ਪੱਛਮੀ ਬੰਗਾਲ ਵਿਚ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ

ਪੱਛਮੀ ਬੰਗਾਲ ਵਿਚ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ

* ਕਾਮਰੇਡ ਤੇ ਕਾਂਗਰਸ ਮਮਤਾ ਬੈਨਰਜੀ ਵਿਰੁਧ ਭੁਗਤਣ ਲਗੇ।                                         

ਨਵੀਂ ਦਿਲੀ :ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਖੱਬੇਪੱਖੀ ਕਾਂਗਰਸ ਗੱਠਜੋੜ ਦਰਮਿਆਨ ਤਿਕੋਣਾ ਮੁਕਾਬਲਾ ਹੋਵੇਗਾ। ਪਿਛਲੀਆਂ ਚੋਣਾਂ ਵਿਚ ਵੀ ਅਜਿਹਾ ਹੀ ਮੁਕਾਬਲਾ ਹੋਇਆ ਸੀ ਅਤੇ ਤ੍ਰਿਣਮੂਲ ਕਾਂਗਰਸ ਨੇ ਰਿਕਾਰਡ 211 ਸੀਟਾਂ ਜਿੱਤੀਆਂ ਸਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹੋਏ ਮੁਕਾਬਲੇ ਵਿਚ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਨੂੰ ਬਰਾਬਰੀ ਦੀ ਟੱਕਰ ਦਿੱਤੀ ਅਤੇ ਇਸ ਆਧਾਰ 'ਤੇ ਭਾਜਪਾ ਮੰਨ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਉਹ ਲੋਕ ਸਭਾ ਨਾਲੋਂ ਬਿਹਤਰ ਪ੍ਰਦਰਸ਼ਨ ਕਰੇਗੀ। ਇਕ ਤਰ੍ਹਾਂ ਨਾਲ ਬੰਗਾਲ ਵਿਚ ਤ੍ਰਿਣਮੂਲ ਬਨਾਮ ਭਾਜਪਾ ਦੀ ਸਿੱਧੀ ਲੜਾਈ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਪਰ ਰਾਜ ਦੀਆਂ ਇਕ ਤਿਹਾਈ ਨਾਲੋਂ ਜ਼ਿਆਦਾ ਸੀਟਾਂ ਭਾਵ ਘੱਟੋ-ਘੱਟ 100 ਸੀਟਾਂ ਅਜਿਹੀਆਂ ਹੋਣਗੀਆਂ, ਜਿਨ੍ਹਾਂ 'ਤੇ ਤਿਕੋਣਾ ਮੁਕਾਬਲਾ ਹੋਵੇਗਾ। ਅਜਿਹਾ ਲੱਗ ਰਿਹਾ ਹੈ ਕਿ ਇਨ੍ਹਾਂ ਸੀਟਾਂ 'ਤੇ ਭਾਜਪਾ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ, ਕਿਉਂਕਿ ਕਾਂਗਰਸ ਅਤੇ ਖੱਬੇ-ਪੱਖੀ ਮੋਰਚੇ ਨੇ ਹਰ ਹਾਲ ਵਿਚ ਮਮਤਾ ਬੈਨਰਜੀ ਨੂੰ ਹਰਾਉਣ ਦਾ ਟੀਚਾ ਮਿਥਿਆ ਹੈ। ਖੱਬੇ-ਪੱਖੀ ਅਤੇ ਕਾਂਗਰਸ ਭਾਵੇਂ ਦਿੱਲੀ ਵਿਚ ਜਾਂ ਦੇਸ਼ ਦੀ ਰਾਜਨੀਤੀ ਵਿਚ ਭਾਜਪਾ ਨਾਲ ਲੜਦੇ ਹੋਣ ਅਤੇ ਉਸ ਨੂੰ ਆਪਣਾ ਰਾਜਸੀ ਅਤੇ ਸਿਧਾਂਤਕ ਵਿਰੋਧੀ ਵੀ ਮੰਨਦੇ ਹੋਣ ਪਰ ਬੰਗਾਲ ਵਿਚ ਕਾਂਗਰਸ ਅਤੇ ਖੱਬੇਪੱਖੀ ਦੋਵਾਂ ਦਾ ਉਦੇਸ਼ ਭਾਜਪਾ ਨੂੰ ਰੋਕਣਾ ਨਹੀਂ, ਸਗੋਂ ਮਮਤਾ ਨੂੰ ਹਰਾਉਣਾ ਹੈ। ਖੱਬੇਪੱਖੀਆਂ ਦੇ ਨੇਤਾਵਾਂ ਨੂੰ ਲਗਦਾ ਹੈ ਕਿ ਭਾਜਪਾ ਦੇ ਆਉਣ ਤੋਂ ਬਾਅਦ ਖੱਬੇਪੱਖੀ ਆਪਣਾ ਵੋਟ ਬੈਂਕ ਵਾਪਸ ਹਾਸਲ ਕਰ ਸਕਦੇ ਹਨ, ਪਰ ਮਮਤਾ ਦੇ ਰਹਿੰਦਿਆਂ ਇਹ ਸੰਭਵ ਨਹੀਂ।