ਵਿਦੇਸ਼ ਜਾਣ ਦੇ ਨਾਮ ਉਪਰ ਵਿਆਹਾਂ ਦੇ ਨਾਂ ’ਤੇ ਵਪਾਰ

ਵਿਦੇਸ਼ ਜਾਣ ਦੇ ਨਾਮ ਉਪਰ ਵਿਆਹਾਂ ਦੇ ਨਾਂ ’ਤੇ ਵਪਾਰ
ਬਲਰਾਜ ਸਿੰਘ ਸਿੱਧੂ

ਦਿਨੋ-ਦਿਨ ਨਿੱਘਰਦੀ ਜਾ ਰਹੀ ਖੇਤੀਬਾੜੀ, ਬੇਰੁਜ਼ਗਾਰੀ ਅਤੇ ਉੱਜਵਲ ਭਵਿੱਖ..

ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ਸਬੰਧੀ ਉਦਾਰ ਨੀਤੀ ਨੇ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਲਈ ਤਰੱਕੀ ਦੇ ਨਵੇਂ ਦਿਸਹੱਦੇ ਖੋਲ੍ਹ ਦਿੱਤੇ ਹਨ। ਦਿਨੋ-ਦਿਨ ਨਿੱਘਰਦੀ ਜਾ ਰਹੀ ਖੇਤੀਬਾੜੀ, ਬੇਰੁਜ਼ਗਾਰੀ ਅਤੇ ਉੱਜਵਲ ਭਵਿੱਖ ਲਈ ਹਰ ਸਾਲ ਹਜ਼ਾਰਾਂ ਵਿੱਦਿਆਰਥੀ ਇਨ੍ਹਾਂ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਭਾਰਤ ਵਿੱਚੋਂ ਵਿਦੇਸ਼ ਪੜ੍ਹਨ ਲਈ ਜਾਣ ਵਾਲੇ ਕੁੱਲ ਵਿਦਿਆਰਥੀਆਂ ਦੀ 50% ਤੋਂ ਵੀ ਵੱਧ ਗਿਣਤੀ ਇਕੱਲੇ ਪੰਜਾਬ ਨਾਲ ਸਬੰਧਿਤ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬੀਆਂ ਦੀ ਬਾਕੀ ਭਾਰਤ ਦੀ ਨਿਸਬਤ ਵਧੀਆ ਆਰਥਿਕ ਹਾਲਤ ਅਤੇ ਵੇਚਣ ਜਾਂ ਗਹਿਣੇ ਧਰਨ ਜੋਗੀ ਉਪਜਾਊ ਜ਼ਮੀਨ ਦੀ ਹੋਂਦ ਹੈ। ਇਸ ਵੇਲੇ ਹਰੇਕ ਪਿੰਡ ਵਿੱਚੋਂ ਦਰਜਨਾਂ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹ ਰਹੇ ਹਨ। ਜਦੋਂ ਉਨ੍ਹਾਂ ਦੇ ਮਾਪੇ ਸੱਥ ਵਿਚ ਬੈਠ ਕੇ ਆਪਣੇ ਪੁੱਤਰ-ਧੀ ਵੱਲੋਂ ਕਮਾਏ ਜਾ ਰਹੇ ਡਾਲਰਾਂ ਬਾਰੇ ਫੜ੍ਹਾਂ ਮਾਰਦੇ ਹਨ ਤਾਂ ਬਾਕੀਆਂ ਦਾ ਦਿਲ ਵੀ ਕੈਨੇਡਾ ਜਾ ਕੇ ਡਾਲਰ ਹੂੰਝਣ ਲਈ ਲਲਚਾ ਉੱਠਦਾ ਹੈ। ਭਾਵੇਂ ਅਸਲੀਅਤ ਵਿਚ ਉੱਥੇ ਡਾਲਰ ਕਮਾਉਣਾ ਐਨਾ ਸੌਖਾ ਨਹੀਂ ਹੈ। ਕੈਨੇਡਾ ਸਰਕਾਰ ਨੂੰ ਸਿਰਫ਼ ਵਿੱਦਿਆ ਦੇ ਖੇਤਰ ਤੋਂ ਹੀ ਹਰ ਸਾਲ ਅਰਬਾਂ ਡਾਲਰ ਦੀ ਕਮਾਈ ਹੋ ਰਹੀ ਹੈ।

ਕੈਨੇਡਾ ਦੇ ਹਰ ਸ਼ਹਿਰ ਵਿਚ ਖੁੰਬਾਂ ਵਾਂਗ ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ। ਕੋਰੋਨਾ ਕਾਲ ਵਿਚ ਵਿਦਿਆਰਥੀਆਂ ਦੇ ਵੀਜ਼ੇ ਬੰਦ ਹੋਣ ਕਾਰਨ ਕੈਨੇਡਾ ਦੇ ਦਰਜਨਾਂ ਕਾਲਜ ਅਤੇ ਯੂਨੀਵਰਸਿਟੀਆਂ ਦੀਵਾਲੀਆ ਹੋ ਗਈਆਂ ਹਨ ,ਕਿਉਂਕਿ ਉੱਥੇ ਭਾਰਤ ਵਾਲਾ ਹਿਸਾਬ ਨਹੀਂ ਕਿ ਜੇ ਸਕੂਲ, ਕਾਲਜ ਬੰਦ ਹਨ ਤਾਂ ਟੀਚਰਾਂ ਦੀ ਤਨਖ਼ਾਹ ਕੱਟ ਲਓ। ਇਸ ਸਮੇਂ ਦੌਰਾਨ ਸਭ ਤੋਂ ਬੁਰੀ ਗੱਲ ਇਹ ਹੋ ਰਹੀ ਹੈ ਕਿ ਆਈਲੈਟਸ ਕਰਨ ਵਾਲੇ ਕਈ ਲੜਕੇ ਅਤੇ ਲੜਕੀਆਂ ਏਜੰਟਾਂ ਨਾਲ ਮਿਲ ਕੇ ਠੱਗੀਆਂ ਮਾਰਨ ਲੱਗ ਪਏ ਹਨ। ਕਿਸੇ ਲੜਕੇ-ਲੜਕੀ ਦੇ 6 ਬੈਂਡ ਆਉਂਦੇ ਸਾਰ ਰਿਸ਼ਤਿਆਂ ਦਾ ਹੜ੍ਹ ਆ ਜਾਂਦਾ ਹੈ। ਜਿਹੜੇ ਲੜਕੇ ਕਿਸੇ ਕਾਰਨ ਕੈਨੇਡਾ ਜਾਣ ਲਈ ਜ਼ਰੂਰੀ ਬੈਂਡ ਹਾਸਲ ਨਹੀਂ ਕਰ ਸਕਦੇ, ਉਹ ਅਜਿਹੀਆਂ ਲੜਕੀਆਂ ਦੀ ਭਾਲ ਵਿਚ ਰਹਿੰਦੇ ਹਨ ਜੋ ਉਨ੍ਹਾਂ ਨੂੰ ਵਿਆਹ ਕਰਵਾ ਕੇ ਸਪਾਊਜ਼ ਵੀਜ਼ੇ ’ਤੇ ਕੈਨੇਡਾ ਪਹੁੰਚਾ ਸਕਣ।

ਇਸ ਸਬੰਧੀ ਅਨੇਕਾਂ ਲੜਕਿਆਂ ਵੱਲੋਂ ਰੋਜ਼ਾਨਾ ਅਖ਼ਬਾਰਾਂ ਵਿਚ ਇਸ਼ਤਿਹਾਰ ਛਪਵਾਏ ਜਾਂਦੇ ਹਨ ਕਿ 6 ਬੈਂਡ ਵਾਲੀ ਲੜਕੀ ਦੀ ਜ਼ਰੂਰਤ ਹੈ ਜੋ ਲੜਕੇ ਨੂੰ ਕੈਨੇਡਾ ਲਿਜਾ ਸਕੇ। ਵਿਆਹ ਕੱਚਾ ਅਤੇ ਸਾਰਾ ਖ਼ਰਚਾ ਲੜਕੇ ਵੱਲੋਂ ਕੀਤਾ ਜਾਵੇਗਾ। ਜਦੋਂ ਰਿਸ਼ਤਾ ਹੋ ਪੱਕਾ ਜਾਂਦਾ ਹੈ ਤਾਂ ਸ਼ਗਨ ਅਤੇ ਵਿਆਹ ਤੋਂ ਲੈ ਕੇ ਲੜਕੀ ਦੀ ਟਿਕਟ, ਵੀਜ਼ਾ ਅਤੇ ਕੈਨੇਡਾ ਵਿਚ ਪੜ੍ਹਾਈ ਅਤੇ ਰਹਿਣ-ਸਹਿਣ ਦਾ ਸਾਰਾ ਕਰਚਾ ਲੜਕੇ ਵੱਲੋਂ ਕੀਤਾ ਜਾਂਦਾ ਹੈ। ਇਸ ਸਭ ’ਤੇ ਲੜਕੇ ਵਾਲਿਆਂ ਦਾ 35 ਤੋਂ 50 ਲੱਖ ਤਕ ਖ਼ਰਚਾ ਆ ਜਾਂਦਾ ਹੈ। ਜਦੋਂ ਲੜਕੀ ਵਿਦੇਸ਼ ਪਹੁੰਚ ਜਾਂਦੀ ਹੈ ਤਾਂ ਲਾੜੇ ਵੱਲੋਂ ਖ਼ੁਸ਼ੀ-ਖ਼ੁਸ਼ੀ ਅਟੈਚੀ ਬੰਨ੍ਹ ਕੇ ਸਪਾਊਜ਼ ਵੀਜ਼ੇ ਦਾ ਇੰਤਜ਼ਾਰ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਕਈ ਵਾਰ ਗੜਬੜ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾਤਰ ਲੜਕੀਆਂ ਤਾਂ ਲੜਕਿਆਂ ਨੂੰ ਕੈਨੇਡਾ ਬੁਲਾ ਲੈਂਦੀਆਂ ਹਨ, ਪਰ ਕਈਆਂ ਦਾ ਉੱਥੇ ਜਾ ਕੇ ਮਨ ਬੇਈਮਾਨ ਹੋ ਜਾਂਦਾ ਹੈ। ਕਈਆਂ ਨੂੰ ਕੈਨੇਡਾ ਵਿਚ ਪੰਜਾਬ ਨਾਲੋਂ ਵੀ ਵਧੀਆ ਚੰਗੇ ਕਾਰੋਬਾਰੀ ਜਾਂ ਵਧੀਆ ਨੌਕਰੀਆਂ ਵਾਲੇ ਪੱਕੇ ਸਿਟੀਜ਼ਨ ਲੜਕੇ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਵਿਆਹ ਕਰਵਾ ਕੇ ਪੀਆਰ ਮਿੰਟੋ-ਮਿੰਟੀ ਮਿਲ ਜਾਂਦੀ ਹੈ। ਜਾਂ ਕਈਆਂ ਦਾ ਪੰਜਾਬ ਵਿਚ ਪਹਿਲਾਂ ਹੀ ਕੋਈ ਬੁਆਏ ਫ੍ਰੈਂਡ ਹੁੰਦਾ ਹੈ ਜਿਸ ਨੂੰ ਬੁਲਾਉਣ ਦੀ ਉਨ੍ਹਾਂ ਨੇ ਸਾਈ ਲਗਾਈ ਹੁੰਦੀ ਹੈ। ਜਿਸ ਲਾੜੇ ਨੇ ਜ਼ਮੀਨ ਗਹਿਣੇ ਧਰ ਕੇ ਜਾਂ ਵੇਚ ਕੇ ਕੈਨੇਡਾ ਦੇ ਠੰਢੇ ਮੌਸਮ ਦੇ ਨਜ਼ਾਰੇ ਲੈਣ ਦੇ ਸੁਪਨੇ ਲਏ ਹੁੰਦੇ ਹਨ, ਉਹ ਝੋਨਾ ਲਗਾਉਣ ਲਈ ਟਰੈਕਟਰ ਵਾਹ ਰਿਹਾ ਹੁੰਦਾ ਹੈ ਅਤੇ ਜਿਸ ਨੇ ਇਕ ਪੈਸਾ ਨਹੀਂ ਖ਼ਰਚਿਆ ਹੁੰਦਾ, ਉਹ ਮੁਫ਼ਤੋ-ਮੁਫ਼ਤੀ ਕੈਨੇਡਾ ਪਹੁੰਚ ਜਾਂਦਾ ਹੈ।

ਇਹ ਧੋਖਾ ਇਕੱਲੇ ਆਈਲੈਟਸ ਵਾਲਿਆਂ ਨਾਲ ਹੀ ਨਹੀਂ, ਸਗੋਂ ਕੈਨੇਡਾ ਦੇ ਪੱਕੇ ਵਸਨੀਕਾਂ ਨਾਲ ਵੀ ਹੋ ਰਿਹਾ ਹੈ। ਕੈਨੇਡਾ ਦੇ ਪੱਕੇ ਸਿਟੀਜ਼ਨ ਕਈ ਲਾੜੇ ਕੈਨੇਡਾ ਦੀਆਂ ਤੇਜ਼-ਤਰਾਰ ਲੜਕੀਆਂ ਨਾਲ ਵਿਆਹ ਕਰਵਾਉਣ ਦੀ ਬਜਾਏ ਪੰਜਾਬ ਵਿਚ ਵਿਆਹ ਕਰਵਾਉਣਾ ਪਸੰਦ ਕਰਦੇ ਹਨ ਤਾਂ ਜੋ ਲੜਕੀ ਕੈਨੇਡਾ ਪਹੁੰਚ ਕੇ ਇਕ ਤਾਂ ਉਨ੍ਹਾਂ ਦੇ ਅਹਿਸਾਨ ਥੱਲੇ ਦੱਬੀ ਰਹੇ ਅਤੇ ਦੂਸਰਾ ਉਨ੍ਹਾਂ ਦੇ ਮਾਂ-ਬਾਪ ਦੀ ਸੇਵਾ ਕਰੇ। ਪਰ ਅਨੇਕਾਂ ਅਜਿਹੇ ਕੇਸ ਹੋਏ ਹਨ ਕਿ ਲੜਕਾ ਟੋਰਾਂਟੋ ਏਅਰਪੋਰਟ ’ਤੇ ਉਡੀਕ ਰਿਹਾ ਹੁੰਦਾ ਹੈ ਅਤੇ ਲੜਕੀ ਵੈਨਕੂਵਰ ਉੱਤਰ ਕੇ ਕਿਸੇ ਹੋਰ ਨਾਲ ਚਲੀ ਜਾਂਦੀ ਹੈ। ਇਸੇ ਕਾਰਨ ਹੁਣ ਕੈਨੇਡਾ ਸਰਕਾਰ ਨੇ ਕਾਨੂੰਨ ਸਖ਼ਤ ਕਰ ਦਿੱਤੇ ਹਨ। ਸਿਟੀਜ਼ਨਸ਼ਿਪ ਲੈਣ ਲਈ ਲੜਕੇ-ਲੜਕੀ ਦਾ ਤਿੰਨ ਸਾਲ ਤਕ ਇਕੱਠੇ ਰਹਿਣਾ ਜ਼ਰੂਰੀ ਹੈ, ਨਹੀਂ ਵਾਪਸੀ ਦੀ ਟਿਕਟ ਕੱਟ ਸਕਦੀ ਹੈ।ਪਰ ਸਟੱਡੀ ਵੀਜ਼ੇ ’ਤੇ ਗਏ ਲੜਕੇ-ਲੜਕੀ ਉੱਪਰ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਧੋਖੇਬਾਜ਼ ਲਾੜਿਆਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪੰਜਾਬ ਵਿਚ ਅਨੇਕਾਂ ਸੰਸਥਾਵਾਂ ਸਰਗਰਮ ਹਨ ਪਰ ਧੋਖੇਬਾਜ਼ ਲਾੜੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਇਕ ਵੀ ਅਜਿਹੀ ਸੰਸਥਾ ਨਹੀਂ ਹੈ। ਲੜਕਿਆਂ ਨੂੰ ਹਮਦਰਦੀ ਦੀ ਬਜਾਏ ਮਖੌਲਾਂ-ਟਿੱਚਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੱਥ ਵਿਚ ਬੈਠੇ ਵਿਹਲੜ “ਹਾਂ ਭਾਈ, ਫਿਰ ਗਿਆ ਨਹੀਂ ਕੈਨੇਡਾ” ਕਹਿ ਕੇ ਮਖੌਲ ਉਡਾਉਂਦੇ ਹਨ। ਥਾਣਿਆਂ ਵਿਚ ਵੀ ਬਹੁਤੀ ਸੁਣਵਾਈ ਨਹੀਂ ਹੁੰਦੀ।ਵੱਧ ਤੋਂ ਵੱਧ ਲੜਕੀ ਅਤੇ ਉਸ ਦੇ ਪਰਿਵਾਰ ਵਿਰੁੱਧ ਠੱਗੀ ਮਾਰਨ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਜੋ ਸਾਲਾਂ ਤਕ ਲਟਕਿਆ ਰਹਿੰਦਾ ਹੈ। ਲੜਕੀ ਵਾਪਸ ਨਹੀਂ ਆਉਂਦੀ ਅਤੇ ਲੜਕੇ ਵਾਲਿਆਂ ਨੂੰ ਅੱਧ-ਪਚੱਧ ਪੈਸੇ ਲੈ ਕੇ ਰਾਜ਼ੀਨਾਮਾ ਕਰਨਾ ਪੈਂਦਾ ਹੈ। ਇਕ ਸਰਵੇ ਮੁਤਾਬਕ ਹਰ ਸਾਲ ਪੰਜਾਬ ਵਿਚ 1500 ਤੋਂ ਵੱਧ ਅਜਿਹੀਆਂ ਧੋਖੇਬਾਜ਼ੀਆਂ ਹੋ ਰਹੀਆਂ ਹਨ। ਲੜਕੀਆਂ ਕੈਨੇਡਾ ਪਹੁੰਚ ਕੇ ਲੜਕੇ ਨਾਲ ਛੋਟੀ-ਛੋਟੀ ਗੱਲ ’ਤੇ ਝਗੜਨਾ ਸ਼ੁਰੂ ਕਰ ਦਿੰਦੀਆਂ ਹਨ। ਇਕ ਕੇਸ ਵਿਚ ਤਾਂ ਲੜਕੀ ਨੇ ਆਪਣੇ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੇ ਲੜਕੇ ਨੂੰ ਕਹਿ ਕੇ ਆਪਣੇ ਪਤੀ ਨੂੰ ਆਪਣੀਆਂ ਅੰਤਰੰਗ ਪਲਾਂ ਦੀਆਂ ਫੋਟੋਆ ਹੀ ਭੇਜ ਦਿੱਤੀਆਂ ਤਾਂ ਜੋ ਤਲਾਕ ਜਲਦੀ ਹੋ ਜਾਵੇ। ਪਰ ਇਸ ਸਬੰਧੀ ਵੀ ਕੈਨੇਡਾ ਵਿਚ ਇਕ ਕਾਨੂੰਨ ਹੈ। ਜੇ ਲੜਕੀ ਦੇ ਪਾਸਪੋਰਟ ਵਿਚ ਪਤੀ ਦੇ ਤੌਰ ’ਤੇ ਲੜਕੇ ਦਾ ਨਾਮ ਲਿਖਿਆ ਹੋਵੇ ਤਾਂ ਤਦ ਤਕ ਪੀਆਰ ਨਹੀਂ ਹੁੰਦੀ, ਜਿੰਨੀ ਦੇਰ ਪੰਜਾਬ ਵਿਚ ਹੋਏ ਅਦਾਲਤੀ ਤਲਾਕ ਦੀ ਕਾਪੀ ਕੈਨੇਡੀਅਨ ਇਮੀਗ੍ਰੇਸ਼ਨ ਕੋਲ ਨਹੀਂ ਪਹੁੰਚਦੀ।

ਇਸ ਲਈ ਅਸਲੀ ਜਾਂ ਨਕਲੀ ਵਿਆਹ ਤੋਂ ਬਾਅਦ ਲੜਕੇ-ਲੜਕੀ ਦੇ ਪਾਸਪੋਰਟ ਵਿਚ ਪਤੀ-ਪਤਨੀ ਦਾ ਨਾਮ ਜ਼ਰੂਰ ਲਿਖਵਾ ਲੈਣਾ ਚਾਹੀਦਾ ਹੈ। ਬਾਅਦ ਵਿਚ ਪਛਤਾਉਣ ਦੀ ਥਾਂ ਅਜਿਹਾ ਵਿਆਹ ਕਰਨ ਤੋਂ ਪਹਿਲਾਂ ਠੋਕ ਵਜਾ ਕੇ ਵੇਖ ਲੈਣਾ ਚਾਹੀਦਾ ਹੈ। ਕਦੇ ਵੀ ਏਜੰਟਾਂ ਦੇ ਢਾਹੇ ਚੜ੍ਹ ਕੇ ਅਨਜਾਣ ਲੜਕੇ-ਲੜਕੀ ਨਾਲ ਰਿਸ਼ਤਾ ਨਹੀਂ ਕਰਨਾ ਚਾਹੀਦਾ। ਹਮੇਸ਼ਾ ਵਾਕਿਫ ਪਰਿਵਾਰਾਂ ਵਿਚ ਹੀ ਰਿਸ਼ਤਾ ਕਰਨਾ ਚਾਹੀਦਾ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਦੇ ਮੋਢਿਆਂ ’ਤੇ ਚੜ੍ਹ ਕੇ ਕੈਨੇਡਾ ਜਾਣ ਦੀ ਥਾਂ ਖ਼ੁਦ ਮਿਹਨਤ ਕਰ ਕੇ ਅਤੇ ਜਾਇਜ਼ ਤਰੀਕੇ ਨਾਲ ਹੀ ਵਿਦੇਸ਼ ਜਾਣਾ ਚਾਹੀਦਾ ਹੈ।

-(ਲੇਖਕ ਕਮਾਂਡੈਂਟ ਹੈ)।

-ਬਲਰਾਜ ਸਿੰਘ ਸਿੱਧੂ

-ਮੋਬਾਈਲ ਨੰ. : 95011-00062