ਸੰਨ 2022 ਦੌਰਾਨ ਚਰਚਾ 'ਵਿਚ ਰਿਹਾ ਭਾਰਤੀ ਅਥਲੀਟ 'ਨੀਰਜ ਚੋਪੜਾ'

ਸੰਨ 2022 ਦੌਰਾਨ ਚਰਚਾ 'ਵਿਚ ਰਿਹਾ ਭਾਰਤੀ ਅਥਲੀਟ 'ਨੀਰਜ ਚੋਪੜਾ'

ਵਿਸ਼ਵ ਚੈਂਪੀਅਨਸ਼ਿਪ

ਨੀਰਜ ਲਈ 2022 ਦੇ ਖੇਡ ਸੀਜ਼ਨ ਦੀ ਵਧੀਆ ਸ਼ੁਰੂਆਤ ਹੋਈ ਸੀ। ਫਿਨਲੈਂਡ ਵਿਖੇ ਹੋਈਆਂ ਖੇਡਾਂ ਵਿੱਚ ਸੋਨੇ ਦਾ ਤਮਗਾ ਅਤੇ ਪਾਵੋ ਨੁਰਮੀ ਖੇਡਾਂ ਤੇ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਫਿਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 

ਬੀਤੇ ਦਿਨੀਂ ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਸੇਬੇਸਟੀਅਨ ਕੋ ਨੇ ਪੀ.ਟੀ.ਆਈ. ਸਮੇਤ ਕੁਝ ਚੋਣਵੇਂ ਏਸ਼ਿਆਈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਝ ਅੰਕੜੇ ਸਾਂਝੇ ਕੀਤੇ, ਜਿਸ ਤੋਂ ਪਤਾ ਲੱਗਾ ਕਿ ਟੋਕੀਓ ਉਲੰਪਿਕ ਖੇਡਾਂ 'ਵਿਚ ਇਤਿਹਾਸਕ ਸੋਨ ਤਗਮਾ ਜਿੱਤਣ ਵਾਲਾ ਭਾਰਤ ਦਾ 'ਗੋਲਡਨ ਬੁਆਏ' ਦੇ ਨਾਂਅ ਨਾਲ ਮਸ਼ਹੂਰ ਨੀਰਜ ਚੋਪੜਾ ਸਭ ਤੋਂ ਵੱਧ ਚਰਚਾ 'ਵਿਚ ਰਹਿਣ ਵਾਲਾ ਅਥਲੀਟ ਬਣ ਗਿਆ ਹੈ। ਵਿਸ਼ਵ ਅਥਲੈਟਿਕਸ ਦੇ ਅਧਿਐਨ ਅਨੁਸਾਰ ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਟੋਕੀਓ ਖੇਡਾਂ 'ਵਿਚ ਸੋਨ ਤਗਮਾ ਜਿੱਤਣ ਤੋਂ ਬਾਅਦ ਦਿਗਜ ਅਥਲੀਟ ਓਸੈਨ ਬੋਲਟ ਨੂੰ 'ਸਭ ਤੋਂ ਵੱਧ ਨਜ਼ਰ ਆਉਣ ਵਾਲੇ ਅਥਲੀਟ' ਦੇ ਰੂਪ 'ਵਿਚ ਪਿੱਛੇ ਛੱਡ ਦਿੱਤਾ। ਭਾਰਤ ਦੇ 24 ਸਾਲਾ ਸਟਾਰ ਖਿਡਾਰੀ ਨੇ ਇਸ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਗਮਾ ਜਿੱਤ ਕੇ ਆਪਣੀ ਪ੍ਰਸਿੱਧੀ ਹੋਰ ਵਧਾ ਦਿੱਤੀ ਸੀ। ਟੋਕੀਓ 'ਵਿਚ ਜੈਵਲਿਨ ਥ੍ਰੋਅ ਦਾ ਸੋਨ ਤਗਮਾ ਜੇਤੂ ਨੀਰਜ ਟਰੈਕ ਐਂਡ ਫੀਲਡ 'ਵਿਚ ਤਗਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਅਥਲੀਟ ਬਣਿਆ ਸੀ। ਜਿੱਥੋਂ ਤੱਕ ਮੀਡੀਆ ਕਵਰੇਜ ਦੀ ਗੱਲ ਹੈ ਤਾਂ ਚੋਪੜਾ ਨੂੰ ਲੈ ਕੇ 812 ਲੇਖ ਪ੍ਰਕਾਸ਼ਿਤ ਹੋਏ। ਉਨ੍ਹਾਂ ਤੋਂ ਬਾਅਦ ਜਮੈਕਾ ਦੀ ਤਿਕੜੀ ਐਲਨ ਥਾਮਪਸਨ-ਹੈਰਾਹ (751), ਸ਼ੈਲੀ-ਐਨ ਫ੍ਰੇਜਰ-ਪ੍ਰਿਸ (698) ਅਤੇ ਸ਼ੇਰਿਕਾ ਜੈਕਸਨ (679) ਦਾ ਨੰਬਰ ਆਉਂਦਾ ਹੈ। ਕ੍ਰਿਸ਼ਮਈ ਖਿਡਾਰੀ ਓਸੈਨ ਬੋਲਟ 574 ਲੇਖਾਂ ਨਾਲ ਇਸ ਸੂਚੀ 'ਵਿਚ ਪੰਜਵੇਂ ਸਥਾਨ 'ਤੇ ਹਨ। ਕੋ ਨੇ ਕਿਹਾ ਕਿ ਮੈਂ ਓਸੈਨ ਬੋਲਟ ਨੂੰ ਖਾਰਜ ਨਹੀਂ ਕਰ ਰਿਹਾ, ਉਹ ਸਾਡੇ ਲਈ ਪ੍ਰੇਰਨਾ ਸਰੋਤ ਹਨ ਪਰ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣਾ ਦਾਇਰਾ ਵਧਾ ਰਹੇ ਹਾਂ। ਹੁਣ ਅਸੀਂ ਸਿਰਫ਼ ਇਕ ਅਥਲੀਟ ਨੂੰ ਲੈ ਕੇ ਗੱਲ ਨਹੀਂ ਕਰ ਰਹੇ, ਸਗੋਂ ਹੁਣ ਸਾਡੇ ਕੋਲ ਵੱਡੀ ਗਿਣਤੀ 'ਵਿਚ ਸਟਾਰ ਅਥਲੀਟ ਹਨ।