ਸਬਰ ਹੈ ਤੇਰੇ ਕੋਲ!

ਸਬਰ ਹੈ ਤੇਰੇ ਕੋਲ!

“ਸਬਰ”

ਮੈਨੂੰ ਜਦੋਂ ਵੀ ਆਪਣੇ ਕੰਮਕਾਜ ਤੋਂ ਵਿਹਲ ਮਿਲਦੀ ਤਾਂ ਮੈਂ ਘਰ ਦੀ ਛੱਤ ਤੇ ਜਾ ਕੇ ਪੂਰੇ ਸ਼ਹਿਰ ਦਾ ਨਜ਼ਾਰਾ ਜਿਹਾ ਲੈਂਦਾ। ਮੈਂ ਆਪਣੀਆਂ ਨਜ਼ਰਾਂ ਨਾਲ ਪੂਰੇ ਸ਼ਹਿਰ ਦਾ ਆਲਾ ਦੁਆਲਾ ਘੁੰਮ ਲੈਂਦਾ। ਸ਼ਹਿਰ 'ਚ ਵੱਸਦਾ ਹਰ ਇੱਕ ਵਿਅਕਤੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੱਲ ਭੱਜ-ਦੌੜ 'ਚ ਰਹਿੰਦਾ ਪਰ ਫੁੱਟਪਾਥ ਤੇ ਖੰਭੇ ਦੇ ਕੋਲ ਬੈਠਾ ਹੋਇਆ ਇੱਕ ਭਿਖਾਰੀ ਉੱਥੇ ਹੀ ਦੇਖਣ ਨੂੰ ਮਿਲਦਾ। ਉਹ ਭਿਖਾਰੀ ਉੱਥੇ ਹੀ ਉੱਠਦਾ, ਸਾਰਾ ਦਿਨ ਹੱਥ ਫੈਲਾ ਕੇ ਬੈਠਾ ਰਹਿੰਦਾ। ਕੋਈ ਵਿਅਕਤੀ ਉਸਨੂੰ ਪੈਸੇ ਤੇ ਕੋਈ ਰੋਟੀ ਆਦਿਕ ਫੜਾ ਜਾਂਦਾ ਜਿਸ ਨਾਲ ਉਹ ਆਪਣਾ ਪੇਟ ਭਰਦਾ।ਇਸ ਤਰ੍ਹਾਂ ਉਸਦਾ ਦਿਨ ਬੀਤਦਾ ਤੇ ਰਾਤ ਨੂੰ ਓਸੇ ਹੀ ਫੁੱਟਪਾਥ ਤੇ ਖੰਭੇ ਕੋਲ ਹੀ ਸੌਂ ਜਾਂਦਾ। ਮੈਂ ਸਵੇਰੇ, ਦੁਪਹਿਰੇ ਜਾਂ ਸ਼ਾਮ ਨੂੰ, ਜਦੋਂ ਵੀ ਛੱਤ ਤੇ ਟਹਿਲਣ ਵਾਸਤੇ ਜਾਂਦਾ ਤਾਂ ਉਸ ਭਿਖਾਰੀ ਨੂੰ ਉੱਥੇ ਹੀ ਦੇਖਦਾ। ਕਈ ਵਾਰ ਸਾਰਾ-ਸਾਰਾ ਦਿਨ ਉਸਨੂੰ ਕੁਝ ਵੀ ਨਾ ਮਿਲਦਾ ਨਾ ਪੈਸੇ ਨਾ ਰੋਟੀ, ਕਈ ਵਾਰ ਤਾਂ ਉਹ ਭੁੱਖੇ ਢਿੱਡ ਹੀ ਉੱਥੇ ਸੌਂ ਜਾਂਦਾ, ਪਰ ਉਸਦੇ ਚਿਹਰੇ ਤੇ ਕਦੀ ਵੀ ਕਿਸੇ ਪ੍ਰਕਾਰ ਰੋਸਾ ਜਾਂ ਗ਼ਿਲਾ ਨਹੀਂ ਦੇਖਿਆ। ਅਜਿਹਾ ਕੀ ਸੀ ਜਿਸਨੇ ਉਸ ਭਿਖਾਰੀ ਨੂੰ ਮਜ਼ਬੂਤ ਬਣਾ ਦਿੱਤਾ ਹੋਇਆ ਸੀ। ਮੈਂ ਜਦੋਂ ਵੀ ਆਪਣੇ ਅੰਦਰ ਝਾਤੀ ਮਾਰਦਾ ਤਾਂ ਇੰਝ ਲੱਗਦਾ ਸਭ ਕੁਝ ਹੈ ਮੇਰੇ ਕੋਲ। ਸਿਵਾਏ ਇੱਕ ਚੀਜ਼ ਦੇ ਜੋ ਸਿਰਫ਼ ਉਸ ਭਿਖਾਰੀ ਕੋਲ ਸੀ। ਮੇਰੇ ਘਰ ਵਿੱਚ ਹਰ ਕੀਮਤੀ ਸ਼ੈਅ ਸੀ ਪਰ ਜੋ ਉਸ ਭਿਖਾਰੀ ਕੋਲ ਸੀ ਉਹ ਅਮੁਲਕ ਸੀ। ਉਸ ਅਮੁੱਲਕ ਸ਼ੈਅ ਕਰਕੇ ਹੀ ਉਸਦੇ ਚੇਹਰੇ ਤੇ ਸਕੂਨ ਸੀ ਤੇ ਮੇਰੇ ਕੋਲ ਸਭ ਕੁੱਝ ਹੋਣ ਦੇ ਬਾਵਜੂਦ ਵੀ ਸਕੂਨ ਤੋਂ ਹੀਣਾ ਸੀ। ਉਸ ਭਿਖਾਰੀ ਦੇ ਕੋਲ ਅਮੁੱਲਕ ਸ਼ੈਅ ਅੱਗੇ ਸਭ ਕੁੱਝ ਸਵਾਹ ਸੀ‌। ਮੈਂ ਇੱਕ ਦਿਨ  ਆਪਣਾ ਮਨ ਬਣਾ ਲਿਆ ਕਿ ਮੈਂ ਓਸ ਅਮੁੱਲਕ ਸ਼ੈਅ ਬਾਰੇ ਪੁੱਛ ਕੇ ਹੀ ਆਉਣਾ ਹੈ। ਅਗਲੀ ਸਵੇਰ ਹੋਈ ਤਾਂ ਮੈਂ ਪੂਰਨ ਮਨ ਬਣਾ ਕੇ ਉਸ ਭਿਖਾਰੀ ਕੋਲ ਜਾ ਪਹੁੰਚਾ। ਮੈਂ ਭਿਖਾਰੀ ਕੋਲ ਬੈਠਾ, ਉਸਦਾ ਹਾਲ-ਚਾਲ ਪੁੱਛਿਆ। 

"ਮੈਂ ਮੌਜ ਵਿਚ ਹਾਂ.......।"  ਉਸਨੇ ਜਵਾਬ ਦਿੱਤਾ।

ਫਿਰ ਮੈਂ ਉਸ ਭਿਖਾਰੀ ਨੂੰ ਕਿਹਾ ਕਿ ਮੇਰੇ ਕੋਲ ਸਭ ਕੁਝ ਹੈ, ਧੰਨ, ਦੌਲਤ ਤੇ ਖੂਬਸੂਰਤ ਘਰ ਸਭ ਹੈ ਮੇਰੇ ਕੋਲ। ਕਿਸੇ ਵੀ ਚੀਜ਼ ਦੀ ਥੋੜ ਨਹੀਂ ਹੈ ਮੈਨੂੰ ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਉਸ ਸ਼ੈਅ ਅੱਗੇ ਕੁਝ ਵੀ ਨਹੀਂ ਹੈ ਜੋ ਸਿਰਫ਼ ਤੇਰੇ ਕੋਲ ਹੈ। 

"ਕੀ ਤੂੰ ਮੈਨੂੰ ਉਹ ਸ਼ੈਅ ਦੇ ਸਕਦਾ ਹੈਂ?"

ਭਿਖਾਰੀ ਵੀ ਸੋਚੀਂ ਪੈ ਗਿਆ ਕਿ ਅਜਿਹਾ ਕੀ ਹੈ ਮੇਰੇ ਕੋਲ ਜੋ ਇੰਨਾ ਜ਼ਿਆਦਾ ਅਮੁੱਲਕ ਹੈ।.... ਤਾਂ ਮੇਰੇ ਮੂੰਹ 'ਚੋਂ ਨਿਕਲਿਆ 

"ਸਬਰ"  "ਸਬਰ ਹੈ ਤੇਰੇ ਕੋਲ"

ਸਬਰ ਦੇ ਅੱਗੇ ਅਮੀਰ ਤੋਂ ਅਮੀਰ  ਬੰਦਾ ਵੀ ਗ਼ਰੀਬ ਹੈ ਤੇ ਤੂੰ ਬੇਸ਼ੱਕ ਭਿਖਾਰੀ ਐ, ਗ਼ਰੀਬ ਐ ਪਰ ਇਸ ਸਬਰ ਕਰਕੇ ਤੂੰ ਸਭ ਤੋਂ ਅਮੀਰ ਐਂ। 

ਕੀ ਤੂੰ ਮੈਨੂੰ ਵੀ ਇਹ ਸਬਰ ਦੇ ਸਕਦੈ?

ਤਾਂ ਉਸ ਭਿਖਾਰੀ ਨੇ ਕਿਹਾ...ਇਹ ਸਬਰ ਤਾਂ ਉਸ ਮਾਲਕ ਦੀ ਰਹਿਮਤ ਦੇ ਸਦਕਾ ਮਿਲਦਾ ਏ। ਮੈਂ ਦੇ ਤਾਂ ਨਹੀਂ ਸਕਦਾ..ਪਰ ਮੈਂ ਤੇਰੇ ਲਈ ਉਸ ਖ਼ੁਦਾ ਬਖਸ਼ੰਦ ਅੱਗੇ ਦੁਆ ਜ਼ਰੂਰ ਕਰਾਂਗਾ ਕਿ ਤੈਨੂੰ "ਸਬਰ" ਬਖਸ਼ਿਸ਼ ਕਰੇ। 

"ਹਾਂ! ਇੱਕ ਗੱਲ ਹੋਰ".... ਉਸ ਭਿਖਾਰੀ ਨੇ ਕਿਹਾ।

ਜੇਕਰ ਰੱਬ ਦੀ ਰਹਿਮਤ ਸਦਕਾ "ਸਬਰ" ਮਿਲ ਵੀ ਗਿਆ ਤਾਂ ਸੰਭਾਲ ਕੇ ਰੱਖੀਂ... ਕਿਉਂਕਿ "ਸਬਰ" ਬਹੁਤਾ ਸਮਾਂ ਸਥਿਰ ਨਹੀਂ ਰਹਿੰਦਾ। ਤੈਨੂੰ "ਸਬਰ" ਸੰਭਾਲਣ ਵਾਸਤੇ ਆਤਮਿਕ ਤੌਰ ਤੇ ਮੇਰੇ ਵਰਗਾ ਭਿਖਾਰੀ ਬਣਨਾ ਪਏਗਾ। ਆਖ਼ਿਰ ਸੱਚਮੁੱਚ ਉਸ ਭਿਖਾਰੀ ਦੀ ਕੀਤੀ ਹੋਈ ਦੁਆ ਕਬੂਲ ਹੋਈ ਤੇ ਉਸ "ਸਬਰ" ਨੇ ਮੈਨੂੰ ਵੀ ਇੱਕ ਆਤਮਿਕ ਤੋਰ ਤੇ ਅਮੀਰ ਬਣਾ ਦਿੱਤਾ ਸੀ।

  ਗੁਰਪ੍ਰੀਤ ਸਿੰਘ ‘ਆਫ਼ਤਾਬ’