ਸਵਰਨਜੀਤ ਸਿੰਘ ਖਾਲਸਾ ਨੇ ਐਫ.ਬੀ.ਆਈ ਸਿਟੀਜ਼ਨ ਅਕੈਡਮੀ ਦੀ ਡਿਗਰੀ ਹਾਸਿਲ ਕੀਤੀ

ਸਵਰਨਜੀਤ ਸਿੰਘ ਖਾਲਸਾ ਨੇ ਐਫ.ਬੀ.ਆਈ ਸਿਟੀਜ਼ਨ ਅਕੈਡਮੀ ਦੀ ਡਿਗਰੀ ਹਾਸਿਲ ਕੀਤੀ
ਸਵਰਨਜੀਤ ਸਿੰਘ ਖਾਲਸਾ

ਨਿਊਯਾਰਕ: ਦੁਨੀਆਂ ਦੀਆਂ ਜਾਂਚ ਏਜੰਸੀ ਵਿੱਚੋਂ ਚੋਟੀ 'ਤੇ ਮੰਨੀ ਜਾਂਦੀ ਅਮਰੀਕਾ ਦੀ ਜਾਂਚ ਏਜੰਸੀ ਨੇ ਇਕ ਸਿੱਖ ਨੂੰ ਐਫ.ਬੀ.ਆਈ ਸਿਟੀਜ਼ਨ ਅਕੈਡਮੀ ਪਾਸ ਕਰਨ ਤੇ ਸਨਮਾਨਿਤ ਕੀਤਾ। ਸਵਰਨਜੀਤ ਸਿੰਘ ਖਾਲਸਾ ਕੈਨੇਟਿਕਟ ਦੇ ਸ਼ਹਿਰ ਨੋਰਵਿੱਚ ਦੇ ਕਮਿਸ਼ਨ ਓਫ ਸਿਟੀ ਪਲਾਨ ਦੇ ਮੈਂਬਰ ਤੇ ਸਿੱਖ ਸੇਵਕ ਸੋਸਾਇਟੀ ਦੇ ਪ੍ਰਧਾਨ ਹਨ। ਉਹਨਾਂ ਇਕ ਵਾਰ ਫਿਰ ਸਿੱਖਾਂ ਦਾ ਅਕਸ ਉੱਚਾ ਕੀਤਾ ਤੇ ਐਫ.ਬੀ.ਆਈ ਸਿਟੀਜ਼ਨ ਅਕੈਡਮੀ ਤੋਂ ਡਿਗਰੀ ਲੈ ਕੇ ਸਿੱਖਾਂ ਦਾ ਮਾਣ ਵਧਾਇਆ।

2017 ਵਿਚ ਵੀ ਉਹਨਾ ਨੂੰ ਐਫ.ਬੀ.ਆਈ ਦੇ ਡਾਇਰੈਕਟਰ ਜਿਮ ਕੋਮੀ ਨੇ ਡਾਇਰੈਕਟਰ ਆਫ ਲੀਡਰਸ਼ਿਪ ਐਵਾਰਡ ਨਾਲ ਨਵਾਜਿਆ ਸੀ ਤੇ ਹੁਣ ਉਨ੍ਹਾਂ ਨੇ ਇਹ ਸਖ਼ਤ ਟ੍ਰੇਨਿੰਗ ਕਰਕੇ ਇਕ ਵਾਰ ਫਿਰ ਹੋਰ ਪ੍ਰਾਪਤੀ ਕਰਦਿਆਂ ਇਸ ਡਿਗਰੀ ਨੂੰ ਹਾਸਿਲ ਕੀਤਾ।

ਪੂਰੇ ਕੈਨੇਟਿਕਟ ਵਿੱਚੋਂ ਇਸ ਟ੍ਰੇਨਿੰਗ ਲਈ ਸਿਰਫ 23 ਲੋਕ ਚੁਣੇ ਗਏ ਸਨ ਜਿਨ੍ਹਾਂ ਵਿੱਚ ਖਾਲਸਾ ਇਕ ਸਨ। ਖਾਲਸਾ ਨੇ ਦੱਸਿਆ ਕੀ ਹੁਣ ਇਸ ਬੇਹੱਦ ਕੀਮਤੀ ਵਿੱਦਿਆ ਨੂੰ ਉਹ ਕੌਮ ਤੇ ਆਪਣੇ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਵਰਤਣਗੇ। ਉਨ੍ਹਾਂ ਕਿਹਾ ਕਿ ਅਸਲ 'ਚ ਐਫ.ਬੀ.ਆਈ ਉਹ ਨਹੀਂ ਜੋ ਫ਼ਿਲਮਾਂ ਵਿੱਚ ਵਿਖਾਉਂਦੇ ਹਨ। ਉਨ੍ਹਾਂ ਐਫ.ਬੀ.ਆਈ ਦੇ ਕੰਮ ਕਰਨ ਦੀ ਸ਼ਲਾਘਾ ਵੀ ਕੀਤੀ।

ਖਾਲਸਾ ਨੇ ਦੱਸਿਆ ਕਿ ਹੁਣ ਤੱਕ ਐਫ.ਬੀ.ਆਈ ਦੀ ਮਦਦ ਨਾਲ ਕੈਨੇਟਿਕਟ ਦੇ 2,000 ਤੋਂ ਵੱਧ ਪੁਲਿਸ ਵਾਲਿਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ ਤੇ ਇਸ ਕੰਮ ਨੂੰ ਅੱਗੇ ਵਧਾਇਆ ਜਾਏਗਾ। ਅਮਰੀਕਾ ਵਿਚ ਸਿੱਖਾਂ ਉਤੇ ਨਸਲੀ ਹਮਲਿਆਂ ਦੀ ਜਾਂਚ ਵੀ ਹੁਣ ਐਫ.ਬੀ.ਆਈ ਹੀ ਕਰਦੀ ਹੈ।

ਇਹ ਵੀ ਦੱਸਣਾ ਲਾਜ਼ਮੀ ਹੈ ਕਿ ਕੈਨੇਟਿਕਟ ਦੀ ਸਟੇਟ ਕੈਪੀਟਲ ਬਿਲਡਿੰਗ ਵਿਚ ਵੀ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਖੁੱਲ੍ਹ ਖਾਲਸਾ ਦੇ ਯਤਨਾਂ ਕਰਨ ਹਾਸਿਲ ਹੋਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਿਯੁਕਤ ਕੀਤੇ ਐਫ.ਬੀ.ਆਈ ਦੇ ਡਾਇਰੈਕਟਰ "ਕਰਿਸਟੋਫਰ ਰੇ" ਨੇ ਖਾਲਸਾ ਨੂੰ ਚਿੱਠੀ ਭੇਜ ਕੇ ਵਧਾਈਆਂ ਦਿੱਤੀਆਂ। ਇਹ ਸਮਾਗਮ ਯੂਨੀਵਰਸਿਟੀ ਆਫ ਨਿਊ ਹੇਵਨ ਵਿਚ ਹੋਇਆ ਜਿਥੇ ਕੈਨੇਟਿਕਟ ਐਫ.ਬੀ.ਆਈ ਦੇ ਮੁਖੀ ਨੇ ਬ੍ਰੇਨ ਟਰਨਰ ਨੇ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ ਦਿਤੀਆਂ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ