ਹਿੰਦੂ ਪਰਿਸ਼ਦ ਦੀ ਸ਼ਿਕਾਇਤ 'ਤੇ ਮੁਸਲਿਮ ਅਧਿਆਪਕ ਨੂੰ ਮੁਅੱਤਲ ਕਰਨ ਖਿਲਾਫ ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਬਗਾਵਤ

ਹਿੰਦੂ ਪਰਿਸ਼ਦ ਦੀ ਸ਼ਿਕਾਇਤ 'ਤੇ ਮੁਸਲਿਮ ਅਧਿਆਪਕ ਨੂੰ ਮੁਅੱਤਲ ਕਰਨ ਖਿਲਾਫ ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਬਗਾਵਤ
ਮੁੱਖ ਅਧਿਆਪਕ ਫੁਰਕਾਨ ਅਲੀ

ਪੀਲੀਭੀਤ: ਜਦੋਂ ਇੱਥੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕੀਤੀ ਸ਼ਿਕਾਇਤ 'ਤੇ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਫੁਰਕਾਨ ਅਲੀ ਨੂੰ ਮੁਅੱਤਲ ਕਰ ਦਿੱਤਾ ਤਾਂ ਮੁੱਖ ਅਧਿਆਪਕ ਦੇ ਸਮਰਥਨ ਵਿੱਚ ਪ੍ਰਾਇਮਰੀ ਸਕੂਲ ਦੇ ਨਿੱਕੇ ਵਿਦਿਆਰਥੀਆਂ ਨੇ ਵੱਡਾ ਬਗਾਵਤੀ ਝੰਡਾ ਚੁੱਕ ਲਿਆ। ਇਹਨਾਂ ਨਿੱਕੇ ਵਿਦਿਆਰਥੀਆਂ ਦੀ ਬਗਾਵਤ ਤੋਂ ਫਿਕਰਮੰਦ ਸਰਕਾਰ ਨੇ ਹੁਣ ਮੁੱਖ ਅਧਿਆਪਕ ਅਲੀ ਦੀ ਮੁਅੱਤਲੀ ਦੇ ਹੁਕਮ ਵਾਪਿਸ ਲੈਣ ਦਾ ਭਰੋਸਾ ਦਿੱਤਾ ਹੈ।

ਦੋਸ਼ ਕੀ ਸੀ?
ਮੁੱਖ ਅਧਿਆਪਕ ਫੁਰਕਾਨ ਅਲੀ ਖਿਲਾਫ ਸਥਾਨਕ ਵਿਸ਼ਵ ਹਿੰਦੂ ਪਰਿਸ਼ਦ ਦੇ ਮੈਂਬਰਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਸਕੂਲ ਦੀ ਪ੍ਰਾਰਥਨਾ ਵਿੱਚ ਇਸਲਾਮ ਦੀ ਧਾਰਮਿਕ ਪ੍ਰਾਰਥਨਾ ਪੜ੍ਹਾਉਂਦੇ ਹਨ, ਜੋ ਮਦਰੱਸਿਆਂ ਵਿੱਚ ਪੜ੍ਹਾਈ ਜਾਂਦੀ ਹੈ। 

ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੀਲੀਭੀਤ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਅਧਿਆਪਕ ਨੂੰ 14 ਅਕਤੂਬਰ ਨੂੰ ਮੁਅੱਤਲ ਕਰ ਦਿੱਤਾ ਸੀ। 

ਦੋਸ਼ ਵਿੱਚ ਕਿੰਨੀ ਸੱਚਾਈ?
ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕੀਤੀ ਸ਼ਿਕਾਇਤ 'ਤੇ ਜਦੋਂ ਬਲਾਕ ਸਿੱਖਿਆ ਅਫਸਰ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਵਿਦਿਆਰਥੀਆਂ ਨੂੰ ਸਵੇਰੇ ਪ੍ਰਾਰਥਨਾ ਵੇਲੇ ਕੋਈ ਧਾਰਮਿਕ ਪ੍ਰਾਰਥਨਾ ਨਹੀਂ ਕਰਾਈ ਜਾਂਦੀ ਸੀ ਬਲਕਿ ਮਹਾਨ ਕਵੀ ਮੋਹੱਮਦ ਇਕਬਾਲ ਵੱਲੋਂ 1902 ਵਿੱਚ ਲਿਖੀ ਇਕ ਕਵਿਤਾ "ਲਬ ਪੇ ਆਤੀ ਹੈ ਦੂਆ" ਪੜ੍ਹਾਈ ਜਾਂਦੀ ਸੀ। ਦੱਸ ਦਈਏ ਕਿ ਕਵੀ ਇਕਬਾਲ ਵੱਲੋਂ ਹੀ "ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ" ਕਵਿਤਾ ਲਿਖੀ ਗਈ ਸੀ ਪਰ ਬਾਅਦ ਵਿੱਚ ਭਾਰਤ ਦੇ ਹਿੰਦੂ ਕਾਂਗਰਸੀ ਆਗੂਆਂ ਦੀ ਘੱਟਗਿਣਤੀਆਂ ਪ੍ਰਤੀ ਮਾੜੀ ਨੀਤ ਨੂੰ ਦੇਖਦਿਆਂ ਉਹਨਾਂ ਇਸ ਵਿੱਚ ਕੁੱਝ ਸਤਰਾਂ ਹੋਰ ਜੋੜ ਦਿੱਤੀਆਂ ਸਨ, "ਅਬ ਸ਼ਰਮ ਸੀ ਆਤੀ ਹੈ, ਇਸ ਵਤਨ ਕੋ ਵਤਨ ਕਹਿਤੇ ਹੂਏ"। 

ਵਿਦਿਆਰਥੀਆਂ ਦੀ ਫੈਂਸਲੇ ਖਿਲਾਫ ਬਗਾਵਤ
ਪ੍ਰਸ਼ਾਸਨ ਵੱਲੋਂ ਮੁੱਖ ਅਧਿਆਪਕ ਨੂੰ ਮੁਅੱਤਲ ਕਰਨ ਦੇ ਫੈਂਸਲੇ ਖਿਲਾਫ ਬਗਾਵਤ ਕਰਦਿਆਂ ਪ੍ਰਾਇਮਰੀ ਸਕੂਲ ਦੇ ਨਿੱਕੇ ਵਿਦਿਆਰਥੀਆਂ ਨੇ ਜਮਾਤਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਉਸੇ ਦਿਨ ਜਮਾਤਾਂ ਵਿੱਚ ਬੈਠਣਗੇ ਜਿਸ ਦਿਨ ਉਹਨਾਂ ਦੇ ਮੁੱਖ ਅਧਿਆਪਕ ਨੂੰ ਵਾਪਿਸ ਸਕੂਲ ਆ ਕੇ ਉਹਨਾਂ ਨੂੰ ਪੜ੍ਹਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।