ਕੈਂਥਲ ਵਿੱਚ ਸਿੱਖ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ ਦੀ ਘਟਨਾ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਉਣਾ: ਸਰਨਾ

ਕੈਂਥਲ ਵਿੱਚ ਸਿੱਖ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ ਦੀ ਘਟਨਾ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਉਣਾ: ਸਰਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 13 ਜੂਨ (ਮਨਪ੍ਰੀਤ ਸਿੰਘ ਖਾਲਸਾ):-ਬੀਤੇ ਦਿਨੀਂ ਜੋ ਹਰਿਆਣਾ ਦੇ ਕੈਂਥਲ ਵਿੱਚ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਤੇ ਵੱਖਵਾਦੀ ਕਹਿ ਕੇ ਕੁੱਟਮਾਰ ਕਰਨ ਦੀ ਘਟਨਾ ਵਾਪਰੀ ਹੈ । ਇਹ ਬੇਹੱਦ ਨਿੰਦਣਯੋਗ ਹੈ । ਇਸਨੇ ਇਕ ਵਾਰ ਫੇਰ ਤੋਂ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਹੈ । ਇਹ ਘਟਨਾ ਦੱਸਦੀ ਹੈ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਅੱਜ ਵੀ ਆਪਣੀ ਦੇਸ਼ ਭਗਤੀ ਸਾਬਤ ਕਰਨ ਲਈ ਕਿਹਾ ਜਾਂਦਾ ਹੈ । 

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸ ਤਰ੍ਹਾਂ ਸ਼ਰੇਆਮ ਕੁਟਮਾਰ ਕਰਨਾ ਤੇ ਵੱਖਵਾਦੀ ਕਹਿਣਾ ਇੱਕ ਨਸਲੀ ਹਿੰਸਾ ਹੈ ਤੇ ਇਸਨੂੰ ਨਸਲੀ ਅਪਰਾਧ ਦੇ ਦਾਇਰੇ ਅੰਦਰ ਲਿਆਉੰਦੇ ਹੋਏ ਹਰਿਆਣਾ ਸਰਕਾਰ ਨੂੰ ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦਾ ਹੈ । ਤੇ ਇਹ ਭਾਜਪਾ ਲਈ ਵੀ ਸੋਚਣ ਦਾ ਵੇਲਾ ਹੈ ਕਿ ਉਹ ਇੱਕ ਪਾਸੇ ਤਾਂ ਸਿੱਖਾਂ ਨੂੰ ਆਪਣੇ ਨੇੜੇ ਲਿਆਉਣ ਦਾ ਯਤਨ ਕਰ ਰਹੀ ਹੈ ਪਰ ਦੂਜੇ ਪਾਸੇ ਉਸਦੇ ਆਗੂ ਹਮੇਸ਼ਾ ਸਿੱਖਾਂ ਖ਼ਿਲਾਫ਼ ਨਫ਼ਰਤ ਦਾ ਬਿਰਤਾਂਤ ਸਿਰਜਣ ਵਿੱਚ ਲੱਗੇ ਰਹਿੰਦੇ ਹਨ ।