ਭਿੰਡਰਾਂਵਾਲਿਆਂ ਦੀ ਤਸਵੀਰ ਦਾ ਨਿਰਾਦਰ ਕਰਨ ਵਾਲੇ ਖਿਲਾਫ ਕਾਰਵਾਈ ਲਈ ਕਾਲਜ ਪ੍ਰਸ਼ਾਸਨ ਨੂੰ ਬੁੱਧਵਾਰ ਤੱਕ ਦਾ ਸਮਾਂ
ਲੁਧਿਆਣਾ: ਜੀਐੱਨਈ ਕਾਲਜ ਲੁਧਿਆਣਾ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ 'ਤੇ ਕਾਲਖ ਮਲਨ ਦੀ ਨਫਰਤ ਭਰੀ ਕਾਰਵਾਈ ਖਿਲਾਫ ਅੱਜ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਦੇ ਆਗੂਆਂ ਨੇ ਜੀਐਨਈ ਕਾਲਜ ਦੇ ਪ੍ਰਿੰਸੀਪਲ ਸਹਿਜਪਾਲ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਬੁੱਧਵਾਰ ਤੱਕ ਦਾ ਸਮਾਂ ਦਿੰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਹਦਾਇਤ ਕੀਤੀ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਹੈ ਕਿ ਜੇ ਬੁੱਧਵਾਰ ਤੱਕ ਕਾਲਜ ਪ੍ਰਸ਼ਾਸਨ ਦੋਸ਼ੀਆਂ ਨੂੰ ਬੇਪਰਦ ਕਰਕੇ ਕਾਰਵਾਈ ਨਹੀਂ ਕਰਦਾ ਤਾਂ ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਅਗਲੀ ਕਾਰਵਾਈ ਉਲੀਕੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਹਫਤੇ ਜੀਐਨਈ ਕਾਲਜ ਵਿੱਚ ਪੰਜਾਬੀ ਅਤੇ ਗੈਰ ਪੰਜਾਬੀ ਵਿਦਿਆਰਥੀਆਂ ਦਰਮਿਆਨ ਹੋਸਟਲ ਮੈੱਸ ਵਿੱਚ ਬਣਦੀਆਂ ਸਬਜ਼ੀਆਂ ਨੂੰ ਲੈ ਕੇ ਲੜਾਈ ਹੋ ਗਈ ਸੀ ਜਿਸ ਦੌਰਾਨ ਬਣੇ ਤਲਖੀ ਦੇ ਮਾਹੌਲ ਵਿੱਚ ਪੰਜਾਬੀ ਵਿਦਿਆਰਥੀਆਂ ਨੂੰ ਚਿੜਾਉਣ ਲਈ ਹੋਸਟਲ ਵਿੱਚ ਲੱਗੀ ਸ਼ਹੀਦ ਸੰਤ ਜਰਨੈਲ ਸਿੰਘ ਦੀ ਤਸਵੀਰ 'ਤੇ ਕਾਲਖ ਮਲ ਦਿੱਤੀ ਗਈ ਸੀ। ਇਸ ਸਬੰਧੀ ਦਮਦਮੀ ਟਕਸਾਲ ਦੇ ਮੋਜੂਦਾ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਬਿਆਨ ਜਾਰੀ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਅੱਜ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਪ੍ਰਿੰਸੀਪਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਕਿਹਾ ਕਿ ਸਿੱਖ ਕੌਮ ਕਾਲਜ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿੱਚ ਵਰਤੀ ਜਾ ਰਹੀ ਢਿੱਲ ਨੂੰ ਦੇਖ ਰਹੀ ਹੈ ਤੇ ਜੇ ਪੰਥ ਦੇ ਦਸਵੰਧ ਨਾਲ ਚਲਦੇ ਕਾਲਜਾਂ ਵਿੱਚ ਸਿੱਖ ਸ਼ਹੀਦਾਂ ਦਾ ਨਿਰਾਦਰ ਹੋਵੇਗਾ ਤਾਂ ਕਾਲਜ ਪ੍ਰਬੰਧਕਾਂ ਨੂੰ ਪੰਥ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਪ੍ਰਿਸੀਪਲ ਨੂੰ ਹਦਾਇਤ ਕੀਤੀ ਕਿ ਬੁੱਧਵਾਰ ਤੱਕ ਕਾਲਖ ਮਲਨ ਵਾਲੇ ਦੋਸ਼ੀ ਨੂੰ ਫੜ੍ਹ ਕੇ ਜਨਤਕ ਕੀਤਾ ਜਾਵੇ ਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅਜਿਹੀ ਮਾਨਸਿਕਤਾ ਵਾਲੇ ਸ਼ਰਾਰਤੀ ਅਨਸਰਾਂ ਲਈ ਇੱਕ ਮਿਸਾਲ ਕਾਇਮ ਕੀਤੀ ਜਾ ਸਕੇ।
ਗੁਰਨਾਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੜ੍ਹ ਰਹੇ ਗੈਰ ਪੰਜਾਬੀ ਵਿਦਿਆਰਥੀਆਂ ਨੂੰ ਵੀ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਅੱਜ ਤੱਕ ਪੰਜਾਬ ਵਿੱਚ ਕਿਸੇ ਤਰ੍ਹਾਂ ਨਾਲ ਕਿਸੇ ਗੈਰ ਪੰਜਾਬੀ ਵਿਦਿਆਰਥੀ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਗਿਆ ਪਰ ਜੇਕਰ ਗੈਰ ਪੰਜਾਬੀ ਵਿਦਿਆਰਥੀ ਕਿਸੇ ਰਾਜਨੀਤਕ ਅਜੈਂਡੇ ਅਤੇ ਨਫਰਤ ਤਹਿਤ ਸਿੱਖ ਸ਼ਹੀਦਾਂ ਜਾ ਸਿੱਖ ਪ੍ਰੰਪਰਾਵਾਂ ਦਾ ਨਿਰਾਦਰ ਕਰਨਗੇ ਤਾਂ ਇਸ ਦੇ ਨਿੱਕਲਣ ਵਾਲੇ ਸਿੱਟਿਆਂ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ।
ਪ੍ਰਿੰਸੀਪਲ ਸਹਿਜਪਾਲ ਸਿੰਘ ਨੇ ਸਿੱਖ ਯੂਥ ਆਫ ਪੰਜਾਬ ਦੇ ਆਗੂਆਂ ਨਾਲ ਬੈਠਕ ਵਿੱਚ ਭਰੋਸਾ ਦਿੱਤਾ ਕਿ ਉਹ ਲਗਾਤਾਰ ਵਿਦਿਆਰਥੀਆਂ ਤੋਂ ਇਸ ਘਟਨਾ ਸਬੰਧੀ ਪੁੱਛ-ਪੜਤਾਲ ਕਰ ਰਹੇ ਹਨ। ਉਹਨਾਂ ਭਰੋਸਾ ਦਿੱਤਾ ਕਿ ਅੱਗੇ ਤੋਂ ਜੀਐੱਨਈ ਕਾਲਜ ਵਿੱਚੋਂ ਅਜਿਹੀ ਕੋਈ ਸ਼ਿਕਾਇਤ ਪੰਥ ਨੂੰ ਨਹੀਂ ਆਵੇਗੀ।
Comments (0)