ਕੀ-ਕੀ ਖਾਸ ਰਿਹਾ ਬੀਤੇ ਕੱਲ੍ਹ ਦੇ ਕਿਸਾਨੀ ਧਰਨਿਆਂ ਵਿਚ

ਕੀ-ਕੀ ਖਾਸ ਰਿਹਾ ਬੀਤੇ ਕੱਲ੍ਹ ਦੇ ਕਿਸਾਨੀ ਧਰਨਿਆਂ ਵਿਚ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੇ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਬੀਤੇ ਕੱਲ੍ਹ ਪੰਜਾਬ ਨੂੰ ਮੁਕੰਮਲ ਤੌਰ 'ਤੇ ਬੰਦ ਕੀਤਾ ਗਿਆ ਅਤੇ ਲੱਖਾਂ ਦੀ ਗਿਣਤੀ 'ਚ ਪੰਜਾਬ ਦੇ ਲੋਕ ਸੂਬੇ ਦੀਆਂ ਵੱਖ-ਵੱਖ ਸੜਕਾਂ, ਰੇਲ ਪਟੜੀਆਂ 'ਤੇ ਧਰਨਿਆਂ ਵਿਚ ਸ਼ਾਮਲ ਹੋਏ। ਇਹ ਧਰਨੇ ਪੰਜਾਬ ਦੇ ਸੰਘਰਸ਼ਮਈ ਇਤਿਹਾਸ ਦਾ ਇਕ ਅਹਿਮ ਹਿੱਸਾ ਬਣ ਗਏ ਹਨ। ਭਾਵੇਂ ਕਿ ਬਾਦਲ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਧਰਨਿਆਂ ਵਿਚੋਂ ਆਪਣੀ ਵੋਟ ਸਿਆਸਤ ਲਈ ਕੁੱਝ ਖੱਟਣ ਦੇ ਯਤਨ ਕੀਤੇ ਗਏ ਪਰ ਆਮ ਕਿਸਾਨਾਂ ਵਿਚ ਇਹਨਾਂ ਪਾਰਟੀਆਂ ਦੇ ਝੰਡਿਆਂ ਨੂੰ ਛੱਡ ਕੇ ਪੰਜਾਬ ਦੇ ਝੰਡੇ ਹੇਠ ਇਕੱਠੇ ਹੋਣ ਦਾ ਰੁਝਾਨ ਦੇਖਿਆ ਗਿਆ। 

ਬੀਤੇ ਕੱਲ੍ਹ ਦੇ ਧਰਨਿਆਂ ਵਿਚ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਪੰਜਾਬ ਦੇ ਨੌਜਵਾਨਾਂ ਨੇ ਸਭ ਤੋਂ ਵੱਡੀ ਸ਼ਮੂਲੀਅਤ ਕੀਤੀ। ਕਈ ਥਾਵਾਂ 'ਤੇ ਪੰਜਾਬ ਦੇ ਕਲਾਕਾਰਾਂ, ਅਦਾਕਾਰਾਂ ਨੇ ਧਰਨਿਆਂ ਦੀ ਅਗਵਾਈ ਕੀਤੀ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਪੰਜਾਬ ਦੇ ਕਲਾਕਾਰ, ਅਦਾਕਾਰ ਇਸ ਪੱਧਰ 'ਤੇ ਕਿਸੇ ਪੰਜਾਬ ਦੇ ਸੰਘਰਸ਼ ਦਾ ਹਿੱਸਾ ਬਣ ਗਏ ਹੋਣ। ਇਹਨਾਂ ਧਰਨਿਆਂ ਵਿਚ ਮਰਦਾਂ ਦੇ ਨਾਲ-ਨਾਲ ਬੀਬੀਆਂ ਦੀ ਹਿੱਸੇਦਾਰੀ ਵੀ ਵੱਡੀ ਗਿਣਤੀ ਵਿਚ ਰਹੀ ਅਤੇ ਨੌਜਵਾਨ ਕੁੜੀਆਂ ਵੀ ਆਪਣੇ ਭਰਾਵਾਂ-ਬਾਪੂਆਂ ਨਾਲ ਪੰਜਾਬ ਬਚਾਉਣ ਦੇ ਇਸ ਸੰਘਰਸ਼ ਵਿਚ ਸ਼ਾਮਲ ਹੋ ਗਈਆਂ ਹਨ। 


92 ਸਾਲ ਦੀ ਅੰਨ੍ਹੀ ਮਾਂ ਦੀਪੋ ਨੂੰ ਜੰਡਿਆਲਾ ਦੇ ਦੇਵੀਦਾਸਪੁਰਾ ਰੇਲ ਲੀਹ ਤੇ ਲੱਗੇ ਧਰਨੇ 'ਲਿਆਇਆ ਪੁੱਤ ਪੱਪਾ

ਹਰਿਆਣੇ ਨਾਲ ਲਗਦੇ ਸ਼ੰਭੂ ਬਾਰਡਰ ਤੋਂ ਲੈ ਕੇ ਹਿਮਾਚਲ ਵਿਚਲੇ ਊਨੇ ਤਕ ਅਤੇ ਪਾਕਿਸਤਾਨ ਦੀ ਹੱਦ 'ਤੇ ਪੈਂਦੇ ਅੰਮ੍ਰਿਤਸਰ ਤਕ, ਸਭ ਪਾਸੇ ਦੇ ਕੌਮੀ ਮਾਰਗ ਕਿਸਾਨਾਂ ਨੇ ਜਾਮ ਕਰਕੇ ਰੱਖੇ। ਰੇਲ ਗੱਡੀਆਂ ਬੰਦ ਕਰਨ ਦਾ ਸਮਾਂ ਹੁਣ 29 ਸਤੰਬਰ ਤਕ ਕਰ ਦਿੱਤਾ ਗਿਆ ਹੈ। ਜੇ ਭਾਰਤ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੈਂਦੀ ਤਾਂ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ। 

ਕਿਸਾਨਾਂ ਦੇ ਇਸ ਸੰਘਰਸ਼ ਵਿਚ ਪੰਜਾਬ ਦੇ ਵੱਖ-ਵੱਖ ਮਹਿਕਮਿਆਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ। ਵਿਦਿਆਰਥੀਆਂ ਨੇ ਵੀ ਇਹਨਾਂ ਧਰਨਿਆਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਕਈ ਥਾਵਾਂ 'ਤੇ ਧਰਨਿਆਂ ਦੀ ਅਗਵਾਈ ਕਰਦੇ ਵੀ ਨਜ਼ਰ ਆਏ। ਸਰਕਾਰੀ ਸੂਤਰਾਂ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਵਿਚ ਤਕਰੀਬਨ 150 ਤੋਂ ਵੱਧ ਥਾਵਾਂ 'ਤੇ ਸੜਕੀ ਅਤੇ ਰੇਲ ਆਵਾਜਾਈ ਠੱਪ ਕੀਤੀ ਗਈ। ਇਹਨਾਂ ਧਰਨਿਆਂ ਵਿਚ ਬੁਲਾਰਿਆਂ ਨੇ ਇਕੱਠੇ ਹੋਏ ਲੋਕਾਂ ਨੂੰ ਭਾਰਤ ਦੇ ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਸੱਚ ਦੱਸਿਆ। ਭਾਸ਼ਣਾਂ ਦਾ ਕੇਂਦਰ ਇਹੀ ਰਿਹਾ ਕਿ ਭਾਰਤ ਸਰਕਾਰ ਦੇ ਇਹ ਕਾਨੂੰਨ ਕਿਸ ਤਰ੍ਹਾਂ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਹਨ। 

ਧਰਨਿਆਂ ਵਿਚ ਭਾਜਪਾ ਦਾ ਪੰਜਾਬ ਵਿਚੋਂ ਖੁਰਾ ਖੋਜ ਮਿਟਾਉਣ ਦੇ ਐਲਾਨ ਕੀਤੇ ਗਏ ਅਤੇ ਭਾਜਪਾ ਨਾਲ ਸਬੰਧਿਤ ਆਗੂਆਂ ਅਤੇ ਵਰਕਰਾਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਅਤੇ ਇਹਨਾਂ ਦਾ ਬਾਈਕਾਟ ਕਰਨ ਦੇ ਐਲਾਨ ਕੀਤੇ ਗਏ। 

ਇਸ ਸੰਘਰਸ਼ ਵਿਚ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨਾਂ ਵਿਚ ਇਹ ਅਵਾਜ਼ ਉੱਠ ਰਹੀ ਹੈ ਕਿ ਪੰਜਾਬ ਦੇ ਪੱਛਮ ਵਾਲੇ ਕੁਦਰਤੀ ਵਪਾਰ ਲਾਂਘੇ ਨੂੰ ਪਾਕਿਸਤਾਨ ਦੀਆਂ ਹੱਦਾਂ ਖੋਲ੍ਹ ਕੇ ਸ਼ੁਰੂ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਆਪਣੀਆਂ ਜਿਣਸਾਂ ਵੇਚਣ ਲਈ ਪੱਛਮ ਵਿਚ ਬਣ ਰਹੇ ਨਵੇਂ ਸਿਲਕ ਰੂਟ ਰਾਹੀਂ ਜੁੜ ਕੇ ਦੁਨੀਆ ਦੇ ਕਈ ਮੁਲਕਾਂ ਤਕ ਰਾਹਦਾਰੀ ਮਿਲ ਸਕੇ। 

ਬੀਤੇ ਕੱਲ੍ਹ ਦੇ ਸਾਰੇ ਸੰਘਰਸ਼ ਵਿਚ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਕਿਸਾਨੀ ਸੰਘਰਸ਼ ਇਕ ਵਾਰ ਫੇਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਯਾਦ ਕਰਦਿਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਪੰਜਾਬ ਦੀ ਹੋਂਦ ਬਚਾਉਣ ਦਾ ਇਹ ਸੰਘਰਸ਼ ਲੰਮਾ ਚਲ ਸਕਦਾ ਹੈ ਅਤੇ ਜੇ ਇਹ ਸੰਘਰਸ਼ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਆਪਣਾ ਨਿਸ਼ਾਨਾ ਬਣਾ ਕੇ ਅਗਾਂਹ ਤੁਰ ਪਿਆ ਤਾਂ ਦਿੱਲੀ ਦੀ ਹਕੂਮਤ ਨੂੰ ਇਸ ਨੂੰ ਸਾਂਭਣਾ ਔਖਾ ਹੋ ਜਾਵੇਗਾ।