ਕਬੱਡੀ ਦਾ ਮਹਾਂ ਕੁੰਭ !

ਕਬੱਡੀ ਦਾ ਮਹਾਂ ਕੁੰਭ !

ਪੰਜਾਬ ਦੀ ਨੌਜਵਾਨੀ ਤੇ ਪੰਜਾਬੀ ਵਿਰਾਸਤ ਦੀ ਵਿਦੇਸ਼ਾਂ 'ਚ ਸੰਭਾਲ

ਕਬੱਡੀ ਪੰਜਾਬ ਦੇ ਸੱਭਿਆਚਾਰ ਦਾ ਅਨਿੱਖੜਵਾਂ ਹਿੱਸਾ ਹੈ । ਦੇਸ਼ ਹੋਵੇ ਜਾਂ ਪ੍ਰਦੇਸ਼ ਚਾਰ ਪੰਜਾਬੀ ਜੁੜੇ ਨੀ ਤੇ ਕਬੱਡੀ ਦੀਆਂ ਬਾਤਾਂ ਸ਼ੁਰੂ ! ਬੱਸ ਮੱਲਾਂ, ਅਖਾੜਿਆਂ, ਖੁਰਾਕਾਂ ਤੇ ਲਿਸ਼ਕਦੇ ਪਿੰਡਿਆਂ ਦੀਆਂ ਕਿੱਸੇ ਕਹਾਣੀਆਂ ਮਹਿਫ਼ਲਾਂ ਦਾ ਸ਼ਿੰਗਾਰ ਬਣ ਜਾਂਦੀਆਂ ਨੇ ! ਕੋਈ ਵੇਲਾ ਸੀ ਚੜਦੇ ਲਹਿੰਦੇ ਪੰਜਾਬ ਦੇ ਮੱਲ ਛਿੰਝਾਂ ਅਖਾੜਿਆਂ ਚੋਂ ਘਿਓ ਦੇ ਪੀਪੇ ਤੇ ਬਦਾਮਾਂ ਦੇ ਤੋੜੇ ਜਿੱਤ ਕਿ ਲਿਆਂਉਦੇ ਹੁੰਦੇ ਸਨ । ਸਮਾਂ ਬਦਲਿਆ ਗੱਲ ਬੁਲੱਟ ਤੇ ਫੋਰਡ ਜਿੱਤਣ ਤੱਕ ਪਹੁੰਚ ਗਈ ! 

ਜਿਉਂ ਹੀ ਪੰਜਾਬੀ ਵਿਸ਼ਵ ਭਰ 'ਚ, ਫੈਲਣੇ ਸ਼ੁਰੂ ਹੋਏ ਪਿਤਾ ਪੁਰਖ਼ੀ ਖੇਡ ਕੱਬਡੀ ਵੀ ਫੈਲਦੀ ਗਈ ! ਜਿਹੜੇ ਗਾਡਰਾਂ ਵਰਗੇ ਜਾਫੀਆਂ ਰੇਡਰਾਂ ਤੇ ਲੋਕ ਛਿੰਝ ਮੇਲਿਆਂ ਚ, ਖੁਸ਼ ਹੋਕੇ ਪੰਜਾਂ ਦਸਾਂ ਦੇ ਨੋਟਾਂ ਨਾਲ ਸਿਰਵਾਰਨੇ ਕਰਿਆ ਕਰਦੇ ਸਨ, ਹੁਣ ਉਹ ਵਿਦੇਸ਼ੀ ਡਾਲਰਾਂ ਨਾਲ ਤੋਲੇ ਜਾਣ ਲੱਗੇ । ਪਰ ਅਫ਼ਸੋਸ.. ਬਦਨੀਤ ਸਰਕਾਰਾਂ ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਚ, ਡੋਬਣੋਂ ਕਸਰ ਨਾ ਛੱਡੀ ਤੇ ਹਾਢੇ ਮੱਲ ਦੇਸ਼ਾਂ ਵਿਦੇਸ਼ਾਂ ਚ, ਕੌਡੀਆਂ  ਪਾ ਹਕੂਮਤਾਂ ਦੇ ਮੂੰਹ ਚਿੜਾ ਚਿੜਾਉੰਦੇ ਰਹੇ । ਜਿਹਨਾਂ ਚ, ਉਹਨਾਂ ਦੇ ਵਿਦੇਸ਼ੀ ਵੀਰਾਂ ਦਾ ਅਹਿਮ ਯੋਗਦਾਨ ਰਿਹਾ ।

ਅੱਜ ਦੁਨੀਆਂ ਦੇ ਹਰ ਮੁਲ਼ਕ ਵਿੱਚ ਜਿੱਥੇ ਵੀ ਪੰਜਾਬੀ ਹਨ ਤਾਹਨੂੰ ਕੱਬਡੀ ਨੂੰ ਪਰਮੋਟ ਕਰਨ ਵਾਲੇ ਸੱਜਣ ਮਿਲ ਜਾਣਗੇ । ਯੂਰਪ ਵਿੱਚ ਗਰਮੀਆਂ ਦੇ ਸੁਹਾਵਣੇ ਮੌਸਮ ਵਿੱਚ ਕੱਬਡੀ ਟੂਰਨਾਮੈਂਟਾਂ ਭਾਵ ਪੰਜਾਬੀ ਸੱਭਿਆਚਾਰਕ ਮੇਲਿਆਂ ਦੀਆਂ ਰੌਣਕਾਂ ਆਮ ਹੁੰਦੀਆਂ ਹਨ । ਜਰਮਨ ਵਿੱਚ ਵੀ ਵੱਖ ਵੱਖ ਕਲੱਬਾਂ, ਸੰਸਥਾਵਾਂ ਤੇ ਕਮੇਟੀਆਂ ਵੱਲੋਂ ਟੂਰਨਾਮੈਂਟ ਮੇਲੇ ਆਦਿ ਕਰਵਾਏ ਜਾਂਦੇ ਹਨ । ਸੋ ਇਸੇ ਲੜੀ ਤਹਿਤ ਪੰਜਾਬ ਸਪੋਰਟਸ ਐਂਡ ਕਲਚਰ ਅਕੈਡਮੀ ਫਰੈੰਕਫ਼ੋਰਟ ਵੱਲੋਂ ਹਰ ਸਾਲ ਵਾਂਗ “ਕਬੱਡੀ ਦਾ ਮਹਾਂਕੁੰਭ” ਕਰਵਾਇਆ ਜਾ ਰਿਹਾ ਹੈ । ਜੋ ਆਉਣ ਵਾਲੀ ਇੱਕ ਸਤੰਬਰ ਵੀਹ ਸੌ ਚੌਵੀ.. 01/09/2024 ਸਮਾਂ 11 ਤੋਂ 18 ਵਜੇ ਹੈ ! ਜਿਸ ਦਾ ਸਥਾਨ :-Rebstock13, 60486 Frankfurt ਹੈ।

ਇਹ ਕੱਬਡੀ ਕੱਪ ਵਿਚ ਯੂਰਪ ਭਰ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ਦੇਸ਼ ਪੰਜਾਬ ਤੋਂ ਆਏ ਗੱਭਰੂ ਵੀ ਆਪਣੇ ਪੱਟਾਂ ਦਾ ਜ਼ੋਰ ਵਿਖਾਲ਼ਣਗੇ । ਖਾਸ ਤੌਰ ਤੇ ਦੱਸ ਦਈਏ ਕਿ ਇਸ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪੰਜਾਬ ਦੇ ਉੱਭਰਦੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ ਜੋ ਇੱਕ ਬੜੀ ਸੋਹਣੀ ਪਿਰਤ ਹੈ ! ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਹਿੱਕ ਦੇ ਜ਼ੋਰ ਨਾਲ ਵਿਦੇਸ਼ਾਂ ਚ, ਵਿਚਰਣ ਦਾ ਮੌਕਾ ਮਿਲੇਗਾ ! ਇਹ ਸ਼ੁੱਭ ਕਰਮਨ ਹੈ ਜਿਸ ਨਾਲ ਪੰਜਾਬ ਦੀ ਨਵੀਂ ਪੀੜੀ ਨੂੰ ਹੱਲਾਸ਼ੇਰੀ ਵੀ ਮਿਲੇਗੀ ਤੇ ਨਸ਼ਿਆਂ ਨੂੰ ਠੱਲ ਵੀ ਪਵੇਗੀ ! ਇਸ ਲਈ ਪ੍ਰਬੰਧਕ ਅਗੇਤੀ ਵਧਾਈ ਦੇ ਪਾਤਰ ਹਨ ! 

ਸਹੀ ਮਾਅਨਿਆਂ ਚ, ਇਹ ਇੱਕ ਕਬੱਡੀ ਕੱਪ ਦੇ ਨਾਲ ਨਾਲ ਇੱਕ ਸੱਭਿਆਚਾਰਕ ਮੇਲਾ ਵੀ ਹੈ ਜਿੱਥੇ ਪੰਜਾਬ ਪ੍ਰਸਤਾਂ ਨੂੰ ਵਤਨ ਦਾ ਹਰ ਰੰਗ ਮਾਨਣ ਦਾ ਮੌਕਾ ਮਿਲੇਗਾ ! ਜਰਮਨ ਹੀ ਨਹੀ ਸਾਰੇ ਯੂਰਪ ਦੀਆਂ ਸੰਗਤਾਂ ਨੂੰ ਹੁੰਮ ਹੁੰਮਾ ਕੇ ਪਹੰਚਣ ਦਾ ਹਾਰਦਿਕ ਸੱਦਾ ਹੈ ! ਪੰਜਾਬੀਆਂ ਦਾ ਮੇਲਾ ਹੋਵੇ ਤੇ ਅਤੁੱਟ ਲੰਗਰ ਨਾ ਵਰਤੇਂ ਇਹ ਕਿੱਦਾਂ ! ਸੋ ਗਿਆਰਾਂ ਤੋਂ ਅਠਾਰਾਂ ਵਜੇ ਤੱਕ ਲੰਗਰ ਅਤੁੱਟ ਵਰਤੇਗਾ ! ਮੇਲੀਆਂ ਲਈ ਚਾਹ ਪਾਣੀ ਤੇ ਲੰਗਰ ਗੱਫ਼ੇ ਦਾ ਵਿਸ਼ੇਸ਼ ਪ੍ਰਬੰਧ ਹੈ ! ਬੇਨਤੀ ਹੈ ਸੱਭ ਭੈਣ ਭਰਾ ਤੇ ਬਜ਼ੁਰਗ ਆਪਣੇ ਬੱਚਿਆਂ ਨੂੰ ਲੈਕੇ ਆਓ ਤੇ ਪੰਜਾਬ ਪੰਜਾਬੀਅਤ ਨਾਲ ਜੋੜੋ ! ਆਪ ਸੱਭ ਦੀ ਆਮਦ ਨਵੇਂ ਉੱਭਰ ਰਹੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰੇਗੀ ! 

ਸੱਭ ਨੂੰ ਜੀ ਆਇਆਂ !

ਵਸਦਾ ਰਹੇ ਪੰਜਾਬ, 

ਹੱਸਦਾ ਰਹੇ ਪੰਜਾਬ ! 

ਬਿੱਟੂ ਅਰਪਿੰਦਰ ਸਿੰਘ ਸੇਖ਼ੋਂ 

ਫਰੈਂਕਫ਼ੋਰਟ ਜਰਮਨ

੦੦੪੯੧੭੭੫੩੦੪੧੪੧