ਪੰਜਾਬ ਦੀਆਂ ਖੇਡਾਂ ਨੂੰ ਮੁੜ ਪੁਰਾਣੀਆਂ ਲੀਹਾਂ 'ਤੇ ਲਿਆਉਣ ਦੀ ਲੋੜ

ਪੰਜਾਬ ਦੀਆਂ ਖੇਡਾਂ ਨੂੰ ਮੁੜ ਪੁਰਾਣੀਆਂ ਲੀਹਾਂ 'ਤੇ ਲਿਆਉਣ ਦੀ ਲੋੜ

ਖੇਡ ਸੰਸਾਰ

ਸੂਬੇ ਵਿਚ ਨਵੀਂ ਸਰਕਾਰ ਬਣਨ ਨਾਲ ਵੀ ਪੰਜਾਬ ਦੀਆਂ ਖੇਡਾਂ ਦੀ ਦਸ਼ਾ ਵਿਚ ਕੋਈ ਸੁਧਾਰ ਵੇਖਣ ਨੂੰ ਨਹੀਂ ਮਿਲਿਆ ਹੈ। ਪਿਛਲੀਆਂ ਸਰਕਾਰਾਂ ਵਾਂਗ ਹੀ ਖੇਡਾਂ ਤੇ ਖਿਡਾਰੀਆਂ ਦੀ ਦੁਰਦਸ਼ਾ ਵੇਖਣ ਨੂੰ ਮਿਲ ਰਹੀ ਹੈ। ਇਸ ਵੇਲੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਾਂ ਖ਼ਤਮ ਹੋ ਗਈਆਂ ਹਨ ਤੇ ਖੇਲੋ ਇੰਡੀਆ ਯੂਥ ਗੇਮਜ਼ 4 ਜੂਨ ਤੋੋਂ ਸ਼ੁਰੂ ਹੋਣ ਵਾਲੀਆਂ ਹਨ, ਨਾਲ ਹੀ ਏਸ਼ੀਅਨ ਗੇਮਜ਼ ਤੇ ਰਾਸ਼ਟਰਮੰਡਲ ਖੇਡਾਂ ਦਾ ਵੀ ਇਸ ਸਾਲ ਵਿਚ ਆਯੋਜਨ ਕੀਤਾ ਜਾਣਾ ਹੈ। ਇਕ ਤਰ੍ਹਾਂ ਨਾਲ ਸੂਬੇ ਦੇ ਖਿਡਾਰੀਆਂ ਦੇ ਅੱਗੇ ਵੱਡੇ ਚੈਲੰਜ ਖੜ੍ਹੇ ਹਨ। ਪਰ ਇਨ੍ਹਾਂ ਵਿਚ ਪੰਜਾਬ ਖੇਡ ਵਿਭਾਗ ਨੇ ਸੂਬੇ ਦੇ ਖਿਡਾਰੀਆਂ ਦੀ ਕਿਸ ਤਰ੍ਹਾਂ ਨਾਲ ਸਫਲ ਸ਼ਮੂਲੀਅਤ ਕਰਵਾਉਣੀ ਹੈ, ਇਕ ਟੇਢੀ ਖੀਰ ਬਣਿਆ ਹੋਇਆ ਹੈ। ਅਜੇ ਤੱਕ ਵਿਭਾਗ ਨੇ ਗੋਹੜੇ 'ਚੋਂ ਇਕ ਵੀ ਪੂਣੀ ਨਹੀਂ ਕੱਤੀ, ਕਿਸ ਤਰ੍ਹਾਂ ਨਾਲ ਖਿਡਾਰੀ ਇਨ੍ਹਾਂ ਵੱਡੇ ਟੂਰਨਾਮੈਂਟਾਂ ਵਿਚ ਪੰਜਾਬ ਦੀ ਸਫਲ ਨੁਮਾਇੰਦਗੀ ਕਰਨਗੇ। ਪੰਜਾਬ ਖੇਡ ਵਿਭਾਗ ਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਇਕ-ਦੂਜੇ ਦੇ ਸ਼ਰੀਕ ਬਣੀ ਬੈਠੇ ਹਨ। ਪੰਜਾਬ ਦੇ ਸਕੂਲਾਂ ਦਾ ਕੋਈ ਵਾਲੀ-ਵਾਰਸ ਨਹੀਂ ਹੈ, ਸੂਬੇ ਦੇ ਸਕੂਲਾਂ ਨੂੰ ਸਮਾਰਟ ਖੇਡ ਮੈਦਾਨਾਂ ਦਾ ਨਵਾਂ ਨਾਅਰਾ ਦੇ ਕੇ ਰੰਗਸ਼ਾਲਾਵਾਂ ਬਣਾ ਦਿੱਤਾ ਹੈ ਅਤੇ ਖਿਡਾਰੀ ਖੇਡ ਮੈਦਾਨ ਦੇ ਵਲ ਮੂੂੰਹ ਕਰਨ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ। ਇਕ ਤਰ੍ਹਾਂ ਨਾਲ ਹੇਠਲੇ ਪੱਧਰ ਤੋਂ ਖੇਡਾਂ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ, ਸਿਰਫ ਰੇਤ ਦੀਆਂ ਕੰਧਾਂ 'ਤੇ ਇਸ ਵੇਲੇ ਪੰਜਾਬ ਦੀ ਖੇਡ ਇਮਾਰਤ ਖੜ੍ਹੀ ਹੈ ਜੋ ਕਿਸੇ ਵੇਲੇ ਵੀ ਢਹਿ-ਢੇਰੀ ਹੋ ਸਕਦੀ ਹੈ। ਜਿੱਥੋਂ ਤੱਕ ਸੂਬੇ ਵਿਚ ਖੇਡ ਪ੍ਰਬੰਧਾਂ ਦਾ ਸਵਾਲ ਹੈ ਪੰਜਾਬ ਉਲੰਪਿਕ ਐਸੋਸੀਏਸ਼ਨ ਭੰਗ ਹੈ, ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੀ ਭੰਗ ਹੈ ਅਤੇ ਸੂਬੇ ਦੀਆਂ ਖੇਡ ਐਸੋਸੀਏਸ਼ਨਾਂ ਵਿੱਤੀ ਸੰਕਟ ਨਾਲ ਜੂਝ ਰਹੀਆਂ ਹਨ। ਇਨ੍ਹਾਂ ਨੂੰ ਸਰਕਾਰ ਵਲੋਂ ਇਕ ਧੇਲਾ ਵੀ ਗ੍ਰਾਂਟ ਨਹੀਂ ਦਿੱਤੀ ਗਈ, ਇਹ ਆਪਣੇ ਬਲਬੂਤੇ 'ਤੇ ਹੱਥਾਂ ਵਿਚ ਕਟੋਰਾ ਫੜ ਕੇ ਮੰਗਤੇ ਬਣ ਟੀਮਾਂ ਨੂੰ ਨੈਸ਼ਨਲਾਂ ਵਿਚ ਹਿੱਸਾ ਲੈਣ ਲਈ ਭੇਜ ਰਹੀਆਂ ਹਨ। ਮਾਕਾ ਟਰਾਫੀ ਦੀ ਲੜਾਈ ਨੇ ਪੰਜਾਬ ਦੀਆਂ ਨਾਮੀ ਯੂਨੀਵਰਸਿਟੀਆਂ ਨੂੰ ਇਕ-ਦੂਜੇ ਦੇ ਵੈਰੀ ਬਣਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਖਿਡਾਰੀ ਤਿਆਰ ਕਰਨੇ ਛੱਡ ਦਿੱਤੇ ਤੇ ਉਧਾਰੇ ਖਿਡਾਰੀ ਮੰਗ ਕੇ ਆਪਣਾ ਟੀਚਾ ਮਾਕਾ ਟਰਾਫੀ ਜਿੱਤਣ ਦਾ ਤੈਅ ਕਰ ਲਿਆ ਹੈ। ਕਾਲਜਾਂ ਵਿਚੋਂ ਵੀ ਖੇਡਾਂ ਦਾ ਸਫਾਇਆ ਹੋ ਗਿਆ ਹੈ। ਪੰਜਾਬ ਦੇ ਖੇਡ ਮੰਤਰੀ ਨੂੰ ਵੀ ਖੇਡ ਵਿਭਾਗ ਨੂੰ ਵੇਖਣ ਦੀ ਵਿਹਲ ਹੀ ਨਹੀਂ, ਉਨ੍ਹਾਂ ਨੇ ਵੀ ਇਕ ਭਲਵਾਨੀ ਗੇੜਾ ਲਾ ਕੇ ਆਪਣੀ ਖਾਨਾਪੂਰਤੀ ਕਰ ਲਈ ਹੈ ਅਤੇ ਨਵੀਂ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕਰਕੇ ਵਿਰੋਧੀਆਂ ਨੂੰ ਸ਼ਾਂਤ ਕਰ ਦਿੱਤਾ ਹੈ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।

ਖਿਡਾਰੀਆਂ ਦੇ ਨਾ ਤਾਂ ਖੇਡ ਵਿੰਗ ਚਾਲੂ ਹੋਏ ਹਨ ਅਤੇ ਹੀ ਤਿੰਨ ਸਾਲਾਂ ਤੋਂ ਕੋਈ ਵੀ ਖੇਡ ਟੂਰਨਾਮੈਂਟ ਵਿਚ ਹਿੱਸਾ ਲਿਆ ਹੈ। ਹਰ ਪਾਸੇ ਤੋਂ ਖਿਡਾਰੀਆਂ ਨੂੰ ਦੋਹਰੀ ਮਾਰ ਪਈ ਹੈ ਅਤੇ ਇਸ ਹਾਲਾਤ ਵਿਚ ਪੰਜਾਬ ਦਾ ਖੇਡ ਬਜਟ ਕਿੱਥੇ ਖਰਚ ਹੋਇਆ ਹੈ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੀ ਸਪੋਰਟਸ ਫੰਡ ਇਕੱਠਾ ਕੀਤਾ ਹੈ। ਉਸ ਦਾ ਵੀ ਖਰਚ ਕਿੱਥੇ ਕਿੱਥੇ ਖਿਡਾਰੀਆਂ ਦੀ ਭਲਾਈ ਲਈ ਹੋਇਆ ਹੈ ਇਸ ਦਾ ਸਪੱਸ਼ਟੀਕਰਨ ਕਿਸੇ ਵੀ ਖੇਡ ਅਧਿਕਾਰੀ, ਸੂਬੇ ਦੇ ਖੇਡ ਮੰਤਰੀ ਜਾਂ ਸਿੱਖਿਆ ਮੰਤਰੀ ਨੇ ਨਹੀਂ ਦਿੱਤਾ। ਹਾਂ ਪਿਛਲੀ ਸਰਕਾਰ ਵੇਲੇ ਖੇਡ ਮੰਤਰੀ ਨੇ ਆਪਣੇ ਚਹੇਤੇ ਜ਼ਰੂਰ ਭਰਤੀ ਕਰ ਲਏ ਅਤੇ ਉਨਾਂ ਨੂੰ ਮੋਟੀਆਂ ਤਨਖਾਹਾਂ ਦੇ ਜ਼ਰੂਰ ਗੱਫੇ ਦੇ ਦਿੱਤੇ ਅਤੇ ਲੋੜਵੰਦ ਖਿਡਾਰੀਆਂ ਤੇ ਹੋਰ ਕਰਮਚਾਰੀਆਂ ਨੂੰ ਪੀ.ਆਈ.ਐਸ. ਦੀ ਨੌਕਰੀ ਤੋਂ ਜ਼ਰੂਰ ਫਾਰਗ ਕਰਕੇ ਘਰ ਬਿਠਾ ਕੇ ਪੰਜਾਬ ਦੀਆਂ ਖੇਡਾਂ ਦੀ ਤਰੱਕੀ ਜ਼ਰੂਰ ਕੀਤੀ ਹੈ। ਇਸ ਲਈ ਸਾਬਕਾ ਖੇਡ ਮੰਤਰੀ ਜੀ ਵਧਾਈ ਦੇ ਪਾਤਰ ਹਨ। ਗੱਲ ਕਰਦੇ ਹਾਂ ਸੂਬੇ ਦੇ ਖਿਡਾਰੀਆਂ ਦੀ ਇਨ੍ਹਾਂ ਨੂੰ ਕੋਈ ਵੀ ਖੇਡ ਸਾਮਾਨ ਪਿਛਲੇ ਤਿੰਨ ਸਾਲ ਤੋਂ ਕੋਰੋਨਾ ਕਾਲ ਕਰਕੇ ਨਹੀਂ ਹਾਸਲ ਹੋਇਆ ਅਤੇ ਖੇਡ ਵਿੰਗ ਬੰਦ ਪਏ ਹਨ, ਹੋਸਟਲ ਬੰਦ ਪਏ ਹਨ, ਸਟੇਡੀਅਮਾਂ ਦੀ ਸਾਂਭ-ਸੰਭਾਲ ਕਰਨ ਲਈ ਸਰਕਾਰ ਦੇ ਕੋਲ ਕੋਈ ਵੀ ਫੰਡ ਨਹੀਂ ਹੈ। ਸਪੋਰਟਸ ਸਕੂਲ ਜਲੰਧਰ ਵਿਖੇ ਲੱਗਣ ਵਾਲੇ ਅਥਲੈਟਿਕਸ ਟਰੈਕ ਦਾ ਕੰਮ ਅਜੇ ਅੱਧ ਵਿਚਾਲੇ ਲਟਕ ਰਿਹਾ ਹੈ। ਪੰਜਾਬ ਦਾ ਨਾਮੀ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਇਸ ਵੇਲੇ ਬੰਦ ਪਿਆ ਹੈ। ਸਪੋਰਟਸ ਕਾਲਜ ਜਲੰਧਰ ਤੇ ਕਾਲਾ ਅਫਗਾਨਾ ਦੇ ਕਾਲਜ ਦੀ ਹਾਲਤ ਮਾੜੀ ਹੈ ਅਤੇ ਨਵੀਂ ਬਣਾਈ ਗਈ ਪਟਿਆਲਾ ਵਿਖੇ ਖੇਡ ਯੂਨਵਰਸਿਟੀ ਨੇ ਅਜੇ ਤੱਕ ਆਪਣੇ ਨਿਸ਼ਾਨੇ ਹੀ ਨਹੀਂ ਨਿਰਧਾਰਿਤ ਕੀਤੇ। ਫ਼ੌਜੀ ਅਫ਼ਸਰਾਂ ਨੂੰ ਇਸ ਦੀ ਕਮਾਂਡ ਸੌਂਪ ਕੇ ਪੰਜਾਬ ਦੀ ਖੇਡ ਗੱਡੀ ਨੂੰ ਲੀਹ ਤੋਂ ਲਾਹ ਦਿੱਤਾ ਹੈ।

ਇਕ ਤਰ੍ਹਾਂ ਨਾਲ ਇਹ ਯੂਨੀਵਰਸਿਟੀ ਚਿੱਟਾ ਹਾਥੀ ਸਾਬਤ ਹੋ ਕੇ ਰਹਿ ਗਈ ਹੈ। ਇਸ ਵੇਲੇ ਪੰਜਾਬ ਦੇ ਖਿਡਾਰੀਆਂ ਨੂੰ ਇਹ ਸਮਝ ਨਹੀਂ ਆ ਰਹੀ ਹੈ, ਉਹ ਸੂਬੇ ਦੇ ਕਿਸ ਟੂਰਨਾਮੈਂਟ ਵਿਚ ਨੁਮਾਇੰਦਗੀ ਕਰਨ ਜਾਂ ਕਿਸੇ ਹੋਰ ਰਾਜ ਵੱਲ ਨੂੰ ਪ੍ਰਵਾਸ ਕਰਨ। ਜਿਸ ਤਰੀਕੇ ਨਾਲ ਸਕੂਲਾਂ ਦੀਆਂ ਖੇਡਾਂ ਨੂੰ ਇਕ ਸੋਚੀ ਸਮਝੀ ਸਾਜਿਸ਼ ਨਾਲ ਤਹਿਸ-ਨਹਿਸ ਕੀਤਾ ਹੈ, ਪੰਜਾਬ ਦੇ ਸਰੀਰਕ ਸਿੱਖਿਆ ਅਧਿਆਪਕ ਵੀ ਪ੍ਰੇਸ਼ਾਨ ਹਨ ਅਤੇ ਕਾਲਜਾਂ ਦੇ ਖਿਡਾਰੀਆਂ ਨੂੰ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਯੂਨੀਵਰਸਿਟੀਆਂ ਨੇ ਬਾਹਰੋਂ ਮੰਗਵੇਂ ਖਿਡਾਰੀ ਲੈਣੇ ਸ਼ੂਰੂ ਕਰ ਦਿੱਤੇ ਹਨ। ਪੰਜਾਬ ਖੇਡ ਵਿਭਾਗ ਤੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦਾ 'ਛੱਤੀਸ ਦਾ ਅੰਕੜਾ' ਹੋਣ ਕਰਕੇ ਕੋਚ ਪ੍ਰੇਸ਼ਾਨ ਹਨ। 10 ਹਜ਼ਾਰ ਦੀ ਨਿਗੂਣੀ ਤਨਖਾਹ ਨਾਲ ਉਹ ਪੰਜਾਬ ਵਿਚੋਂ ਕਿਵੇਂ ਭਵਿੱਖ ਦੇ ਉਲੰਪੀਅਨ ਪੈਦਾ ਕਰਨ ਤੇ ਇਹ ਸੋਚਣ ਵਾਲੀ ਗੱਲ ਹੈ। ਇਸ ਵੇਲੇ ਪੰਜਾਬ ਦੀਆਂ ਖੇਡਾਂ ਦੀ ਤਾਣੀ ਪੂਰੀ ਤਰ੍ਹਾਂ ਨਾਲ ਉਲਝੀ ਪਈ ਹੈ, ਇਸ ਨੂੰ ਇਕ ਚੰਗੇ ਯੋਗ ਪ੍ਰਬੰਧਕ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੇ ਖੇਡਾਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਇਸ ਲਈ ਪੰਜਾਬ ਦੇ ਖੇਡ ਮੰਤਰੀ ਨੂੰ ਪੰਜਾਬ ਦੀਆਂ ਖੇਡਾਂ ਦੇ ਹਿਤਾਂ ਲਈ ਸੋਚਣ ਵਾਲੀ ਟੀਮ ਤਿਆਰ ਕਰਕੇ ਪੰਜਾਬ ਦੀਆਂ ਖੇਡਾਂ ਨੂੰ ਮੁੜ ਪੁਰਾਣੀਆਂ ਲੀਹਾਂ 'ਤੇ ਲਿਆਉਣ ਦੀ ਲੋੜ ਹੈ ਤਾਂ ਹੀ ਪੰਜਾਬ ਦੀਆਂ ਖੇਡਾਂ ਤੇ ਜਵਾਨੀ ਬਚ ਸਕੇਗੀ।

 

ਜਤਿੰਦਰ ਸਾਬੀ

 98729-78781