂ ਕੁਝ ਦਿਨ ਬਾਅਦ। ਪਰ ਹਾਕਮ ਧਿਰ ਦੇ ਕੋਲ ਫਰਵਰੀ ਵਿੱਚ ਵਾਇਰਸ ਦੀ ਖਾਤਰਦਾਰੀ ਲਈ ਬਹੁਤ ਕੁਝ ਸੀ। ਡੋਨਾਲਡ ਟਰੰਪ ਨੇ ਆਪਣੇ ਸਰਕਾਰੀ ਦੌਰੇ ਦਾ ਫਰਵਰੀ ਦੇ ਆਖਰੀ ਹਫ਼ਤੇ ਵਿੱਚ ਟੈਮ ਦਿੱਤਾ ਹੋਇਆ ਸੀ। ਉਹਨੂੰ ਗੁਜਰਾਤ ਦੇ ਸਟੇਡੀਅਮ ਵਿੱਚ 10 ਲੱਖ ਲੋਕ ਆਉਣਗੇ ਵਰਗੇ ਕਿਸੇ ਵਾਅਦੇ ਦਾ ਲਾਲਚ ਸੀ। ਇਸ ਸਾਰੇ ਕਾਸੇ ਵਿੱਚ ਪੈਸਾ ਤੇ ਬਹੁਤ ਸਾਰਾ ਸਮਾਂ ਹੱਥੋਂ ਨਿੱਕਲ ਗਿਆ।

ਫੇਰ ਦਿੱਲੀ ਚੋਣਾਂ ਸੀ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਹਾਰਨ ਲਈ ਤਿਆਰ ਸੀ ਜਦ ਤੱਕ ਇਹ ਆਪਣੀ ਖੇਡ ਨਾ ਖੇਡਦੀ, ਜਿਹੜੀ ਇਹ ਖੇਡ ਗਈ, ਹਿੰਦੂ ਰਾਸ਼ਟਰਵਾਦ ਨੂੰ ਹੱਲਾਸ਼ੇਰੀ ਦੇਣਾ, ਦੇਸ਼ ਦੇ 'ਗੱਦਾਰਾਂ' ਨੂੰ ਕੁੱਟਣਾ ਜਾਂ ਗੋਲੀ ਮਾਰਨ ਦੀਆਂ ਧਮਕੀਆਂ ਦੇਣੀਆਂ।

ਖੈਰ ਪਾਰਟੀ ਚੋਣਾਂ ਹਾਰ ਗਈ।  ਤੇ ਫੇਰ, ਇਸ ਬੇਇੱਜਤੀ ਲਈ ਦਿੱਲੀ ਦੇ ਮੁਸਲਮਾਨਾਂ ਦੀ ਸਜ਼ਾ ਤੈਅ ਕੀਤੀ ਗਈ।  ਉੱਤਰ-ਪੂਰਬੀ ਦਿਲੀ ਵਿੱਚ ਹਿੰਦੂ ਦੰਗਾਈਆਂ ਵੱਲੋਂ ਪੁਲਿਸ ਦੀ ਦੇਖ ਰੇਖ ਵਿੱਚ ਦੱਖਣੀ-ਪੂਰਬੀ ਦਿੱਲੀ ਦੇ ਮੁਸਲਮਾਨ ਮਜ਼ਦੂਰ ਕਾਮਿਆਂ ਤੇ ਹਮਲਾ ਕੀਤਾ ਗਿਆ। ਘਰ, ਦੁਕਾਨਾਂ, ਮਸਜ਼ਿਦਾਂ ਅਤੇ ਸਕੂਲ ਸਾੜ ਦਿੱਤੇ ਗਏ। ਮੁਸਲਮਾਨ ਜਿੰਨਾਂ 'ਤੇ ਹਮਲੇ ਬਾਰੇ ਸੋਚਿਆ ਸੀ ਉਹ ਜਵਾਬੀ ਕਾਰਵਾਈ ਕਰਨ ਲੱਗੇ। 50 ਤੋਂ ਵੱਧ ਲੋਕ, ਮੁਸਲਮਾਨ ਅਤੇ ਕੁਝ ਹਿੰਦੂ, ਮਾਰੇ ਗਏ। 
ਹਜ਼ਾਰਾਂ ਲੋਕ ਉੱਥੋਂ ਦੇ ਕਬਰਿਸਤਾਨਾਂ ਵਿੱਚ ਬਣੇ ਸ਼ਰਨਾਰਥੀ ਕੈਂਪਾਂ ਵਿੱਚ ਚਲ ਗਏ। ਕੱਟੀਆਂ ਵੱਢੀਆਂ ਲੋਥਾਂ ਹਾਲੇ ਵੀ ਸੀਵਰੇਜ਼ਾਂ ਤੇ ਗਟਰਾਂ ਦੇ ਜਾਲ ਵਿੱਚੋਂ ਖਿੱਚੀਆਂ ਜਾ ਰਹੀਆਂ ਸਨ ਜਦ ਸਰਕਾਰੀ ਬਾਬੂਆਂ ਦੀ ਕੋਵਿਡ-19 ਬਾਰੇ ਪਹਿਲੀ ਬੈਠਕ ਹੋਈ ਤੇ ਬਹੁਤੇ ਭਾਰਤੀਆਂ ਨੂੰ ਪਤਾ ਲੱਗਿਆ ਕਿ ਹੈਂਡ ਸੈਨੇਟਾਈਜ਼ਰ ਵੀ ਕੋਈ ਸ਼ੈਅ ਹੁੰਦੀ ਏ।

ਮਾਰਚ ਵੀ ਰੁਝੇਵਿਆਂ ਭਰਿਆ ਸੀ। ਪਹਿਲੇ ਦੋ ਹਫ਼ਤੇ ਤਾਂ ਭਾਰਤ ਦੇ ਵਿਚਕਾਰਲੇ ਰਾਜ ਮੱਧ ਪ੍ਰਦੇਸ਼ ਵਿੱਚੋਂ ਕਾਂਗਰਸ ਦੀ ਸਰਕਾਰ ਸੁੱਟਣ ਤੇ ਭਾਜਪਾ ਦੀ ਸਰਕਾਰ ਲਿਆਉਣ ਵਿੱਚ ਹੀ ਲੰਘ ਗਏ। ਮਾਰਚ 11 ਨੂੰ ਸੰਸਾਰ ਸਿਹਤ ਸੰਗਠਨ ਨੇ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ। ਦੋ ਦਿਨ ਬਾਅਦ 13 ਮਾਰਚ ਨੂੰ ਸਿਹਤ ਵਜ਼ਾਰਤ ਵਾਲੇ ਕਹਿੰਦੇ 'ਇਹ ਤਾਂ ਸਿਹਤ ਐਮਰਜੇਂਸੀ ਹੈ ਹੀ ਨਹੀਂ'।

ਆਖਿਰਕਾਰ, ਮਾਰਚ 19 ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਉਹਨੇ ਕੋਈ ਬਹੁਤੀ ਤਿਆਰੀ ਨਹੀਂ ਸੀ ਕੀਤੀ ਹੋਈ। ਉਹਨੇ ਫਰਾਂਸ ਤੇ ਇਟਲੀ ਦੀਆਂ ਯੋਜਨਾਵਾਂ ਉਧਾਰੀਆਂ ਲਈਆਂ। ਉਹਨੇ ਸਾਨੂੰ 'ਸਮਾਜਿਕ ਦੂਰੀ' (ਜਾਤ ਪਾਤ ਨੂੰ ਮੰਨਣ ਵਾਲੇ ਸਮਾਜ ਲਈ ਸਿੱਖਣਾ ਬੜਾ ਸੌਖਾ ਸੀ) ਬਾਰੇ ਸਮਝਾਇਆ ਅਤੇ ਮਾਰਚ 22 ਨੂੰ 'ਪਬਲਿਕ ਕਰਫਿਊ' ਐਲਾਨ ਦਿੱਤਾ। ਉਹਨੇ ਕੁਝ ਨਹੀ ਕਿਹਾ ਕਿ ਉਹਦੀ ਸਰਕਾਰ ਮੰਦੀ ਦੇ ਦੌਰ ਵਿੱਚ ਕੀ ਕਰ ਰਹੀ ਹੈ, ਪਰ ਉਹਨੇ ਲੋਕਾਂ ਨੂੰ ਬਾਲਕੋਨੀਆਂ ਵਿੱਚ ਆ ਕੇ ਸਿਹਤ ਕਾਮਿਆਂ ਦੇ ਸਨਮਾਨ ਵਿੱਚ ਟੱਲੀਆਂ ਅਤੇ ਭਾਂਡੇ ਖੜਕਾਉਣ ਲਈ ਕਿਹਾ।

ਉਹਨੇ ਕਿਤੇ ਨਹੀਂ ਦੱਸਿਆ, ਕਿ ਉਸ ਵੇਲੇ ਤੱਕ ਵੀ, ਭਾਰਤ ਸੁਰੱਖਿਆ ਦਾ ਤੇ ਸਾਹ ਲੈਣ ਦਾ ਸਮਾਨ ਬਾਹਰ ਭੇਜਦਾ ਰਿਹਾ, ਬਜਾਏ ਕਿ ਇਹਨਾਂ ਨੂੰ ਭਾਰਤੀ ਸਿਹਤ ਕਾਮਿਆਂ ਤੇ ਲੋਕਾਂ ਲਈ ਰੱਖਿਆ ਜਾਂਦਾ।

ਕੋਈ ਬਹੁਤੀ ਅਚੰਭੇ ਦੀ ਗੱਲ ਨਹੀਂ ਸੀ ਕਿ ਮੋਦੀ ਦੀ ਬੇਨਤੀ ਨੂੰ ਬੇਹਿਸਾਬ ਖੁਸ਼ੀ ਨਾਲ ਪੂਰਾ ਕੀਤਾ ਗਿਆ। ਥਾਲੀਆਂ ਖੜਕਾਉਂਦੇ ਮਾਰਚ ਨਿੱਕਲੇ, ਨਾਚ ਗਾਣਿਆਂ ਨਾਲ ਜਲੂਸ ਨਿੱਕਲੇ। ਕੋਈ ਬਹੁਤੀ ਸਮਾਜਿਕ ਦੂਰੀ ਨਹੀਂ। ਉਹਨੀਂ ਦਿਨੀਂ ਹੀ ਇੱਕ ਬੰਦਾ ਗਾਂ ਦੇ ਗੋਹੇ ਨਾਲ ਭਰੇ ਡਰੰਮ ਵਿੱਚ ਕੁੱਦ ਗਿਆ, ਤੇ ਭਾਜਪਾ ਸਮਰਥਕ ਗਾਂ ਦਾ ਪੇਸ਼ਾਬ ਪੀਣ ਦੀਆਂ ਪਾਰਟੀਆਂ ਦੇਣ ਲੱਗੇ। ਇਨ੍ਹਾਂ ਹੀ ਨਹੀਂ, ਕਈ ਮੁਸਲਮਾਨਾਂ ਦੀਆਂ ਸੰਸਥਾਵਾਂ ਨੇ ਆਖਿਆ ਕਿ ਵਾਇਰਸ ਦਾ ਹੱਲ ਅੱਲਾ ਦੇਵੇਗਾ ਤੇ ਉਹਨਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਮਸਜ਼ਿਦਾਂ ਵਿੱਚ ਆਉਂਦੇ ਰਹਿਣ ਨੂੰ ਆਖਿਆ।

24 ਮਾਰਚ, 8 ਵਜੇ, ਮੋਦੀ ਟੀ.ਵੀ ਤੇ ਫੇਰ ਦਿਖਿਆ ਤੇ ਕਿਹਾ, ਅੱਜ ਰਾਤ ਤੋਂ, ਸਾਰਾ ਭਾਰਤ ਬੰਦ। ਬਾਜ਼ਾਰ ਬੰਦ, ਗੱਡੀਆਂ ਮੋਟਰਾਂ ਬੰਦ, ਸਰਕਾਰੀ ਤੇ ਨਿੱਜੀ, ਕੁਲ ਗੱਡੀਆਂ ਬੱਸਾਂ ਬੰਦ।

ਉਹਨੇ ਕਿਹਾ ਕਿ ਉਹ ਇਹ ਫੈਸਲਾ ਸਿਰਫ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਨਹੀਂ, ਸਗੋਂ ਪਰਿਵਾਰ ਦਾ ਬਜ਼ੁਰਗ ਹੋਣ ਦੇ ਨਾਤੇ ਲੈ ਰਿਹਾ ਹੈ। ਬਿਨਾਂ ਰਾਜਾਂ ਦੀ ਸਰਕਾਰ ਨਾਲ ਸਲਾਹ ਕੀਤਿਆਂ ਜਿਨ੍ਹਾਂ ਨੇ ਇਹਨਾਂ ਫੈਸਲਿਆਂ ਦੇ ਨਤੀਜਿਆਂ ਨਾਲ ਨਿੱਬੜਣਾ ਸੀ, 138 ਕਰੋੜ ਲੋਕਾਂ ਦੀ ਤਾਲਾਬੰਦੀ ਬਿਨਾਂ ਕਿਸੇ ਤਿਆਰੀ ਤੋਂ ਅਤੇ ਮਹਿਜ਼ ਚਾਰ ਘੰਟਿਆਂ ਦੇ ਨੋਟਿਸ 'ਤੇ, ਇਹ ਫੈਸਲਾ ਹੋਰ ਲੈ ਵੀ ਕੌਣ ਸਕਦਾ ਸੀ? ਉਹਦੇ ਤਰੀਕੇ ਬਿਲਕੁਲ ਇੰਝ ਦਰਸਾਉਂਦੇ ਹਨ ਜਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਲੋਕਾਂ ਦਾ ਵੈਰੀ ਹੋਵੇ, ਜੋ ਕਦੇ ਵੀ ਹਮਲਾ ਕਰਦਾ ਹੈ, ਜੋ ਲੋਕਾਂ ਨੂੰ ਚੱਕਰਾਂ 'ਚ ਪਾ ਦਿੰਦਾ ਹੈ, ਤੇ ਭਰੋਸੇਯੋਗ ਤਾਂ ਬਿਲਕੁਲ ਨਹੀਂ।

ਅਸੀਂ ਤਾਲਾਬੰਦ ਹੋ ਗਏ। ਬਹੁਤ ਸਾਰੇ ਸਿਹਤ ਕਾਮਿਆਂ ਅਤੇ ਮਹਾਂਮਾਰੀ ਮਾਹਿਰਾਂ ਨੇ ਇਸ ਪੈਂਤੜੇ ਨੂੰ ਸਰਾਹਿਆ। ਉਂਝ ਉਹ ਸਿਧਾਂਤਕ ਤੌਰ ਤੇ ਸਹੀ ਵੀ ਸਨ। ਪਰ ਯਕੀਨਨ ਉਹਨਾਂ ਵਿੱਚੋਂ ਕੋਈ ਵੀ ਤਿਆਰੀ ਜਾਂ ਯੋਜਨਾ ਦੀ ਘਾਟ ਦਾ ਸਮਰਥਨ ਨਹੀਂ ਕਰ ਸਕਦਾ ਜਿਸ ਨੇ ਦੁਨੀਆਂ ਦੀ ਸਭ ਤੋਂ ਵੱਡੀ, ਸਜ਼ਾਵਾਂ ਦੇਣ ਵਾਲੀ ਤਾਲਾਬੰਦੀ ਨੂੰ ਉਸ ਟੀਚੇ ਦੇ ਬਿਲਕੁਲ ਉਲਟ ਖੜੇ ਕੀਤਾ ਜੋ ਤਾਲਾਬੰਦੀ ਵਿੱਚ ਹੋਣਾ ਚਾਹੀਦਾ ਸੀ।

ਐਨਕਾਂ ਨੂੰ ਪਿਆਰ ਕਰਨ ਵਾਲੇ ਐਨਕਾਂ ਦੀ ਮਾਂ ਬਣਾ ਦਿੰਦੇ ਨੇ। ਜਿਵੇਂ ਦੁਨੀਆਂ ਨੇ ਹੈਰਾਨ ਹੋ ਕੇ ਵੇਖਿਆ, ਭਾਰਤ ਨੇ ਆਪਣੀ ਸਾਰੀ ਸ਼ਰਮ ਦੇ ਨਾਲ- ਆਪਣੀ ਬਰਬਰਤਾ, ਢਾਂਚਾਗਤ, ਸਮਾਜਕ ਤੇ ਆਰਥਿਕ ਨਾਬਰਾਬਰੀ, ਆਪਣੇ ਪੱਥਰ ਦਿਲ ਨੂੰ ਦੁਨੀਆਂ ਸਾਹਵੇਂ ਦਿਖਾਇਆ।

ਤਾਲਾਬੰਦੀ ਉਸ ਰਸਾਇਣਕ ਪ੍ਰਯੋਗ ਜਿਹੀ ਰਹੀ ਜਿਸ ਨੇ ਇਕਦਮ ਲੁਕੀਆਂ ਚੀਜ਼ਾਂ ਉਘਾੜ ਦਿੱਤੀਆਂ। ਜਿਵੇਂ ਹੀ ਦੁਕਾਨਾਂ, ਢਾਬੇ, ਫੈਕਟਰੀਆਂ ਤੇ ਇਮਾਰਤਾਂ ਬਣਨੀਆਂ ਬੰਦ ਹੋਈਆਂ, ਜਿਵੇਂ ਹੀ ਅਮੀਰਾਂ ਅਤੇ ਮੱਧ-ਵਰਗੀਆਂ ਨੇ ਆਪਣੇ ਆਪ ਨੂੰ ਵੱਡੇ ਦਰਵਾਜ਼ਿਆਂ ਵਾਲੀਆਂ ਕਲੋਨੀਆਂ ਪਿੱਛੇ ਲੁਕਾ ਲਿਆ। ਸਾਡੇ ਕਸਬਿਆਂ ਅਤੇ ਵੱਡੇ ਸ਼ਹਿਰਾਂ ਨੇ ਆਪਣੀ ਕੰਮ ਕਰਨ ਵਾਲੀ ਜਮਾਤ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ- ਆਪਣੇ ਪ੍ਰਵਾਸੀ ਕਾਮਿਆਂ ਨੂੰ- ਜਿਵੇਂ ਇਹ ਨਾਂ-ਚਾਹੁੰਦਿਆਂ ਬਹੁਤ ਜਿਆਦਾ ਹੋ ਗਏ ਹੋਣ।

ਕਈਆਂ ਨੂੰ ਮਕਾਨ ਮਾਲਕਾਂ ਅਤੇ ਨੌਕਰੀਆਂ ਵੱਲੋਂ ਬਾਹਰ ਧੱਕ ਦਿੱਤਾ ਗਿਆ, ਲੱਖਾਂ ਗਰੀਬ, ਪਿਆਸੇ, ਜਵਾਨ ਅਤੇ ਬੁੱਢੇ, ਆਦਮੀ, ਔਰਤਾਂ, ਬੱਚੇ, ਬਿਮਾਰ, ਅੰਨ੍ਹੇ, ਅਪਾਹਜ਼, ਬੇਸਹਾਰਾ, ਨਿਥਾਵੇਂ, ਜਿੰਨਾਂ ਨੂੰ ਕੋਈ ਬੱਸ ਗੱਡੀ ਨਹੀਂ ਸੀ ਵਿਖਦੀ, ਨੇ ਆਪਣੇ ਪਿੰਡਾਂ ਨੂੰ 'ਲਾਂਗ ਮਾਰਚ' ਸ਼ੁਰੂ ਕਰ ਦਿੱਤਾ। ਉਹ ਦਿਨਾਂ ਦੇ ਹਿਸਾਬ ਨਾਲ ਤੁਰੇ ਬਦਾਊਂ, ਆਗਰਾ, ਆਜ਼ਮਗੜ, ਅਲ੍ਹੀਗੜ, ਲਖਨਊ, ਗੋਰਖਪੁਰ ਹਜ਼ਾਰਾਂ ਹੀ ਕਿਲੋਮੀਟਰ ਦੂਰ। ਕੁਝ ਰਾਹ ਵਿੱਚ ਹੀ ਚਲ ਵਸੇ।

ਉਹ ਜਾਣਦੇ ਸਨ ਕਿ ਉਹ ਪਿੰਡਾਂ ਵਿੱਚ ਜਾ ਕੇ ਭੁੱਖਮਰੀ ਦੀ ਗਤੀ ਹੌਲੀ ਕਰ ਦੇਣਗੇ। ਉਹ ਇਹ ਵੀ ਜਾਣਦੇ ਸਨ ਕਿ ਉਹ ਆਪਣੇ ਨਾਲ ਵਾਇਰਸ ਵੀ ਲਿਜਾ ਸਕਦੇ ਹਨ ਤੇ ਆਪਣੇ ਪਰਿਵਾਰ, ਆਪਣੇ ਮਾਪਿਆਂ ਤੇ ਦਾਦਿਆਂ ਨੂੰ ਰੋਗੀ ਕਰ ਸਕਦੇ ਹਨ, ਪਰ ਉਹ ਬੜੀ ਤਾਂਘ ਨਾਲ ਆਪਣੇ ਪਰਿਵਾਰ ਦੀ ਸ਼ਰਣ ਚਾਹੁੰਦੇ ਸਨ, ਆਸਰਾ ਅਤੇ ਸਨਮਾਨ, ਰੋਟੀ ਵੀ, ਭਾਵੇਂ ਪਿਆਰ ਨਾਂ ਵੀ ਮਿਲਦਾ।

ਜਿਵੇਂ  ਹੀ ਉਹ ਜਾ ਰਹੇ ਸਨ ਉਹਨਾਂ ਵਿੱਚੋਂ ਕੁਝ ਨੂੰ ਬੁਰੀ ਤਰ੍ਹਾਂ  ਪੁਲਸ ਵੱਲੋਂ ਕੁੱਟਿਆ ਤੇ ਬੇਇੱਜ਼ਤ ਕੀਤਾ ਗਿਆ, ਜਿਨ੍ਹਾਂ 'ਤੇ ਸਖ਼ਤੀ ਨਾਲ ਕਰਫਿਊ ਲਾਗੂ ਕਰਨ ਦੀ ਜਿੰਮੇਵਾਰੀ ਸੀ। ਮੁੰਡਿਆਂ ਨੂੰ ਸੜਕਾਂ ਤੇ ਡੱਡੂ ਛੜੱਪੇ ਲਵਾਏ ਗਏ ਤੇ ਮੁਰਗੇ ਬਣਾਇਆ ਗਿਆ। ਬਰੇਲੀ ਸ਼ਹਿਰ ਦੇ ਬਾਹਰ ਇੱਕ ਸਮੂਹ ਨੂੰ ਤਾਂ ਇਕੱਠਿਆ ਬਿਠਾਇਆ ਗਿਆ ਤੇ ਝੁੰਡ ਵਿੱਚ ਹੀ ਉਹਨਾਂ ਤੇ ਰਸਾਇਣਕ ਸਪਰੇਅ ਕੀਤੀ ਗਈ।

ਕੁਝ ਦਿਨਾਂ ਦੇ ਬਾਅਦ, ਇਸ ਖਦਸ਼ੇ ਤੋਂ ਕੀ ਆਵਾਜਾਈ ਕਰ ਰਹੇ ਲੋਕ ਵਾਇਰਸ ਪਿੰਡਾਂ ਵਿੱਚ ਲਿਜਾ ਸਕਦੇ ਹਨ। ਸਰਕਾਰ ਨੇ ਰਾਜਾਂ ਦੀਆਂ ਹੱਦਾਂ ਪੈਦਲ ਜਾਣ ਵਾਲਿਆਂ ਲਈ ਵੀ ਸੀਲ ਕਰ ਦਿੱਤੀਆਂ। ਲੋਕ ਜੋ ਕਈ ਦਿਨਾਂ ਤੋਂ ਤੁਰ ਰਹੇ ਸਨ ਉਹਨਾਂ ਨੂੰ ਰੋਕਿਆ ਗਿਆ ਤੇ ਧੱਕੇ ਨਾਲ ਸ਼ਹਿਰ ਵਿੱਚ ਲੱਗੇ ਕੈਂਪਾਂ ਵਿੱਚ ਭੇਜਿਆ ਗਿਆ ਜਿੱਥੋਂ ਉਹਨਾਂ ਨੂੰ ਕੱਢਿਆ ਗਿਆ ਸੀ।

ਬਜ਼ੁਰਗਾਂ ਨੂੰ 1947 ਦੇ ਲੋਕ ਉਜਾੜੇ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ, ਜਦ ਭਾਰਤ ਵੰਡਿਆ ਗਿਆ ਸੀ ਤੇ ਪਾਕਿਸਤਾਨ ਬਣਿਆ ਸੀ। ਫਰਕ ਇੰਨਾ ਸੀ ਕਿ ਹੁਣ ਦਾ ਉਜਾੜਾ ਧਾਰਮਿਕ ਲੀਹਾਂ ਤੇ ਨਹੀਂ ਸਗੋਂ ਜਮਾਤੀ ਲੀਹਾਂ 'ਤੇ ਸੀ। ਇਸ ਸਭ ਦੇ ਬਾਵਜੂਦ ਇਹ ਭਾਰਤ ਦੇ ਸਭ ਤੋਂ ਗਰੀਬ ਲੋਕ ਨਹੀਂ ਸਨ। ਇਹ ਉਹ ਲੋਕ ਸਨ ਜਿੰਨਾਂ ਕੋਲ (ਹੁਣ ਤੱਕ) ਸ਼ਹਿਰਾਂ ਵਿੱਚ ਕੰਮ ਸੀ ਤੇ ਘਰ ਸਨ ਵਾਪਿਸ ਪਰਤਣ ਨੂੰ। ਬੇਰੁਜ਼ਗਾਰ, ਬੇਘਰੇ, ਉਦਾਸ ਉੱਥੇ ਹੀ ਰਹਿ ਗਏ ਜਿੱਥੇ ਉਹ ਸਨ, ਸ਼ਹਿਰਾਂ ਵਿੱਚ ਸਨ ਚਾਹੇ ਪਿੰਡਾਂ ਵਿੱਚ। ਜਿੰਨ੍ਹਾਂ ਅੰਦਰ ਡੂੰਘੀ ਚਿੰਤਾ ਉੱਗੀ ਹੋਈ ਸੀ ਇਸ ਤ੍ਰਾਸਦੀ ਦੇ ਵਾਪਰਨ ਤੋਂ ਕਿਤੇ ਪਹਿਲਾਂ। ਇਹਨਾਂ ਸਾਰੇ ਬੁਰੇ ਦਿਨਾਂ ਦੌਰਾਨ, ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕਾਂ ਲਈ ਗੈਰ-ਹਾਜ਼ਰ ਰਹੇ।

ਜਦੋਂ ਲੋਕ ਦਿੱਲੀ ਤੋਂ ਜਾਣ ਲੱਗੇ, ਮੈਂ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਬਾਡਰ ਤੇ ਪੈਂਦੇ ਗਾਜ਼ੀਪੁਰ ਜਾਣ ਲਈ ਪੱਤਰਕਾਰੀ ਪਾਸ ਬਣਵਾ ਲਿਆ, ਉਸ ਮੈਗਜ਼ੀਨ ਤੋਂ ਜਿਸ ਲਈ ਮੈਂ ਅਕਸਰ ਲਿਖਦੀ ਹਾਂ।

ਦ੍ਰਿਸ਼ ਬਾਈਬਲੀ ਸੀ। ਜਾਂ ਖਬਰੇ ਨਹੀਂ। ਬਾਈਬਲ ਨੇ ਇੰਨੀ ਵੱਡੀ ਤਾਦਾਦ ਬਾਰੇ ਨਹੀ ਜਾਣਿਆ ਹੋਣਾ। ਸਰੀਰਕ ਦੂਰੀ ਬਣਾਉਣ ਲਈ ਕੀਤੀ ਤਾਲਾਬੰਦੀ ਬਿਲਕੁਲ ਉਲਟ ਭੁਗਤੀ। ਸਰੀਰਾਂ ਦਾ ਭੇੜ ਸੋਚੇ ਜਾਣ ਵਾਲੇ ਪੈਮਾਨੇ ਤੋਂ ਪਰੇ ਸੀ। ਭਾਰਤ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਇਹੋ ਸੱਚ ਹੈ। ਮੁੱਖ ਸੜਕਾਂ ਭਾਵੇਂ ਖਾਲੀ ਹੋਣ, ਪਰ ਗਰੀਬਾਂ ਨੂੰ ਝੁੱਗੀਆਂ ਝੌਂਪੜੀਆਂ ਵਿੱਚ ਤਾੜਿਆ ਜਾਂਦਾ ਹੈ।

ਮੈਂ ਜਿਸ ਨਾਲ ਵੀ ਗੱਲ ਕੀਤੀ ਉਹਨਾਂ ਵਿੱਚੋਂ ਹਰ ਇੱਕ ਵਾਇਰਸ ਨੂੰ ਲੈ ਕੇ ਫਿਕਰਮੰਦ ਸੀ। ਪਰ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਪਸਰੀ ਬੇਰੁਜ਼ਗਾਰੀ, ਭੁੱਖਮਰੀ ਤੇ ਪੁਲਿਸ ਦੀਆਂ ਡਾਂਗਾ ਤੋਂ ਘੱਟ ਹਕੀਕੀ ਅਤੇ ਘੱਟ ਮੋਜੂਦ ਸੀ। ਮੈਂ ਜਿੰਨੇ ਵੀ ਲੋਕਾਂ ਨਾਲ ਉਸ ਦਿਨ ਗੱਲ ਕੀਤੀ, ਸਣੇ ਉਹਨਾਂ ਮੁਸਲਮਾਨ ਦਰਜ਼ੀਆਂ ਦੇ ਸਮੂਹ ਦੇ ਜੋ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਮੁਸਲਿਮ ਵਿਰੋਧੀ ਹਮਲੇ ਤੋਂ ਬਚੇ ਸਨ, ਉਹਨਾਂ ਵਿੱਚੋਂ ਇੱਕ ਦੇ ਸ਼ਬਦਾਂ ਨੇ ਮੈਨੂੰ ਵਿੰਨ੍ਹ ਛੱਡਿਆ। ਉਹ ਤਰਖਾਣ ਸੀ ਰਾਮਜੀਤ ਨਾਓਂ ਦਾ, ਜਿਸ ਨੇ ਪੈਦਲ ਜਾਣਾ ਸੀ ਗੋਰਖਪੁਰ ਤੱਕ ਨੇਪਾਲ ਦੇ ਬਾਡਰ ਨੇੜੇ।

ਉਹਨੇ ਕਿਹਾ, "ਸ਼ਾਇਦ ਮੋਦੀ ਜੀ ਨੇ  ਜਦ ਇੰਝ ਕਰਨ ਦਾ ਫੈਸਲਾ ਲਿਆ ਹੋਣਾ, ਕਿਸੇ ਨੇ ਉਹਨਾਂ ਨੂੰ ਸਾਡੇ ਬਾਰੇ ਦੱਸਿਆ ਨਹੀਂ ਹੋਣਾ। ਸ਼ਾਇਦ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਾ ਹੋਵੇ"। 'ਸਾਡੇ' ਮਤਲਬ ਲਗਭਗ 46 ਕਰੋੜ ਲੋਕ।

ਭਾਰਤ ਦੀਆਂ ਰਾਜ ਸਰਕਾਰਾਂ (ਅਮਰੀਕਾ ਵਾਂਗ ਹੀ) ਨੇ ਮੰਦੀ ਦੌਰਾਨ ਵੱਡਾ ਦਿਲ ਤੇ ਸਮਝ ਵਿਖਾਈ। ਟਰੇਡ ਯੂਨੀਅਨਾਂ, ਆਮ ਲੋਕਾਂ ਅਤੇ ਹੋਰ ਸੰਸਥਾਵਾਂ ਨੇ ਲੰਗਰ ਅਤੇ ਰਾਸ਼ਣ ਵੰਡਣਾ ਸ਼ੁਰੂ ਕਰ ਦਿੱਤਾ। ਕੇਂਦਰੀ ਸਰਕਾਰ ਨੇ ਰਾਜ ਸਰਕਾਰਾਂ ਦੀ ਫੰਡ ਦੀ ਤਾਂਘ ਨੂੰ ਬੜੇ ਹੌਲ ਹੁੰਗਾਰੇ ਨਾਲ ਜਵਾਬ ਭੇਜਿਆ। ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਕੋਈ ਪੈਸਾ ਹੈ ਹੀ ਨਹੀਂ। ਇਹਦੀ ਥਾਵੇਂ ਸ਼ੁਭ ਚਿੰਤਕਾ ਦਾ ਪੈਸਾ ਕਿਸੇ ਰਹੱਸਮਈ ਪੀ.ਐਮ ਕੇਅਰਸ ਫੰਡ ਵਿੱਚ ਪਾਇਆ ਜਾ ਰਿਹਾ ਹੈ। ਡੱਬਾ ਬੰਦ ਰੋਟੀਆਂ ਜਿੰਨ੍ਹਾਂ 'ਤੇ ਮੋਦੀ ਦਾ ਚਿਹਰਾ ਸੀ ਵਿਖਣ ਲੱਗੀਆਂ।

ਇਸ ਤੋਂ ਬਿਨਾਂ, ਪ੍ਰਧਾਨ ਮੰਤਰੀ ਨੇ ਆਪਣੀਆਂ ਯੋਗਾ ਦੀਆਂ ਵੀਡੀਓ ਸਾਂਝੀਆਂ ਕੀਤੀਆਂ, ਜਿੰਨ੍ਹਾਂ ਵਿੱਚ ਇੱਕ ਬਦਲਿਆ, ਕਾਰਟੂਨ ਮੋਦੀ ਇੱਕ ਆਦਰਸ਼ ਸਰੀਰ ਦੇ ਨਾਲ ਯੋਗਾ ਕਰਦਾ ਹੈ ਤਾਂ ਜੋ ਲੋਕਾਂ ਨੂੰ ਇਕੱਲੇਪਣ ਦੇ ਤਣਾਅ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਜਾਵੇ।

ਇਹ ਆਪਾ-ਮੋਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਇਹਨਾਂ ਵਿੱਚੋਂ ਇੱਕ ਆਸਣ ਮਿੰਨਤ ਆਸਣ ਹੋ ਸਕਦਾ ਹੈ ਜਿਹਦੇ ਵਿੱਚ ਮੋਦੀ ਫਰਾਂਸੀਸੀ ਪ੍ਰਧਾਨ ਮੰਤਰੀ ਦੀ ਰੌਲੇ ਵਾਲੀ ਰਾਫੇਲ ਡੀਲ ਤੋਂ ਬਾਹਰ ਨਿੱਕਲਣ ਲਈ ਮਿੰਨਤ ਕਰ ਰਿਹਾ ਹੈ ਤਾਂ ਜੋ 78 ਲੱਖ ਯੂਰੋ ਦੀ ਉਸ ਰਕਮ ਨੂੰ ਕੁਝ ਲੱਖ ਲੋਕਾਂ ਦੀ ਭੁੱਖ ਮਿਟਾਉਣ ਲਈ ਵਰਤਿਆ ਜਾਵੇ। ਫਰਾਂਸੀਸੀ ਇਸ ਗੱਲ ਨੂੰ ਜਰੂਰ ਸਮਝਣਗੇ।

ਜਿਵੇਂ ਹੀ ਤਾਲਾਬੰਦੀ ਦੂਜੇ ਹਫ਼ਤੇ ਵਿੱਚ ਦਾਖਲ ਹੋਈ, ਪਿੱਛੋਂ ਸਮਾਨ ਆਉਣਾ ਬੰਦ ਹੋ ਗਿਆ, ਦਵਾਈਆਂ ਅਤੇ ਹੋਰ ਜਰੂਰੀ ਰਸਦਾਂ ਘੱਟ ਗਈਆਂ। ਹਜ਼ਾਰਾਂ ਟਰੱਕ ਡ੍ਰਾਈਵਰ ਸੜਕਾਂ ਤੇ ਫਸ ਗਏ, ਬਿਲਕੁਲ ਥੋੜੇ ਜਿਹੇ ਖਾਣੇ ਅਤੇ ਪਾਣੀ ਨਾਲ। ਖੜੀਆਂ ਫਸਲਾਂ, ਜੋ ਵਾਢੀ ਲਈ ਤਿਆਰ ਨੇ, ਹੌਲੀ ਹੌਲੀ ਗਲ ਰਹੀਆਂ ਨੇ।
ਆਰਥਿਕ ਮੰਦੀ ਆ ਚੁੱਕੀ ਹੈ। ਸਿਆਸੀ ਮੰਦੀ ਚੱਲ ਰਹੀ ਹੈ। ਮੁੱਖ ਧਾਰਾ ਦੇ ਮੀਡੀਆ ਨੇ ਕੋਵਿਡ ਦੀ ਖਬਰ ਨੂੰ ਆਪਣੀ ਹਰ ਦਮ ਚੱਲਣ ਵਾਲੀ ਮੁਸਲਿਮ ਵਿਰੋਧੀ ਮੁਹਿੰਮ ਬਣਾ ਦਿੱਤਾ ਹੈ। ਇੱਕ ਤਬਲੀਗ਼ੀ ਜਮਾਤ ਨਾਮੀ ਜੱਥੇਬੰਦੀ, ਜਿਸਨੇ ਦਿੱਲੀ ਵਿੱਚ ਬੰਦ ਘੋਸ਼ਿਤ ਹੋਣ ਤੋਂ ਪਹਿਲਾਂ ਇੱਕ ਬੈਠਕ ਸੱਦੀ ਸੀ, ਇੱਕ 'ਸੁਪਰ ਸਪਰੈਡਰ' ਬਣ ਗਿਆ। ਇਹਦੇ ਰਾਹੀਂ ਮੁਸਲਮਾਨਾ ਨੂੰ ਕਲੰਕਿਤ ਅਤੇ ਬਦਨਾਮ ਕੀਤਾ ਜਾ ਰਿਹਾ। ਸਾਰੀਆਂ ਧੁਨਾਂ ਮਿਲ ਕੇ ਇਹ ਸਿਰਜਦੀਆਂ ਨੇ ਕਿ ਮੁਸਲਮਾਨਾਂ ਨੇ ਵਾਇਰਸ ਇਜ਼ਾਦ ਕੀਤਾ ਅਤੇ ਜਾਣ ਬੁੱਝ ਕੇ ਜਿਹਾਦ ਦੇ ਰੂਪ ਵਿੱਚ ਇਸਨੂੰ ਫੈਲਾਇਆ।

ਕੋਵਿਡ ਮੰਦੀ ਹਾਲੇ ਆਉਣੀ ਏ। ਜਾਂ ਨਹੀਂ। ਸਾਨੂੰ ਨਹੀਂ ਪਤਾ। ਜੇ ਇਹ ਆਉਂਦੀ ਏ ਜਾਂ ਜਦੋਂ ਵੀ ਆਵੇਗੀ ਇਸ ਨੂੰ ਪਹਿਲਾਂ ਤੋਂ ਮੋਜੂਦ ਧਾਰਮਿਕ, ਜਾਤੀ ਤੇ ਜਮਾਤੀ ਪੱਖਪਾਤ ਨਾਲ ਜਰੂਰ ਨਿੱਬੜਣਾ ਪਵੇਗਾ।

ਅੱਜ (2 ਅਪ੍ਰੈਲ) ਭਾਰਤ ਵਿੱਚ, 2000 ਕੋਰੋਨਾ ਕੇਸ ਹਨ ਅਤੇ 58 ਮੌਤਾਂ। ਅਫ਼ਸੋਸ ਏ ਕਿ ਕੁਝ ਕੁ ਨਿਰੀਖਣਾਂ ਦੇ ਦਮ 'ਤੇ ਇਹ ਆਂਕੜਾ ਹਾਲੇ ਸ਼ੱਕੀ ਹੈ। ਮਾਹਿਰਾਂ ਦੀ ਰਾਏ ਵੱਖੋ-ਵੱਖਰੀ ਏ। ਕਈਆਂ ਮੁਤਾਬਿਕ ਲੱਖਾਂ ਕੇਸ ਹੋਣਗੇ। ਤੇ ਕਈ ਕਹਿੰਦੇ ਨੇ ਕਿ ਬਹੁਤ ਘੱਟ ਹੋਣਗੇ। ਅਸੀਂ ਸ਼ਾਇਦ ਮੰਦੀ ਦੇ ਅਸਲ ਰੂਪ ਨੂੰ ਕਦੇ ਨਹੀਂ ਜਾਣ ਸਕਾਂਗੇ, ਭਾਵੇਂ ਆਪਾਂ ਵੀ ਇਹਦੇ ਚਪੇਟੇ ਵਿੱਚ ਆ ਜਾਈਏ। ਸਾਨੂੰ ਬੱਸ ਇੰਨਾਂ ਪਤਾ ਹੈ ਕਿ ਹਸਪਤਾਲਾਂ ਦਾ ਕੰਮ ਹਾਲੀਂ ਸ਼ੁਰੂ ਨਹੀਂ ਹੋਇਆ।

ਭਾਰਤ ਦੇ ਜਨਤਕ ਹਸਪਤਾਲ ਅਤੇ ਕਲੀਨਿਕ ਜੋ ਲਗਭਗ ਉਹਨਾਂ ਦਸ ਲੱਖ ਬੱਚਿਆਂ ਨੂੰ ਹਰ ਸਾਲ ਬਚਾਉਣ ਤੋਂ ਅਸਮਰਥ ਹਨ ਜੋ ਡਾਇਰੀਆ, ਕੁਪੋਸ਼ਣ ਜਾਂ ਹੋਰ ਸਿਹਤ ਸਮੱਸਿਆਵਾਂ ਨਾਲ ਮਾਰੇ ਜਾਂਦੇ ਹਨ, ਸੈਂਕੜੇ ਹਜ਼ਾਰਾਂ ਟੀ.ਬੀ ਮਰੀਜ਼ (ਦੁਨੀਆਂ ਦੇ ਮਰੀਜਾਂ ਦਾ ਚੌਥਾ ਹਿੱਸਾ), ਖੂਨ ਦੀ ਕਮੀ ਅਤੇ ਕੁਪੋਸ਼ਣ ਨਾਲ ਜੂਝਦੀ ਲੋਕਾਈ ਜਿੰਨ੍ਹਾਂ ਲਈ ਕੋਈ ਮਾਮੂਲੀ ਬਿਮਾਰੀ ਵੀ ਜਾਨਲੇਵਾ ਹੋ ਸਕਦੀ ਹੈ  ਇਹ ਹਸਪਤਾਲ ਕਦੇ ਵੀ ਉਹ ਮੰਦੀ ਨਹੀਂ ਝੱਲ ਸਕਣਗੇ ਜਿਸ ਨਾਲ ਯੂਰਪ ਅਤੇ ਅਮਰੀਕਾ ਜੂਝ ਰਿਹਾ ਹੈ।

ਸਾਰੀਆਂ ਸਿਹਤ ਸੇਵਾਵਾਂ ਬਹੁਤੀਆਂ ਜਾਂ ਥੋੜੀਆਂ ਥਮ ਗਈਆਂ ਹਨ ਕਿਉਂਕਿ ਹਸਪਤਾਲਾਂ ਨੂੰ ਵਾਇਰਸ ਲਈ ਤਿਆਰ ਕੀਤਾ ਗਿਆ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਂਸ ਦਿੱਲੀ ਦਾ ਟ੍ਰੌਮਾ ਸੈਂਟਰ ਬੰਦ ਕਰ ਦਿੱਤਾ ਗਿਆ ਹੈ, ਸੈਂਆਂ ਹੀ ਕੈਂਸਰ ਦੇ ਮਰੀਜ਼ ਜਿਨ੍ਹਾਂ ਨੂੰ ਕੈਂਸਰ ਰਿਫਿਊਜ਼ੀ ਕਹਿੰਦੇ ਨੇ, ਉਹਨਾਂ ਨੂੰ ਗਾਵਾਂ ਵਾਂਗ ਵੱਡੇ ਹਸਪਤਾਲ ਦੇ ਬਾਹਰ ਸੜਕਾਂ ਤੇ ਰਹਿਣ ਲਈ ਛੱਡ ਦਿੱਤਾ ਹੈ।

ਲੋਕ ਬਿਮਾਰ ਹੁੰਦੇ ਹਨ ਅਤੇ ਘਰੇ ਹੀ ਮਰ ਰਹੇ ਹਨ। ਅਸੀਂ ਉਹਨਾਂ ਦੀਆਂ ਬੀਤੀਆਂ ਨਹੀਂ ਜਾਣ ਸਕਾਂਗੇ। ਉਹ ਆਂਕੜੇ ਵੀ ਨਹੀਂ ਬਣਨਗੇ। ਅਸੀਂ ਤਾਂ ਸਿਰਫ ਇਹੋ ਉਮੀਦ ਕਰ ਸਕਦੇ ਹਾਂ ਕਿ ਠੰਡੇ ਗਰਮ ਮੌਸਮ ਵਰਗੇ ਖੋਜ ਅਧਿਐਨ ਸੱਚ ਸਾਬਿਤ ਹੋਣ (ਭਾਵੇਂ ਹੋਰ ਖੋਜਾਂ ਨੇ ਇਸ ਤੇ ਵੀ ਸ਼ੱਕ ਜਤਾਇਆ ਹੈ)। ਭਾਰਤੀ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਇੰਨੇ ਤਰਕਹੀਣ ਢੰਗ ਨਾਲ ਸਾੜ੍ਹ ਦੇਣ ਵਾਲੀ ਗਰਮੀ ਦੀ ਚਾਹਤ ਨਹੀਂ ਕੀਤੀ।

ਇਹ ਸਾਡੇ ਨਾਲ ਕੀ ਹੋ ਰਿਹਾ ਹੈ? ਇਹ ਵਾਇਰਸ ਏ, ਹਾਂ। ਇਸ ਵਿੱਚ ਕੋਈ ਨੈਤਿਕ ਸੰਖੇਪ ਨਹੀਂ। ਪਰ ਇਹ ਵਾਇਰਸ ਤੋਂ ਕੁਝ ਵਧਕੇ ਹੈ। ਕਈ ਮੰਨਦੇ ਹਨ ਕਿ ਇਹ ਰੱਬ ਦਾ ਤਰੀਕਾ ਹੈ ਸਾਡੀ ਅਕਲ ਠਿਕਾਣੇ ਲਿਆਉਣ ਦਾ। ਕਈ ਕਹਿੰਦੇ ਹਨ ਕਿ ਇਹ ਚੀਨੀ ਚਾਲ ਏ ਦੁਨੀਆਂ ਤੇ ਕਬਜ਼ੇ ਦੀ।

ਇਹ ਜੋ ਵੀ ਹੈ, ਕੋਰੋਨਾਵਾਇਰਸ ਨੇ ਤਾਕਤਵਾਰਾਂ ਨੂੰ ਗੋਡਿਆਂ ਭਾਰ ਕਰ ਦਿੱਤਾ ਹੈ ਤੇ ਦੁਨੀਆਂ ਦੇ ਗੇੜ ਨੂੰ ਅਜਿਹੀ ਥਾਂ ਰੋਕ ਦਿੱਤਾ ਹੈ, ਜਿੱਥੇ ਕੋਈ ਨਹੀਂ ਸੀ ਰੋਕ ਸਕਦਾ। ਸਾਡੇ ਦਿਮਾਗ ਹਾਲੇ ਵੀ ਅੱਗੇ-ਪਿੱਛੇ ਭੱਜ ਰਹੇ ਨੇ ਤੇ 'ਆਮ' ਹੋਣ ਲਈ ਕਾਹਲੇ ਨੇ, ਬੀਤੇ ਨੂੰ ਭਵਿੱਖ ਨਾਲ ਸੀਊਣ ਦੀ ਕੋਸ਼ਿਸ਼ ਵਿੱਚ ਨੇ ਤੇ ਇੱਕ ਦਰਾੜ ਨੂੰ ਮੰਨਣ ਤੋਂ ਇਨਕਾਰੀ ਨੇ। ਪਰ ਦਰਾੜ ਰਹੇਗੀ। ਅਤੇ ਇਸ ਨਿਰਾਸ਼ਾ ਦੌਰਾਨ ਸਾਡੇ ਕੋਲ ਸਾਨੂੰ ਖਾਤਮੇ ਵੱਲ ਲਿਜਾ ਰਹੀ ਮਸ਼ੀਨ ਬਾਰੇ ਦੋਬਾਰਾ ਸੋਚਣ ਦਾ ਇੱਕ ਮੌਕਾ ਹੈ ਜੋ ਅਸੀਂ ਆਪ ਆਪਣੇ ਲਈ ਬਣਾਈ ਹੈ। ਆਮ ਜਿੰਦਗੀ ਵੱਲ ਮੁੜਣ ਤੋਂ ਬੁਰਾ ਹੋਰ ਕੁਝ ਵੀ ਨਹੀਂ ਹੋਣਾ।

ਇਤਿਹਾਸਕ ਤੌਰ ਤੇ, ਮਹਾਂਮਾਰੀਆਂ ਨੇ ਮਨੁੱਖਾਂ ਨੂੰ ਅਤੀਤ ਨਾਲੋਂ ਤੋੜ ਕੇ ਨਵੇਂ ਸਮਾਜ ਵੱਲ ਨੂੰ ਸੋਚਣ ਲਾਇਆ ਹੈ। ਇਹ ਵੀ ਕੋਈ ਵੱਖਰੀ ਨਹੀਂ। ਇਹ ਇੱਕ ਲਾਂਘਾ ਹੈ, ਇੱਕ ਰਾਹ ਜੋ ਇਸ ਦੁਨੀਆਂ ਅਤੇ ਅਗਲੀ ਦੁਨੀਆਂ ਦੇ ਵਿਚਕਾਰ ਹੈ।

ਚੁਣਨਾ ਅਸੀਂ ਹੈ ਕਿ ਅਸੀਂ ਆਪਣੇ ਨਾਲ ਪੱਖਪਾਤ ਅਤੇ ਨਫਰਤ, ਆਪਣੇ ਲੋਭ, ਆਪਣੇ ਡੈਟਾ ਬੈਂਕ, ਆਪਣੇ ਮੋਏ ਖਿਆਲ, ਆਪਣੀਆਂ ਮੋਈਆਂ ਨਦੀਆਂ ਅਤੇ ਧੂੰਏ ਭਰੇ ਅਸਮਾਨਾਂ ਦੀਆਂ ਲੋਥਾਂ ਧੂਹਣੀਆਂ ਨੇ ਜਾਂ ਅਸੀਂ ਲੰਘ ਸਕਦੇ ਹਾਂ ਪੋਲੇ ਜਿਹੇ, ਥੋੜੇ ਜਿਹੇ ਸਮਾਨ ਨਾਲ ਨਵੀਂ ਦੁਨੀਆਂ ਬਾਰੇ ਸੋਚਦਿਆਂ। ਅਤੇ ਇਹਦੇ ਲਈ ਲੜਣ ਲਈ ਤਿਆਰ ਹੁੰਦਿਆਂ।

( Financial Times ਵਿਚ ਛਪੇ ਅਰੁੰਧਤੀ ਰਾਏ ਦੇ ਲੇਖ  The Pandemic is Portal ਦਾ ਪੰਜਾਬੀ ਤਰਜ਼ਮਾ )