ਬਹਿਬਲ ਇਨਸਾਫ਼ ਮੋਰਚੇ ਨੇ ਸਰਕਾਰ ਨੂੰ ਦਿੱਤਾ 15 ਦਿਨ ਦਾ ਅਲਟੀਮੇਟਮ

ਬਹਿਬਲ ਇਨਸਾਫ਼ ਮੋਰਚੇ ਨੇ ਸਰਕਾਰ ਨੂੰ ਦਿੱਤਾ 15 ਦਿਨ ਦਾ ਅਲਟੀਮੇਟਮ

ਅੰਮ੍ਰਿਤਸਰ ਟਾਈਮਜ਼

ਬਰਗਾੜੀ-ਕਰੀਬ 7 ਮਹੀਨੇ ਤੋਂ ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ਼ ਲਈ ਬਹਿਬਲ ਕਲਾਂ ਵਿਖੇ ਭਾਈ ਸੁਖਰਾਜ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਚੱਲ ਰਹੇ ਇਨਸਾਫ਼ ਮੋਰਚੇ ਵਲੋਂ ਇਨਸਾਫ਼ ਲਈ ਸਰਕਾਰ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ, ਜੋ ਬੀਤੇ ਦਿਨੀਂ ਖ਼ਤਮ ਹੋ ਗਿਆ ।ਸਰਕਾਰ ਵਲੋਂ ਭੇਜੀ ਐਡਵੋਕੇਟ ਜਨਰਲ ਦੀ ਵਕੀਲਾਂ ਦੀ ਟੀਮ ਨੇ ਮੋਰਚੇ 'ਚ ਪਹੁੰਚ ਕੇ ਦੱਸਿਆ ਕਿ ਉਨ੍ਹਾਂ ਇਕ ਹਫ਼ਤੇ ਦੀ ਲਗਾਤਾਰ ਸੁਣਵਾਈ ਉਪਰੰਤ ਗੋਲੀਕਾਂਡ ਦੇ ਕਥਿਤ ਦੋਸ਼ੀਆਂ ਵਲੋਂ ਹਾਈਕੋਰਟ ਵਿਚ ਪਾਈਆਂ ਪਟੀਸ਼ਨਾਂ ਖਾਰਜ ਕਰਵਾ ਦਿੱਤੀਆਂ ਹਨ । ਟੀਮ ਨੇ ਅਦਾਲਤੀ ਕਾਰਵਾਈ ਲਈ 15 ਦਿਨ ਦਾ ਸਮਾਂ ਹੋਰ ਮੰਗਿਆ, ਜਿਸ 'ਤੇ ਵਿਚਾਰ ਚਰਚਾ ਤੋਂ ਬਾਅਦ ਸੰਗਤਾਂ ਨੇ ਸਰਕਾਰ ਨੂੰ 15 ਦਿਨ ਦਾ ਹੋਰ ਸਮਾਂ ਦੇਣ ਦਾ ਫ਼ੈਸਲਾ ਕੀਤਾ ।ਨਾਲ ਹੀ ਇਹ ਫ਼ੈਸਲਾ ਕੀਤਾ ਕਿ ਮੋਰਚੇ ਦੀ ਇਕ ਕਮੇਟੀ ਬਣਾਈ ਜਾਵੇਗੀ ਜੋ ਪੂਰੇ ਪੰਜਾਬ ਅਤੇ ਦੇਸ਼ ਦੀਆਂ ਸਿੱਖ ਜਥੇਬੰਦੀਆਂ ਨੂੰ ਮਿਲ ਕੇ 15 ਦਿਨ ਬਾਅਦ ਸ਼ੁਰੂ ਕੀਤੇ ਜਾਣ ਵਾਲੇ ਵੱਡੇ ਸੰਘਰਸ਼ ਦੀ ਰਣਨੀਤੀ ਉਲੀਕਣ ਅਤੇ ਇਸ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਬੇਨਤੀ ਕਰੇਗੀ ।ਇਸ ਮੌਕੇ ਭਾਈ ਸਾਧੂ ਸਿੰਘ, ਸੁਖਜੀਤ ਸਿੰਘ ਖੋਸਾ, ਗੁਰਪ੍ਰੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਮਖੂ, ਬਾਬਾ ਬਖਸੀਸ਼ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਜਥੇਬੰਦੀ ਵਾਰਿਸ ਪੰਜਾਬ, ਸਤਿਕਾਰ ਕਮੇਟੀ, ਕਿਸਾਨ ਯੂਨੀਅਨਾਂ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਆਦਿ ਦੇ ਨੁਮਾਇੰਦੇ ਹਾਜ਼ਰ ਸਨ।