ਸਿੱਖ ਵਫਦ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਾਲ ਮੁਲਾਕਾਤ

ਸਿੱਖ ਵਫਦ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਾਲ ਮੁਲਾਕਾਤ

ਨਿਊਯਾਰਕ, (ਹੁਸਨ ਲੜੋਆ ਬੰਗਾ): ਯੂਨਾਇਟੇਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਸਲਾਨਾ ਇਜਲਾਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਆਉਣਾ ਹੈ ਅਤੇ ਉਹਨਾਂ ਦੀ ਅਮਰੀਕਾ ਫੇਰੀ ਸਫਲ ਬਣਾਉਣ ਦੇ ਮਕਸਦ ਨਾਲ ਉਹਨਾਂ ਦੇ ਵਿਸ਼ੇਸ਼ ਸਹਾਇਕ ਅਤੇ ਕੈਬਿਨੇਟ ਮੰਤਰੀ ਜ਼ੁਲਫੀ ਬੁਖਾਰੀ ਅਮਰੀਕਾ ਦੇ ਦੌਰੇ 'ਤੇ ਹਨ ਅਤੇ ਸਥਾਨਕ ਅਲੀ ਬਾਬਾ ਰੈਸਤੋਰਾਂ ਵਿਖੇ ਓਵਰਸੀਜ਼ ਪਾਕਿਸਤਾਨੀਜ਼ ਗਲੋਬਲ ਫਾਊਂਡੇਸ਼ਨ ਵੱਲੋਂ ਉਹਨਾਂ ਨਾਲ ਇੱਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਈਸਟ ਕੋਸਟ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਦਾ ਇੱਕ ਵਫਦ ਜ਼ੁਲਫੀ ਬੁਖਾਰੀ ਨੂੰ ਮਿਲਿਆ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਪਾਕਿਸਤਾਨ ਦਾ ਧੰਨਵਾਦ ਕੀਤਾ ਅਤੇ ਪਾਕਿਸਤਾਨ ਨਾਲ ਸਿੱਖਾਂ ਦੀ ਇਤਿਹਾਸਿਕ ਸਾਂਝ ਨੂੰ ਹੋਰ ਡੂੰਘਾ ਅਤੇ ਮਜ਼ਬੂਤ ਕਰਨ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ।

ਸਿੱਖ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਜਿਸ ਵਿੱਚ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਦੀ ਨਿੰਦਾ ਕਰਦਿਆਂ ਉਹਨਾਂ ਦੀ ਆਜ਼ਾਦੀ ਦੀ ਲਹਿਰ ਨਾਲ ਇਕਮੁੱਠਤਾ ਪ੍ਰਗਟਾਈ ਗਈ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸੰਬੋਧਨ ਕਰਦਿਆਂ ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਸਾਡੀ ਪਾਕਿਸਤਾਨ ਨਾਲ ਇਤਿਹਾਸਕ ਸਾਂਝ ਹੈ ਜੋ ਭਾਰਤੀ ਹਕੂਮਤ ਨੂੰ ਹਜ਼ਮ ਨਹੀਂ ਹੁੰਦੀ ਜਿਸ ਕਰਕੇ ਉਹ ਕਰਤਾਰਪੁਰ ਲਾਂਘੇ ਨੂੰ ਤਾਰਪੀਡੋ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ ਪਰ ਸਿੱਖ ਕੌਮ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ।

ਜ਼ੁਲਫੀ ਬੁਖਾਰੀ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਵਿਚਾਰ ਸਾਂਝੇ ਕੀਤੇ ਉਥੇ ਕਰਤਾਰਪੁਰ ਲਾਂਘੇ ਬਾਰੇ ਉਹਨਾਂ ਕਿਹਾ ਕਿ ਭਾਰਤ ਨਾਲ ਸਾਡੇ ਸਬੰਧ ਕਿੰਨੇ ਵੀ ਖਰਾਬ ਕਿਓਂ ਨਾ ਹੋਣ ਪਰ ਪਾਕਿਸਤਾਨ ਦੀ ਸਰਕਾਰ ਲਾਂਘਾ ਖੋਲਣ ਲਈ ਦ੍ਰਿੜ ਹੈ ਅਤੇ ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਆਉਣ ਦਾ ਸੱਦਾ ਦਿੰਦੀ ਹੈ। ਉਹਨਾਂ ਕਿਹਾ ਕਿ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੀ ਸਿੱਖਾਂ ਲਈ ਓਹੀ ਅਹਿਮੀਅਤ ਹੈ ਜੋ ਮੁਸਲਮਾਨਾਂ ਲਈ ਮੱਕਾ ਅਤੇ ਮਦੀਨਾ ਦੀ ਹੈ।

ਸਿੱਖ ਵਫਦ ਜਿਸ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੋਂ ਹਿੰਮਤ ਸਿੰਘ, ਵੌਇਸਿਜ਼ ਫ਼ਾਰ ਫਰੀਡਮ ਤੋਂ ਹਰਦਿਆਲ ਸਿੰਘ, ਅਮੇਰਿਕਨ ਸਿੱਖ ਫੋਰਮ ਤੋਂ ਡਾ.ਅਰਵਿੰਦਰ ਸਿੰਘ, ਦੋਆਬਾ ਸਿੱਖ ਐਸੋਸੀਏਸ਼ਨ ਤੋਂ ਸੁਖਜਿੰਦਰ ਸਿੰਘ, ਸਿਖਸ ਫ਼ਾਰ ਜਸਟਿਸ ਤੋਂ ਗੁਰਦਿਆਲ ਸਿੰਘ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਤਰਲੋਚਨਪਾਲ ਸਿੰਘ ਅਤੇ ਕਿਰਪਾਲ ਸਿੰਘ ਬਿਲਿੰਗ, ਸਿੱਖ ਯੂਥ ਆਫ ਅਮਰੀਕਾ ਤੋਂ ਡਾ.ਰਣਜੀਤ ਸਿੰਘ ਸ਼ਾਮਿਲ ਸਨ, ਨੇ ਇਮਰਾਨ ਖਾਨ ਦੀ ਅਮਰੀਕਾ ਫੇਰੀ ਦੌਰਾਨ ਉਹਨਾਂ ਨਾਲ ਇੱਕ ਮੁਲਾਕਾਤ ਲਈ ਵੀ ਸਮਾਂ ਮੰਗਿਆ ਤਾਂ ਜੋ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਉਹਨਾਂ ਦਾ ਧੰਨਵਾਦ ਕਰ ਸਕਣ।