ਹਿੰਦੂ ਕਲਚਰਲ ਸਭਾ ਦਾ ਪ੍ਰਧਾਨ ਜਿਨਸੀ ਛੇੜਛਾੜ ਦੇ ਦੋਸ਼ਾਂ 'ਚ ਕਾਬੂ
ਵੈਨਕੂਵਰ/ਏਟੀ ਨਿਊਜ਼ :
ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਐਬਟਸਫੋਰਡ 'ਚ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੇਸ਼ੇ ਵਜੋਂ ਟੈਕਸੀ ਚਾਲਕ ਦੀਪਕ ਸ਼ਰਮਾ (60 ਸਾਲ) ਨੂੰ ਉਸ ਦੀ ਟੈਕਸੀ 'ਚ ਔਰਤ ਸਵਾਰੀ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਦੋਸ਼ਾਂ ਨੂੰ ਨਕਾਰਿਆ ਹੈ ਤੇ ਫਰੇਜ਼ਰ ਵੈਲੀ ਹਿੰਦੂ ਕਲਚਰਲ ਸਭਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸੇ ਮੰਦਰ ਦੇ ਪੁਜਾਰੀ ਕਰਮਵੀਰ ਉਤੇ ਵੀ ਚਾਰ ਕੁ ਸਾਲ ਪਹਿਲਾਂ ਔਰਤ ਦਾ ਸੋਸ਼ਣ ਕਰਨ ਦੇ ਦੋਸ਼ ਲੱਗੇ ਸਨ, ਜਿਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ।
ਵੈਸਟ ਵੈਨਕੂਵਰ ਪੁਲੀਸ ਦੇ ਬੁਲਾਰੇ ਜੈੱਫ ਪੈਲਮਰ ਨੇ ਦੱਸਿਆ ਕਿ ਜਨਵਰੀ ਮਹੀਨੇ ਤੜਕਸਾਰ ਇਕ ਔਰਤ ਦੀਪਕ ਸ਼ਰਮਾ ਦੀ ਟੈਕਸੀ 'ਚ ਬੈਠੀ ਜਿਸ ਤੋਂ ਬਾਅਦ ਔਰਤ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ ਦੀਪਕ ਨੇ ਉਸ ਨਾਲ ਜ਼ਬਰਦਸਤੀ ਕੀਤੀ। ਪੁਲੀਸ ਨੇ ਲੰਬੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਤੇ 7 ਮਾਰਚ ਨੂੰ ਦੀਪਕ ਸ਼ਰਮਾ ਉਤੇ ਦੋਸ਼ ਆਇਦ ਕਰਕੇ ਅਦਾਲਤ 'ਚ ਪੇਸ਼ ਕੀਤਾ। ਸਭਾ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਦੀਪਕ ਸ਼ਰਮਾ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਉਸ ਨੇ ਪੁਲੀਸ ਦੇ ਦੋਸ਼ਾਂ ਨੂੰ ਨਕਾਰਿਆ ਹੈ। ਮੰਦਰ ਦਾ ਨਾਂ ਵਿਵਾਦਾਂ ਨਾਲ ਜੁੜਨ ਬਾਰੇ ਪੁੱਛਣ ਤੇ ਸ਼੍ਰੀ ਸ਼ਰਮਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
Comments (0)