ਭਾਰਤੀ ਸਮਗਲਰ ਸਰਬਜੀਤ ਨੂੰ ਪੰਜਾਬ ਸਰਕਾਰ ਨੇ ਕਿਉਂ ਦਿੱਤਾ ਸ਼ਹੀਦ ਦਾ ਦਰਜਾ?

ਭਾਰਤੀ ਸਮਗਲਰ ਸਰਬਜੀਤ ਨੂੰ ਪੰਜਾਬ ਸਰਕਾਰ ਨੇ ਕਿਉਂ ਦਿੱਤਾ ਸ਼ਹੀਦ ਦਾ ਦਰਜਾ?
ਸਰਬਜੀਤ

ਜਲੰਧਰ: ਪਾਕਿਸਤਾਨ ਦੀ ਜੇਲ੍ਹ ਵਿਚ ਮਾਰੇ ਗਏ ਸਰਬਜੀਤ ਸਿੰਘ ਦਾ ਮਾਮਲਾ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ। ਸਰਬਜੀਤ ਸਿੰਘ ਬਾਰੇ ਕਈ ਵਿਵਾਦ ਚਲਦੇ ਰਹੇ ਹਨ ਜਿੱਥੇ ਪਾਕਿਸਤਾਨ ਸਰਕਾਰ ਦਾ ਦਾਅਵਾ ਸੀ ਕਿ ਸਰਬਜੀਤ ਸਿੰਘ ਭਾਰਤ ਦੀ ਖੂਫੀਆ ਅਜੈਂਸੀ ਦਾ ਜਸੂਸ ਸੀ ਤੇ ਉਸਦਾ ਪਾਕਿਸਤਾਨ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਹੱਥ ਸੀ ਪਰ ਭਾਰਤ ਸਰਕਾਰ ਨੇ ਉਸ ਤੋਂ ਕਿਨਾਰਾ ਕਰਦਿਆਂ ਉਸਦੀ ਕੋਈ ਸਾਰ ਨਹੀਂ ਲਈ ਸੀ। ਪਰ ਜਦੋਂ ਉਸਦੀ ਮੌਤ ਹੋਈ ਤਾਂ ਰਾਜਨੀਤੀ ਦੇ ਚਿੰਨ੍ਹ ਵਜੋਂ ਵਰਤਦਿਆਂ ਉਸ ਸਮੇਂ ਦੀ ਬਾਦਲ ਸਰਕਾਰ ਨੇ ਸਰਬਜੀਤ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਸੀ। ਇਸ ਸਬੰਧੀ ਹੁਣ ਨਵਾਂ ਖੁਲਾਸਾ ਹੋਇਆ ਹੈ ਜਿਸ ਮੁਤਾਬਿਕ ਭਾਰਤ ਸਰਕਾਰ ਸਰਬਜੀਤ ਨੂੰ ਇਕ ਸਮਗਲਰ ਹੀ ਮੰਨਦੀ ਹੈ।

ਸੂਚਨਾ ਦੇ ਅਧਿਕਾਰ ਐਕਟ ਤਹਿਤ ਮੰਗੀ ਗਈ ਜਾਣਕਾਰੀ ਵਿਚ ਕੇਂਦਰ ਸਰਕਾਰ ਨੇ ਸਰਬਜੀਤ ਨੂੰ ਛੋਟਾ ਸਮੱਗਲਰ ਦੱਸਦਿਆਂ ਕਿਹਾ ਹੈ ਕਿ ਉਹ ਸਮੱਗਲਿੰਗ ਦੇ ਮਾਮਲੇ ਵਿਚ ਪਾਕਿਸਤਾਨ ਵਿਚ ਫੜਿਆ ਗਿਆ ਸੀ।


ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੀ ਹੋਈ ਦਲਬੀਰ ਕੌਰ

ਮੀਡੀਆ ਨਾਲ ਗੱਲਬਾਤ ਦੌਰਾਨ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਚੁੱਕਿਆ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਸੀ।

ਦਲਬੀਰ ਕੌਰ ਸ਼ੁਰੂ ਤੋਂ ਹੀ ਇਹ ਦਾਅਵੇ ਕਰਦੀ ਆ ਰਹੀ ਹੈ ਕਿ ਉਸ ਦਾ ਭਰਾ ਸਰਬਜੀਤ ਸਿੰਘ ਨਸ਼ੇ ਦੀ ਹਾਲਤ ਵਿਚ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਨਸ਼ੇ ਦੀ ਹਾਲਤ ਵਿਚ ਪਾਕਿਸਤਾਨ ਗਏ ਸਨ ਤਾਂ ਕੀ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਵਾਜਿਬ ਹੈ। ਇਸ ਦਾ ਜਵਾਬ ਦਿੰਦਿਆਂ ਦਲਬੀਰ ਕੌਰ ਨੇ ਕਿਹਾ ਕਿ ਇਸ ਬਾਰੇ ਤਾਂ ਸਰਕਾਰ ਹੀ ਦੱਸ ਸਕਦੀ ਹੈ।

ਕੇਂਦਰ ਸਰਕਾਰ ਕੋਲੋਂ ਆਰਟੀਆਈ ਰਾਹੀਂ ਮੰਗੀ ਗਈ ਸੂਚਨਾ ਦੇ ਜਵਾਬ ਵਿਚ 17 ਜੂਨ, 2016 ਨੂੰ ਕਿਹਾ ਗਿਆ ਸੀ ਕਿ ਸਰਬਜੀਤ ਰੋਜ਼ੀ-ਰੋਟੀ ਕਮਾਉਣ ਲਈ ਸਮੱਗਲਿੰਗ ਕਰਦਾ ਸੀ। ਇਸੇ ਦੌਰਾਨ ਉਹ 29 ਤੇ 30 ਅਗਸਤ 1990 ਦੀ ਰਾਤ ਨੂੰ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ। ਉਸ ਨੂੰ ਪਾਕਿਸਤਾਨੀ ਫ਼ੌਜ ਨੇ ਕਸੂਰ ਨੇੜਿਓਂ ਫੜਿਆ ਸੀ।

ਹਾਲ ਹੀ ਵਿਚ ਲੁਧਿਆਣਾ ਦੀ ਵਸਨੀਕ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਉਹ ਸਰਬਜੀਤ ਦੀ ਅਸਲੀ ਭੈਣ ਹੈ। ਪੰਜਾਬ ਦੇ ਗ੍ਰਹਿ ਮੰਤਰਾਲੇ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਆਈਆਂ ਵੱਖ-ਵੱਖ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਹੈ। ਇਨ੍ਹਾਂ ਵਿਚ ਦਲਬੀਰ ਕੌਰ ਦਾ ਡੀਐੱਨਏ ਟੈਸਟ ਕਰਾਉਣ ਦੀ ਗੱਲ ਵੀ ਸ਼ਾਮਲ ਹੈ। ਜਦੋਂ ਦਲਬੀਰ ਕੌਰ ਨੂੰ ਪੁੱਛਆ ਗਿਆ ਕਿ ਕੀ ਉਹ ਡੀਐੱਨਏ ਟੈਸਟ ਦੇਣ ਲਈ ਤਿਆਰ ਹਨ ਤਾਂ ਉਨ੍ਹਾਂ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਸ ਸਬੰਧੀ ਅਦਾਲਤ ਨੇ ਕੋਈ ਹੁਕਮ ਨਹੀਂ ਦਿੱਤੇ। 

ਉਨ੍ਹਾਂ ਬਲਜਿੰਦਰ ਕੌਰ ’ਤੇ ਦੋਸ਼ ਲਾਏ ਕਿ ਪਹਿਲਾਂ ਉਹ ਇਹ ਸਾਬਤ ਕਰੇ ਕਿ ਉਹੀ ਸਰਬਜੀਤ ਦੀ ਅਸਲੀ ਭੈਣ ਹੈ। ਇਸ ਮੌਕੇ ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਅਤੇ ਧੀ ਪੂਨਮ ਵੀ ਹਾਜ਼ਰ ਸਨ। ਉਨ੍ਹਾਂ ਨੇ ਵੀ ਦਾਅਵਾ ਕੀਤਾ ਕਿ ਬਲਜਿੰਦਰ ਕੌਰ ਝੂਠ ਬੋਲਦੀ ਹੈ ਤੇ ਉਸ ਕੋਲ ਕੋਈ ਵੀ ਸਬੂਤ ਨਹੀਂ ਹਨ ਕਿ ਉਹ ਸਰਬਜੀਤ ਦੀ ਅਸਲੀ ਭੈਣ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ