ਬਲਬੀਰ ਰਾਜੇਵਾਲ ਨੂੰ ਕੇਜਰੀਵਾਲ ਦੀ ਨੇੜਤਾ ਪੈ ਰਹੀ ਹੈ ਮਹਿੰਗੀ  

ਬਲਬੀਰ ਰਾਜੇਵਾਲ ਨੂੰ ਕੇਜਰੀਵਾਲ ਦੀ ਨੇੜਤਾ ਪੈ ਰਹੀ ਹੈ ਮਹਿੰਗੀ  

ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਕਈ ਵੱਡੀਆਂ ਕਿਸਾਨ ਜਥੇਬੰਦੀਆਂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦਰਮਿਆਨ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁੱਖ ਚਿਹਰੇ ਬਲਬੀਰ ਰਾਜੇਵਾਲ ਦੇ ਬਿਆਨ ਨਾਲ ਪੰਜਾਬ ਦੀ ਰਾਜਨੀਤੀ ਵਿਚ ਹਲਚਲ ਮਚ ਗਈ ਹੈ।  ਰਾਜੇਵਾਲ ਦਾ ਕਹਿਣਾ ਹੈ ਕਿ ਜੇਕਰ ਸੰਯੁਕਤ ਸਮਾਜ ਮੋਰਚਾ ਦਾ 'ਆਪ' ਨਾਲ ਗਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲ ਦਿੱਤੇ ਜਾਣਗੇ।ਬਲਬੀਰ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਨਾਲ 'ਆਪ' ਸੰਪਰਕ ਵਿਚ ਹੈ ਤੇ ਸਾਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਾਡੇ ਨਾਲ ਗਠਜੋੜ ਕਰਦੇ ਹੋ ਤਾਂ ਅਸੀਂ ਲੋੜ ਅਨੁਸਾਰ ਆਪਣੇ ਉਮੀਦਵਾਰ ਬਦਲ ਦਿਆਂਗੇ। ਉਨ੍ਹਾਂ ਕਿਹਾ ਕਿ ਫ਼ਿਲਹਾਲ ਨਾ ਤਾਂ ਅਸੀਂ ਕਿਸੇ ਨੂੰ ਕੋਈ ਉਮੀਦਵਾਰਾਂ ਦੀ ਸੂਚੀ ਦਿੱਤੀ ਹੈ ਤੇ ਨਾ ਹੀ ਉਮੀਦਵਾਰਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ। 

ਕਾਬਿਲ-ਏ-ਗ਼ੌਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ 101 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਦੂਜੇ ਪਾਸੇ ਸੰਯੁਕਤ ਸਮਾਜ ਮੋਰਚਾ ਵੀ ਪਾਰਟੀ ਦਾ ਐਲਾਨ ਕਰਨ ਮਗਰੋਂ ਸੁਰਖੀਆਂ ਵਿੱਚ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਗਠਜੋੜ ਕਰਕੇ ਚੋਣ ਲੜ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ । ਪਰ ਇਸ ਗਠਜੋੜ ਦਾ ਕਿਸਾਨ ਆਗੂਆਂ ਵਲੋਂ ਤਿਖਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਆਪਣੇ ਦਮ ਉਪਰ ਚੋਣ ਲੜਨੀਆਂ ਚਾਹੀਦੀਆਂ ਹਨ।ਰਵਾਇਤੀ ਪਾਰਟੀਆਂ ਤੋਂ ਪਰੇ ਰਹਿਣਾ ਚਾਹੀਦਾ ਹੈ।ਬਲਬੀਰ ਰਾਜੇਵਾਲ ਦੇ ਆਪ ਨਾਲ ਗਠਜੋੜ ਬਾਰੇ ਬਿਆਨ ਨਾਲ 'ਆਪ' ਵੱਲੋਂ ਜਾਰੀ ਉਮੀਦਵਾਰਾਂ ਵਿੱਚ ਹਲਚਲ ਮਚ ਗਈ ਹੈ ਕਿਉਂਕਿ ਜੇਕਰ ਸੰਯੁਕਤ ਸਮਾਜ ਮੋਰਚਾ ਦਾ 'ਆਪ' ਨਾਲ ਗਠਜੋੜ ਹੁੰਦਾ ਹੈ ਤਾਂ ਨਿਸਚਿਤ ਹੀ ਕਈ ਸੀਟਾਂ 'ਤੇ ਕਿਸਾਨ ਆਗੂਆਂ ਨੂੰ ਉਤਾਰਨ ਦਾ ਐਲਾਨ ਹੋ ਸਕਦਾ ਹੈ ਜਿਸ ਕਾਰਨ 'ਆਪ' ਵੱਲੋਂ ਉਤਾਰੇ ਗਏ ਉਮੀਦਵਾਰਾਂ ਨੂੰ ਆਪਣੇ ਨਾਂ ਵਾਪਸ ਲੈਣ ਦਾ ਫ਼ਰਮਾਨ ਜਾਰੀ ਹੋ ਸਕਦਾ ਹੈ।ਇਹ ਵੀ ਚਰਚਾ ਹੈ ਕਿ ਜੇਕਰ ਇਹ ਗੱਲਬਾਤ ਕਿਸੇ ਤਣ-ਪੱਤਣ ਲੱਗਦੀ ਹੈ ਤਾਂ ਬਲਬੀਰ ਰਾਜੇਵਾਲ ਗਠਜੋੜ ਵੱਲੋਂ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਵੀ ਹੋ ਸਕਦੇ ਹਨ। ਸਿਆਸੀ ਮਾਹਿਰਾਂ ਦਾ ਖਿਆਲ ਕਿ ਇਸ ਨਾਲ ਆਪ ਵਿਚ ਬਗਾਵਤ ਹੋ ਸਕਦੀ ਹੈ। ਦੂਸਰੇ ਪਾਸੇ ਸੰਯੁਕਤ ਕਿਸਾਨ ਪਾਰਟੀ ਦੇ ਮੁਖੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਆਗੂ ਰਹੇ ਸ. ਗੁਰਨਾਮ ਸਿੰਘ ਚੜੂਨੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਅਤੇ ਰਾਜ ਅੰਦਰ ਸਰਗਰਮ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਨਵਾਂ ਮੋਰਚਾ ਗਠਿਤ ਕਰਨ ਦਾ ਐਲਾਨ ਕਰਦਿਆਂ  ਸਪਸ਼ਟ ਕੀਤਾ ਕਿ ਰਾਜ ਭਾਗ ਹਾਸਿਲ ਕੀਤੇ ਬਗੈਰ ਨਾ ਤਾਂ ਕਿਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਦਾ ਭਲਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ।  ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਕਈ ਵੱਡੀਆਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਨਾ ਲੜਨ ਦੇ ਫ਼ੈਸਲੇ ਨੂੰ ਉਨ੍ਹਾਂ ਜਥੇਬੰਦੀਆਂ ਦੀ ਆਪਣੀ ਸੋਚ ਦੱਸਦਿਆਂ ਸ. ਚੜੂਨੀ ਨੇ ਕਿਹਾ ਕਿ ਰਾਜ ਅੰਦਰ ਲੋਕਾਂ ਦਾ ਜਵਾਬਦੇਹ ਰਾਜ ਸਥਾਪਤ ਕਰਨ ਲਈ ਸਾਨੂੰ ਉਸੇ ਤਰ੍ਹਾਂ ਚੋਣ ਮੈਦਾਨ ਵਿਚ ਉੱਤਰਨਾ ਪਵੇਗਾ ਜਿਸ ਤਰ੍ਹਾਂ ਸਰ ਛੋਟੂ ਰਾਮ ਨੇ ਚੋਣਾਂ ਜਿੱਤ ਕੇ ਕਿਸਾਨੀ ਕਰਜ਼ਿਆਂ ਉੱਪਰ ਲਕੀਰ ਫੇਰ ਦਿੱਤੀ ਸੀ ।ਉਨ੍ਹਾਂ ਚੋਣਾਂ ਲੜਨ ਦੇ ਆਪਣੇ ਫ਼ੈਸਲੇ ਨੂੰ ਦਰੁਸਤ ਦੱਸਦਿਆਂ ਕਿਹਾ ਕਿ ਚੋਣਾਂ ਲੜ ਕੇ ਹੀ ਡਾ. ਭੀਮ ਰਾਓ ਅੰਬੇਡਕਰ ਆਪਣੇ ਦੱਬੇ ਕੁਚਲੇ ਸਮਾਜ ਲਈ ਅਹਿਮ ਸੰਵਿਧਾਨਕ ਅਧਿਕਾਰ ਪ੍ਰਾਪਤ ਕਰਨ ਵਿਚ ਸਫਲ ਹੋਏ ਸਨ । ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਗਠਿਤ ਕੀਤੇ ਸੰਯੁਕਤ ਸਮਾਜ ਮੋਰਚੇ ਨੂੰ ਬਣਨ ਤੋਂ ਪਹਿਲਾਂ ਹੀ ਖਿਲਰ ਚੁੱਕਿਆ ਮੋਰਚਾ ਦੱਸਦਿਆਂ ਸ. ਚੜੂਨੀ ਨੇ ਕਿਸਾਨ ਜਥੇਬੰਦੀਆਂ ਨੂੰ ਸੁਚੇਤ ਕੀਤਾ ਕਿ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਆਮ ਆਦਮੀ ਪਾਰਟੀ ਨਾਲ ਰਲ ਕੇ ਕੋਈ ਚੋਣ ਨਹੀਂ ਲੜਨੀ ਚਾਹੀਦੀ ,ਕਿਉਂਕਿ ਰਾਜ ਪ੍ਰਬੰਧ ਵਿਚ ਬਦਲਾਅ ਕਿਸੇ ਪਾਰਟੀ ਦਾ ਗ਼ੁਲਾਮ ਬਣ ਕੇ ਨਹੀਂ ਲਿਆਂਦਾ ਜਾ ਸਕਦਾ ।ਕਿਸਾਨ ਆਗੂ ਨੇ ਆਗਾਮੀ ਵਿਧਾਨ ਸਭਾ ਚੋਣਾਂ ਪੂਰੇ ਧੜੱਲੇ ਨਾਲ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਸਾਰੇ ਵਿਧਾਨ ਸਭਾ ਹਲਕਿਆਂ ਅੰਦਰ ਭਾਈਵਾਲ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਸਲਾਹ ਨਾਲ ਜੇਤੂ ਰਹਿਣ ਵਾਲੇ ਇਮਾਨਦਾਰ ਉਮੀਦਵਾਰ ਖੜ੍ਹੇ ਕੀਤੇ ਜਾਣਗੇ ।