ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਕਾਮਯਾਬੀ ਨਾਲ ਸੰਪੰਨ
- ਕਾਨਫਰੰਸ ਸੁਰਜੀਤ ਪਾਤਰ, ਮਹਿੰਦਰ ਸਿੰਘ ਘੱਗ ਅਤੇ ਰਬਿੰਦਰ ਸਿੰਘ ਅਟਵਾਲ ਨੂੰ ਕੀਤੀ ਗਈ ਸਮਰਪਿਤ
- ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੇ ਸਾਹਿਤਕਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ()- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਕਾਮਯਾਬੀ ਨਾਲ ਕਰਵਾਈ ਗਈ। ਪੂਜਾ ਰੈਸਟੋਰੈਂਟੋ, ਵੈਸਟ ਸੈਕਰਾਮੈਂਟੋ ਦੇ ਹਾਲ ਵਿਚ ਹੋਈ ਇਸ ਕਾਨਫਰੰਸ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਸਾਹਿਤਕਾਰ ਅਤੇ ਬੁੱਧੀਜੀਵੀ ਪਹੁੰਚੇ। ਸਵੇਰੇ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੀ ਇਸ ਕਾਨਫਰੰਸ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਸੀ। ਇਹ ਕਾਨਫਰੰਸ ਮਰਹੂਮ ਕਵੀ ਸੁਰਜੀਤ ਪਾਤਰ, ਮਹਿੰਦਰ ਸਿੰਘ ਘੱਗ ਅਤੇ ਰਬਿੰਦਰ ਸਿੰਘ ਅਟਵਾਲ ਨੂੰ ਸਮਰਪਿਤ ਕੀਤੀ ਗਈ ਸੀ।
ਮੰਚ ਸੰਚਾਲਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਦਲਵੀਰ 'ਦਿਲ' ਨਿੱਜਰ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ। ਸ. ਨਿੱਜਰ ਨੇ ਸਮੂਹ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।
ਪਹਿਲੇ ਸੈਸ਼ਨ ਵਿਚ ਕਵੀ ਸੰਮੇਲਨ ਆਯੋਜਿਤ ਕੀਤਾ ਗਿਆ, ਜਿਸ ਦਾ ਮੰਚ ਸੰਚਾਲਨ ਮਨਜੀਤ ਕੌਰ ਸੇਖੋਂ ਨੇ ਕੀਤਾ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਹਰਬੰਸ ਸਿੰਘ ਜਗਿਆਸੂ, ਹਰਦਿਆਲ ਸਿੰਘ ਚੀਮਾ, ਤਾਰਾ ਸਿੰਘ ਕੋਮਲ, ਹਰਭਜਨ ਸਿੰਘ ਢੇਰੀ ਅਤੇ ਸੇਵਾ ਸਿੰਘ ਨੂਰਪੁਰੀ ਸੁਸ਼ੋਭਿਤ ਸਨ। ਇਸ ਵਿਚ ਬਹੁਤ ਸਾਰੇ ਕਵੀਆਂ ਨੇ ਹਿੱਸਾ ਲਿਆ।
ਮਹਿੰਦਰ ਸਿੰਘ ਘੱਗ ਦੇ ਸਪੁੱਤਰ ਮੇਅਰ ਲਖਬੀਰ ਸਿੰਘ ਘੱਗ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਵੱਲੋਂ ਸ਼ਾਨਦਾਰ ਸੋਵੀਨਰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿਚ ਵੱਖ-ਵੱਖ ਪੰਜਾਬੀ ਸਾਹਿਤ ਨਾਲ ਸੰਬੰਧਤ ਲੇਖ ਅਤੇ ਹੋਰ ਰਚਨਾਵਾਂ ਨੂੰ ਲੜੀਬੱਧ ਕੀਤਾ ਗਿਆ ਸੀ।
ਇਸ ਸਮੇਂ ਕੁੱਝ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕਵੀ ਰਾਜ, ਡਾ. ਦਲਬੀਰ ਸਿੰਘ ਕਥੂਰੀਆ (ਟੋਰਾਂਟੋ), ਡਾ. ਪਰਗਟ ਸਿੰਘ ਬੱਗਾ (ਟੋਰਾਂਟੋ), ਪ੍ਰਿਤਪਾਲ ਸਿੰਘ ਚੱਗੜ (ਟੋਰਾਂਟੋ), ਅਮਰ ਸਿੰਘ ਸੂਫੀ (ਪੰਜਾਬ), ਪ੍ਰੀਤਮ ਸਿੰਘ ਭਰੋਵਾਲ (ਪੰਜਾਬ), ਹਰਦਿਆਲ ਸਿੰਘ ਚੀਮਾ (ਸਿਆਟਲ), ਡਾ. ਤਾਰਾ ਸਿੰਘ ਕਮਲ (ਪੰਜਾਬ, ਇੰਡੀਆ), ਸੁਖਦੇਵ ਸਿੰਘ ਢਿੱਲੋਂ (ਸਰੀ), ਇੰਦਰਬੀਰ ਸਿੰਘ ਲਾਲੀ ਸੰਧੂ (ਸਿਆਟਲ), ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਮੇਅਰ ਬੌਬੀ ਸਿੰਘ ਐਲਨ, ਮੇਅਰ ਪਰਗਟ ਸਿੰਘ ਸੰਧੂ, ਦਵਿੰਦਰ ਸਿੰਘ ਬੈਂਸ, ਨਰਿੰਦਰਪਾਲ ਸਿੰਘ ਹੁੰਦਲ, ਵਰਿੰਦਰ ਸਿੰਘ ਸੇਖੋਂ ਅਤੇ ਹਰਮਿੰਦਰ ਸਿੰਘ ਕਾਹਲੋਂ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡਸਵੈਲੀ ਚੈਂਬਰ ਆਫ ਕਾਮਰਸ ਦੇ ਸੁਖਚੈਨ ਸਿੰਘ, ਦਲਜੀਤ ਸਿੰਘ ਸੰਧੂ, ਜਗਰੂਪ ਸਿੰਘ ਮਾਂਗਟ, ਮੁਖਤਾਰ ਸਿੰਘ ਗਿੱਲ, ਮਾਈਕ ਬੋਪਾਰਾਏ ਵੀ ਹਾਜ਼ਰ ਸਨ।
ਦੂਜੇ ਸੈਸ਼ਨ 'ਚ ਪੰਜਾਬੀ ਮਾਂ ਬੋਲੀ 'ਤੇ ਵਿਚਾਰ-ਵਟਾਂਦਰੇ ਕੀਤੇ ਗਏ। ਪ੍ਰਧਾਨਗੀ ਮੰਡਲ ਵਿਚ ਦਲਵੀਰ 'ਦਿਲ' ਨਿੱਜਰ, ਡਾ. ਦਲਬੀਰ ਸਿੰਘ ਕਥੂਰੀਆ, ਡਾ. ਪਰਗਟ ਸਿੰਘ ਬੱਗਾ, ਹਰਜਿੰਦਰ ਪੰਧੇਰ, ਸੁਖਵਿੰਦਰ ਕੰਬੋਜ ਸੁਸ਼ੋਭਿਤ ਸਨ। ਇਸ ਦੌਰਾਨ ਕੁੱਝ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। ਤੀਜੇ ਸੈਸ਼ਨ ਵਿਚ ਵੀ ਕਵੀ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕੁੱਲ ਮਿਲਾ ਕੇ ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ ਦੀ ਇਹ 20ਵੀਂ ਸਾਲਾਨਾ ਕਾਨਫਰੰਸ ਕਾਮਯਾਬ ਹੋ ਨਿਬੜੀ।
Comments (0)