ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ: ਸ੍ਰੀ ਅਨੰਦਪੁਰ ਸਾਹਿਬ

ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ: ਸ੍ਰੀ ਅਨੰਦਪੁਰ ਸਾਹਿਬ

 ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਸਦੈਵ ਯਤਨਸ਼ੀਲ ਸੰਸਥਾ..


         ਮਨੁੱਖ ਆਪਣੇ ਜੀਵਨ ਅੰਦਰ ਜਨਮ ਤੋਂ ਲੈ ਕੇ ਮੌਤ ਤੱਕ ਨਿਰੰਤਰ ਸਿੱਖਦਾ ਰਹਿੰਦਾ ਹੈ।ਵੱਖ- ਵੱਖ ਪੜਾਵਾਂ ਵਿਚੋਂ ਲੰਘਦੇ ਮਨੁੱਖ ਲਈ ਵਿਦਿਆਰਥੀ ਜੀਵਨ ਅਹਿਮ ਮਹੱਤਤਾ ਰੱਖਦਾ ਹੈ।ਵਿਦਿਆਰਥੀ ਜੀਵਨ ਦੌਰਾਨ ਹੀ ਉਸ ਦੀ ਸਾਂਝ ਵਿਸ਼ਵ ਵਿਆਪੀ ਗਿਆਨ ਦੇ ਨਾਲ ਪੈਂਦੀ ਹੈ।ਜਿਸ ਨੂੰ ਸਿੱਖਦਾ,ਗ੍ਰਹਿਣ ਕਰਦਾ ਅਥਵਾ ਅਪਣਾਉਂਦਾ ਹੈ।ਇਸੇ ਲਈ ਵਿਦਿਆਰਥੀ ਜੀਵਨ ਨੂੰ ਸੁਨਹਿਰੀ ਸਮਾਂ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਾਡੇ ਭਵਿੱਖ ਦਾ ਆਧਾਰ ਹੁੰਦਾ ਹੈ।ਅਸੀਂ ਸਾਰੇ ਭਲੀ ਭਾਂਤ ਇਹ ਗੱਲ ਸਵੀਕਾਰ ਕਰਦੇ ਹਾਂ ਕਿ ਦਸਵੀਂ ਤੇ ਬਾਰ੍ਹਵੀਂ   ਤੋਂ ਬਾਦ ਵਿਦਿਆਰਥੀ ਨੂੰ ਕੋਰਸ ਦੀ ਚੋਣ ਸੰਬੰਧੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ   ਕਰਨਾ ਪੈਂਦਾ ਹੈ।ਅਜਿਹੇ ਵਿਚ ਜੇਕਰ ਉਸ ਨੂੰ ਸਹੀ ਸੇਧ ਨਾ ਮਿਲੇ ਤਾਂ ਉਸ ਦਾ ਭਵਿੱਖ ਖਤਰੇ ਵਿਚ ਪੈ ਜਾਂਦਾ ਹੈ ਇਸ ਦੇ ਉਲਟ ਜਿਸ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਸਫ਼ਲਤਾ ਦੀ ਟੀਸੀ ਤੇ ਪੁੱਜਣਾ ਆਸਾਨ ਹੋ ਜਾਂਦਾ ਹੈ। ਕੁਝ ਵਿੱਦਿਅਕ ਅਦਾਰੇ ਅਜਿਹੇ ਵੀ ਹਨ ਜੋ ਵਿਦਿਆਰਥੀ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਅਗਰਸਰ ਹਨ।ਜਿਸ ਦੀ ਇਕ ਜੀਵੰਤ ਮਿਸਾਲ ਹੈ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ,ਸ੍ਰੀ ਅਨੰਦਪੁਰ ਸਾਹਿਬ।

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ,ਸ੍ਰੀ ਅਨੰਦਪੁਰ ਸਾਹਿਬ ਉੱਤਰੀ ਭਾਰਤ ਦੀਆਂ ਵਿੱਦਿਅਕ ਸੰਸਥਾਵਾਂ ਵਿੱਚੋਂ ਲਗਾਤਾਰ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ।ਇਹ ਕਾਲਜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਅਤੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ।ਇਸ ਕਾਲਜ ਨੂੰ ਨੈੱਕ ਬੰਗਲੌਰ ਵੱਲੋਂ “ਏ” ਗ੍ਰੇਡ ਪ੍ਰਾਪਤ ਹੈ। ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਕਾਲਜ ਨੂੰ “ਸਟਾਰ” ਸਟੇਟਸ ਦਾ ਮਾਣ ਪ੍ਰਾਪਤ ਹੈ। ਵਰਣਨਯੋਗ ਹੈ ਕਿ ਪੰਜਾਬ ਵਿਚ ਸਟਾਰ  ਸਟੇਟਸ ਪ੍ਰਾਪਤ ਕਰਨ ਵਾਲਾ ਇਹ ਪਹਿਲਾ ਕਾਲਜ ਹੈ। 2016 ਵਿਚ ਕਾਲਜ ਨੂੰ ਯੂ.ਜੀ.ਸੀ. ਵੱਲੋਂ “ਕਾਲਜ ਵਿਦ ਪੋਟੈਸ਼ੀਅਲ ਫ਼ਾਰ ਐਕਸੀਲੈਂਸ"ਦਾ ਸਟੇਟਸ ਪ੍ਰਾਪਤ ਹੋਇਆ।ਇਸ ਦਾ ਮੁਲਾਂਕਣ ਵੀ ਯੂ.ਜੀ.ਸੀ.ਦੀ ਟੀਮ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਕਾਲਜ ਦੇ ਕਾਰਜਾਂ ਦੀ ਸ਼ਲਾਘਾ ਕੀਤੀ।ਕਾਲਜ ਨੂੰ ਭਾਰਤ ਸਰਕਾਰ ਵੱਲੋਂ “ਉੱਨਤ ਭਾਰਤ ਅਭਿਆਨ” ਸਕੀਮ ਪ੍ਰਾਪਤ ਹੈ, ਜਿਸ ਅਧੀਨ ਬਹੁਤ ਸਫ਼ਲਤਾਪੂਰਵਕ ਕੰਮ ਚੱਲ ਰਿਹਾ ਹੈ। ਵਰਣਨਯੋਗ ਹੈ ਕਿ ਕਾਲਜ ਨੂੰ ਸ਼ੈਸ਼ਨ 2019-20 ਤੋਂ “ਆਟੋਨੌਮਸ ਕਾਲਜ ” ਦਾ ਅਤਿ ਸਨਮਾਨਯੋਗ ਦਰਜਾ ਪ੍ਰਾਪਤ ਹੋਇਆ ਹੈ।ਕਾਲਜ ਲਈ ਮਾਣ ਦੀ ਗੱਲ ਹੈ ਕਿ ਸ਼ੈਸ਼ਨ 2019-20 ਵਿਚ ਹੀ ਕਾਲਜ ਨੂੰ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਵੱਲੋਂ “ਫਿਸਟ”(DST-FIST)ਸਕੀਮ ਪ੍ਰਾਪਤ ਹੋਈ।ਜ਼ਿਕਰਯੋਗ ਹੈ ਕਿ ਇਹ ਸਕੀਮ ਵੀ ਪੰਜਾਬ ਦੇ ਕੇਵਲ ਦੋ ਕਾਲਜਾਂ ਨੂੰ ਹੀ ਪ੍ਰਾਪਤ ਹੋਈ ਹੈ।ਕਾਲਜ ਨੂੰ ਕੁਆਲਿਟੀ ਮੈਨੇਜਮੈਂਟ ਸਿਸਟਮ ਤਹਿਤ ISO 9001: 2015 ਦੀ ਸਰਟੀਫਿਕੇਟਸ਼ਨ ਪ੍ਰਾਪਤ ਹੋਈ। ਕਾਲਜ ਵੈੱਬਸਾਈਟ ਤੋਂ ਹੋਏ ਨਿਰੀਖਣ ਵਿੱਚ ਕਾਲਜ ਨੇ ਆਪਣੇ ਤਿੰਨ ਸਾਲਾਂ ਦੀ ਆਟੋਨੌਮਸ ਵਰਕਿੰਗ ਵਿੱਚ ਪੰਜ-ਦਸ ਸਾਲਾਂ ਤੋਂ ਚੱਲ ਰਹੇ ਲਗਭਗ 235 ਆਟੋਨੌਮਸ ਕਾਲਜਾਂ ਨੂੰ ਪਿੱਛੇ ਛੱਡਦੇ ਹੋਏ ਆਲ ਇੰਡੀਆ ਐਜੂਕੇਸ਼ਨ  ਰੈਕਿੰਗ ਵਿੱਚ ਭਾਰਤ ਵਿਚੋਂ 56ਵਾਂ ਅਤੇ ਪੰਜਾਬ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ।


ਕਾਲਜ ਦੀ ਇਸ ਸਫਲਤਾ ਦਾ ਸਿਹਰਾ ਕਾਲਜ ਦੇ ਦੂਰਅੰਦੇਸ਼ੀ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੂੰ ਜਾਂਦਾ ਹੈ । ਇਨ੍ਹਾਂ ਦੀ ਯੋਗ ਅਗਵਾਈ ਸਦਕਾ ਹਮੇਸ਼ਾਂ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ। ਅਦਾਰੇ ਨੂੰ ਬੁਲੰਦੀਆਂ ਤੇ ਲੈ ਆਉਣਾ ਅਤੇ ਲਗਾਤਾਰ ਉਸ ਲੀਹ ਤੇ ਚੱਲਦਾ ਰੱਖਣਾ ਆਪਣੇ ਆਪ ਵਿੱਚ ਮਹੱਤਤਾ ਰੱਖਦਾ ਹੈ।ਇਸੇ ਗੱਲ ਦਾ  ਪ੍ਰਤੱਖ ਪ੍ਰਮਾਣ ਹੈ ਕਿ ਸਮੁੱਚਾ ਸਟਾਫ਼  ਪੂਰੀ ਤਨਦੇਹੀ ਦੇ ਨਾਲ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ।ਪ੍ਰਿੰਸੀਪਲ ਸਰ ਅਤੇ ਸਮੂਹ ਸਟਾਫ਼ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ  ਲਈ ਲਗਾਤਾਰ ਕਾਰਜਸ਼ੀਲ  ਹਨ। ਉਹ ਵਿਦਿਆਰਥੀ ਦੇ ਹੁਨਰ ਦੀ ਪਛਾਣ ਕਰਕੇ ਉਸ ਅੰਦਰੋਂ ਹਾਰਨ ਦਾ ਡਰ ਕੱਢ ਕੇ ਉਸ ਨੂੰ ਪਰਿਵਰਤਨਸ਼ੀਲ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਯੋਗ ਬਣਾਉਂਦੇ ਹਨ। ਕਾਲਜ  ਪੜ੍ਹਾਈ ਦੇ ਨਾਲ ਨਾਲ ਅਨੇਕਾਂ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾਂ ਮੋਹਰੀ ਰਹਿੰਦਾ ਹੈ, ਚਾਹੇ ਉਹ ਸੱਭਿਆਚਾਰਕ ਗਤੀਵਿਧੀਆਂ ਹੋਣ ਜਾਂ ਫਿਰ ਖੇਡਾਂ ਨਾਲ ਸਬੰਧਿਤ ਜਾਂ ਫਿਰ  ਅਕਾਦਮਿਕ ਗਤੀਵਿਧੀਆਂ ਹੋਣ।ਕਾਲਜ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਕਲਾ ਦੀ ਪੇਸ਼ਕਾਰੀ ਨਾਲ ਮਾਣ-ਮੱਤੀਆਂ ਪ੍ਰਾਪਤ ਕੀਤੀਆਂ ਤੇ ਨਾਮਣਾ ਖੱਟਿਆ ਹੈ।ਵਿਦਿਆਰਥੀ ਗਿੱਧਾ, ਭੰਗੜਾ, ਲੋਕ-ਗੀਤ, ਨਾਟਕ, ਮਾਈਮ, ਡਿਬੇਟ, ਭਾਸ਼ਣ, ਕਵਿਤਾ ਉਚਾਰਨ ਅਤੇ ਪ੍ਰਦਰਸ਼ਨੀ ਕਲਾਵਾਂ ਆਦਿ ਵਿੱਚ ਆਪਣੀ ਕਲਾ ਦਾ ਜ਼ੋਹਰ ਵਿਖਾ ਕੇ ਅਨੇਕਾਂ ਉੱਚ ਪੱਧਰੀ ਮੁਕਾਬਲਿਆਂ  ਦੌਰਾਨ ਜੇਤੂ ਰਹੇ ਹਨ।ਕਾਲਜ ਦੀ ਵਿਦਿਆਰਥਣ ਲਵਲੀਨ ਕੌਰ ਨੇ ਆਲ ਇੰਡੀਆਂ ਯੂਨੀਵਰਸਿਟੀ ਵਿਚ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੀ ਪ੍ਰਤੀਨਿਧਤਾ ਕਰਦਿਆਂ ਗੀਤ/ਗਜ਼ਲ਼ ਅਤੇ ਪੱਛਮੀ ਸੋਲੋ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਜ਼ਿਕਰਯੋਗ ਹੈ ਕਿ ਕਾਲਜ ਦੀ ਵਿਦਿਆਰਥੀ  ਐਥਲੈਟਿਕਸ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਗੌਰਵਮਈ ਪ੍ਰਾਪਤੀਆਂ ਕਰਦੇ ਹਨ।ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਆਪਣਾ ਨਾਂ ਦਰਜ ਕਰਦੇ ਹਨ ਅਤੇ  ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਪਾਸ ਕਰਦੇ ਹਨ। 

ਜ਼ਿਕਰਯੋਗ ਹੈ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਭਾਸ਼ਾ,ਸੱਭਿਆਚਾਰ ਅਤੇ ਸਾਹਿਤ  ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਭਾਸ਼ਾ ਮੰਚ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਮੈਨੂੰ ਪ੍ਰਧਾਨ ਵੀ ਚੁਣਿਆ ਗਿਆ।ਵੱਖੋ-ਵੱਖ ਵਿਭਾਗਾਂ ਵੱਲੋਂ ਸਮੇਂ-ਸਮੇਂ ’ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵੈਬੀਨਾਰ,ਕਾਨਫ਼ਰੰਸ ਅਤੇ ਵਰਕਸ਼ਾਪਸ ਆਯੋਜਿਤ ਕੀਤੀਆ ਜਾਂਦੀਆਂ ਹਨ।ਇਸ ਤਰ੍ਹਾਂ ਕਾਲਜ ਵੱਲੋਂ ਅਜਿਹਾ ਸਹਾਇਕ ਅਤੇ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਵਿਦਿਆਰਥੀ ਨੂੰ ਟੀਚੇ ਤੱਕ ਪਹੁੰਚਣ ਵਿੱਚ  ਸਹਾਇਤਾ ਕਰਦਾ ਹੈ। ਕਾਲਜ ਵਿਖੇ ਲਗਪਗ ਹਰ ਸਟ੍ਰੀਮ ਨਾਲ ਸੰਬੰਧਤ ਹਰ ਇੱਕ ਕੋਰਸ ਉਪਲੱਬਧ ਹੈ ।ਕਾਲਜ ਵਿਖੇ  ਪੱਚੀ ਯੂ.ਜੀ. ਅਤੇ ਚੌਵੀ ਪੀ.ਜੀ. ਕੋਰਸ ਕਰਵਾਏ ਜਾਂਦੇ ਹਨ। ਕਾਲਜ ਦੇ ਵਿਚ ਪੋਸਟ ਗ੍ਰੈਜੂਏਸ਼ਨ ਦੇ   ਵਿਦਿਆਰਥੀਆਂ ਨੂੰ ਯੂ. ਜੀ. ਸੀ. ਨੈੱਟ ਪੇਪਰ ਦੀ ਤਿਆਰੀ ਵੀ ਨਾਲ-ਨਾਲ ਕਰਵਾਈ ਗਈ। ਅਨੇਕਾਂ ਵੈਲਿਊ ਏਡਿਡ ਕੋਰਸ ਵੀ ਕਰਵਾਏ ਜਾਂਦੇ ਹਨ।ਜਿਵੇਂ ਟਾਈਪਿੰਗ ਕਰਨੀ? ਜਾਂ ਫੌਂਟ  ਕਨਵਰਟ ਕਰਨੇ? ਆਦਿ ।ਸੁਣ ਕੇ ਹੈਰਾਨੀ ਹੋਵੇਗੀ ਕਿ ਇਹ ਸਭ ਕੁਝ ਕਾਲਜ ਵੱਲੋਂ ਮੁਫ਼ਤ ਦੇ ਵਿਚ ਮੁਹੱਈਆ ਕਰਵਾਇਆ ਜਾਂਦਾ ਹੈ।ਸਮੇਂ- ਸਮੇਂ ਤੇ ਵਿੱਦਿਅਕ ਟੂਰ ਲਗਵਾਏ ਜਾਂਦੇ ਹਨ ਜਿਸ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।ਅਜਿਹੇ ਕਾਲਜ ਦਾ ਵਿਦਿਆਰਥੀ ਹੋਣ ਤੇ ਆਪਣੇ ਆਪ ਵਿੱਚ ਮਾਣ ਮਹਿਸੂਸ ਹੁੰਦਾ ਹੈ।

ਕਾਲਜ ਵਿਖੇ ਵਿਸ਼ਾਲ ਏ.ਸੀ.ਲਾਇਬ੍ਰੇਰੀ ਰੀਡਿੰਗ ਹਾਲ ਹੈ ,ਜਿਸ ਵਿਚ 3135000 ਈ-ਪੁਸਤਕਾਂ, 6000 ਕੌਮੀ ਤੇ ਕੌਮਾਂਤਰੀ ਈ-ਜਰਨਲ ਅਤੇ 48000 ਤੋਂ ਵੱਧ ਪੁਸਤਕਾਂ ਮੌਜੂਦ ਹਨ।ਮੈਂ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਸਮੇਂ ਕੋਈ ਵੀ ਕਿਤਾਬ ਬਾਹਰੋਂ ਮੁੱਲ ਦੀ ਨਹੀਂ ਖਰੀਦੀ ਕਿਉਂਕਿ ਕਾਲਜ ਲਾਇਬਰੇਰੀ ਦੇ ਵਿਚੋਂ ਹਰ ਉਹ ਕਿਤਾਬ ਉਪਲੱਬਧ ਹੋ ਜਾਂਦੀ ਸੀ ,ਜਿਸ ਦੀ ਲੋੜ ਹੁੰਦੀ ਸੀ।ਇਸ ਦੇ ਨਾਲ- ਨਾਲ ਹਰ ਵਿਭਾਗ ਦੀ ਆਪਣੀ ਵੀ ਇੱਕ ਲਾਇਬਰੇਰੀ ਹੈ, ਜਿੱਥੇ  ਵੱਡੇ- ਵੱਡੇ  ਕੋਸ਼ ਅਤੇ ਹੋਰ ਸੰਦਰਭਗਤ ਪੁਸਤਕਾਂ ਆਸਾਨੀ ਨਾਲ ਪ੍ਰਾਪਤ ਹੋ ਜਾਂਦੀਆਂ ਹਨ।ਇਸ ਤੋਂ ਇਲਾਵਾ ਕਾਲਜ ਵਿੱਚ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੀ ਸਥਾਪਿਤ ਹੈ, ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਕਾਲਜ ਲਈ ਮਾਣ ਦੀ ਗੱਲ ਹੈ ਕਿ ਹਰ ਸਾਲ ਫਾਈਨਲ ਈਅਰ ਦੇ  ਬਹੁਗਿਣਤੀ ਵਿਦਿਆਰਥੀਆਂ ਦੀ ਵੱਖੋ-ਵੱਖ ਕੰਪਨੀਆਂ ,ਸੰਸਥਾਵਾਂ ਆਦਿ ਵਿਚ ਪਲੇਸਮੈਂਟ ਹੁੰਦੀ ਹੈ। 

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰ ਮੰਤਰਾਲੇ ਵੱਲੋਂ ਕਾਲਜ ਵਿੱਚ 90.8MHz  ਉੱਪਰ ਚੱਲਣ ਵਾਲਾ ਕਮਿਊਨਿਟੀ ਰੇਡੀਓ ਸਥਾਪਿਤ ਹੈ। ਜਿਸ ਵਿੱਚ ਐਜੂਕੇਸ਼ਨਲ, ਧਾਰਮਿਕ, ਸਮਾਜਿਕ, ਚਲੰਤ ਮਸਲਿਆਂ ਅਤੇ ਵਿਦਿਆਰਥੀਆਂ ਨਾਲ ਸਬੰਧਿਤ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਕਾਲਜ ਕੈਂਪਸ ਅੰਦਰ ਬਣੇ ਸ਼ਾਨਦਾਰ ਲੜਕੀਆਂ ਦੇ ਹੋਸਟਲ ਵਿੱਚ ਸੁਰੱਖਿਆ ਪੱਖੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਲੜਕੀਆਂ ਲਈ ਬੱਸਾਂ ਦੀ ਸੁਵਿਧਾ ਵੀ ਉਪਲੱਬਧ ਹੈ।  ਕਾਲਜ ਵਿੱਚ ਐੱਨ.ਐੱਸ.ਐੱਸ., ਐੱਨ.ਸੀ.ਸੀ. ਅਤੇ ਰੈੱਡ ਕਰਾਸ ਦੇ ਯੂਨਿਟ ਵੀ ਸਥਾਪਿਤ ਹਨ। ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਨੂੰ ਸੰਵਾਰਨ ਤੋਂ ਲੈ ਕੇ ਸਮਾਜਿਕ ਗਤੀਵਿਧੀਆਂ ਦੇ ਕਾਰਜ ਕੀਤੇ ਜਾਂਦੇ ਹਨ। ਐਨ.ਐਸ.ਐਸ. ਵਿਭਾਗ ਵੱਲੋਂ ਹਰ ਸਾਲ  ਸੱਤ ਰੋਜ਼ਾ ਕੈਂਪ ਲਗਾਏ ਜਾਂਦੇ ਹਨ ਅਤੇ ਵਲੰਟੀਅਰਜ਼ ਨੂੰ ਸਮਾਜ ਸੁਧਾਰ ਦੇ ਕਾਰਜਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਐੱਨ.ਸੀ.ਸੀ. ਯੂਨਿਟ ਦਾ ਵਿਸ਼ੇਸ਼ ਪ੍ਰਬੰਧ ਹੈ। ਕਾਲਜ ਵਿਖੇ ਆਰਮਡ ਫੋਰਸ ਪ੍ਰੀਪੇਟਰੀ ਅਕੈਡਮੀ ਵੀ ਸਥਾਪਿਤ ਹੈ।ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਹਰ ਸਾਲ ਲਗਭਗ 25 ਐਨ.ਸੀ.ਸੀ.ਦੇ   ਕੈਡਿਟਜ਼ ‘‘ਸੀ’’ਸਰਟੀਫ਼ਿਕੇਟ ਪ੍ਰਾਪਤ ਕਰਦੇ ਹਨ, ਜੋ ਕਿ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਤੋਂ ਆਰਮੀ ਅਫ਼ਸਰ ਦੀ ਇੰਟਰਵਿਊ ਦੇ ਸਕਦੇ ਹਨ। ਇਸ ਤੋਂ ਇਲਾਵਾ ਹਰ ਸਾਲ ਕੈਡਿਟਜ਼ ਗਣਤੰਤਰ ਦਿਵਸ ਮੌਕੇ ਪਰੇਡ ਵਿਚ ਭਾਗ ਲੈਂਦੇ ਹਨ।ਕਾਲਜ ਦਾ ਰੈੱਡ ਕਰਾਸ ਯੂਨਿਟ ਆਪਣੀ ਸਫ਼ਲਤਾਪੂਵਰਕ ਕਾਰਗੁਜ਼ਾਰੀ ਸਦਕਾ ਇਲਾਕੇ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕਿਆ ਹੈ। ਇਹ ਯੂਨਿਟ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ- ਮਹੱਲੇ  ਮੌਕੇ ਯਾਤਰੂਆਂ ਦੀ ਮੈਡੀਕਲ ਸਹਾਇਤਾ ਕਰਦਾ ਹੈ। ਇਸ ਦੇ ਫਲਸਰੂਪ ਕਾਲਜ ਨੂੰ 8 ਜੂਨ, 2018 ਨੂੰ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਸ਼ਿਫਾਰਿਸ਼ ’ਤੇ ਪੰਜਾਬ ਦੇ ਗਵਰਨਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਮੂਹ ਅਧਿਆਪਕ ਸਾਹਿਬਾਨ ਜਿੱਥੇ ਆਪ ਨਿਰੰਤਰ ਖੋਜ ਕਾਰਜ ਨਾਲ ਜੁੜੇ ਹੋਏ ਹਨ, ਉੱਥੇ ਹੀ ਉਨ੍ਹਾਂ ਵੱਲੋਂ ਵਿਦਿਆਰਥੀਆਂ ਅੰਦਰ ਖੋਜ ਦੀ ਰੁਚੀ ਪੈਦਾ ਕੀਤੀ ਜਾਂਦੀ ਹੈ। ਕਾਲਜ ਦਾ ਸਮੁੱਚਾ ਸਟਾਫ਼ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਪ੍ਰਤੀ ਬੇਹੱਦ ਸੰਜ਼ੀਦਾ ਹੈ। ਮੈਨੂੰ ਪੂਰਨ ਆਸ ਹੈ ਕਿ ਕਾਲਜ ਨਿਰੰਤਰ ਬੁਲੰਦੀਆਂ ਨੂੰ ਛੂੰਹਦਾ ਹੋਇਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੇਗਾ।  ਇਹ ਮੇਰਾ ਆਪਣਾ ਨਿੱਜੀ ਤਜ਼ਰਬਾ ਹੈ ਕਿ ਇਸ ਕਾਲਜ ਦਾ ਵਿਦਿਆਰਥੀ ਹੁੰਦਿਆਂ ਮੈਂ ਕਾਲਜ ਦੇ ਵਿਚ ਪੜ੍ਹਾਈ ਦੇ ਨਾਲ-ਨਾਲ ਹੋਰ ਅਨੇਕਾਂ ਗਤੀਵਿਧੀਆਂ ਵਿਚ ਵੀ ਭਾਗ ਲੈਂਦਾ ਰਿਹਾ ਹਾਂ।                

 ਵਿੱਦਿਆ ਦੇ ਇਸ ਮੰਦਰ ਨੇ ਬੜਾ ਕੁਝ ਸਿਖਾਇਆ ਏ।

 ਬਾਰ੍ਹਵੀਂ ਤੋਂ ਬਾਦ ਸਹੀ ਸੇਧ ਦੇ ਮੰਜ਼ਿਲ ਦੇ ਰਾਹੇ ਪਾਇਆ ਏ।

 ਪਰਿਵਰਤਨਸ਼ੀਲ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਯੋਗ ਬਣਾਇਆ ਏ।   

           ਹਿੰਮਤ ਹਾਰਨ ਨਾ ਦਿੱਤੀ ਪ੍ਰਤਿਭਾ ਦੀ ਖੋਜ ਕਰ ਹੌਂਸਲਾ ਵਧਾਇਆ ਏ।

 ਇਸੇ ਕਰਕੇ ਡਿਬੇਟ 'ਚ ਮੈਂ ਜ਼ੋਨ ਵਿਚੋਂ ਪਹਿਲੇ ਨੰਬਰ 'ਤੇ ਆਇਆ ਏ।
                                                                                             

 

 ਸੌਰਵ ਦਾਦਰੀ

 ਵਿਦਿਆਰਥੀ ,ਐਮ. ਏ. ਪੰਜਾਬੀ 

 ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ।