ਸੁਖਬੀਰ ਬਾਦਲ ਦੀ ਡੇਰਾ ਸਿਰਸਾ ਪ੍ਰੇਮੀਆਂ ਨਾਲ ਰਿਸ਼ਤੇਦਾਰੀ ਮੁੜ ਜੱਗ ਜਾਹਰ ਹੋਈ

ਸੁਖਬੀਰ ਬਾਦਲ ਦੀ ਡੇਰਾ ਸਿਰਸਾ ਪ੍ਰੇਮੀਆਂ ਨਾਲ ਰਿਸ਼ਤੇਦਾਰੀ ਮੁੜ ਜੱਗ ਜਾਹਰ ਹੋਈ

ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਭਾਰਤ ਦੀ ਜਾਂਚ ਅਜੈਂਸੀ ਸੀਬੀਆਈ ਨੇ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਬਰੀ ਕਰਨ ਲਈ ਅਦਾਲਤ ਵਿੱਚ ਮਾਮਲਾ ਬੰਦ ਕਰਨ ਦੀ ਰਿਪੋਰਟ ਦਾਖਲ ਕਰ ਦਿੱਤੀ ਹੈ ਜਿਸ ਨਾਲ ਸਮੂਹ ਖਾਲਸਾ ਪੰਥ ਇੱਕ ਵਾਰ ਫੇਰ ਭਾਰਤੀ ਰਾਜ ਪ੍ਰਬੰਧ ਵਿੱਚ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਉੱਥੇ ਸਿੱਖ ਹਿੱਤਾਂ ਨੂੰ ਵਿਸਾਰ ਭਾਰਤੀ ਰਾਜ ਪ੍ਰਬੰਧ ਦੀ ਚਾਕਰੀ ਦੇ ਰਾਹ ਤੁਰੇ ਬਾਦਲ ਪਰਿਵਾਰ ਨੇ ਮੁੜ ਸਿੱਖ ਦੋਖੀ ਡੇਰਾ ਸਿਰਸਾ ਪ੍ਰੇਮੀਆਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ ਹੈ। 

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਦੇ ਕੇਸਾਂ ਵਿਚ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਦੋਸ਼ੀ ਪਾਏ ਗਏ ਡੇਰਾ ਸਮਰਥਕਾਂ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਦੇਣ ਦਾ ਸਮਰਥਨ ਕੀਤਾ ਹੈ। ਸੁਖਬੀਰ ਬਾਦਲ ਨੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਨਿਰਦੋਸ਼ ਦੱਸਦਿਆਂ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਵੀ ਗ਼ਲਤ ਕਹਿੰਦਿਆਂ ਪੰਜਾਬ ਸਰਕਾਰ 'ਤੇ ਇਹ ਜਾਂਚ ਚੋਣਾਂ ਜਿੱਤਣ ਦੇ ਮੰਤਵ ਨਾਲ ਕਰਵਾਏ ਜਾਣ ਦੇ ਦੋਸ਼ ਲਾਏ ਹਨ। ਸੁਖਬੀਰ ਬਾਦਲ ਦੇ ਇਸ ਬਿਆਨ ਨੇ ਮੁੜ ਬਾਦਲ ਪਰਿਵਾਰ ਅਤੇ ਡੇਰਾ ਸਿਰਸਾ ਪ੍ਰੇਮੀਆਂ ਦੀ ਰਿਸ਼ੇਤਦਾਰੀ ਦੇ ਚਰਚੇ ਛੇੜ ਦਿੱਤੇ ਹਨ। 
 
ਉਕਤ ਪੰਜਾਬ ਪੁਲਿਸ ਦੀ ਜਾਂਚ ਟੀਮ ਵਲੋਂ ਜਦੋਂ ਜੂਨ 2018 ਦੌਰਾਨ ਜਦੋਂ ਉਕਤ ਦੋਸ਼ੀਆਂ ਨੂੰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਹ ਕਹਿ ਕੇ ਆਪਣੀ ਪਿੱਠ ਥਾਪੜਦੇ ਰਹੇ ਕਿ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਬੇਨਕਾਬ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦਾ ਉਨ੍ਹਾਂ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਗਠਨ ਕੀਤਾ ਗਿਆ ਸੀ ਪਰ ਸੀ.ਬੀ.ਆਈ. ਵਲੋਂ ਅਦਾਲਤ ਵਿਚ ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਇਕ ਹੰਗਾਮੀ ਬੈਠਕ ਕਰਕੇ ਸੀ.ਬੀ.ਆਈ. ਦੀ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਇਹ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਤੇ ਅਦਾਲਤੀ ਚਾਰਾਜੋਈ ਕਰਨ ਦਾ ਵੀ ਐਲਾਨ ਕੀਤਾ ਸੀ ਪਰ ਹੁਣ ਅਚਾਨਕ ਹੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੂੰ ਠੀਕ ਠਹਿਰਾਉਣਾ ਤੇ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਨੂੰ ਸਿਆਸੀ ਰੰਗਤ ਦੇਣ ਮਗਰੋਂ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੂੰ ਹੁਣ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਦਾ ਮੋਹ ਜਾਗ ਗਿਆ ਹੈ।

ਦਿਲਚਸਪ ਗੱਲ ਇਹ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਨਾਲ ਹੀ ਗੁਰੂਸਰ ਭਗਤਾ ਤੇ ਮਲਕੇ ਵਿਖੇ ਵੀ ਅੰਗ ਖਿਡਾਉਣ ਤੇ ਬੇਹੁਰਮਤੀ ਦੀਆਂ ਘਟਨਾਵਾਂ ਹੋਈਆਂ ਸਨ ਤੇ ਉਨ੍ਹਾਂ ਵਿਚ ਵੀ ਖੱਟੜਾ ਦੀ ਵਿਸ਼ੇਸ਼ ਜਾਂਚ ਟੀਮ ਨੇ ਹੀ ਦੋਸ਼ੀ ਕਾਬੂ ਕੀਤੇ ਸਨ, ਕਿਉਂਕਿ ਇਹ ਸਾਰੀਆਂ ਘਟਨਾਵਾਂ ਕੋਈ 20 ਕਿੱਲੋਮੀਟਰ ਦੇ ਖੇਤਰ ਵਿਚ ਹੋਈਆਂ ਸਨ ਤੇ ਇਨ੍ਹਾਂ ਦੇ ਸਾਜ਼ਿਸ਼ਕਾਰ ਵੀ ਕਥਿਤ ਤੌਰ 'ਤੇ ਇਕੋ ਡੇਰੇ ਨਾਲ ਸਬੰਧਿਤ ਦੱਸੇ ਜਾ ਰਹੇ ਸਨ। ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਘਟਨਾਵਾਂ ਲਈ ਬਿੱਟੂ ਵਲੋਂ ਜਿਵੇਂ ਅਦਾਲਤ ਸਾਹਮਣੇ ਇਕਬਾਲੀਆ ਬਿਆਨ ਦਿੱਤਾ ਗਿਆ ਉਸੇ ਤਰ੍ਹਾਂ ਮਲਕੇ ਤੇ ਗੁਰੂਸਰ ਭਗਤਾ ਦੀਆਂ ਘਟਨਾਵਾਂ ਲਈ ਫੜੇ ਗਏ ਦੋਸ਼ੀਆਂ ਵਲੋਂ ਅਦਾਲਤ ਸਾਹਮਣੇ ਇਕਬਾਲੀਆ ਬਿਆਨ ਦਿੱਤੇ ਸਨ ਤੇ ਉਨ੍ਹਾਂ ਦੋਨਾਂ ਘਟਨਾਵਾਂ ਸਬੰਧੀ ਚਲਾਨ ਪੇਸ਼ ਹੋਣ ਤੋਂ ਬਾਅਦ ਅਦਾਲਤ ਵਲੋਂ ਦੋਸ਼ ਵੀ ਆਇਦ ਕਰ ਦਿੱਤੇ ਗਏ ਹਨ, ਕਿਉਂਕਿ ਉਹ ਕੇਸ ਸੀ.ਬੀ.ਆਈ. ਨੂੰ ਨਹੀਂ ਦਿੱਤੇ ਗਏ ਸਨ ਲੇਕਿਨ ਸੀ.ਬੀ.ਆਈ. ਨੂੰ ਦਿੱਤੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਕੇਸਾਂ ਵਿਚ ਉਸੇ ਜਾਂਚ ਟੀਮ ਵਲੋਂ ਕੀਤੀ ਗਈ ਕਾਰਵਾਈ ਜਿਸ ਲਈ ਜਾਂਚ ਟੀਮ ਵਲੋਂ ਲੋੜੀਂਦੇ ਸਬੂਤਾਂ ਵਜੋਂ ਘਟਨਾਵਾਂ 'ਚ ਵਰਤੇ ਗਏ ਮੋਟਰਸਾਈਕਲ, ਕਾਰ ਤੇ ਕਈ ਹੋਰ ਸਾਜੋ-ਸਾਮਾਨ ਕਾਬੂ ਕਰਨ ਤੋਂ ਇਲਾਵਾ ਕਥਿਤ ਦੋਸ਼ੀ ਵਲੋਂ ਅਦਾਲਤ ਸਾਹਮਣੇ ਦਿੱਤੇ ਇਕਬਾਲੀਆ ਬਿਆਨ ਨੂੰ ਵੀ ਸੀ.ਬੀ.ਆਈ. ਵਲੋਂ ਕਿਉਂ ਅਤੇ ਕਿਵੇਂ ਰੱਦ ਕਰ ਦਿੱਤਾ ਗਿਆ ਉਸ 'ਤੇ ਕਿੰਤੂ ਪ੍ਰੰਤੂ ਕਰਨ ਦੀ ਥਾਂ ਬਾਦਲ ਦਲ ਦੇ ਪ੍ਰਧਾਨ ਖੁੱਲ੍ਹ ਕੇ ਡੇਰੇ ਦੇ ਸਮਰਥਨ 'ਚ ਕਿਉਂ ਆ ਗਏ ਇਹ ਸਾਰਿਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇਸੇ ਦੌਰਾਨ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇੱਥੋਂ ਜਾਰੀ ਇਕ ਬਿਆਨ ਵਿਚ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਡੇਰਾ ਪ੍ਰੇਮੀਆਂ ਦੀ ਬੋਲੀ ਬੋਲ ਰਹੇ ਹਨ ਤੇ ਉਨ੍ਹਾਂ ਨੂੰ ਡੇਰਾ ਪ੍ਰੇਮੀਆਂ ਲਈ ਹੇਜ ਜਤਾਉਣ ਦੀ ਥਾਂ ਬੇਅਦਬੀਆਂ ਦੇ ਦੋਸ਼ੀਆਂ ਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਚਾਰਾਜੋਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਡੇਰਾ ਪ੍ਰੇਮੀਆਂ ਦੇ ਹੱਕ ਵਿਚ ਇਸ ਤਰ੍ਹਾਂ ਬੋਲ ਰਹੇ ਹਨ ਜਿਵੇਂ ਉਹ ਡੇਰਾ ਪ੍ਰੇਮੀ ਹੋਣ ਜਾਂ ਅਕਾਲੀ ਦਲ ਦਾ ਡੇਰੇ ਨਾਲ ਗੱਠਜੋੜ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੀ.ਬੀ.ਆਈ. ਕਲੋਜ਼ਰ ਰਿਪੋਰਟ ਦੇ ਵਿਰੋਧ ਦਾ ਡਰਾਮਾ ਕਰਨ ਤੋਂ ਬਾਅਦ ਹੁਣ ਡੇਰਾ ਪ੍ਰੇਮੀਆਂ ਦੇ ਹੱਕ ਵਿਚ ਬੋਲ ਕੇ ਇਕ ਹੋਰ ਨਵਾਂ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਜਿਸ ਵਿਚ ਬਾਦਲ ਭਾਈਵਾਲ ਹਨ ਨਹੀਂ ਚਾਹੁੰਦੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਕਿਉਂਕਿ ਉਨ੍ਹਾਂ ਦੀ ਟੇਕ ਡੇਰਾ ਪ੍ਰੇਮੀਆਂ ਦੀਆਂ ਵੋਟਾਂ 'ਤੇ ਲੱਗੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ