ਕਾਰਵਾਈ ਕਰਨ 'ਵਿਚ ਅਸਫ਼ਲ ਰਹੇ ਸਾਬਕਾ ਪੁਲਿਸ ਕਰਮੀ ਨੂੰ ਅਦਾਲਤ ਵਲੋਂ ਸਜ਼ਾ ਦੇਣ ਦੇ ਆਦੇਸ਼

ਕਾਰਵਾਈ ਕਰਨ 'ਵਿਚ ਅਸਫ਼ਲ ਰਹੇ ਸਾਬਕਾ ਪੁਲਿਸ ਕਰਮੀ ਨੂੰ ਅਦਾਲਤ ਵਲੋਂ ਸਜ਼ਾ ਦੇਣ ਦੇ ਆਦੇਸ਼

ਮਾਮਲਾ ਸਿੱਖ ਵਿਰੋਧੀ  ਕਤਲੇਆਮ ਦਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਬੀਤੇ ਦਿਨੀਂ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿਚ ਸਮਰੱਥ ਅਧਿਕਾਰੀ ਨੂੰ ਇਹ ਸੁਤੰਤਰਤਾ ਦਿੱਤੀ ਕਿ ਉਹ ਸ਼ਹਿਰ ਦੇ ਇਕ ਸੇਵਾ-ਮੁਕਤ ਪੁਲਿਸ ਅਧਿਕਾਰੀ ਨੂੰ 'ਉੱਚਿਤ ਸਜ਼ਾ ਦਾ ਆਦੇਸ਼' ਦੇਵੇ ਜੋ ਕਥਿਤ ਤੌਰ 'ਤੇ ਲੋੜੀਂਦੀ ਪੁਲਿਸ ਤੈਨਾਤ ਕਰਨ, ਇਹਤਿਆਤ ਦੇ ਤੌਰ 'ਤੇ ਹਿਰਾਸਤ ਵਿਚ ਲੈਣ ਅਤੇ ਹਿੰਸਾ ਦੌਰਾਨ ਦੰਗਾਕਾਰੀਆਂ 'ਤੇ ਲਗਾਮ ਲਗਾਉਣ ਲਈ ਕਾਰਵਾਈ ਕਰਨ ਵਿਚ ਅਸਫ਼ਲ ਰਿਹਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਕਤਲੇਆਮ ਤੋਂ ਸਾਲਾਂ ਬਾਅਦ ਵੀ ਲੋਕ ਦੁੱਖ ਝੱਲ ਰਹੇ ਹਨ। ਹਾਈ ਕੋਰਟ ਦੇ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਕਿੰਗਸ-ਵੇਅ ਕੈਂਪ ਥਾਣੇ ਦੇ ਤਤਕਾਲੀਨ ਥਾਣਾ ਮੁਖੀ ਖ਼ਿਲਾਫ਼ ਅਨੁਸ਼ਾਸਨਾਤਮਕ ਅਥਾਰਟੀ ਅਤੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਵਲੋਂ ਜਾਰੀ ਆਦੇਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਤਲੇਆਮ ਵਿਚ ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਅਤੇ ਪੁਲਿਸ ਅਧਿਕਾਰੀ ਨੂੰ ਉਸ ਦੀ 79 ਸਾਲ ਦੀ ਉਮਰ ਦੇ ਚਲਦਿਆਂ ਛੋਟ ਨਹੀਂ ਦਿੱਤੀ ਜਾ ਸਕਦੀ। ਬੈਂਚ ਨੇ ਕਿਹਾ ਕਿ ਉਸ ਦੀ ਉਮਰ 100 ਸਾਲ ਵੀ ਹੋ ਸਕਦੀ ਹੈ ਪਰ ਕ੍ਰਿਪਾ ਕਰਕੇ ਉਸ ਦਾ ਕਸੂਰ ਦੇਖੋ। ਦੇਸ਼ ਅਜੇ ਵੀ ਉਸ ਦੁੱਖ ਤੋਂ ਗੁਜ਼ਰ ਰਿਹਾ ਹੈ।