ਰਾਮ ਮੰਦਰ ਲਈ ਦਾਨ ਦੇਣ ਤੇ ਨਾ ਦੇਣ ਵਾਲਿਆਂ ਦੇ ਘਰਾਂ ਦੀ ਨਿਸ਼ਾਨਦੇਹੀ : ਕੁਮਾਰਾਸਵਾਮੀ ਨੇ ਲਗਾਏ ਦੋਸ਼

ਰਾਮ ਮੰਦਰ ਲਈ ਦਾਨ ਦੇਣ ਤੇ ਨਾ ਦੇਣ ਵਾਲਿਆਂ ਦੇ ਘਰਾਂ ਦੀ ਨਿਸ਼ਾਨਦੇਹੀ : ਕੁਮਾਰਾਸਵਾਮੀ ਨੇ ਲਗਾਏ ਦੋਸ਼

ਬੇਂਗਲੁਰੂ : ਜਨਤਾ ਦਲ (ਸੈਕੂਲਰ) ਦੇ ਆਗੂ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ ਡੀ ਕੁਮਾਰਾਸਵਾਮੀ ਨੇ ਕਿਹਾ ਹੈ ਕਿ ਆਰਐੱਸਐੱਸ ਵਾਲੇ ਅਯੁੱਧਿਆ ਵਿਚ ਰਾਮ ਮੰਦਰ ਲਈ ਦਾਨ ਦੇਣ ਤੇ ਨਾ ਦੇਣ ਵਾਲਿਆਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਰਹੇ ਹਨ, ਜਿਵੇਂ ਕਿ ਹਿਟਲਰ ਦੀ ਹਕੂਮਤ ਦੌਰਾਨ ਜਰਮਨੀ ਵਿਚ ਨਾਜ਼ੀਆਂ ਨੇ ਕੀਤੀ ਸੀ ਤੇ ਇਸ ਆਧਾਰ 'ਤੇ ਲੱਖਾਂ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ | ਕੁਮਾਰਾਸਵਾਮੀ ਨੇ ਕਿਹਾ ਹੈ ਕਿ ਆਰ ਐੱਸ ਐੱਸ ਭਾਰਤ ਵਿਚ ਉਦੋਂ ਹੋਂਦ ਵਿਚ ਆਈ ਸੀ, ਜਦੋਂ ਜਰਮਨੀ 'ਚ ਨਾਜ਼ੀ ਪਾਰਟੀ ਕਾਇਮ ਕੀਤੀ ਸੀ । ਉਨ੍ਹਾਂਂ ਕਿਹਾ ਕਿ ਇਹ ਗੱਲਾਂ ਦੇਸ਼ ਨੂੰ ਉਜਾੜੇ ਵਲ  ਲਿਜਾਣਗੀਆਂ । ਇਸ ਤੋਂ ਸਾਫ ਹੈ ਕਿ ਦੇਸ਼ ਵਿਚ ਕੁਝ ਵੀ ਹੋ ਸਕਦਾ ਹੈ । ਆਰਐੱਸਐੱਸ ਨਾਜ਼ੀਆਂ ਵਰਗੀਆਂ ਨੀਤੀਆਂ ਲਾਗੂ ਕਰ ਸਕਦੀ ਹੈ । ਦੇਸ਼ ਵਿਚ ਲੋਕਾਂ ਦੇ ਬੁਨਿਆਦੀ ਹੱਕ ਪਹਿਲਾਂ ਹੀ ਖੋਹੇ ਜਾ ਰਹੇ ਹਨ । ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਚੱਲ ਰਹੀ ਹੈ ਕਿਉਂਕਿ ਲੋਕ ਆਜ਼ਾਦੀ ਨਾਲ ਆਪਣੇ ਵਿਚਾਰ ਨਹੀਂ ਪ੍ਰਗਟ ਕਰ ਸਕਦੇ ।ਮੀਡੀਆ ਦੀ ਆਜ਼ਾਦੀ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾ ਕਿਹਾ ਕਿ ਜੇ ਮੀਡੀਆ ਨੇ ਸਰਕਾਰੀ ਵਿਚਾਰਾਂ ਨੂੰ ਸਹੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਤਾਂ ਕੀ ਹੋਵੇਗਾ । ਆਰ ਐੱਸ ਐੱਸ ਦੇ ਮੀਡੀਆ ਇੰਚਾਰਜ ਈ ਐੱਸ ਪ੍ਰਦੀਪ ਨੇ ਕੁਮਾਰਾਸਵਾਮੀ ਦੇ ਬਿਆਨ ਦਾ ਜਵਾਬ ਦੇਣ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਉਨ੍ਹਾ ਦੀਆਂ ਗੱਲਾਂ ਜਵਾਬ ਦੇਣ ਦੇ ਲਾਇਕ ਨਹੀਂ ।