ਸ਼੍ਰੀ ਲੰਕਾ: ਚਰਚਾਂ ਅਤੇ ਹੋਟਲਾਂ 'ਚ ਬੰਬ ਧਮਾਕੇ, 200 ਦੇ ਕਰੀਬ ਮੌਤਾਂ, ਦੇਸ਼ ਵਿੱਚ ਕਰਫਿਊ ਲਾਇਆ

ਸ਼੍ਰੀ ਲੰਕਾ: ਚਰਚਾਂ ਅਤੇ ਹੋਟਲਾਂ 'ਚ ਬੰਬ ਧਮਾਕੇ, 200 ਦੇ ਕਰੀਬ ਮੌਤਾਂ, ਦੇਸ਼ ਵਿੱਚ ਕਰਫਿਊ ਲਾਇਆ

ਕੋਲੋਂਬੋ: ਸ਼੍ਰੀ ਲੰਕਾ ਵਿੱਚ ਅੱਜ ਵੱਖ-ਵੱਖ ਥਾਵਾਂ 'ਤੇ 8 ਧਮਾਕੇ ਹੋਏ ਜਿਹਨਾਂ ਵਿੱਚ 200 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਹੈ। ਇਹ ਧਮਾਕੇ ਇਸਾਈ ਮੱਤ ਦੇ ਧਾਰਮਿਕ ਸਥਾਨ ਚਰਚਾਂ ਅਤੇ ਵੱਡੇ ਹੋਟਲਾਂ ਵਿੱਚ ਹੋਏ। ਹੁਣ ਤੱਕ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਧਮਾਕਿਆਂ ਨੂੰ ਆਤਮਘਾਤੀ ਹਮਲਾਵਰਾਂ ਨੇ ਅੰਜਾਮ ਦਿੱਤਾ ਹੈ ਤੇ ਇਹ ਪੂਰੀ ਨੀਤੀ ਬਣਾ ਕੇ ਕੀਤਾ ਗਿਆ। 

ਸਭ ਤੋਂ ਪਹਿਲਾ ਧਮਾਕਾ ਸ਼੍ਰੀ ਲੰਕਾ ਦੀ ਰਾਜਧਾਨੀ ਕੋਲੋਂਬੋ ਵਿੱਚ ਸਥਿਤ ਇੱਕ ਚਰਚ 'ਚ ਹੋਇਆ। ਉਸ ਤੋਂ ਬਾਅਦ ਅੱਧੇ ਘੰਟੇ ਦੇ ਵਕਫੇ ਵਿੱਚ 6 ਦੇ ਕਰੀਬ ਧਮਾਕੇ ਹੋਏ। ਇਹਨਾਂ ਧਮਾਕਿਆਂ ਤੋਂ ਕਾਫੀ ਸਮੇਂ ਬਾਅਦ ਹੁਣ ਕੁਝ ਸਮਾਂ ਪਹਿਲਾਂ ਦੋ ਹੋਰ ਧਮਾਕੇ ਹੋਏ। ਇੱਕ ਧਮਾਕਾ ਇੱਕ ਹੋਟਲ ਵਿੱਚ ਹੋਇਆ ਜਦਕਿ ਦੂਜਾ ਧਮਾਕਾ ਇੱਕ ਘਰ ਵਿੱਚ ਹੋਇਆ ਜਦੋਂ ਪੁਲਿਸ ਛਾਪੇ ਦੌਰਾਨ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ। 
ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਕੌਮੀ ਸੁਰੱਖਿਆ ਕੌਂਸਲ ਦੇ ਉੱਚ ਅਫਸਰਾਂ ਦੀ ਹੰਗਾਮੀ ਬੈਠਕ ਬੁਲਾਈ ਹੈ। ਇਸ ਤੋਂ ਇਲਾਵਾ ਕੱਲ੍ਹ ਸੋਮਵਾਰ ਨੂੰ ਸ਼੍ਰੀ ਲੰਕਾ ਪਾਰਲੀਮੈਂਟ ਦੀ ਹੰਗਾਮੀ ਬੈਠਕ ਵੀ ਬੁਲਾ ਲਈ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਨਾਗਰਿਕਾਂ ਨੂੰ ਕਾਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। 

ਸ੍ਰੀ ਲੰਕਾ ਸਰਕਾਰ ਨੇ ਇਹਨਾਂ ਧਮਾਕਿਆਂ ਤੋਂ ਬਾਅਦ ਕੌਮੀ ਪੱਧਰ 'ਤੇ ਕਰਫਿਊ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਸਾਈਟਾਂ ਫੇਸਬੁੱਕ ਅਤੇ ਵਟਸਐਪ ਨੂੰ ਵੀ ਪੂਰੇ ਦੇਸ਼ ਵਿੱਚ ਬੰਦ ਕਰ ਦਿੱਤਾ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ