ਕੈਲੀਫੋਰਨੀਆ ਸੈਨੇਟ ਜੁਡੀਸ਼ਰੀ ਕਮੇਟੀ ਨੇ ਜਾਤੀ ਭੇਦਭਾਵ ਬਿਲ ਨੂੰ ਮਨਜ਼ੂਰੀ ਦਿਤੀ

ਕੈਲੀਫੋਰਨੀਆ ਸੈਨੇਟ ਜੁਡੀਸ਼ਰੀ ਕਮੇਟੀ ਨੇ ਜਾਤੀ ਭੇਦਭਾਵ ਬਿਲ ਨੂੰ ਮਨਜ਼ੂਰੀ ਦਿਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ: ਕੈਲੀਫੋਰਨੀਆ ਸੈਨੇਟ ਜੁਡੀਸ਼ਰੀ ਕਮੇਟੀ ਨੇ 8-0 ਦੇ ਵੋਟ ਨਾਲ ਜਾਤ-ਆਧਾਰਿਤ ਵਿਤਕਰੇ 'ਤੇ ਪਾਬੰਦੀ ਲਗਾਉਣ ਲਈ ਬਿੱਲ #SB403 ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਬਿੱਲ ਹੁਣ ਵਿਚਾਰ ਲਈ ਸਦਨ ਵਿੱਚ ਜਵੇਗਾ। ਇਹ ਸੈਨੇਟਰ ਆਇਸ਼ਾ ਦੀ ਸਮਾਜਿਕ ਨਿਆਂ ਲਈ ਅਣਥੱਕ ਵਕਾਲਤ ਦੀ ਜਿੱਤ ਹੈ।  ਇਹ ਬਿਲ ਪਾਸ ਹੋਣ ਨਾਲ ਕੈਲੇਫੋਰਨੀਆ ‘ਚ ਜਾਤ-ਪਾਤ ਅਧਾਰਤ ਵਿਤਕਰੇ ਨੂੰ ਗੈਰਕਨੂੰਨੀ ਮੰਨਦਿਆਂ ਵਿਤਕਰਾ ਕਰਨ ਵਾਲੇ ਖਿਲਾਫ ਕਨੂੰਨਨ ਕਾਰਵਾਈ ਹੋ ਸਕੇਗੀ। ਪਹਿਲਾਂ ਇਹ ਬਿੱਲ ਕੈਲੇਫੋਰਨੀਆ ਸੈਨੇਟ ਵਿੱਚ ਪਾਸ ਹੋ ਚੁੱਕਾ ਹੈ।

ਇਸ ਬਿੱਲ ਨੂੰ ਅਫਗਾਨ-ਅਮਰੀਕਨ ਮੂਲ ਦੀ ਫਰੀਮਾਂਟ ਤੋਂ ਡੈਮੋਕਰੈਟਿਕ ਸੈਨੇਟਰ ਆਇਸ਼ਾ ਵਹਾਬ ਨੇ ਲਿਆਂਦਾ ਸੀ। ਪਹਿਲੇ ਪਹਿਲ ਉਸ ‘ਤੇ ਹਰ ਤਰੀਕੇ ਦਬਾਅ ਪਾਇਆ ਗਿਆ ਕਿ ਬਿੱਲ ਵਿੱਚੋਂ ਲਫਜ਼ “ਜ਼ਾਤ” ਕੱਢ ਦਿੱਤਾ ਜਾਵੇ। ਪਰ ਨਿਆਂਪਾਲਿਕਾ ਦੇ ਚੇਅਰਪਰਸਨ ਬ੍ਰਾਇਨ ਮੇਨਸ਼ੇਨ, ਸੈਨ ਡਿਏਗੋ ਡੈਮੋਕਰੇਟ, ਵੱਲੋਂ ਬਿੱਲ ਵਿੱਚੋਂ “ਜਾਤ” ਸ਼ਬਦ ਨੂੰ ਹਟਾਉਣ ਅਤੇ ਬਦਲਣ ਦੇ ਪਹਿਲੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ।

ਵਹਾਬ ਨੇ ਕਮੇਟੀ ਦੀ ਸੁਣਵਾਈ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ,“SB 403 ਜਾਤੀ ਭੇਦਭਾਵ ਨੂੰ ਖਤਮ ਕਰੇਗਾ। ਇਸ ਬਿੱਲ ਵਿੱਚ ਸ਼ਾਮਲ ਪਰਿਭਾਸ਼ਾ ਅਤੇ ਸੁਰੱਖਿਆ ਲੱਖਾਂ ਲੋਕਾਂ ਦੀ ਸੁਰੱਖਿਆ ਕਰੇਗੀ।
ਬਿਲ ਦੇ ਸਮਰਥਨ ਵਿੱਚ ਬੋਲਣ ਵਾਲੇ ਦੋ ਗਵਾਹਾਂ ਵਿੱਚੋਂ ਇੱਕ, ਕਾਰਜ ਸਥਾਨ ਦੀ ਵਕੀਲ ਤਰੀਨਾ ਮੰਡ ਨੇ ਕਿਹਾ, SB 403 ਕੈਲੀਫੋਰਨੀਆ ਨੂੰ ਸਾਰਿਆਂ ਲਈ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲਾ ਸਥਾਨ ਬਣਾਉਣ ਲਈ ਇੱਕ ਮਹੱਤਵਪੂਰਨ ਬਿੱਲ ਹੈ।"ਵੋਟਿੰਗ ਤੋਂ ਬਾਅਦ, ਸਮਰਥਕਾਂ ਨੇ “SB 403 ਜ਼ਿੰਦਾਬਾਦ” ਦੇ ਨਾਅਰੇ ਲਾਉਂਦੇ ਹੋਏ ਸੁਣਵਾਈ ਵਾਲੇ ਕਮਰੇ ਤੋਂ ਬਾਹਰ ਮਾਰਚ ਕੀਤਾ।

ਦੂਜੇ ਪਾਸੇ ਵਿਰੋਧੀ ਧਿਰ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਕਾਲੜਾ, ਨੇ ਕਿਹਾ ਕਿ ਉਹ ਨਿਰਾਸ਼ ਜ਼ਰੂਰ ਹਨ ਪਰ ਵਿਧਾਨ ਸਭਾ ਦੁਆਰਾ ਬਿੱਲ 'ਤੇ ਵੋਟ ਪਾਉਣ ਤੋਂ ਪਹਿਲਾਂ "ਇਸ ਮੁੱਦੇ 'ਤੇ ਸੰਸਦ ਮੈਂਬਰਾਂ ਨੂੰ ਜਾਗਰੂਕ ਕਰਨ" ਦੀ ਕੋਸ਼ਿਸ਼ ਨੂੰ ਜਾਰੀ ਰੱਖਣਗੇ।

ਹਾਲਾਂਕਿ ਕਈ ਦੇਸ਼ਾਂ ਵਿੱਚ ਜਾਤ ਪ੍ਰਣਾਲੀ ਮੌਜੂਦ ਹੈ, ਇਹ ਆਮ ਤੌਰ 'ਤੇ ਭਾਰਤ ਨਾਲ ਜੁੜੀ ਹੋਈ ਹੈ, ਜਿੱਥੇ ਇਸਨੂੰ 1950 ਵਿੱਚ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ ਪਰ ਇਸਦੀ ਵਿਰਾਸਤ ਅਜੇ ਵੀ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਸਿੱਖ ਜਥੇਬੰਦੀਆਂ ਇਸ ਮਤੇ ਦੀ ਪੁਰਜ਼ੋਰ ਹਮਾਇਤ ਕਰ ਰਹੀਆਂ ਹਨ। ਇਸਤੋਂ ਪਹਿਲਾਂ ਅਜਿਹਾ ਬਿੱਲ ਸਿਟੀ ਆਫ਼ ਸਿਆਟਲ ਅਤੇ ਟਰਾਂਟੋ ਸਕੂਲ ਬੋਰਡ ਵੱਲੋਂ ਵੀ ਪਾਸ ਕੀਤਾ ਜਾ ਚੁੱਕਾ ਹੈ।