ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਲਿਸ ਵੱਲੋਂ ਚੁੱਕਿਆ ਸਿੱਖ ਨੌਜਵਾਨ ਲਾਪਤਾ; ਪਰਿਵਾਰ ਫਿਕਰਮੰਦ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਲਿਸ ਵੱਲੋਂ ਚੁੱਕਿਆ ਸਿੱਖ ਨੌਜਵਾਨ ਲਾਪਤਾ; ਪਰਿਵਾਰ ਫਿਕਰਮੰਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਪੁਲਸ ਵੱਲੋਂ ਅਗਵਾ ਕੀਤੇ ਗਏ ਸਿੱਖ ਨੌਜਵਾਨ ਬਾਰੇ ਉਸਦੇ ਮਾਪਿਆਂ ਨੂੰ ਕੁੱਝ ਨਹੀਂ ਦੱਸਿਆ ਜਾ ਰਿਹਾ। ਪੁਲਸ ਨੇ ਇਸ ਨੌਜਵਾਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਦਿਆਂ ਚੁੱਕ ਲਿਆ ਸੀ। ਇਹ ਨੌਜਵਾਨ ਗੁਰਮੀਤ ਸਿੰਘ ਪੱਟੀ ਤਹਿਸੀਲ ਦੇ ਪਿੰਡ ਰਾਮ ਸਿੰਘ ਵਾਲਾ ਨਾਲ ਸਬੰਧਿਤ ਹੈ।

26 ਸਾਲਾ ਗੁਰਮੀਤ ਸਿੰਘ ਦੇ ਪਿਤਾ ਲਛਮਣ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੂੰ ਗੁਰਮੀਤ ਸਿੰਘ ਦਾ ਆਖਰੀ ਫੋਨ 22 ਅਗਸਤ ਸ਼ਾਮ 5 ਵਜੇ ਦੇ ਕਰੀਬ ਆਇਆ ਸੀ ਤੇ ਉਸ ਤੋਂ ਬਾਅਦ ਉਸਦਾ ਫੋਨ ਬੰਦ ਆ ਰਿਹਾ ਹੈ। ਉਸ ਤੋਂ ਬਾਅਦ ਉਹਨਾਂ ਦੀ ਆਪਣੇ ਪੁੱਤਰ ਨਾਲ ਕੋਈ ਗੱਲ ਨਹੀਂ ਹੋਈ ਤੇ ਉਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਹਲਾਂਕਿ ਪੰਜਾਬ ਪੁਲਸ ਨੇ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਪਰ ਪਰਿਵਾਰ ਨੇ ਉਸਦੀ ਗ੍ਰਿਫਤਾਰੀ ਦੀ ਗੱਲ ਆਖੀ ਹੈ। 

ਪਰਿਵਾਰ ਦੇ ਦੱਸਣ ਮੁਤਾਬਕ ਗੁਰਮੀਤ ਸਿੰਘ ਕਰੀਬ 8-9 ਮਹੀਨੇ ਤੋਂ ਕਰਤਾਰਪੁਰ ਨੇੜੇ ਕਿਸੇ ਪਿੰਡ ਵਿਚ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਉਹ ਮਹੀਨਾ ਪਹਿਲਾਂ ਹੀ ਘਰ ਆਇਆ ਸੀ। ਗੁਰਮੀਤ ਸਿੰਘ ਦਾ ਪਰਿਵਾਰ ਵੀ ਆਪਣੇ ਪਿੰਡ ਵਿਚ ਪਿਛਲੇ 20 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਿੱਖ ਰੈਫਰੈਂਡਮ-2020 ਦੇ ਅਮਰੀਕਾ ਸਥਿਤ ਦਫਤਰ ਵੱਲੋਂ ਸਿੱਖ ਅਜ਼ਾਦ ਦੇਸ਼ ਦੀ ਪ੍ਰਾਪਤੀ ਲਈ ਗੁਰਦੁਆਰਾ ਸਾਹਿਬਾਨ ਵਿਖੇ ਅਰਦਾਸ ਕਰਨ ਦਾ ਬਿਆਨ ਜਾਰੀ ਕਰਨ ਮਗਰੋਂ ਪੰਜਾਬ ਸਰਕਾਰ ਨੇ ਕਈ ਗੁਰਦੁਆਰਾ ਸਾਹਿਬਾਨ ਵਿਚ ਸਿੱਖਾਂ ਨੂੰ ਅਰਦਾਸ ਤੋਂ ਰੋਕਣ ਲਈ ਅਣਐਲਾਨੀਆਂ ਪਾਬੰਦੀਆਂ ਵਰਗਾ ਮਾਹੌਲ ਬਣਾ ਦਿੱਤਾ ਹੈ। ਬੀਤੇ ਕੱਲ੍ਹ ਅਕਾਲ ਤਖ਼ਤ ਸਾਹਿਬ 'ਤੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਵੀ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਗਈ ਤੇ ਸਪਸ਼ਟ ਕੀਤਾ ਗਿਆ ਕਿ ਅਰਦਾਸ ਕਰਨਾ ਸਿੱਖਾਂ ਦਾ ਧਾਰਮਿਕ ਫਰਜ਼ ਹੈ ਅਤੇ ਅਰਦਾਸ ਵਿਚ ਸਿੱਖ ਹਮੇਸ਼ਾ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦੇ ਹਨ। 

ਇਸ ਦੌਰਾਨ ਗੁਰਮੀਤ ਸਿੰਘ ਦੇ ਪਰਿਵਾਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਉਹਨਾਂ ਨੂੰ ਗੁਰਮੀਤ ਸਿੰਘ ਦੇ ਹਾਲ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਉਸਨੂੰ ਘਰ ਭੇਜਿਆ ਜਾਵੇ।