ਨਗਰ ਕੀਰਤਨ: ਪਰਿਭਾਸ਼ਾ, ਸਰੂਪ ਅਤੇ ਮਹੱਤਵ

ਨਗਰ ਕੀਰਤਨ: ਪਰਿਭਾਸ਼ਾ, ਸਰੂਪ ਅਤੇ ਮਹੱਤਵ

ਅੱਜ ਪੰਜਾਬ ਤੋਂ ਲੈ ਕੇ ਦੁਨੀਆਂ ਦੇ ਹਰ ਕੋਨੇ ਵਿੱਚ, ਜਿੱਥੇ ਵੀ ਸਿੱਖ ਵਸਦੇ ਹਨ, ਅਕਾਲ ਪੁਰਖ ਦਾ ਜੱਸ ਅਤੇ ਕੀਰਤੀ ਕਰਦੇ ਹਨ। ਸਿੱਖ ਕੌਮ ਇਤਿਹਾਸਕ ਮੌਕਿਆਂ ਉੱਪਰ ਨਗਰ ਕੀਰਤਨ ਸਜਾਉਂਦੀ ਹੈ। ਇਹ ਪਰੰਪਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਦੁਬਈ ਅਤੇ ਪਾਕਿਸਤਾਨ ਸਮੇਤ ਹਰ ਉਸ ਮੁਲਕ ਦੇ ਵਿੱਚ ਸ਼ਾਨ ਨਾਲ ਕਾਇਮ ਹੈ, ਜਿੱਥੇ ਗੁਰੂ ਨਾਨਕ ਨਾਮ ਲੇਵਾ ਇੱਕ ਵੀ ਸਿੱਖ ਵਸਿਆ ਹੋਇਆ ਹੈ। ਨਗਰ ਕੀਰਤਨ ਸ਼ਬਦ ਦੀ ਪਰਿਭਾਸ਼ਾ ਦੇਖੀਏ ਤਾਂ ਇਹ ਦੋ ਸ਼ਬਦਾਂ ਦਾ ਜੋੜ ਹੈ 'ਨਗਰ' ਅਤੇ 'ਕੀਰਤਨ'। ਕੀਰਤਨ ਸ਼ਬਦ ਗੁਰਬਾਣੀ 'ਚ ਅਨੇਕਾਂ ਵਾਰ ਆਇਆ ਹੈ। ਜਿੱਥੇ ਕੀਰਤਨ ਗਾਇਨ ਸਿੱਖੀ ਦਾ ਸ਼ਾਨਮਈ ਵਿਰਸਾ ਹੈ ਅਤੇ ਗੁਰੂ ਸਾਹਿਬਾਨ ਸਮੇਂ ਤੋਂ ਕੀਰਤਨ ਆਰੰਭ ਹੋਇਆ ਹੈ, ਉੱਥੇ ਇਹ ਸਦਾ ਹੀ ਕਾਇਮ ਹੈ ਅਤੇ ਰਹੇਗਾ ਵੀ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਅਨੇਕ ਥਾਵਾਂ 'ਤੇ ਇਹ ਸ਼ਬਦ ਹਨ, ਜਦੋਂ ਗੁਰੂ ਸਾਹਿਬ ਬਾਣੀ ਰਚਦੇ ਅਤੇ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਇਸ ਤੋਂ ਬਾਅਦ ਗੁਰੂ ਕਾਲ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਮੌਲਿਕ ਰੂਪ ਵਿੱਚ ਸਰੰਦਾ ਅਤੇ ਅਨੇਕਾਂ ਹੋਰ ਸਾਜ ਬਖਸ਼ੇ ਅਤੇ ਹਰ ਇੱਕ ਸਿੱਖ ਨੂੰ ਕੀਰਤਨ ਕਰਨ ਵਾਸਤੇ ਪ੍ਰੇਰਿਆ। ਮਹਾਨ ਗੌਰਵਮਈ ਵਿਰਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਉੱਚਾ ਰੁਤਬਾ ਦਿੱਤਾ। ਇੱਥੋਂ ਤੱਕ ਕਿ ਜੰਗਾਂ ਮੌਕੇ ਵੀ 'ਆਸਾ ਜੀ ਦੀ ਵਾਰ' ਦਾ ਕੀਰਤਨ ਆਪ ਖੁਦ ਕਰਨ ਦੀਆਂ ਇਤਿਹਾਸਕ ਮਿਸਾਲਾਂ ਸਾਹਮਣੇ ਹਨ। ਉਸ ਤੋਂ ਮਗਰੋਂ ਵੀ ਹਰ ਹਾਲ ਵਿੱਚ ਕੀਰਤਨ ਦਾ ਸਤਿਕਾਰ ਵਧਿਆ ਅਤੇ ਇਹ ਹਮੇਸ਼ਾ ਕਾਇਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿੱਚ ਦਰਜ ਕਰਨ ਅਤੇ ਰਾਗਾਂ ਵਿੱਚ ਗਾਇਨ ਦੀ ਵਿਧੀ ਇਸ ਦੀ ਮਿਸਾਲ ਹੈ, ਜਿਸ ਨੂੰ ਆਧਾਰ ਬਣਾ ਕੇ ਕੀਰਤਨੀਏ ਰਾਗਾਂ ਦਾ ਅਧਿਐਨ ਕਰਦੇ ਹਨ। ਜਿੱਥੇ ਕਿਤੇ ਸੁਧਾਰ ਦੀ ਗੁੰਜਾਇਸ਼ ਹੈ, ਇਸ ਨੂੰ ਹੋਰ ਪ੍ਰਚਾਰਨ ਦੀ ਲੋੜ ਹੈ।



ਸ਼ਬਦ 'ਨਗਰ' ਦਾ ਭਾਵ ਅਸਥਾਨ ਤੋਂ ਹੈ, ਚਾਹੇ ਪਿੰਡ, ਕਸਬਾ, ਸ਼ਹਿਰ, ਕੁਝ ਵੀ ਹੋਵੇ। ਦੇਸ਼- ਵਿਦੇਸ਼ ਜਿੱਥੇ ਵੀ, ਜਿਸ ਵੀ ਸ਼ਹਿਰ ਵਿੱਚ ਸਿੱਖ ਵੱਸਦੇ ਹਨ, ਉਨ੍ਹਾਂ ਲਈ ਉਹ ਨਗਰ ਹੈ। ਇਉਂ ਨਗਰ ਅਤੇ ਕੀਰਤਨ ਦੋਹੇਂ ਸ਼ਬਦਾਂ ਦੇ ਜੋੜ ਤੋਂ 'ਨਗਰ ਕੀਰਤਨ' ਬਣਦਾ ਹੈ, ਜਿਸ ਦਾ ਭਾਵ ਹੈ ਵਿਸ਼ੇਸ਼ ਧਾਰਮਿਕ ਮੌਕਿਆਂ 'ਤੇ ਨਗਰ ਵਿੱਚ ਕੀਰਤਨ ਕਰਦੇ ਹੋਏ ਸਿੱਖੀ ਦੀ ਸ਼ੋਭਾ ਵਧਾਉਣੀ ਅਤੇ ਹੋਰਨਾ ਕੌਮਾਂ ਨੂੰ ਇਸ ਤੋਂ ਜਾਣੂ ਕਰਵਾਉਣਾ। ਇਸ ਦਾ ਖਾਸ ਨਿਯਮ ਇਹ ਹੈ ਕਿ ਨਗਰ ਕੀਰਤਨ ਸਜਾਉਂਦੇ ਹੋਏ ਕੀਰਤਨ ਕਰਦਿਆਂ ਹੋਇਆਂ ਨਗਰ ਵਿੱਚ ਦੀ ਗੁਜ਼ਰਨਾ। ਨਗਰ ਵਿੱਚ ਕੀਰਤਨ ਗਾਇਨ ਕਰਦੇ ਚੱਲਣਾ। ਇਸ ਮਹਾਨ ਗੌਰਵਮਈ ਵਿਰਸੇ ਦਾ ਆਧਾਰ ਗੁਰੂ ਸਾਹਿਬਾਨ ਦਾ ਜਸ ਅਤੇ ਕੀਰਤੀ ਹਨ, ਕਿਉਂਕਿ ਨਗਰ ਕੀਰਤਨ ਨਿਰੋਲ ਧਾਰਮਿਕ ਅਤੇ ਸਿੱਖੀ ਪ੍ਰਚਾਰ ਦਾ ਜ਼ਰੀਆ ਹੈ, ਇਸ ਕਰਕੇ ਨਗਰ ਕੀਰਤਨ ਵਿੱਚ ਸਿੱਖ ਵਿਰਸੇ ਨਾਲ ਸਬੰਧਤ ਧਾਰਮਿਕ ਪੱਖਾਂ ਨੂੰ ਹੀ ਜੋੜ ਕੇ ਵੇਖਿਆ ਜਾਂਦਾ ਹੈ ਜਿਵੇਂ ਕਿ ਨਗਰ ਕੀਰਤਨ ਵਿੱਚ ਸਿੱਖਾਂ ਦੀ ਸ਼ਾਨਦਾਰ ਵਿਰਾਸਤ ਦਾ ਪ੍ਰਤੀਕ ਗੱਤਕਾ ਖੇਡਣਾ, ਜੋ ਕਿ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਹਰ ਗੁਰਦੁਆਰਾ ਸਾਹਿਬ ਤੱਕ ਮੌਜੂਦ ਹੈ। ਇਸ ਦੇ ਨਾਲ ਹੀ ਗੁਰਬਾਣੀ ਦੀ ਕਥਾ- ਵਿਚਾਰ, ਢਾਡੀ -ਕਵੀਸ਼ਰੀ ਪਰੰਪਰਾ, ਇਹ ਸਭ ਸਿੱਖੀ ਦੇ ਧਾਰਮਿਕ ਪੱਖ ਹਨ ਅਤੇ ਨਗਰ ਕੀਰਤਨ ਦਾ ਹਿੱਸਾ ਹਨ। ਵਿਦੇਸ਼ਾਂ ਵਿੱਚ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਨਗਰ ਕੀਰਤਨ ਦੇ ਮੌਕੇ 'ਤੇ ਵੱਧ ਤੋਂ ਵੱਧ ਬਹੁ- ਭਾਸ਼ਾਈ ਪੱਤਰ, ਇਤਿਹਾਸ ਅਤੇ ਵਿਰਸੇ ਦੇ ਮਹੱਤਵ ਨੂੰ ਪੇਸ਼ ਕਰਦਿਆਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾ ਵਿੱਚ ਵੰਡੇ ਜਾਣ।



ਨਗਰ ਕੀਰਤਨ ਦੇ ਸ਼ੋਭਨੀਕ ਸਰੂਪ ਦੀ ਮਹੱਤਤਾ ਇਹ ਵੀ ਹੈ ਕਿ ਬਹੁਤਾਤ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਗਰ ਤੁਰਨ, ਨਾ ਕਿ ਜ਼ਿਆਦਾ ਤਾਦਾਦ ਵਿੱਚ ਗੱਡੀਆਂ ਚੱਲਣ। ਚੱਲਦਿਆਂ ਹੋਇਆਂ ਇਹ ਵੀ ਖਿਆਲ ਰੱਖਿਆ ਜਾਏ ਕਿ ਅਸੀਂ ਗੁਰਬਾਣੀ ਤੇ ਨਗਰ ਕੀਰਤਨ ਦਾ ਸਤਿਕਾਰ ਕਰਦੇ ਹੋਏ ਸਿਰ ਢੱਕੇ ਹਨ ਅਤੇ ਕਿਸੇ ਵੀ ਕਿਸਮ ਦੇ ਨਸ਼ਾ ਸੇਵਨ ਦੀ ਪ੍ਰਵਿਰਤੀ ਤੋਂ ਮੁਕਤ ਹਾਂ। ਸਿੱਖੀ ਵਿੱਚ ਨਸ਼ਾ ਕਰਨ ਦਾ ਵਿਰੋਧ ਹੈ ਅਤੇ ਇਹ ਮਾਹੌਲ ਨੂੰ ਖਰਾਬ ਕਰਦਾ ਹੈ। ਨਗਰ ਕੀਰਤਨ ਮੌਕੇ ਕਈ ਵਾਰ ਗੁਰਬਾਣੀ ਪ੍ਰਚਾਰ ਦੀ ਥਾਂ ਤੇ ਵੱਖ- ਵੱਖ ਫਲੋਟਾਂ 'ਤੇ ਪੈਸੇ ਇਕੱਤਰ ਕਰਨ ਜਾਂ ਕਾਰੋਬਾਰੀ ਪ੍ਰਚਾਰ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦਾ ਨਗਰ ਕੀਰਤਨ ਨਾਲ ਸਬੰਧ ਨਹੀਂ ਹੁੰਦਾ। ਅਜਿਹਾ ਕਰਨਾ ਨਗਰ ਕੀਰਤਨ ਦੇ ਸਰੂਪ ਅਤੇ ਪਰਿਭਾਸ਼ਾ ਦੇ ਬਿਲਕੁਲ ਉਲਟ ਹੈ ਅਤੇ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ। ਨਗਰ ਕੀਰਤਨ ਦੌਰਾਨ ਸਟੇਜਾਂ ਤੋਂ ਲੋਕ ਨਾਚ ਭੰਗੜੇ ਜਾਂ ਗਿੱਧੇ ਦੀਆਂ ਪੇਸ਼ਕਾਰੀਆਂ ਨਗਰ ਕੀਰਤਨ ਦੇ ਸਰੂਪ ਦੇ ਬਿਲਕੁਲ ਅਨੁਕੂਲ ਨਹੀਂ। ਇਨ੍ਹਾਂ ਪੇਸ਼ਕਾਰੀਆਂ ਦੀ ਥਾਂ ਦਸਤਾਰਾਂ ਸਜਾਉਣ, ਬੀਰਰਸੀ ਵਾਰਾਂ ਗਾਉਣ ਅਤੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਦਿਖਾਉਣ ਨੂੰ ਪ੍ਰਚਾਰਨਾ ਤੇ ਪ੍ਰਸਾਰਨਾ ਚਾਹੀਦਾ ਹੈ। ਲੋਕ ਕਲਾਵਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਨਗਰ ਕੀਰਤਨ ਦੀ ਜਗ੍ਹਾ ਵੱਖਰੇ ਮੰਚ ਤੋਂ ਹੋਣੀ ਚਾਹੀਦੀ ਹੈ। ਇਹ ਨਾ ਵਿਵਾਦ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਨਾ ਹੀ ਇਸ 'ਤੇ ਕੋਈ ਸੁਆਲ ਹੀ ਉੱਠਣ ਦੀ ਗੁੰਜਾਇਸ਼ ਹੈ, ਕਿਉਂਕਿ ਨਗਰ ਕੀਰਤਨ ਦਾ ਭਾਵ ਕੀਰਤਨ ਤੋਂ ਹੈ ਜੋ ਨਗਰ 'ਚੋਂ ਗੁਜ਼ਰਦਿਆਂ ਸ਼ਰਧਾ -ਸਤਿਕਾਰ ਅਤੇ ਪ੍ਰੇਮ -ਰਸ ਵਿੱਚ ਭਿੱਜ ਕੇ ਕੀਤਾ ਜਾਂਦਾ ਹੈ। ਨਗਰ ਕੀਰਤਨ ਮੌਕੇ ਰਾਜਸੀ ਪਾਰਟੀਆਂ ਵੱਲੋਂ ਆਪਣੀਆਂ ਸਟੇਜਾਂ ਲਾਉਣ ਅਤੇ ਪ੍ਰਚਾਰ ਕਰਨ ਦੀ ਸੋਚ ਵੀ ਗਲਤ ਹੈ। ਅਜਿਹਾ ਕਰਕੇ ਉਹ ਧਾਰਮਿਕ ਕਾਰਜ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਵਿਰਸੇ ਅਤੇ ਇਤਿਹਾਸ ਨਾਲ ਸਬੰਧਤ ਵਿਚਾਰਾਂ ਨਗਰ ਕੀਰਤਨ ਦਾ ਮੂਲ ਮਨੋਰਥ ਹੋਣੀਆਂ ਚਾਹੀਦੀਆਂ ਹਨ, ਜਿੰਨਾਂ ਵਿੱਚ ਸਿੱਖ ਕੌਮ ਦੇ ਲੰਮੇ ਸੰਘਰਸ਼ ਅਤੇ ਚੁਣੌਤੀਆਂ ਸਬੰਧੀ ਖਾਲਸੇ ਦੇ ਨੁਕਤਾ-ਨਿਗਾਹ ਤੋਂ ਵਿਚਾਰਾਂ ਹੋਣ ਨਾ ਕਿ ਪੁਲੀਟੀਕਲ ਪਾਰਟੀਆਂ ਆਪਣਾ ਪ੍ਰਚਾਰ ਕਰਨ। ਇੱਥੇ ਇਹ ਚੰਗੀ ਗੱਲ ਹੈ ਕਿ ਜੇਕਰ ਵੱਖ- ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਸਟੇਜਾਂ ਤੋਂ ਨਗਰ ਕੀਰਤਨ ਦੇ ਇਤਿਹਾਸਕ ਮਹੱਤਵ ਅਤੇ ਸਿੱਖੀ ਨਾਲ ਸਬੰਧਤ ਕਾਰਜਾਂ ਬਾਰੇ ਸੰਬੰਧਿਤ ਰਾਜਸੀ ਧਿਰ ਵੱਲੋਂ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਦੀ ਜਾਣਕਾਰੀ ਦਿੱਤੀ ਜਾਵੇ ਨਾ ਕਿ ਸਿਆਸੀ ਚੋਣ ਪ੍ਰਚਾਰ ਹੀ ਨਗਰ ਕੀਰਤਨ ਦਾ ਕੇਂਦਰ ਬਿੰਦੂ ਹੋਣ।



ਸੰਗਤ ਰੂਪ ਵਿੱਚ ਨਗਰ ਕੀਰਤਨ ਦੀ ਪਰਿਭਾਸ਼ਾ ਅਤੇ ਸਰੂਪ ਦੇ ਅਨੁਕੂਲ ਚੱਲਦਿਆਂ ਇਹ ਯਤਨ ਹੋਵੇ ਕਿ ਇਹ ਮਨੋਰੰਜਨ ਦਾ ਕੇਂਦਰ ਬਿੰਦੂ ਨਾ ਹੋ ਕੇ, ਮਹਾਨ ਵਿਰਸੇ ਦੀ ਇਤਿਹਾਸਕ ਜਾਣਕਾਰੀ ਦਾ ਕੇਂਦਰ ਹੈ। ਸੋ ਅਜਿਹੀ ਸੋਚ ਨਾਲ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਜਾਵੇ। ਥਾਂ-ਥਾਂ ਲੱਗੇ ਸਟਾਲਾਂ ਦੀ ਸੇਵਾ ਜਿੱਥੇ ਬਹੁਤ ਅਹਿਮ ਹੈ, ਉੱਥੇ ਇਹ ਵੀ ਖਿਆਲ ਰੱਖਿਆ ਜਾਵੇ ਕਿ ਨਿਰਾ ਭੋਜਨ ਵੰਡਣ 'ਤੇ ਹੀ ਅਸੀਂ ਕੇਂਦਰਿਤ ਨਾ ਹੋ ਜਾਈਏ, ਸਗੋਂ 'ਸ਼ਬਦ ਦੇ ਲੰਗਰ' ਭਾਵ ਕਿਤਾਬਾਂ ਦੇ ਸਟਾਲ ਵੀ ਵੱਧ ਤੋਂ ਵੱਧ ਲਗਾਏ ਜਾਣ। ਖਾਣ-ਪੀਣ ਲਈ ਜਿੱਥੇ ਸਾਫ਼ ਸਫ਼ਾਈ ਦਾ ਖ਼ਿਆਲ ਰੱਖਣਾ ਬੜਾ ਉਚਿਤ ਹੈ, ਉੱਥੇ ਪਲਾਸਟਿਕ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨਾ ਵੀ ਗਲਤ ਹੈ। ਇਸ ਤੋਂ ਗੁਰੇਜ਼ ਕੀਤਾ ਜਾਣਾ ਬਣਦਾ ਹੈ। ਬਹੁਤ ਸਾਰੇ ਪੇਪਰਾਂ 'ਤੇ ਮਨੋ ਕਲਪਿਤ ਗੁਰੂ ਤਸਵੀਰਾਂ ਛਾਪ ਕੇ, ਫਿਰ ਉਨ੍ਹਾਂ ਵਿੱਚ ਖਾਣ ਪੀਣ ਲਈ ਪਦਾਰਥ ਲਪੇਟ ਕੇ ਲਿਜਾਣਾ ਗਲਤ ਹੈ। ਗੁਰਬਾਣੀ ਦੀਆਂ ਪੰਗਤੀਆਂ ਤੇ ਗੁਰਮੁੱਖੀ ਅੱਖਰ, ਇਨ੍ਹਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਆਮ ਦੇਖਿਆ ਜਾਂਦਾ ਹੈ ਕਿ ਅਜਿਹੇ ਮੌਕਿਆਂ 'ਤੇ ਅਜਿਹੇ ਦਸਤਾਵੇਜ਼ ਪੈਰਾਂ ਵਿੱਚ ਰੁਲ ਰਹੇ ਹੁੰਦੇ ਹਨ ਜੋ ਕਿ ਗੁਰਬਾਣੀ ਦਾ ਨਿਰਾਦਰ ਹੈ। ਨਗਰ ਕੀਰਤਨ ਵਿੱਚ ਬੱਚਿਆਂ ਨੂੰ ਲਿਜਾਣ ਤੋਂ ਪਹਿਲਾਂ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਏ। ਇਹ ਜ਼ਰੂਰੀ ਇਸ ਕਰਕੇ ਹੈ ਕਿ ਬੱਚੇ ਇਤਿਹਾਸ ਅਤੇ ਵਿਰਸੇ ਬਾਰੇ ਗਿਆਨ ਰੱਖਣ, ਜੋ ਕਿ ਨਗਰ ਕੀਰਤਨ ਦਾ ਮਨੋਰਥ ਹੈ, ਨਾ ਕਿ ਉਹ ਕੇਵਲ ਭੋਜਨ ਸਟਾਲਾਂ ਤੇ ਮੌਜ -ਮੇਲਿਆਂ ਨੂੰ ਹੀ ਨਗਰ ਕੀਰਤਨ ਆਖਣ। ਇਹ ਤਦ ਹੀ ਹੋ ਸਕਦਾ ਹੈ ਜੇ ਸਾਨੂੰ ਆਪ ਨੂੰ ਆਪਣੇ ਮਹਾਨ ਵਿਰਸੇ ਦੀ ਸੋਝੀ ਹੋਵੇ ਅਤੇ ਇਤਿਹਾਸ ਨੂੰ ਪੜ੍ਹਿਆ ਹੋਵੇ। ਜਿਹੜੇ ਸਕੂਲਾਂ- ਅਕੈਡਮੀਆਂ ਦੇ ਬੱਚੇ ਇਤਿਹਾਸ ਦੀ ਜਾਣਕਾਰੀ ਨਾਲ ਸਜ-ਧਜ ਕੇ ਖਾਲਸਾਈ ਪਹਿਰਾਵੇ ਵਿੱਚ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹਨ, ਉਨ੍ਹਾਂ ਦੇ ਮਾਪੇ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਮੌਕੇ ਹਉਮੈ, ਹੰਕਾਰ ਅਤੇ ਕ੍ਰੋਧ ਦੀ ਥਾਂ ਨਿਮਰਤਾ, ਸਤਿਕਾਰ ਅਤੇ ਪ੍ਰੇਮ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਨਗਰ ਕੀਰਤਨ ਦੀ ਸ਼ਾਨ ਅਤੇ ਗੁਰੂ ਦੇ ਸਤਿਕਾਰ ਦੇ ਧਾਰਨੀ ਹੋ ਸਕਦੇ ਹਾਂ ਅਤੇ ਫਖ਼ਰ ਨਾਲ ਆਖ ਸਕਦੇ ਹਾਂ: 

'ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ' 

ਡਾ. ਗੁਰਵਿੰਦਰ ਸਿੰਘ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ