ਤਿੰਨ ਵਿਸ਼ਵ ਕੱਪ ਜਿੱਤਣ ਵਾਲਾ ਬ੍ਰਾਜ਼ੀਲ ਦਾ ਫੁਟਬਾਲ ਖਿਡਾਰੀ ਪੇਲੇ ਚਲ ਵਸਿਆ
* ਜੁਰਾਬਾਂ ਤੋਂ ਬਣੀ ਫੁੱਟਬਾਲ ਨਾਲ ਖੇਡ ਕੇ ਬਣਿਆ ਸੀ ਮਹਾਨ ਖਿਡਾਰੀ
ਰਿਕਾਰਡ ਤਿੰਨ ਵਿਸ਼ਵ ਕੱਪ ਜਿੱਤਣ ਵਾਲੇ ਬ੍ਰਾਜ਼ੀਲ ਦੇ ਮਹਾਨ ਫੁਟਬਾਲਰ ਪੇਲੇ (82) ਦਾ ਬੀਤੇ ਦਿਨੀਂ ਸਾਲ 2022 ਦੇ ਆਖਰੀ ਹਫਤੇ ਦੇਹਾਂਤ ਹੋ ਗਿਆ। ਉਨ੍ਹਾਂ ਦਾ 2021 ਤੋਂ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਉਹ ਪਿਛਲੇ ਮਹੀਨੇ ਤੋਂ ਹਸਪਤਾਲ ਦਾਖਲ ਸਨ। ਡਾਕਟਰਾਂ ਨੇ ਦੱਸਿਆ ਕਿ ਕੈਂਸਰ ਕਾਰਨ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਪੇਲੇ ਦਾ ਜਨਮ 23 ਅਕਤੂਬਰ, 1940 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਫ਼ੁੱਟਬਾਲਰ ਅਤੇ ਮਾਂ ਘਰੇਲੂ ਸੁਆਣੀ ਸੀ।ਮਾਂ-ਬਾਪ ਨੇ ਪੁੱਤਰ ਦਾ ਨਾਮ ਐਡਸਨ ਰੱਖਿਆ ਸੀ। ਉਨ੍ਹਾਂ ਦਾ ਪੂਰਾ ਨਾਮ ਐਡਸਨ ਅਰੇਟਾਸ ਡੂ ਨਾਸੀਮੈਂਟੋ ਸੀ। ਉਨ੍ਹਾਂ ਦਾ ਪੇਲੇ ਨਾਮ ਸੈਂਟੋਸ ਕਲੱਬ ਨਾਲ ਜੁੜਨ ਤੋਂ ਬਾਅਦ ਪਿਆ। ਫੁਟਬਾਲ ਦੇ ਸਭ ਤੋਂ ਮਹਾਨ ਖਿਡਾਰੀਆਂ ’ਚ ਸ਼ੁਮਾਰ ਪੇਲੇ ਨੇ ਲਗਪਗ ਦੋ ਦਹਾਕਿਆਂ ਤੱਕ ਆਪਣੀ ਖੇਡ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਉਹ ਬ੍ਰਾਜ਼ੀਲ ਨੂੰ ਫੁਟਬਾਲ ਦੇ ਸਿਖਰ ’ਤੇ ਲੈ ਗਏ। ਬ੍ਰਾਜ਼ੀਲ ਨੇ 1958, 1962 ਅਤੇ 1970 ਵਿੱਚ ਪੇਲੇ ਦੀ ਅਗਵਾਈ ਹੇਠ ਵਿਸ਼ਵ ਕੱਪ ਜਿੱਤੇ। ਪੇਲੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਵਿੱਚ ਗੋਲ ਕਰਨ ਵਾਲੇ ਅਤੇ ਹੈਟਰਿਕ ਬਣਾਉਣ ਵਾਲੇ ਖਿਡਾਰੀ ਸਨ।
ਇਸ ਦੇ ਨਾਲ ਹੀ ਉਨ੍ਹਾਂ ਦਾ ਫ਼ਾਈਨਲ ਮੁਕਾਬਲੇ ਵਿੱਚ ਖੇਡਣ ਦਾ ਰਿਕਾਰਡ 60 ਸਾਲ ਬਾਅਦ ਵੀ ਉਨ੍ਹਾਂ ਦੇ ਹੀ ਨਾਮ ਹੈ।ਪੇਲੇ ਦੀ ਕਲਾ ਦੀ ਉਸ ਦੇ ਵਿਰੋਧੀ ਵੀ ਪ੍ਰਸ਼ੰਸਾ ਕਰਦੇ ਸਨ। ਜਦੋਂ ਫੁਟਬਾਲ ਦੇ ਮਹਾਨ ਖਿਡਾਰੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਪੇਲੇ ਦੇ ਨਾਲ ਸਿਰਫ ਡਿਏਗੋ ਮੈਰਾਡੋਨਾ, ਲਿਓਨਲ ਮੈਸੀ ਅਤੇ ਕ੍ਰਿਸਟਿਆਨੋ ਰੋਨਾਲਡੋ ਦੇ ਨਾਮ ਆਉਂਦੇ ਹਨ। 23 ਅਕਤੂਬਰ 1940 ਨੂੰ ਜਨਮੇ ਪੇਲੇ ਨੇ ਫੁਟਬਾਲ ਕਿੱਟ ਖਰੀਦਣ ਲਈ ਬੂਟ ਵੀ ਪਾਲਸ਼ ਕੀਤੇ। ਉਹ 11 ਸਾਲ ਦੀ ਉਮਰ ਵਿੱਚ ਸੈਂਟੋਸ ਦੀ ਨੌਜਵਾਨ ਟੀਮ ਦਾ ਹਿੱਸਾ ਬਣੇ ਅਤੇ ਜਲਦੀ ਹੀ ਸੀਨੀਅਰ ਟੀਮ ਲਈ ਚੁਣੇ ਗਏ। ਪੇਲੇ ਨੇ ਆਪਣੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ਵਿੱਚ ਸੈਂਟੋਸ ਕਲੱਬ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਅਗਲੇ 19 ਸਾਲਾਂ ਤੱਕ ਉਸੇ ਕਲੱਬ ਨਾਲ ਖੇਡਦੇ ਰਹੇ।‘ਦਿ ਕਿੰਗ’ ਕਹੇ ਜਾਣ ਵਾਲੇ ਪੇਲੇ ਨੇ ਪਹਿਲੀ ਵਾਰ 17 ਸਾਲ ਦੀ ਉਮਰ ਵਿਚ 1958 ਵਿੱਚ ਸਵੀਡਨ ਵਿਚ ਹੋਏ ਵਿਸ਼ਵ ਕੱਪ ਵਿਚ ਆਪਣਾ ਲੋਹਾ ਮਨਵਾਇਆ ਸੀ। ਉਹ ਉਸ ਟੂਰਨਾਮੈਂਟ ਵਿਚ ਸਭ ਤੋਂ ਘੱਟ ਉਮਰ ਦੇ ਖਿਡਾਰੀ ਸਨ। ਉਨ੍ਹਾਂ ਬ੍ਰਾਜ਼ੀਲ ਲਈ 114 ਮੈਚਾਂ ਵਿਚ 95 ਗੋਲ ਕੀਤੇ। ਪੇਲੇ ਦੀ ਮੌਤ ਕਾਰਨ ਦੁਨੀਆ ਭਰ ਵਿਚ ਸੋਗ ਦੀ ਲਹਿਰ ਹੈ। ਇਸ ਦੌਰਾਨ ਪੁਰਤਗਾਲ ਦੇ ਮਹਾਨ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ, ‘‘ਕਿੰਗ ਪੇਲੇ ਨੂੰ ਅਲਵਿਦਾ ਕਹਿਣਾ ਉਸ ਦੁੱਖ ਨੂੰ ਬਿਆਨ ਨਹੀਂ ਕਰ ਸਕਦਾ, ਜਿਸ ਤੋਂ ਪੂਰਾ ਫੁਟਬਾਲ ਜਗਤ ਇਸ ਸਮੇਂ ਗੁਜ਼ਰ ਰਿਹਾ ਹੈ। ਉਨ੍ਹਾਂ ਦੀ ਯਾਦ ਹਰ ਫੁਟਬਾਲ ਪ੍ਰੇਮੀ ਦੇ ਦਿਲ ਵਿਚ ਹਮੇਸ਼ਾ ਰਹੇਗੀ।’’ ਇਸ ਦੌਰਾਨ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਲੈ ਕੇ ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਮਹਾਨ ਫੁਟਬਾਲਰ ਪੇਲੇ ਦੀ ਮੌਤ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ’’ ਸਚਿਨ ਨੇ ਟਵੀਟ ਕੀਤਾ, ‘‘ਸਿਰਫ ਫੁਟਬਾਲ ਹੀ ਨਹੀਂ ਸਗੋਂ ਪੂਰੇ ਖੇਡ ਜਗਤ ਲਈ ਇਹ ਬਹੁਤ ਵੱਡਾ ਨੁਕਸਾਨ ਹੈ। ਪੇਲੇ ਵਰਗਾ ਕੋਈ ਹੋਰ ਨਹੀਂ ਹੋਵੇਗਾ।’
ਪੇਲੇ ਬਾਰੇ ਕੁਝ ਖ਼ਾਸ ਗੱਲਾਂ
ਪੇਲੇ ਨੂੰ ਬ੍ਰਾਜ਼ੀਲ ਦੀ ਟੀਮ ਨੂੰ ਵਿਸ਼ਵ ਦੀ ਸਭ ਤੋਂ ਕਾਮਯਾਬ ਫੁੱਟਬਾਲ ਟੀਮ ਬਣਾਉਣ ਦਾ ਸਿਹਰਾ ਜਾਂਦਾ ਹੈ
ਸਭ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਵਿੱਚ ਗੋਲ ਕਰਨ ਵਾਲੇ ਅਤੇ ਹੈਟਰਿਕ ਬਣਾਉਣ ਵਾਲੇ ਖਿਡਾਰੀ ਸਨ
ਸਿਰਫ਼ 17 ਸਾਲ ਦੀ ਉਮਰ ਵਿੱਚ ਇੱਕ ਫੁੱਟਬਾਲ ਸਟਾਰ ਬਣ ਗਏ ਸਨ
ਪੇਲੇ ਦੇ ਆਲੋਚਕ ਕਹਿੰਦੇ ਹਨ ਕਿ ਉਨ੍ਹਾਂ ਦਾ ਯੂਰਪ ਦੇ ਕਿਸੇ ਕਲੱਬ ਲਈ ਨਾ ਖੇਡਣਾ, ਉਨ੍ਹਾਂ ਲਈ ਫ਼ਾਇਦੇਮੰਦ ਸਾਬਿਤ ਹੋਇਆ
ਪੇਲੇ ਕਿਸੇ ਸਮੇਂ ਪਾਟੇ ਪੁਰਾਣੇ ਕੱਪੜਿਆਂ ਦੀ ਫ਼ੁੱਟਬਾਲ ਬਣਾ ਕੇ ਖੇਡਦੇ ਸਨ
50 ਸਾਲ ਦੀ ਉਮਰ ਵਿਚ ਬਣੇ ਬ੍ਰਾਜ਼ੀਲ ਦੇ ਕਪਤਾਨ
ਪੇਲੇ ਆਪਣੇ ਨਾਮ ਬਾਰੇ ਲਿਖਦੇ ਹਨ, “ਕੋਈ ਠੀਕ ਠਾਕ ਨਹੀਂ ਦੱਸ ਪਾਇਆ ਕਿ ਪੇਲੇ ਨਾਮ ਕਿੱਥੋਂ ਆਇਆ। ਪਰ ਮੇਰੇ ਮਾਮੇ ਜਾਰਜ ਨੇ ਜੋ ਦੱਸਿਆ ਉਸ ਉੱਪਰ ਵਿਸ਼ਵਾਸ ਕੀਤਾ ਜਾ ਸਕਦਾ ਹੈ।”
Comments (0)