ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਜਥੇਦਾਰ ਗਿਆਨੀ ਗੌਹਰ 'ਤਨਖਾਹੀਆ' ਕਰਾਰ

ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਜਥੇਦਾਰ ਗਿਆਨੀ ਗੌਹਰ 'ਤਨਖਾਹੀਆ' ਕਰਾਰ

ਸ਼ਿਕਾਇਤ ਕਰਤਾ ਡਾ:  ਸਮਰਾ ਨੂੰ ਵੀ ਇਸ ਮਾਮਲੇ 'ਵਿਚ ਧਾਰਮਿਕ ਸੇਵਾ ਲਗਾਈ

*ਰਣਜੀਤ ਸਿੰਘ ਗੌਹਰ ਨੇ ਕਿਹਾ; ਮੈਨੂੰ ਤਨਖ਼ਾਹੀਆ ਕਰਾਰ ਦੇਣ ਦਾ ਫ਼ੈਸਲਾ ਗ਼ੈਰ-ਸੰਵਿਧਾਨਕ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਸੰਸਥਾਵਾਂ ਨੂੰ ਲਿਖਿਆ ਪੱਤਰ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਅਤੇ ਤਖ਼ਤ ਸਾਹਿਬ ਵਿਖੇ ਸੋਨੇ ਦੀਆਂ ਬੇਸ਼ਕੀਮਤੀ ਵਸਤਾਂ ਚੜਾਉਣ ਵਾਲੇ ਡਾ: ਗੁਰਵਿੰਦਰ ਸਿੰਘ ਸਮਰਾ ਦਰਮਿਆਨ ਚੱਲ ਰਹੇ ਵਿਵਾਦ ਦੇ ਮਾਮਲੇ ਵਿਚ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ 'ਹੁਕਮਨਾਮਾ' ਜਾਰੀ ਕਰਕੇ ਜਥੇਦਾਰ ਗੌਹਰ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ।

ਇਸ ਦੇ ਨਾਲ ਹੀ ਸ਼ਿਕਾਇਤ ਕਰਤਾ ਡਾ: ਗੁਰਵਿੰਦਰ ਸਿੰਘ ਸਮਰਾ ਨੂੰ ਵੀ ਇਸ ਮਾਮਲੇ 'ਵਿਚ ਧਾਰਮਿਕ ਸੇਵਾ ਲਗਾਈ ਗਈ ਹੈ ।ਜਾਣਕਾਰੀ ਅਨੁਸਾਰ ਤਖ਼ਤ ਸਾਹਿਬ ਦੇ ਪੰਜ ਪਿਆਰੇ ਗ੍ਰੰਥੀ ਸਾਹਿਬਾਨ, ਭਾਈ ਦਲੀਪ ਸਿੰਘ ਸੀਨੀਅਰ ਗ੍ਰੰਥੀ, ਭਾਈ ਬਲਦੇਵ ਸਿੰਘ ਵਧੀਕ ਮੁੱਖ ਗ੍ਰੰਥੀ, ਭਾਈ ਗੁਰਦਿਆਲ ਸਿੰਘ ਸੀਨੀਅਰ ਮੀਤ ਗ੍ਰੰਥੀ, ਭਾਈ ਸੁਖਦੇਵ ਸਿੰਘ ਅਤੇ ਭਾਈ ਪਰਸ਼ੂਰਾਮ ਸਿੰਘ ਗ੍ਰੰਥੀ ਵਲੋਂ ਬੀਤੇ ਦਿਨ 11 ਸਤੰਬਰ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਹੈ, ਜਿਸ ਵਿਚ ਡਾ: ਗੁਰਵਿੰਦਰ ਸਿੰਘ ਸਮਰਾ ਅਤੇ ਗਿਆਨੀ ਰਣਜੀਤ ਸਿੰਘ ਗੌਹਰ ਦਰਮਿਆਨ ਚੱਲ ਰਹੇ ਮਾਮਲੇ ਬਾਰੇ ਵਿਚਾਰ ਉਪਰੰਤ ਫ਼ੈਸਲਾ ਲਿਆ ਗਿਆ ਕਿ ਗਿਆਨੀ ਰਣਜੀਤ ਸਿੰਘ ਗੌਹਰ ਵਲੋਂ ਗੁਰੂ ਸਾਹਿਬ ਦੀ ਮਰਿਆਦਾ ਨੂੰ ਭੁਲਾਕੇ ਦਸਵੰਧ ਦੀ ਮਾਇਆ ਦੀ ਦੁਰਵਰਤੋਂ ਕਰਨੀ ਅਤੇ ਡਾ: ਸਮਰਾ ਨੂੰ ਫਰਜ਼ੀ ਅਤੇ ਬਿਨਾਂ ਪੰਜ ਸਿੰਘ ਸਾਹਿਬਾਨ ਨਾਲ ਵਿਚਾਰ ਕੀਤੇ ਹੁਕਮਨਾਮਾ ਅਤੇ ਅਨਿੰਨ ਸੇਵਕ ਦਾ ਸਨਮਾਨ ਦੇਣਾ ਮੰਦਭਾਗਾ ਹੈ । ਉਪਰੋਕਤ ਹੁਕਮਨਾਮੇ ਵਿਚ ਲਿਖਤ ਸ੍ਰੀ ਸਾਹਿਬ ਜਿਸ ਨੂੰ ਇਨ੍ਹਾਂ ਨੇ ਸਵਾ ਸੇਰ ਸੋਨੇ ਦੀ ਸ੍ਰੀ ਸਾਹਿਬ ਦੱਸਿਆ ਹੈ ਅਤੇ ਤਖ਼ਤ ਸਹਿਬ ਤੋਂ ਬੋਲਿਆ ਸੀ, ਉਸ ਸ੍ਰੀ ਸਾਹਿਬ ਦੀ ਤਿੰਨ ਵਾਰ ਜਾਂਚ ਕਰਨ ਉਪਰੰਤ ਵੀ ਸੋਨਾ ਸਿਰਫ ਨਾਂਮਾਤਰ ਹੀ ਪਾਇਆ ਗਿਆ । ਜਾਰੀ ਹੁਕਮਨਾਮੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਗਿਆਨੀ ਰਣਜੀਤ ਸਿੰਘ ਵਲੋਂ ਤਖ਼ਤ ਸਾਹਿਬ ਦੇ ਦਫ਼ਤਰ ਵਿਖੇ ਕਮੇਟੀ ਦੇ ਕੁਝ ਅਹੁਦੇਦਾਰਾਂ ਨੂੰ ਦਬਾਅ ਬਣਾ ਪੰਜ ਸਿੰਘ ਸਾਹਿਬਾਨ ਨੂੰ ਤਖ਼ਤ ਸਾਹਿਬ ਤੋਂ ਬਾਹਰ ਭੇਜਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਇਸ ਮਾਮਲੇ ਨੂੰ ਪ੍ਰਭਾਵਿਤ ਕਰਨਾ ਚਾਹਿਆ । ਇਸ ਮਾਮਲੇ ਉੱਪਰ 8 ਘੰਟੇ ਵਿਚਾਰ ਕਰਨ ਅਤੇ ਸ਼ਿਕਾਇਤ ਕਰਤਾ ਸੰਗਤ ਨਾਲ ਵਿਚਾਰ ਕਰਦਿਆਂ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਇਨ੍ਹਾਂ ਦੋਸ਼ਾਂ 'ਵਿਚ ਲਿਪਤ ਜਾਣਦੇ ਹੋਏ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ ।ਜਾਰੀ ਹੁਕਮਨਾਮੇ ਵਿਚ ਡਾ: ਗੁਰਵਿੰਦਰ ਸਿੰਘ ਸਮਰਾ ਨੂੰ ਵੀ ਆਦੇਸ਼ ਕੀਤਾ ਗਿਆ ਹੈ ਕਿ ਤੁਹਾਡੇ ਮੀਡੀਆ 'ਵਿਚ ਜਾਣ ਨਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਠੇਸ ਪੁੱਜੀ ਹੈ ਇਸ ਲਈ ਸਮਾਂ ਅਤੇ ਸਬੱਬ ਬਨਣ 'ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਇਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਅਤੇ ਇਸ ਦੌਰਾਨ ਤਿੰਨ ਦਿਨ ਇਕ-ਇਕ ਘੰਟਾ ਜੋੜੇ ਝਾੜਨ ਅਤੇ ਭਾਂਡੇ ਮਾਂਜਣ ਉਪਰੰਤ 1100 ਰੁਪਏ ਦੀ ਦੇਗ ਕਰਵਾ ਕੇ ਭੁੱਲ ਚੁੱਕ ਦੀ ਮੁਆਫੀ ਲਈ ਅਰਦਾਸ ਦੀ ਰਸੀਦ ਕਟਾਉਣ।

ਜਥੇਦਾਰ ਨੇ ਨਹੀਂ ਦਿੱਤਾ ਪ੍ਰਤੀਕਰਮ

ਇਕ ਜਥੇਦਾਰ ਬਾਰੇ ਪੰਜ ਪਿਆਰੇ ਗ੍ਰੰਥੀ ਸਾਹਿਬਾਨ ਵਲੋਂ ਇਹ ਮਾਮਲਾ ਪ੍ਰਚੱਲਤ ਪੰਥਕ ਪਰੰਪਰਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਜਾਏ ਜਾਣ ਦੀ ਥਾਂ ਆਪਣੇ ਪੱਧਰ 'ਤੇ ਹੀ ਇਸ ਮਾਮਲੇ ਬਾਰੇ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਜਥੇਦਾਰ ਨੂੰ ਤਨਖਾਹੀਆ ਐਲਾਨ ਦਿੱਤੇ ਜਾਣ ਦੀ ਨਵੀਂ ਪਿਰਤ ਪੈਣ ਕਾਰਨ ਪੰਥਕ ਗਲਿਆਰਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ ।ਇਸ ਪੰਥਕ ਮਰਿਯਾਦਾ ਨਾਲ ਜੁੜੇ ਮਾਮਲੇ ਸੰਬੰਧੀ ਪ੍ਰਤੀਕਰਮ ਲੈਣ ਲਈ ਜਦੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸੰਪਰਕ ਕੀਤਾ ਗਿਆ ਤਾਂ ਇਕ ਸੀਨੀਅਰ ਬੁਲਾਰੇ ਨੇ ਕਿਹਾ ਕਿ ਅਜਿਹਾ ਹੁਕਮਨਾਮਾ ਜਾਰੀ ਹੋਣਾ ਮਰਿਯਾਦਾ ਅਨੁਸਾਰ ਠੀਕ ਨਹੀਂ, ਪਰ ਇਸ ਸੰਬੰਧੀ ਪ੍ਰਤੀਕਰਮ ਸਿੰਘ ਸਾਹਿਬ ਹੀ ਦੇ ਸਕਦੇ ਹਨ ।ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਅਟੈਂਡ ਕੀਤਾ ।ਇਸ ਮਾਮਲੇ ਸੰਬੰਧੀ ਜਥੇਦਾਰ ਫ਼ਿਲਹਾਲ ਖਾਮੋਸ਼ ਹਨ। 

ਗੌਹਰ ਦਾ ਪ੍ਰਤੀਕਰਮ

ਪੰਜ ਪਿਆਰਿਆਂ ਦੇ ਇਸ ਫ਼ੈਸਲੇ ਨੂੰ ਗਿਆਨੀ ਰਣਜੀਤ ਸਿੰਘ ਗੌਹਰ ਨੇ ਗ਼ੈਰ- ਸੰਵਿਧਾਨਕ ਫ਼ੈਸਲਾ ਕਰਾਰ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੀਫ ਖ਼ਾਲਸਾ ਦੀਵਾਨ ਨੂੰ ਪੱਤਰ ਲਿਖੇ ਹਨ। ਗਿਆਨੀ ਗੌਹਰ ਨੇ ਤਿੰਨ ਸਫ਼ਿਆਂ ਦੇ ਪੱਤਰ ’ਚ ਲਿਖਿਆ ਹੈ ਕਿ ਇਸ ਮਾਮਲੇ ’ਚ ਉਨ੍ਹਾਂ ਦੇ ਪੱਖ ਨੂੰ ਸੁਣਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਪਿਆਰਿਆਂ ਵਿਚੋਂ ਭਾਈ ਸੁਖਦੇਵ ਸਿੰਘ ਦੀ ਉਮਰ ਪਿਛਲੇ ਹੋਏ ਹੁਕਮਨਾਮੇ 17 ਮਈ 2020 ਦੇ ਅਨੁਸਾਰ 40 ਸਾਲ ਤੋਂ ਘੱਟ ਹੈ। ਇਸ ਲਈ ਉਹ ਇਸ ਕਾਰਵਾਈ ਨੂੰ ਕਰਨ ਦੇ ਯੋਗ ਨਹੀਂ ਹਨ। ਇਸ ਦੇ ਨਾਲ ਹੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫ਼ੀ ਦਾ ਮਾਮਲਾ ਉੱਠਿਆ ਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਂ ਪਿਆਰਿਆਂ ਨੇ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਤਲਬ ਕਰਨ ਦਾ ਹੁਕਮ ਸੁਣਾਇਆ ਸੀ। ਉਸ ਸਮੇਂ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ 22 ਅਕਤੂਬਰ 2015 ਨੂੰ ਪੰਜਾਂ ਪਿਆਰਿਆਂ ਵੱਲੋਂ ਇਸ ਨੂੰ ਗ਼ਲਤ ਕਰਾਰ ਦਿੱਤਾ ਗਿਆ ਸੀ। ਉਸ ਹੁਕਮਨਾਮੇ ’ਵਿਚ ਵੀ ਇਨ੍ਹਾਂ ਪੰਜ ਪਿਆਰਿਆਂ ’ਚੋਂ ਤਿੰਨ ਪਿਆਰੇ ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਅੱਤਲਸ਼ੁਦਾ ਪੰਜਾਂ ਪਿਆਰਿਆਂ ਨੇ ਜਥੇਦਾਰਾਂ ਨੂੰ ਤਲਬ ਕੀਤਾ ਸੀ ਜਿਸ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਮੁੱਢੋਂ ਰੱਦ ਕੀਤਾ ਗਿਆ ਸੀ। ਗਿਆਨੀ ਰਣਜੀਤ ਸਿੰਘ ਗੌਹਰ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸੇ ਉੱਚ ਪੱਧਰੀ ਜਾਂਚ ਕਮੇਟੀ ਪਾਸੋਂ ਇਸ ਮਾਮਲੇ ਸਬੰਧੀ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਹੁਕਮਨਾਮੇ ਨਾਲ ਤਖ਼ਤ ਸਾਹਿਬਾਨ ਦੀ ਮਰਿਆਦਾ ਨੂੰ ਢਾਹ ਲੱਗੀ ਹੈ।