ਤਾਲਿਬਾਨ ਦਾ ਅਫਗਾਨ ਫੌਜੀ ਅਦਾਲਤ ਬਾਹਰ ਵੱਡਾ ਹਮਲਾ

ਤਾਲਿਬਾਨ ਦਾ ਅਫਗਾਨ ਫੌਜੀ ਅਦਾਲਤ ਬਾਹਰ ਵੱਡਾ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੱਜ ਅਫਗਾਨਿਸਤਾਨ ਦੇ ਸ਼ਹਿਰ ਗਰਦੇਜ਼ ਵਿਚ ਤਾਲਿਬਾਨ ਨੇ ਅਫਗਾਨ ਸਰਕਾਰ ਦੀ ਫੌਜੀ ਅਦਾਲਤ 'ਤੇ ਵੱਡਾ ਹਮਲਾ ਕੀਤਾ ਜਿਸ ਵਿਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਮਲੇ ਵਿਚ ਬੰਬਾਂ ਨਾਲ ਭਰਿਆ ਇਕ ਟਰੱਕ ਅਦਾਲਤ ਦੇ ਨੇੜੇ ਉਡਾ ਦਿੱਤਾ ਗਿਆ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। 

ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਦੇ ਬੁਲਾਰੇ ਜ਼ਬੀਹੁਲਾਹ ਮੁਜਾਹਿਦ ਨੇ ਬਿਆਨ ਜਾਰੀ ਕਰਕੇ ਲਈ ਹੈ। 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕਾਬੁਲ ਦੇ ਇਕ ਹਸਪਤਾਲ ਵਿਚ ਹਮਲਾ ਹੋਇਆ ਸੀ ਜਿਸ ਵਿਚ 24 ਲੋਕ ਮਾਰੇ ਗਏ ਸਨ। ਇਹਨਾਂ ਵਿਚ ਕਈ ਬੱਚੇ ਵੀ ਸ਼ਾਮਲ ਸਨ। ਉਸੇ ਦਿਨ ਨਾਨਗਹਾਰ ਸੂਬੇ ਵਿਚ ਜਨਾਜ਼ੇ ਮੌਕੇ ਹੋਏ ਹਮਲੇ 'ਚ 32 ਲੋਕ ਮਾਰੇ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈਐਸਆਈਐਸ) ਵੱਲੋਂ ਲਈ ਗਈ ਸੀ।

ਹਲਾਂਕਿ ਤਾਲਿਬਾਨ ਨੇ ਇਹਨਾਂ ਦੋਵਾਂ ਹਮਲਿਆਂ ਵਿਚ ਉਸਦਾ ਕੋਈ ਹੱਥ ਨਾ ਹੋਣ ਦਾ ਬਿਆਨ ਜਾਰੀ ਕੀਤਾ ਸੀ ਪਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਫੌਜ ਨੂੰ ਤਾਲਿਬਾਨ ਖਿਲਾਫ ਹਮਲੇ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। 

ਦੱਸ ਦਈਏ ਕਿ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਸੰਧੀ ਮਗਰੋਂ ਤਾਲਿਬਾਨ ਅਤੇ ਅਫਗਾਨ ਫੌਜਾਂ ਦਰਮਿਆਨ ਲੜਾਈ ਨੂੰ ਘਟਾਉਣ 'ਤੇ ਸਹਿਮਤੀ ਹੋਈ ਸੀ। 

ਤਾਲਿਬਾਨ ਦੇ ਇਸ ਹਮਲੇ ਨੂੰ ਅਸ਼ਰਫ ਗਨੀ ਦੇ ਉਹਨਾਂ ਹੁਕਮਾਂ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।