ਅੱਗ ਲਾਉਣੇ ਪਰਵਾਸ ਨੇ ਪੰਜਾਬੀਆਂ ਦਾ ਘੜ ਦਿੱਤਾ ਨਵਾਂ ਚਰਿੱਤਰ  

ਅੱਗ ਲਾਉਣੇ ਪਰਵਾਸ ਨੇ ਪੰਜਾਬੀਆਂ ਦਾ ਘੜ ਦਿੱਤਾ ਨਵਾਂ ਚਰਿੱਤਰ  

ਵਿਜ਼ਟਰ ਵੀਜ਼ੇ ਲਈ ਸਪੰਸਰਸ਼ਿੱਪ

ਕੁਝ ਦਿਨ ਪਹਿਲਾਂ ਮੈਨੂੰ ਬਾਪੂ ਜੀ ਦੇ ਲੰਗੋਟੀਆ ਮਿੱਤਰ ਦੀ ਤੀਸਰੀ ਪੀੜ੍ਹੀ ਵਿੱਚੋਂ ਫੋਨ ਆਇਆ। ਰਸਮੀ ਪਰਿਵਾਰਕ ਸੁੱਖ-ਸਾਂਦ ਪੁੱਛਣ ਮਗਰੋਂ ਮੈਂ ਫੋਨ ਕਰਨ ਦਾ ਕਾਰਨ ਪੁੱਛਿਆ। ਉਹ ਥੋੜ੍ਹਾ ਵੀ ਨਾ ਝਿਜਕਿਆ, ਉਸ ਨੇ ਕਿਹਾ, “ਅੰਕਲ, ਵੀਰੇ ਤੋਂ ਥੋਡੀ ਨੂੰਹ ਲਈ ਕੈਨੇਡਾ ਦੇ ਵਿਜ਼ਟਰ ਵੀਜ਼ੇ ਦੀ ਸਪੰਸਰਸ਼ਿੱਪ ਭਿਜਵਾ ਦਿਓ। ਉਸ ਦਾ ਇੱਕ ਰਿਸ਼ਤੇਦਾਰ ਉਸ ਦੀ ਫਾਈਲ ਲਗਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਚਾਰ, ਪੰਜ ਲੱਖ ਬਚ ਜਾਣਗੇ ...।”

ਉਸ ਦੀ ਗੱਲ ਸੁਣ ਕੇ ਮੈਂ ਕਿਹਾ, “ਬੇਟਾ, ਥੋਡੇ ਕੋਲ ਚੰਗੀ ਜ਼ਮੀਨ ਐ, ਵਧੀਆ ਖੇਤੀ ਐ। ਤੂੰ ਸਰਕਾਰੀ ਨੌਕਰੀ ਕਰ ਰਿਹਾ ਹੈਂ। ਤੈਨੂੰ ਚਾਰ ਪੈਸੇ ਵੀ ਬਣਦੇ ਨੇ। ਤੇਰੀ ਘਰ ਵਾਲੀ ਵੀ ਕੰਮ ਕਰਦੀ ਐ। ਫੇਰ ਵੀ ਉਹ ਕਨੇਡਾ ਕਿਉਂ ਜਾਣਾ ਚਾਹੁੰਦੀ ਐ, ਉਹ ਵੀ ਵਿਜ਼ਟਰ ਵੀਜ਼ਾ ’ਤੇ?”

ਉਹ ਕਹਿਣ ਲੱਗਾ, “ਅੰਕਲ, ਮੈਨੂੰ ਵੀ ਪੁੱਠੀਆਂ ਸਿੱਧੀਆਂ ਸੁਣਨੀਆਂ ਪੈਂਦੀਆਂ ਨੇ, ਨਾਲੇ ਤੁਹਾਡੀ ਨੂੰਹ ਨੂੰ ਲੋਕ ਭੈੜੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਨੇ। ਥੋਨੂੰ ਪਤਾ ਈ ਐ ਆਪਣੇ ਲੋਕਾਂ ਦਾ ਕਰੈਕਟਰ ਕਿਹੋ ਜਿਹਾ ਹੈ। ‘ਉਹ’ ਕਨੇਡਾ ਜਾਣ ਦੀ ਜ਼ਿੱਦ ਕਰ ਰਹੀ ਐ, ਕਹਿੰਦੀ ਸਾਰੇ ਵਿਜ਼ਟਰ ਵੀਜ਼ਾ ’ਤੇ ਹੀ ਜਾਂਦੇ ਨੇ। ਛੇ ਮਹੀਨੇ ਕੰਮ ਧੰਦਾ ਕਰਦੇ ਨੇ, ਮੈਂ ਵੀ ਕਰਲੂੰ ...।”

ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵਿਜ਼ਟਰ ਵੀਜ਼ੇ ਲਈ ਸਪੰਸਰਸ਼ਿੱਪ ਆਮ ਤੌਰ ’ਤੇ ਕਿਸੇ ਰਿਸ਼ਤੇਦਾਰ ਵੱਲੋਂ ਹੀ ਦਿੱਤੀ ਜਾਂਦੀ ਹੈ। ਬੇਟਾ ਕਾਨੂੰਨ ਤੋੜਨ ਦੇ ਹੱਕ ਵਿੱਚ ਨਹੀਂ ਹੈ। ਜੇਕਰ ਉਸਦੀ ਪਤਨੀ ਵਿਜ਼ਟਰ ਵੀਜ਼ੇ ’ਤੇ ਕੰਮ ਕਰਦੀ ਫੜੀ ਗਈ, ਉਸ ਨੂੰ ਵਾਪਸ ਤਾਂ ਭੇਜਣਗੇ ਹੀ, ਜੇਲ੍ਹ ਵੀ ਕਰ ਸਕਦੇ ਹਨ। ਪਿੰਡ ਵਿੱਚ ਬਦਨਾਮੀ ਹੋ ਜਾਉ ...।”

“ਅੰਕਲ, ਹੁਣ ਕੋਈ ਨੀ ਇਹਨੂੰ ਬਦਨਾਮੀ ਸਮਝਦਾ, ਬੱਸ ਤੁਸੀਂ ਕਾਗਜ਼ ਭਿਜਵਾ ਦਿਓ ...।”

ਮੇਰੇ ਹੁੰਗਾਰੇ ਲਈ ਪਤਾ ਨਹੀਂ ਉਹ ਹੋਰ ਕੀ ਅਵਾ-ਤਵਾ ਜਿਹਾ ਬੋਲ ਗਿਆ। ਮੈਂ ਅਜਿਹੇ ਗੈਰ ਕਾਨੂੰਨੀ ਅਤੇ ਅਨੈਤਿਕ ਕੰਮ ਦੀ ਭਾਗੀਦਾਰੀ ਤੋਂ ਗੁਰੇਜ਼ ਕਰਨ ਬਾਰੇ ਸੋਚਦਾ ਹੋਇਆ ਕੋਈ ਚਾਲੀ ਸਾਲ ਪਿੱਛੇ ਚਲਾ ਗਿਆ।

ਅੱਸੀਵਿਆਂ ਦੇ ਦਹਾਕੇ ਵਿੱਚ ਜੇਕਰ ਕੋਈ ਮਿੱਤਰ ਬੇਲੀ ਦੀ ਮਿੰਨਤ ਕਰਕੇ ‘ਯਾਤਰੀ ਵੀਜ਼ਾ’ ਲਗਵਾ ਵੀ ਲੈਂਦਾ, ਸਾਰਾ ਕੁਨਬਾ ਅਤੇ ਮਿੱਤਰ ਦੋਸਤ ਦਿੱਲੀ ਹਵਾਈ-ਅੱਡੇ ’ਤੇ ਵਿਦਾ ਕਰਕੇ ਆਉਂਦੇ – ‘ਕੈਨੇਡਾ ਦੇਖਣ ਚੱਲਿਐ ਬਈ!’ ਵਾਪਸੀ ’ਤੇ ਉਹ ਵਿਅਕਤੀ ਦੋ ਚਾਰ ‘ਯਾਦਗਾਰੀ ਚਿੰਨ’ ਲਿਆਉਂਦਾ ਜਿਨ੍ਹਾਂ ਥੱਲੇ ਲਿਖਿਆ ਹੁੰਦਾ ‘We have visited ...’ । ਅਸੀਂ ਇਸ ਥਾਂ ਦੀ ਯਾਤਰਾ ਕੀਤੀ’ ਅਤੇ ਇਹ ਚਿੰਨ੍ਹ ਕਾਰਨਸ ’ਤੇ ਪਏ ਚੁੱਪਚਾਪ ਬੋਲਦੇ ਕਿ ਬੰਦੇ ਘੁੰਮਣ ਫਿਰਨ ਦੇ ਸ਼ੌਕੀਨ ਨੇ, ਪੈਸੇ ਵਾਲੇ ਨੇ, ਤਾਹੀਓਂ ਤਾਂ ਸੈਰ ਸਪਾਟੇ ਲਈ ਕਨੇਡਾ ਜਾਂਦੇ ਨੇ।” ਅੰਦਰਲੀ ਗੱਲ ਨਾ ਕੋਈ ਦੱਸਦਾ ਤੇ ਨਾ ਹੀ ਕੋਈ ਪੁੱਛਦਾ। ਢਕਿਆ ਢੋਲ ਸੀ ...। ਬਾਅਦ ਵਿੱਚ ਪਤਾ ਲੱਗਿਆ ਕਿ ਗੇੜੇ ਦਾ ਖਰਚਾ ਇਹ ਸੱਜਣ ਵੀ ਮਿੱਤਰਾਂ ਦੀ ਮਿਹਰਬਾਨੀ ਨਾਲ ‘ਬੇਰ’ ਤੋੜ ਕੇ ਕੱਢ ਲੈਂਦੇ ਸਨ!

‘ਵਿਜ਼ਟਰ ਵੀਜ਼ੇ’ ’ਤੇ ਗਈ ਇੱਕ ਔਰਤ ਨੇ ਦੱਸਿਆ, “ਅਸੀਂ ਓਥੇ ਬੇਰ (Berry) ਤੋੜਨ ਜਾਇਆ ਕਰਦੇ ਸੀ। ਉਹ ਸਾਨੂੰ ਘਰੋਂ ਲੈ ਜਾਂਦੇ ਸਨ। ਟਰੱਕ ਵਿੱਚ ਬਿਠਾਉਣ ਸਾਰ ਟਰੱਕ ਬੰਦ ਕਰ ਦਿੰਦੇ। ਸਾਨੂੰ ਤਾਂ ਪਤਾ ਵੀ ਨਹੀਂ ਲਗਦਾ ਸੀ ਕਿ ਅਸੀਂ ਕਿਹੜੇ ਪਾਸੇ ਕਿਹੜੀ ਸੜਕ ’ਤੇ ਕਿੱਥੇ ਜਾ ਰਹੇ ਹੁੰਦੇ ਸੀ। ਅੱਠ ਘੰਟੇ ਉਹ ਇੱਕ ਮਿੰਟ ਵੀ ਸਾਹ ਨਾ ਲੈਣ ਦਿੰਦੇ। ਪਾਣੀ ਪੀਣ ਦੇ ਬਹਾਨੇ ਜੇ ਮਾੜਾ ਮੋਟਾ ਦਮ ਲੈਂਦੇ ਤਾਂ ਅੰਗਰੇਜ਼ੀ ਵਿੱਚ ਗਾਲ੍ਹ ਵੀ ਕੱਢ ਦਿੰਦੇ। ਬੁਰਾ ਤਾਂ ਬਹੁਤ ਲੱਗਦਾ ਪਰ ਡਾਲਰ ਦੀਂਹਦੇ ਤੇ ...।”

ਪਿੱਛੇ ਜਿਹੇ ਅਸੀਂ ਬੇਟੇ ਕੋਲ ਗਏ। ਕਈ ਦੋਸਤਾਂ ਮਿੱਤਰਾਂ ਨੇ ਉਨ੍ਹਾਂ ਕੋਲ ਆਉਣ ਦੀ ਸੁਲ੍ਹਾ ਵੀ ਮਾਰੀ। ਨਜ਼ਦੀਕੀ ਦੋਸਤ ਨੇ ਦੱਸਿਆ ਕਿ ਆਪਣੇ ਅਫਸਰ ਭਰਾ, ਲਾ ਥਾਣੇਦਾਰਾਂ, ਤਹਿਸੀਲਦਾਰਾਂ ਤੋਂ ... ਰਿਟਾਇਰਮੈਂਟ ਤੋਂ ਬਾਅਦ ਆਪਣੇ ਬੱਚਿਆਂ ਕੋਲ ਆ ਜਾਂਦੇ ਨੇ। ਜਵਾਨੀ ਦੇ ਦਿਨਾਂ ਵਿੱਚ ਮੌਤ ਨੂੰ ਮਖੌਲਾਂ ਕਰਨ ਵਾਲੇ ਯੁਗ ਦੀ ਇਹ ਪੀੜ੍ਹੀ ਕਿਵੇਂ ਬੇਸਮੈਂਟਾਂ ਵਿੱਚ ਕਾਲੇ-ਪਾਣੀ ਦੀ ਜੇਲ੍ਹ ਵਾਂਗ ਬੁਢੇਪਾ ਕੱਟਦੀ ਹੈ, ਉਸ ਵਕਤ ਉਨ੍ਹਾਂ ਦਾ ਦੁੱਖ ਨੀ ਦੇਖਿਆ ਜਾਂਦਾ ਜਦੋਂ ਨੂੰਹਾਂ ਕਦੇ ਕਦੇ ਕਹਿ ਦਿੰਦੀਆਂ ਨੇ, “ਬਾਪੂ ਜੀ, ਵਿਹਲੇ ਬੈਠੇ ਵੀ ਦਿਨ ਨਹੀਂ ਲੰਘਦਾ, ਹੋਰ ਨੀ ਤਾਂ ਪਾਰਟ-ਟਾਈਮ ਈ ਕਰ ਲਿਆ ਕਰੋ। ਚਾਰ ਡਾਲਰ ਆ ਜਾਇਆ ਕਰਨਗੇ ...।” ਤੇ ਫੇਰ ਉਹ ਵੱਡੇ ਵੱਡੇ ਫਾਰਮਾਂ ਵਿੱਚ ਬੇਰ ਤੋੜਦੇ ਹਨ। ਕਈ ਝੂਰਦੇ ਕਹਿੰਦੇ ਨੇ. “ਯਾਰ ਓਥੇ ਸਰਦਾਰੀ ਕਰਦੇ ਤੇ ... ਆਹ ਤੋੜ ਰਹੇ ਆਂ ਬੇਰ ਬੁਢਾਪੇ ਵੇਲੇ ... ਓਥੇ ਕੰਮੀਆਂ ਨੂੰ ਗਾਲ੍ਹਾਂ ਕੱਢਦੇ ਤੇ ਇੱਥੇ ਆਪ ਸੁਣਦੇ ਆਂ।”

ਮੈਂ ਹੱਸਦਿਆਂ ਕਿਹਾ, “ਉਨ੍ਹਾਂ ਨੂੰ ਕਹਿ ਕਿ ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ, ਵਾਪਸ ਆ ਜਾਣ।”

ਉਸ ਨੇ ਬੜੇ ਸੰਜੀਦਾ ਲਹਿਜ਼ੇ ਵਿੱਚ ਕਿਹਾ, “ਸੱਚ ਤਾਂ ਇਹ ਹੈ ਕਿ ਇਸ ਅੱਗ ਲਾਉਣੇ ਪਰਵਾਸ ਨੇ ਪੰਜਾਬੀਆਂ ਦਾ ਚਰਿੱਤਰ ਹੀ ਨਵਾਂ ਘੜ ਦਿੱਤਾ ਹੈ। ... ਇਸਦੀ ਪੁਸ਼ਟੀ ਅਜਿਹੀਆਂ ਛਪ ਰਹੀਆਂ ਖ਼ਬਰਾਂ ਨਾਲ ਹੋ ਰਹੀ ਹੈ - 'ਲੜਕੀ ਵੱਲੋਂ ਪਤੀ ਨੂੰ ਵਿਦੇਸ਼ ਨਾ ਸੱਦਣ ’ਤੇ ਤਿੰਨ ਖਿਲਾਫ ਕੇਸ ਦਰਜ ... - ਮੁੰਡੇ ਵਾਲਿਆਂ ਦੇ ਖਰਚੇ ਤੇ ਆਈਲੈਟਸ ਕਰੋ, ਕਨੇਡਾ ਜਾਓ ਤੇ ਫੇਰ ਤੂੰ ਕੌਣ? ਤੇ ਮੈਂ ਕੌਣ? ... ਜੱਟ ਵੀਜ਼ਾ ਲਗਾਉਣ ਨੂੰ ਮਰਦਾ, ਲੱਡੂ ਖਾ ਕੇ ਤੁਰਦੀ ਬਣੀ ...” ਵਾਲਾ ਵਰਤਾਰਾ ਹੁਣ ਟਾਵਾਂ-ਟਾਵਾਂ ਨਹੀਂ, ਆਮ ਹੋ ਗਿਆ ਹੈ।"

 

 ਜਗਰੂਪ ਸਿੰਘ