ਬੁੱਲੀ ਬਾਈ ਐਪ: ਮੁਸਲਮਾਨ ਔਰਤਾਂ ਦੀ 'ਨਿਲਾਮੀ ਕਰਨ' ਦਾ ਮਾਮਲਾ ਭਖਿਆ

ਬੁੱਲੀ ਬਾਈ ਐਪ: ਮੁਸਲਮਾਨ ਔਰਤਾਂ ਦੀ 'ਨਿਲਾਮੀ ਕਰਨ' ਦਾ ਮਾਮਲਾ ਭਖਿਆ

*ਟਵਿੱਟਰ 'ਤੇ ਆਪਣੀ ਚੰਗੀ ਖਾਸੀ ਮੌਜੂਦਗੀ ਰੱਖਣ ਵਾਲੀਆਂ ਮੁਸਲਿਮ ਔਰਤਾਂ ਨੇ ਤਿਖੇ ਟਵੀਟ ਕੀਤੇ ਹਨ

ਅੰਮ੍ਰਿਤਸਰ ਟਾਈਮਜ਼ ਬਿਉਰੋ

ਭਾਰਤ ਵਿਚ ਇੰਟਰਨੈੱਟ ਤੇ ਮੌਜੂਦ ਕਈ ਸੋਸ਼ਲ ਮੀਡੀਆ ਸਾਈਟ ਨਫ਼ਰਤ ਫੈਲਾਉਣ ਦੇ ਅੱਡੇ ਬਣ ਗਏ ਹਨ ਜਿੱਥੇ ਕੱਟੜਪੰਥੀ ਭਗਵੀਆਂ ਤਾਕਤਾਂ ਲਗਾਤਾਰ ਘਿਰਣਾ ਦਾ ਪ੍ਰਚਾਰ ਕਰਦੀਆਂ ਹਨ।ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਔਰਤਾਂ ਦੀਆਂ ਤਸਵੀਰਾਂ ਛੇੜਛਾੜ ਕਰਕੇ ਇੱਕ ਐਪ ਉੱਤੇ ਅਪਲੌਡ ਕਰਨ ਦੇ ਮਾਮਲੇ ਵਿਚ ਦਿੱਲੀ ਅਤੇ ਮੰਬਈ ਵਿਚ ਮਾਮਲੇ ਦਰਜ ਕੀਤੇ ਗਏ ਹਨ।ਇਨ੍ਹਾਂ ਦੀਆਂ ਤਸਵੀਰਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਹਾਸਲ ਜਾਂ ਹੈਕ ਕਰਕੇ ਇਸ ਐਪ ਤੇ ਲੋਡ ਕੀਤਾ ਅਤੇ ਐਪ ਤੇ ਉਨ੍ਹਾਂ ਨਿਲਾਮੀਕੀਤੀ। ਇਨ੍ਹਾਂ ਔਰਤਾਂ ਵਿਚ ਇਸਮਤ ਆਰਾ ਤੇ ਕਈ ਹੋਰ ਪੱਤਰਕਾਰ ਸ਼ਾਮਲ ਹਨ। ਨੀਚਤਾ ਦੀ ਹੱਦ ਇਹ ਹੈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ 2016 ਤੋਂ ਲਾਪਤਾ ਵਿਦਿਆਰਥੀ ਨਜ਼ੀਬ ਅਹਿਮਦ ਦੀ ਮਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਦਿ ਵਾਇਰ ਦੀ ਪੱਤਰਕਾਰ ਬੀਬੀ ਇਸਮਤ ਆਰਾ ਨੇ ਇਸ ਪਲੇਟਫਾਰਮ 'ਤੇ ਬਣਾਈ ਗਈ ਆਪਣੀ ਪ੍ਰੋਫਾਈਲ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ, ''ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਮੁਸਲਿਮ ਔਰਤ ਹੋਣ ਦੇ ਨਾਤੇ ਮੈਨੂੰ ਨਵੇਂ ਸਾਲ ਦੀ ਸ਼ੁਰੂਆਤ ਇਸ ਡਰ ਅਤੇ ਨਫ਼ਰਤ ਨਾਲ ਕਰਨੀ ਪੈ ਰਹੀ ਹੈ।ਇਸ ਮਾਮਲੇ ਵਿਚ ਇਸਮਤ ਨੇ ਦਿੱਲੀ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਆਰ ਜੇ ਸਾਇਮਾ ਨੇ ਟਵੀਟ ਕਰਦਿਆਂ ਕਿਹਾ, ''ਸੁੱਲੀ ਡੀਲਜ਼ ਦੀ ਤਰਜ਼ 'ਤੇ ਬਣਾਈ ਗਈ ਬੁੱਲੀ ਐਪ 'ਤੇ ਕਈ ਮੁਸਲਿਮ ਕੁੜੀਆਂ ਵਾਂਗ ਮੇਰੀ ਪ੍ਰੋਫਾਈਲ ਵੀ ਬਣਾਈ ਗਈ ਹੈ।”

ਇੱਥੋਂ ਤੱਕ ਕਿ ਨਜੀਬ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹ ਭਾਰਤ ਦੀ ਟੁੱਟੀ-ਫੁੱਟੀ ਨਿਆਂ ਪ੍ਰਣਾਲੀ, ਇੱਕ ਜਰਜਰ ਕਾਨੂੰਨ ਵਿਵਸਥਾ ਦਾ ਪ੍ਰਤੀਬਿੰਬ ਹੈ। ਕੀ ਅਸੀਂ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਦੇਸ਼ ਬਣਦੇ ਜਾ ਰਹੇ ਹਾਂ?''ਪੱਤਰਕਾਰ ਹਿਬਾ ਬੇਗ ਨੇ ਟਵਿੱਟਰ 'ਤੇ ਲਿਖਿਆ, ''ਕੋਰੋਨਾ ਕਾਰਨ ਆਪਣੀ ਦਾਦੀ ਨੂੰ ਗੁਆਉਣ ਤੋਂ ਬਾਅਦ, ਅੱਜ ਮੈਂ ਪਹਿਲੀ ਵਾਰ ਉਨ੍ਹਾਂ ਦੀ ਕਬਰ 'ਤੇ ਗਈ। ਜਿਵੇਂ ਹੀ ਮੈਂ ਘਰ ਜਾਣ ਲਈ ਕਾਰ ਵਿਚ ਬੈਠੀ, ਮੈਨੂੰ ਦੋਸਤਾਂ ਨੇ ਦੱਸਿਆ ਕਿ ਇੱਕ ਵਾਰ ਫਿਰ ਮੇਰੀਆਂ ਤਸਵੀਰਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਬੁੱਲੀ ਡੀਲਜ਼ 'ਤੇ। ਪਿਛਲੀ ਵਾਰ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਗਿਆ ਅਤੇ ਇਹ ਦੁਬਾਰਾ ਹੋ ਰਿਹਾ ਹੈ।''

"ਮੈਂ ਆਪਣੇ ਆਪ ਨੂੰ ਸੈਂਸਰ ਕਰ ਲਿਆ ਹੈ, ਮੈਂ ਹੁਣ ਸ਼ਾਇਦ ਹੀ ਇੱਥੇ (ਟਵਿੱਟਰ 'ਤੇ) ਬੋਲਦੀ ਹਾਂ, ਪਰ ਫਿਰ ਵੀ ਮੈਨੂੰ ਆਨਲਾਈਨ ਵੇਚਿਆ ਜਾ ਰਿਹਾ ਹੈ, ਮੇਰਾ ਸੌਦਾ ਕੀਤਾ ਜਾ ਰਿਹਾ ਹੈ। ਮੈਂ ਇਸ ਦੇਸ਼ ਵਿੱਚ ਸੁਰੱਖਿਅਤ ਨਹੀਂ ਹਾਂ "ਕੇਂਦਰੀ ਸੂਚਨਾ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਹੈ, " ਗਿਟ ਹਬ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਐਪ ਨੂੰ ਬਲਾਕ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।ਮਹਾਰਾਸ਼ਟਰ ਅਤੇ ਦਿੱਲੀ ਵਿਚ ਇਸ ਐਪ ਨੂੰ ਚਲਾਉਣ ਵਾਲਿਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਕਾਂਗਰਸ, ਸ਼ਿਵ ਸੈਨਾ, ਪੀਡੀਪੀ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੁਸਲਮਾਨ ਔਰਤਾਂ ਦਾ ਅਪਮਾਨ ਕੀਤੇ ਜਾਣ ਵਿਰੁੱਧ ਰੋਸ ਪ੍ਰਗਟ ਕੀਤਾ ਹੈ।ਸ਼ਿਵ ਸੈਨਾ ਦੀ ਰਾਜ ਸਭਾ ਸਾਂਸਦ ਪ੍ਰਿਅੰਕਾ ਚਤੁਰਵੇਦੀ ਨੇ ਮੁੰਬਈ ਪੁਲਿਸ ਦੇ ਸਾਹਮਣੇ ਇਹ ਮਾਮਲਾ ਚੁੱਕਦਿਆਂ, ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।ਉਸਨੇ ਕਿਹਾ ਕਿ ਇਸ ਬਾਰੇ ਮਹਾਰਾਸ਼ਟਰ ਦੇ ਡੀਜੀਪੀ ਨਾਲ ਵੀ ਗੱਲ ਕੀਤੀ ਹੈ ਕਿ ਉਹ ਮਾਮਲੇ ਵਿੱਚ ਦਖ਼ਲ ਦੇਣ। ਬੁਲੀ ਬਾਈਦੇ ਅਰਥ ਹਨ ਬਦਮਾਸ਼ ਔਰਤ। ਇਹ ਐਪ ਗਿਟਹਬ  ਨਾਂ ਦੇ ਇੰਟਰਨੈੱਟ ਪਲੇਟਫਾਰਮ ਤੇ ਪਾਈ ਗਈ ਸੀ। ਹੁਣ  ਇਸ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਹੈ।ਬੁੱਲੀ ਬਾਈ' ਵੀ 'ਸੁੱਲੀ ਡੀਲਜ਼' ਵਾਂਗ ਕੰਮ ਕਰਦੀ ਹੈ।ਜਦੋਂ ਤੁਸੀਂ ਇਸ ਨੂੰ ਖੋਲ੍ਹਦੇ ਹੋ ਤਾਂ ਮੁਸਲਿਮ ਔਰਤਾਂ ਦੇ ਚਿਹਰੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਤੇ ਕੁੜੀਆਂ ਦੇ ਪ੍ਰੋਫਾਇਲ ਵੀ ਉਸ ਵਿੱਚ ਹੁੰਦੇ ਹਨ।

 'ਸੁੱਲੀ ਡੀਲਜ਼ ਮਾਮਲੇ ਵਿਚ ਪੁਲਿਸ ਨੇ ਕੀ ਕੀਤਾ?     

           

ਇਥੇ ਜਿਕਰਯੋਗ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ, 29 ਜੁਲਾਈ ਨੂੰ ਰਾਜ ਸਭਾ ਵਿੱਚ ਸੰਸਦ ਮੈਂਬਰ ਅਬਦੁਲ ਵਹਾਬ ਦੇ ਸਵਾਲ ਦੇ ਜਵਾਬ ਵਿੱਚ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਨੇ ਦੱਸਿਆ ਕਿ ''ਗ੍ਰਹਿ ਮੰਤਰਾਲੇ ਵੱਲੋਂ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਸੁੱਲੀ ਡੀਲਜ਼ ਮਾਮਲੇ 'ਚ ਇੱਕ ਐੱਫਆਈਆਰ ਦਰਜ ਕੀਤੀ ਹੈ।''ਲੰਘੇ ਸਾਲ ਜੁਲਾਈ ਮਹੀਨੇ ਵਿਚ ਸੁੱਲੀ ਡੀਲਜ਼ ਐਪ 'ਤੇ ਮੁਸਲਿਮ ਕੁੜੀਆਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਸਨ।ਪਰ ਇਸ ਮਾਮਲੇ ਵਿੱਚ ਉਸ ਸਮੇਂ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਸੀ।ਸੁੱਲੀ ਡੀਲਜ਼ ਨੂੰ ਲੈ ਕੇ ਇੱਕ ਐੱਫਆਈਆਰ ਹਨਾ ਮੋਹਸਿਨ ਖਾਨ ਨੇ ਵੀ ਦਰਜ ਕਰਵਾਈ ਸੀ। ਹਨਾ ਉਨ੍ਹਾਂ ਔਰਤਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਤਸਵੀਰ ਅਤੇ ਨਾਮ ਨੂੰ ਸੁੱਲੀ ਐਪ 'ਤੇ ਇਸਤੇਮਾਲ ਕੀਤਾ ਗਿਆ ਸੀ। ਇਹ ਐੱਫਆਈਆਰ ਨੋਇਡਾ ਸੈਕਟਰ-24 ਵਿੱਚ ਦਰਜ ਕੀਤੀ ਗਈ ਹੈ।ਹਨਾ ਨੇ  ਦੱਸਿਆ ਕਿ ਘਟਨਾ ਦੇ ਇੱਕ ਮਹੀਨੇ ਬਾਅਦ ਵੀ ਪੁਲਿਸ ਨੂੰ ਇਸ ਮਾਮਲੇ ਵਿੱਚ ਕੁਝ ਨਹੀਂ ਮਿਲਿਆ ਹੈ। ਥਾਣਾ ਇੰਚਾਰਜ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪੁਲਿਸ ਦੇ ਹੱਥ ਕੋਈ ਠੋਸ ਜਾਣਕਾਰੀ ਨਹੀਂ ਲੱਗੀ।ਸੁੱਲੀ ਡੀਲਜ਼ ਐਪ ਨੂੰ ਵੀ ਗਿਟਹਬ 'ਤੇ ਹੀ ਬਣਾਇਆ ਗਿਆ ਸੀ।ਜੁਲਾਈ ਵਿੱਚ ਗਿਟਹੱਬ  ਨੇ ਕਿਹਾ ਸੀ, "ਅਸੀਂ ਇਸ ਮਾਮਲੇ ਵਿੱਚ ਉਪਭੋਗਤਾ ਦੇ ਖਾਤੇ ਨੂੰ ਸਸਪੈਂਡ ਕਰ ਦਿੱਤਾ ਹੈ।ਰਿਪੋਰਟਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗਿਟਹਬ ਦੀਆਂ ਨੀਤੀਆਂ ਅਜਿਹੀ ਸਮੱਗਰੀ ਜੋ ਯਾਤਨਾ, ਵਿਤਕਰਾ ਅਤੇ ਹਿੰਸਾ ਨੂੰ ਵਧਾਉਣ ਲਈ ਉਤਸ਼ਾਹਿਤ ਕਰਦੀ ਹੈ, ਉਨ੍ਹਾਂ ਦੇ ਖਿਲਾਫ ਹਨ। ਇਹ ਸਮੱਗਰੀਆਂ ਸਾਡੀਆਂ ਨੀਤੀਆਂ ਦੀ ਉਲੰਘਣਾ ਹਨ।''