" ਸ਼ਹੀਦ " 

ਸੁਮਨ ਬਚਪਨ ਤੋਂ ਹੀ ਭਾਵੁਕ ਘੱਟ ਤੇ ਵਿਹਾਰਕ ਵੱਧ ਸੀ

ਮੁਨਸ਼ੀ ਤੇ ਉਸਦੀ ਘਰਦੀ ਸ਼ਾਂਤੀ ਦੇ ਪੈਰ ਅੱਜ ਜਮੀਨ ਤੇ ਨ੍ਹੀਂ ਲੱਗ ਰਹੇ ਸੀ, ਲੱਗਣ ਵੀ ਕਿਵੇਂ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਮੁਨਸ਼ੀ ਦਾ ਹੋਣਹਾਰ ਪੁੱਤਰ ਵਿਨੋਦ ਅੱਜ ਸਰਕਾਰੀ ਮਾਸਟਰ ਜੋ ਲੱਗ ਗਿਆ ਸੀ। ਭਾਵੇਂ ਤਿੰਨ ਸਾਲਾਂ ਲਈ ਤਨਖਾਹ ਤਾਂ ਘੱਟ ਈ ਸੀ ਪਰ ਸਾਲਾਂ ਤੋਂ ਗਰੀਬੀ ਦਾ ਮਾਰੇ ਮਿਹਨਤੀ ਪਰਿਵਾਰ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਹੋਣਹਾਰ ਵਿਨੋਦ ਨੇ ਆਪਣੀ ਸਾਰੀ ਪੜ੍ਹਾਈ ਸਰਕਾਰੀ ਸਕੂਲ, ਕਾਲਜ ਤੇ ਬਾਅਦ ਵਿੱਚ ਆਪਣੀ ਟਿਊਸ਼ਨ ਰਾਹੀਂ ਖਰਚਾ ਕੱਢ ਕੇ ਕੀਤੀ ਪਰ ਨੌਕਰੀ ਹਾਸਲ ਕਰਨ ਲਈ ਉਸਨੂੰ ਬਹੁਤ ਕਰੜੀ ਮਿਹਨਤ ਤੇ ਲੰਬਾ ਇੰਤਜ਼ਾਰ ਕਰਨਾ ਪਿਆ ਦਰਅਸਲ ਵਿਨੋਦ ਹੁਰੀਂ ਗਰੀਬ ਜਰੂਰ ਸਨ ਪਰ ਉਹਨਾਂ ਦੀ ਜਾਤ ਉੱਚੀ ਸੀ, ਜਿਸ ਕਰਕੇ ਉਹਨਾਂ ਨੂੰ ਦੋਹਰੀ ਮਾਰ ਪੈਂਦੀ ਸੀ, ਸਰਕਾਰੀ ਰਾਖਵੇਂ ਕੋਟੇ 'ਚ ਨਾ ਆਉਣ ਕਰਕੇ ਨੌਕਰੀ ਹਾਸਲ ਕਰਨਾ ਔਖਾ ਸੀ ਜਦਕਿ ਸਾਰੇ ਰਿਸ਼ਤੇਦਾਰ ਗਰੀਬੀ ਕਰਕੇ ਉਨਾਂ ਨਾਲ ਦੂਰੀ ਰੱਖਦੇ ਆਪਣੀ ਰਿਸ਼ਤੇਦਾਰੀ ਈ ਉਜਾਗਰ ਨਾ ਕਰਦੇ। 

ਆਪਣੇ ਛੋਟੇ ਜਿਹੇ ਸ਼ਹਿਰ ਦੇ ਬਿਲਕੁੱਲ ਲਾਗੇ ਦੇ ਪਿੰਡ 'ਚ ਉਸਦੀ ਪੋਸਟਿੰਗ ਹੋ ਗਈ। ਦੇਖਦਿਆਂ ਈ ਤਿੰਨ ਸਾਲ ਨਿਕਲ ਗਏ ਤੇ ਵਿਨੋਦ ਪੂਰੀ ਤਨਖਾਹ ਆਲਾ ਪੱਕਾ ਮਾਸਟਰ ਬਣ ਗਿਆ। ਵਿਨੋਦ ਨੇ ਆਪਣੇ ਪਿਤਾ ਨੂੰ ਘਰ ਵਿੱਚ ਈ ਛੋਟੀ ਜਿਹੀ ਦੁਕਾਨ ਪਾ, ਰੇਹੜੀ ਤੋਂ ਖਹਿੜਾ ਛੁਡਵਾ ਦਿੱਤਾ। ਮੁੰਡਾ ਮਾਸਟਰ ਲੱਗ ਗਿਆ ਤਾਂ ਰਿਸ਼ਤੇਦਾਰ ਵੀ ਨੇੜੇ ਆਉਣ ਲੱਗ ਪਏ ਤੇ ਮਾਸਟਰਨੀਆਂ ਦੇ ਰਿਸ਼ਤੇ ਵੀ ਆਉਣ ਲੱਗ ਪਏ ਪਰ ਵਿਨੋਦ ਰੱਜੀ ਰੂਹ ਦਾ ਮਾਲਕ, ਬਹੁਤ ਹੀ ਭਾਵੁਕ ਇਨਸਾਨ ਸੀ, ਉਸਦੀ ਸੋਚ ਸੀ ਕਿ ਨੌਕਰੀਪੇਸ਼ਾ ਜੀਵਨਸਾਥੀ ਹੋਣ ਤੇ ਉਸਦੇ ਮਾਪਿਆਂ ਦੀ ਸੇਵਾ ਨਹੀਂ ਹੋ ਪਾਏਗੀ ਤੇ ਉਸਨੇ ਸ਼ਹਿਰ ਦੇ ਈ ਇਕ ਆਮ ਘਰ ਦੀ ਖੂਬਸੂਰਤ ਕੁੜੀ ਸੁਮਨ ਨਾਲ ਬਿਨਾਂ ਦਾਜ ਤੋਂ ਵਿਆਹ ਰਚਾ ਲਿਆ। ਸੁਮਨ ਬਚਪਨ ਤੋਂ ਹੀ ਭਾਵੁਕ ਘੱਟ ਤੇ ਵਿਹਾਰਕ ਵੱਧ ਸੀ, ਹਾਲਾਂਕਿ ਉਹ ਸੱਸ-ਸਹੁਰੇ ਦੀ ਪੂਰੀ ਇਜ਼ੱਤ ਕਰਦੀ ਤੇ ਵਿਨੋਦ ਪ੍ਰਤਿ ਵੀ ਪੂਰੀ ਤਰਾਂ ਨਾਲ ਸਮਰਪਿਤ ਬਹੁਤ ਸ਼ਰੀਫ, ਸਾਊ ਤੇ ਚਰਿੱਤਰਵਾਨ ਔਰਤ ਸੀ। ਉਸਨੇ ਵਿਨੋਦ ਨੂੰ ਨਵਾਂ ਘਰ ਪਾਉਣ ਲਈ ਕਿਹਾ ਤਾਂ ਵਿਨੋਦ ਨੇ ਸੁਮਨ ਦੇ ਨਾਂ ਪਲਾਟ ਖਰੀਦ, ਵੱਡਾ ਲੋਨ ਲੈ ਘਰ ਪਾਉਣਾ ਸ਼ੁਰੂ ਕਰ ਦਿੱਤਾ। 

ਵਿਨੋਦ ਦਾ ਪੂਰਾ ਪਰਿਵਾਰ ਉਸ ਦਿਨ ਬਹੁਤ ਖੁਸ਼ ਸੀ, ਇਕ ਤਾਂ ਅੱਜ ਉਹਨਾਂ ਦਾ ਮਕਾਨ ਬਣਕੇ ਪੂਰੇ ਹੋ ਗਿਆ ਸੀ ਤੇ ਦੂਜੀ ਵੱਡੀ ਗੱਲ ਜੋ ਅੱਜ ਸਭ ਨੂੰ ਪਤਾ ਚੱਲੀ ਕੇ ਸੁਮਨ ਮਾਂ ਬਣਨ ਆਲੀ ਏ। ਦੇਰ ਰਾਤ ਰੋਟੀ ਖਾਣ ਤੋਂ ਬਾਅਦ ਵਿਨੋਦ ਤੇ ਸੁਮਨ ਆਇਸਕ੍ਰੀਮ ਖਾਣ ਪੈਦਲ ਈ ਬਜ਼ਾਰ ਆਲੇ ਪਾਸੇ ਨੂੰ ਚੱਲ ਪਏ। ਅੱਧੀਆਂ ਕੁ ਦੁਕਾਨਾਂ ਤਾਂ ਬੰਦ ਹੋ ਚੁੱਕੀਆਂ ਸਨ ਤੇ ਮੰਗਤ  ਸਰਾਫ, ਜਿਸਦਾ ਘਰ ਨਾਲ ਈ ਗਲੀ 'ਚ ਸੀ, ਆਪਣਾ ਸ਼ੋਅਰੂਮ ਬੰਦ ਕਰ ਰਿਹਾ ਸੀ। ਮੰਗਤ ਰਾਮ ਦੇ ਹੱਥ 'ਚ ਨਕਦੀ ਤੇ ਸੋਨੇ ਆਲਾ ਬੈਗ ਸੀ, ਉਸਨੇ ਤਾਲੇ ਲਾਏ ਈ ਸਨ ਕਿ ਦੋ ਬਦਮਾਸ਼ ਆ ਕੇ ਮੰਗਤ ਤੋਂ ਬੈਗ ਖੋਹਣ ਲੱਗੇ, ਮੰਗਤ ਨੇ ਬੈਗ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਰਿਵਾਲਵਰ ਕੱਢ ਲਿਆ, ਵਿਨੋਦ ਨੇ ਵੇਖਿਆ ਤਾਂ ਉਹ ਬਜ਼ੁਰਗ ਦੀ ਮਦਦ ਲਈ ਨਿਹੱਥਾ ਈ ਬਦਮਾਸ਼ਾਂ ਨਾਲ ਭਿੜ ਗਿਆ। ਵਿਨੋਦ ਨੇ ਬਹਾਦਰੀ ਨਾਲ ਇਕ ਬਦਮਾਸ਼ ਨੂੰ ਦਬੋਚ ਲਿਆ ਤਾਂ ਦੂਜਾ ਘਬਰਾ ਗਿਆ ਤੇ ਉਸ ਨੇ ਗੋਲੀ ਚਲਾ ਦਿੱਤੀ, ਮੰਗਤ ਰਾਮ ਤੇ ਉਸਦਾ ਮਾਲ ਤਾਂ ਬੱਚ ਗਿਆ ਪਰ ਗੋਲੀ ਸਿੱਧੀ ਛਾਤੀ 'ਚ ਵੱਜਣ ਕਾਰਨ ਵਿਨੋਦ ਇਨਸਾਨੀਅਤ ਲਈ ਸ਼ਹੀਦ ਹੋ ਗਿਆ। ਮੁਨਸ਼ੀ, ਸ਼ਾਂਤੀ ਤੇ ਸੁਮਨ ਦਾ ਬੁਰਾ ਹਾਲ ਹੋ ਗਿਆ, ਉਹਨਾਂ ਦਾ ਪਰਿਵਾਰ ਉਜੜ ਗਿਆ। ਸ਼ਹਿਰਵਾਸੀਆਂ ਦੇ ਭਾਰੀ ਇਕੱਠ 'ਚ ਕੀਤੇ ਧਰਨੇ-ਪ੍ਰਦਰਸ਼ਨਾਂ ਦੇ ਦਬਾਅ ਕਾਰਨ ਬਦਮਾਸ਼ ਜਲਦੀ ਫੜੇ ਗਏ ਤੇ ਮੰਗਤ ਰਾਮ ਨੇ ਗਵਾਹ ਬਣਨ ਤੇ ਕੇਸ 'ਤੇ ਪੈਸੇ ਲਾ ਕੇ ਬਦਮਾਸ਼ਾਂ ਨੂੰ ਸਖਤ ਸਜਾ ਦਿਵਾਉਣ ਦਾ ਅਹਿਦ ਲਿਆ। ਦੋ ਚਾਰ ਦਿਨ ਤੱਕ ਹਰ ਪਾਸੇ, 'ਸ਼ਹੀਦ ਵਿਨੋਦ ਕੁਮਾਰ ਅਮਰ ਰਹੇ', ਵਿਨੋਦ ਤੇਰੀ ਸੋਚ ਤੇ,,,, ਦੇ ਨਾਹਰੇ ਗੂੰਜਦੇ ਰਹੇ। 

ਸਾਰੇ ਜਖਮ ਸਮੇਂ ਦੇ ਨਾਲ ਨ੍ਹੀਂ ਭਰਦੇ ਹੁੰਦੇ, ਬਸ ਬੰਦੇ ਦੀ ਦਰਦ ਸਹਿਣ ਦੀ ਸਮਰੱਥਾ ਵੱਧ ਜਾਂਦੀ ਏ। ਮਾਪਿਆਂ ਨੂੰ ਥੋੜੀ ਜਿਹੀ ਸ਼ਾਂਤੀ ਮਿਲੀ, ਜਦੋਂ ਕੁੱਝ ਮਹੀਨਿਆਂ ਬਾਅਦ ਸੁਮਨ ਨੇ ਚੰਨ੍ਹ ਵਰਗੇ ਮੁੰਡੇ ਨੂੰ ਜਨਮ ਦਿੱਤਾ ਤੇ ਵਿਨੋਦ ਦੇ ਅਧਿਆਪਕ ਦੋਸਤਾਂ ਦੀ ਕੋਸ਼ਿਸ਼ਾਂ ਸਦਕਾ ਸੁਮਨ ਨੂੰ ਤਰਸ ਦੇ ਆਧਾਰ ਤੇ ਆਪਣੇ ਪਤੀ ਦੀ ਥਾਂ ਤੇ ਸ਼ਹਿਰ ਦੇ ਈ ਸਕੂਲ 'ਚ ਸਰਕਾਰੀ ਅਧਿਆਪਕਾ ਦੀ ਨੌਕਰੀ ਮਿਲ ਗਈ। ਵਿਹਾਰਕ ਸੁਭਾਅ ਦੀ ਸੁਮਨ ਨੌਕਰੀ ਲੱਗਦਿਆਂ ਈ, ਹੋਰ ਵੀ ਵਿਹਾਰਕ ਹੋ ਗਈ। ਉਹ ਆਪਣੇ ਸਹੁਰਿਆਂ ਦੀ ਥਾਂ ਮਾਪਿਆਂ ਦੇ ਘਰ ਈ ਰਹਿਣ ਲੱਗ ਪਈ ਤੇ ਵਿਨੋਦ ਦੇ ਨਵੇਂ ਬਣਾਏ ਘਰ ਨੂੰ ਉਸਨੇ ਕਿਰਾਏ ਤੇ ਦੇ ਦਿੱਤਾ। ਉਸਨੇ ਆਪਣੀ ਤਨਖਾਹ ਚੋਂ ਆਪਣੇ ਸੱਸ-ਸਹੁਰੇ ਨੂੰ ਕੁੱਝ ਵੀ ਦੇਣਾ ਬੰਦ ਕਰ ਦਿੱਤਾ, ਉਸਦਾ ਕਹਿਣਾ ਸੀ ਕਿ ਉਹ ਤਾਂ ਆਪਣੇ ਨਵੇਂ ਘਰ ਦੀਆਂ ਕਿਸ਼ਤਾਂ ਵੀ ਔਖੀ ਈ ਭਰ ਰਹੀ ਏ, ਜੋ ਕਿ ਸੱਚ ਵੀ ਸੀ। ਵਿਨੋਦ ਦੇ ਮਾਪੇ ਰੋਟੀ ਦੇ ਨਾਲ-ਨਾਲ ਆਪਣੇ ਪੋਤੇ ਨੂੰ ਮਿਲਣ ਤੋਂ ਵੀ ਤਰਸਦੇ ਰਹਿੰਦੇ। ਮੁਨਸ਼ੀ ਤੇ ਸ਼ਾਂਤੀ ਨੂੰ ਇਕੋ ਦਿਨ ਦੋ ਵੱਡੇ ਝਟਕੇ ਲੱਗੇ, ਧਮਕੀਆਂ ਤੋਂ ਡਰਕੇ ਮੰਗਤ ਸਰਾਫ ਦੇ ਪਰਿਵਾਰ ਨੇ ਮੰਗਤ ਨੂੰ ਗਵਾਹੀ ਤੋਂ ਮੁਕਰਾ ਕੇ ਬਦਮਾਸ਼ਾਂ ਨਾਲ ਸਮਝੌਤਾ ਕਰ ਉਹਨਾਂ ਨੂੰ ਬਰੀ ਕਰਵਾ ਦਿੱਤਾ ਤੇ ਦੂਜਾ ਝਟਕਾ ਤਾਂ ਹੋਰ ਵੀ ਵੱਡਾ ਸੀ, ਸੁਮਨ ਦੇ ਪੇਕਿਆਂ ਨੇ ਇਕ ਤਲਾਕਸ਼ੁਦਾ ਥਾਣੇਦਾਰ ਨਾਲ ਉਸਦਾ ਵਿਆਹ ਕਰਵਾ ਦਿੱਤਾ। 

ਮੁਨਸ਼ੀ ਤੇ ਸ਼ਾਂਤੀ ਜਦੋਂ ਆਪਣੇ ਪੋਤੇ ਨੂੰ ਮਿਲਣ ਗਏ ਤਾਂ ਥਾਣੇਦਾਰ ਨੇ ਉਹਨਾਂ ਨੂੰ ਧੱਕੇ ਮਾਰ ਜਲੀਲ ਕਰ ਘਰੋਂ ਕੱਢ ਦਿੱਤਾ, ਉਸੇ ਰਾਤ ਸ਼ਾਂਤੀ ਹਾਰਟ ਫੇਲ ਨਾਲ ਪੂਰੀ ਹੋ ਗਈ। ਮੁਨਸ਼ੀ ਨੂੰ ਜਿਆਦਾ ਦੁੱਖ ਨ੍ਹੀਂ ਹੋਇਆ, ਸ਼ਾਇਦ ਉਸਨੂੰ ਪਤਾ ਲੱਗ ਗਿਆ ਸੀ ਕਿ ਸ਼ਾਂਤੀ ਨੂੰ ਸ਼ਾਂਤੀ ਮਿਲ ਗਈ ਏ ਪਰ ਉਸਦਾ ਦਿਮਾਗੀ ਸੰਤੁਲਨ ਵਿਗੜ ਗਿਆ, ਉਹ ਵਿਨੋਦ ਦੀ ਫੋਟੋ ਹੱਥ 'ਚ ਲੈ ਕੇ ਕਦੇ ਜੋਰ ਨਾਲ ਹੱਸਦਿਆਂ, ਕਦੇ ਰੋਂਦਿਆਂ ''ਮੈਂ ਸ਼ਹੀਦ ਦਾ ਪਿਓ ਹਾਂ" ਬੋਲਦੇ ਹੋਏ ਬਾਜ਼ਾਰ 'ਚ ਫਿਰਦਾ ਰਹਿੰਦਾ। ਥਾਣੇਦਾਰ ਸਾਬ੍ਹ ਦੇ ਵਿਅਸਤ ਹੋਣ ਕਾਰਨ ਉਸ ਦਿਨ ਸੁਮਨ ਆਪਣੀ ਏਕਟਿਵਾ ਤੇ ਤੀਜੀ 'ਚ ਪੜ੍ਹਦੇ ਬੇਟੇ ਨੂੰ ਲੈ ਕੇ ਬਾਜ਼ਾਰ ਆਈ ਸੀ। ਇਕਦਮ ਅਫਰਾ-ਤਫਰਾ ਮੱਚ ਗਈ, ਕੋਈ ਗੱਡੀ ਥੱਲੇ ਆ ਗਿਆ ਸੀ। ਸੁਮਨ ਵੀ ਬੇਟੇ ਨੂੰ ਨਾਲ ਲੈ ਭੀੜ ਵੱਲ ਵਧੀ ਤਾਂ ਮੁਨਸ਼ੀ ਆਖਰੀ ਸਾਹਾਂ ਤੇ ਸੀ, ਕੋਲ ਹੀ ਡਿੱਗੀ ਵਿਨੋਦ ਦੀ ਫੋਟੋ ਮੰਗਤ ਦੇ ਲਹੂ ਕਾਰਨ ਲਾਲ ਹੋ ਗਈ ਸੀ। ਮਰਦਾ-ਮਰਦਾ ਹੱਸ ਕੇ ਇੰਨਾ ਈ ਬੋਲਿਆ, "ਮੈਂ ਸ਼ਹੀਦ ਦਾ ਪਿਓ,,,,,,, ,,,,,"! ਭੀੜ 'ਚ ਖੜ੍ਹੇ ਮੰਗਤ ਸਰਾਫ ਨੂੰ ਸਰਦੀ 'ਚ ਵੀ ਇਕਦਮ ਪਸੀਨਾ ਗਿਆ, ਗੋਲਡ ਫਲੈਕ ਸਿਗਰਟ ਸੁਲਗਾ ਆਪਣੀ ਦੁਕਾਨ ਵੱਲ ਜਾਂਦਾ ਭੀੜ ਨੂੰ ਕਹਿੰਦਾ, "ਯਾਰ, ਬੰਦਾ ਤਾਂ ਠੀਕ ਈ ਸੀ ਬਸ ਪਾਗਲ ਹੋ ਗਿਆ ਸੀ"। ਭੀੜ ਚੋੰ ਹੱਟਦਿਆਂ ਸੁਮਨ ਦੇ ਬੇਟੇ ਨੇ ਸੁਮਨ ਨੂੰ ਪੁੱਛਿਆ, "ਮੰਮਾ, ਯੇ ਸ਼ਹੀਦ ਕੋਨ ਹੋਤੇ ਹੈਂ" ? ਸੁਮਨ ਨੇ ਬੇਟੇ ਦੀ ਸ਼ੰਕਾ ਦੂਰ ਕਰਦਿਆਂ ਕਿਹਾ,  "ਸੁਨਾ ਨਹੀਂ, ਵੋ ਅੰਕਲ ਕਯਾ ਕਹਿ ਰਹੇ ਥੇ, ਪਾਗਲ ਹੋਤੇ ਹੈਂ"। 

 

ਲੇਖਕ - ਅਸ਼ੋਕ ਸੋਨੀ 

ਪਿੰਡ ਖੂਈ ਖੇੜਾ, ਫਾਜ਼ਿਲਕਾ 

9872705078