ਐਨਆਈਏ ਦੀ ਪੁੱਛਗਿੱਛ ਤੋਂ ਕੁੱਝ ਘੰਟਿਆਂ ਬਾਅਦ ਸਿੱਖ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ

ਐਨਆਈਏ ਦੀ ਪੁੱਛਗਿੱਛ ਤੋਂ ਕੁੱਝ ਘੰਟਿਆਂ ਬਾਅਦ ਸਿੱਖ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤਾ ਖੇੜਾ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਅੰਮ੍ਰਿਤਧਾਰੀ ਸਿੱਖ ਨੌਜਵਾਨ ਲਵਪ੍ਰੀਤ ਸਿੰਘ ਨੇ ਭਾਰਤ ਦੀ ਕੇਂਦਰੀ ਜਾਂਚ ਅਜੈਂਸੀ ਐਨਆਈਏ ਵੱਲੋਂ ਚੰਡੀਗੜ੍ਹ ਬੁਲਾ ਕੇ ਕੀਤੀ ਪੁੱਛ ਪੜਤਾਲ ਤੋਂ ਕੁੱਝ ਘੰਟੇ ਬਾਅਦ ਭੇਦਭਰੇ ਹਾਲਾਤਾਂ 'ਚ ਖੁਦਕੁਸ਼ੀ ਕਰ ਲਈ। ਮੰਨਿਆ ਜਾ ਰਿਹਾ ਹੈ ਕਿ ਯੂਏਪੀਏ ਕਾਨੂੰਨ ਰਾਹੀਂ ਦਿੱਤੇ ਜਾ ਰਹੇ ਮਾਨਸਿਕ ਦਬਾਅ ਤੋਂ ਤੰਗ ਆ ਕੇ ਲਵਪ੍ਰੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਲਵਪ੍ਰੀਤ ਸਿੰਘ ਨੂੰ ਭਾਰਤ ਦੀ ਕੌਮੀ ਜਾਂਚ ਅਜੈਂਸੀ ਵੱਲੋਂ 13 ਜੁਲਾਈ ਨੂੰ ਇਕ ਕੇਸ ਨਾਲ ਸਬੰਧਿਤ ਪੁੱਛਗਿੱਛ ਲਈ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਸਥਿਤ ਐਨਆਈਏ ਦੇ ਦਫਤਰ ਬੁਲਾਇਆ ਗਿਆ ਸੀ। 

10 ਜੁਲਾਈ ਨੂੰ ਜਾਰੀ ਕੀਤੇ ਇਹਨਾਂ ਸੰਮਨਾਂ ਮੁਤਾਬਕ ਲਵਪ੍ਰੀਤ ਸਿੰਘ ਤੋਂ ਅੰਮ੍ਰਿਤਸਰ ਸ਼ਹਿਰ ਦੇ ਸੁਲਤਾਨਵਿੰਡ ਥਾਣੇ ਵਿਚ 19 ਅਕਤੂਬਰ 2018 ਨੂੰ ਦਰਜ ਇਕ ਮਾਮਲੇ 'ਚ ਪੁੱਛਗਿੱਛ ਕੀਤੀ ਜਾਣੀ ਸੀ। ਇਹ ਮਾਮਲਾ ਯੂਏਪੀਏ ਕਾਨੂੰਨ ਅਧੀਨ ਦਰਜ ਕੀਤਾ ਗਿਆ ਸੀ। 

ਦੱਸ ਦਈਏ ਕਿ ਲਵਪ੍ਰੀਤ ਸਿੰਘ 13 ਜੁਲਾਈ ਨੂੰ ਰਾਤ ਵੇਲੇ ਮੋਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨੂੰ ਦੱਸਿਆ ਕਿ 13 ਜੁਲਾਈ ਨੂੰ ਸ਼ਾਮ ਵੇਲੇ ਲਵਪ੍ਰੀਤ ਸਿੰਘ ਨੇ ਰੁਕਣ ਲਈ ਕਮਰਾ ਲਿਆ ਸੀ। ਉਹਨਾਂ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਇਕ ਸੇਵਾਦਾਰ ਨੇ ਲਵਪ੍ਰੀਤ ਸਿੰਘ ਨੂੰ ਕਮਰੇ ਵਿਚ ਮ੍ਰਿਤਕ ਹਾਲਤ 'ਚ ਪਿਆ ਦੇਖਿਆ ਤਾਂ ਉਹਨਾਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਆ ਕੇ ਕਮਰੇ ਦਾ ਦਰਵਾਜਾ ਤੋੜਿਆ ਤਾਂ ਉਸ ਸਮੇਂ ਤਕ ਲਵਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ। 

ਮੈਨੇਜਰ ਰਜਿੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਜਿਹੜਾ ਲਵਪ੍ਰੀਤ ਸਿੰਘ ਦਾ ਹੱਥ ਲਿਖਤ ਪੱਤਰ ਘੁੰਮ ਰਿਹਾ ਹੈ ਉਹ ਵੀ ਉਸਦੀ ਦੇਹ ਕੋਲੋਂ ਹੀ ਮਿਲਿਆ ਸੀ। ਇਸ ਪੱਤਰ 'ਤੇ ਲਵਪ੍ਰੀਤ ਨੇ ਆਪਣੇ ਪਰਿਵਾਰ ਤੋਂ ਖੁਦਕੁਸ਼ੀ ਕਰਨ ਲਈ ਮੁਆਫੀ ਮੰਗੀ ਸੀ। 

ਪਿਛਲੇ ਕੁੱਝ ਦਿਨਾਂ ਤੋਂ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਯੂਏਪੀਏ ਕਾਨੂੰਨ ਖਿਲਾਫ ਲਗਾਤਾਰ ਅਵਾਜ਼ ਚੁੱਕ ਰਹੇ ਐਮਐਲਏ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਨਾਲ ਲਵਪ੍ਰੀਤ ਸਿੰਘ ਦੇ ਘਰ ਪਿੰਡ ਰੱਤਾ ਖੇੜਾ ਪਹੁੰਚੇ। ਉਹਨਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਅਤੇ ਇਸ ਲਈ ਪੁੱਛਗਿੱਛ ਕਰਨ ਵਾਲੇ ਐਨਆਈਏ ਅਫਸਰਾਂ ਨੂੰ ਦੋਸ਼ੀ ਦੱਸਿਆ।