ਸਿੱਖਾਂ ਦੀ ਸੇਵਾ ਦੇ ਵਿਸ਼ਵ-ਵਿਆਪੀ ਚਰਚੇ: ਮਹਾਂਮਾਰੀ ਜਾਂ ਇਨਸਾਫ ਲਈ ਪ੍ਰਦਰਸ਼ਨ, ਹਰ ਥਾਂ ਸਿੱਖ ਸੇਵਾਦਾਰ ਹਾਜ਼ਰ

ਸਿੱਖਾਂ ਦੀ ਸੇਵਾ ਦੇ ਵਿਸ਼ਵ-ਵਿਆਪੀ ਚਰਚੇ: ਮਹਾਂਮਾਰੀ ਜਾਂ ਇਨਸਾਫ ਲਈ ਪ੍ਰਦਰਸ਼ਨ, ਹਰ ਥਾਂ ਸਿੱਖ ਸੇਵਾਦਾਰ ਹਾਜ਼ਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ 'ਤੇ ਚਲਦਿਆਂ ਸਿੱਖ ਪੂਰੀ ਦੁਨੀਆ ਵਿਚ ਬੇਆਸਰਿਆਂ ਦਾ ਆਸਰਾ ਬਣੇ ਹੋਏ ਹਨ। ਕੋਰੋਨਾਵਾਇਰਸ ਦੀ ਮਹਾਂਮਾਰੀ ਵਿਚ ਸਿੱਖਾਂ ਦੀ ਸੇਵਾ ਦੇ ਕੁੱਲ ਜਹਾਨ ਚਰਚੇ ਹਨ। ਅਮਰੀਕਾ ਦੇ ਸਭ ਤੋਂ ਮਸ਼ਹੂਰ ਅਖਬਾਰ ਨਿਊ ਯਾਰਕ ਟਾਈਮਜ਼ ਵਿਚ ਪੱਤਰਕਾਰ ਪ੍ਰਿਯਾ ਕਿਸ਼ਨਾ ਦੀ ਸਿੱਖਾਂ ਦੀ ਸੇਵਾ ਸਬੰਧੀ ਪ੍ਰਮੁੱਖ ਖਬਰ ਛਪੀ ਹੈ। 

ਇਸ ਖਬਰ ਵਿਚ ਪੱਤਰਕਾਰ ਨੇ ਨਿਊ ਯਾਰਕ ਲਾਗਲੇ ਕੂਈਨਜ਼ ਪਿੰਡ ਵਿਚ ਸਥਿਤ ਗੁਰਦੁਆਰਾ ਸਾਹਿਬ ਤੋਂ ਚਲਦੀ ਸੇਵਾ ਦਾ ਜ਼ਿਕਰ ਕਰਦਿਆਂ ਸਿੱਖਾਂ ਦੀ ਸੇਵਾ ਭਾਵਨਾ ਦੀਆਂ ਤਰੀਫਾਂ ਦੁਨੀਆ ਸਾਹਮਣੇ ਰੱਖੀਆਂ ਹਨ।

ਰਿਪੋਰਟ ਵਿਚ ਦੱਸਿਆ ਗਿਆ ਕਿ ਕੁਈਨਜ਼ ਪਿੰਡ ਵਿਚ ਇਕ ਨੀਵੀਂ ਜਹੀ, ਲਾਲ ਇੱਟਾਂ ਦੀ ਇਮਾਰਤ ਦੇ ਅੰਦਰ, ਲਗਭਗ 30 ਸੇਵਾਦਾਰਾਂ ਦੇ ਜਥੇ ਨੇ ਸਿਰਫ 10 ਹਫਤਿਆਂ ਵਿਚ 1 ਲੱਖ 45 ਹਜ਼ਾਰ ਤੋਂ ਵੱਧ ਲੋਕਾਂ ਲਈ ਭੋਜਨ ਤਿਆਰ ਕਰਕੇ ਮੁਫਤ ਵਿਚ ਵੰਡਿਆ ਗਿਆ। ਇਹ ਸਿੱਖ ਸੇਵਾਦਾਰ ਹਫਤੇ ਵਿਚ ਤਿੰਨ ਦਿਨ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਪਹੁੰਚਦੇ ਹਨ ਤੇ ਬੇਅੰਤ ਚੌਲ, ਦਾਲਾਂ, ਬੀਨਜ਼ ਅਤੇ ਹੋਰ ਸਬਜ਼ੀਆਂ ਨੂੰ ਤਰਤੀਬ ਨਾਲ ਤਿਆਰ ਕਰਕੇ ਨਿਊ ਯਾਰਕ ਦੇ ਹਸਪਤਾਲਾਂ ਵਿਚ ਕੰਮ ਕਰਦੇ ਮੁਲਾਜ਼ਮਾਂ, ਹੋਰ ਗਰੀਬ ਲੋਕਾਂ ਅਤੇ ਨਜ਼ਰ ਪੈਂਦੇ ਹਰ ਲੋੜਵੰਦ ਨੂੰ ਗਰਮਾ ਗਰਮ ਭੋਜਨ ਛਕਾਉਂਦੇ ਹਨ। 

ਸਿੱਖ ਸੱਭਿਆਚਾਰ ਤੋਂ ਅਣਜਾਣ ਪੱਛਮੀ ਸੱਭਿਅਤਾ ਦੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਪੱਤਰਕਾਰ ਦੱਸਦੀ ਹੈ ਕਿ ਇਹ ਇਮਾਰਤ ਸੂਪ ਕਿਚਨ ਜਾਂ ਫੂਡ ਬੈਂਕ ਨਹੀਂ ਹੈ, ਇਹ ਇਕ ਗੁਰਦੁਆਰਾ ਹੈ ਜੋ ਦੁਨੀਆ ਦੇ ਪੰਜਵੇਂ-ਵੱਡੇ ਸੰਗਠਿਤ ਧਰਮ ਦੇ ਮੈਂਬਰ, ਸਿੱਖਾਂ ਦੇ ਧਾਰਮਿਕ ਅਕੀਦੇ ਦੇ ਕੇਂਦਰ ਹੁੰਦਾ ਹੈ ਜਿਹਨਾਂ ਦੀ ਗਿਣਤੀ ਲਗਭਗ 25 ਮਿਲੀਅਨ ਮੰਨੀ ਜਾਂਦੀ ਹੈ।  ਉਸਨੇ ਲਿਖਿਆ ਕਿ ਲੋੜਵੰਦ ਲੋਕਾਂ  ਦੀ ਮਦਦ ਕਰਨਾ ਸਿੱਖ ਧਰਮ ਦਾ ਹਿੱਸਾ ਹੈ।

ਸਿੱਖ ਧਰਮ ਦੀ ਅਹਿਮ ਪਰੰਪਰਾ ਲੰਗਰ ਬਾਰੇ ਦੱਸਦਿਆਂ ਪੱਤਰਕਾਰ ਨੇ ਲਿਖਿਆ, "ਸਿੱਖ ਧਰਮ ਦਾ ਇਕ ਜ਼ਰੂਰੀ ਅੰਗ ਲੰਗਰ ਹੈ, ਜਿਸ ਵਿਚ ਸਿੱਖ ਸੇਵਾ ਜਾਂ ਨਿਰਸਵਾਰਥ ਸੇਵਾ ਦੇ ਸਿਧਾਂਤ ਨੂੰ ਉਤਸ਼ਾਹਤ ਕਰਨ ਲਈ ਭੋਜਨ ਤਿਆਰ ਕਰਕੇ ਮੁਫਤ ਵਿਚ ਵਰਤਾਇਆ ਜਾਂਦਾ ਹੈ।"

ਉਹ ਦੱਸਦੀ ਹੈ ਕਿ ਕੋਈ ਵੀ, ਸਿੱਖ ਹੋਵੇ ਜਾਂ ਗੈਰ ਸਿੱਖ, ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਵਿਚ ਹਿੱਸਾ ਲੈ ਸਕਦਾ ਹੈ, ਇੱਥੋਂ ਤਕ ਕਿ ਦੁਨੀਆ ਦੇ ਸਭ ਤੋਂ ਵੱਡੇ ਲੰਗਰ- ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ  ਜਿੱਥੇ ਹਰ ਰੋਜ਼ 100,000 ਤੋਂ ਜ਼ਿਆਦਾ ਲੋਕ ਪ੍ਰਸ਼ਾਦਾ ਛਕਦੇ ਹਨ ਉੱਥੇ ਵੀ ਸੇਵਾ ਕਰ ਸਕਦਾ ਹੈ। 

ਰਿਪੋਰਟ ਵਿਚ ਦੱਸਿਆ ਗਿਆ ਕਿ ਜਦੋਂ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਧਾਰਮਿਕ ਸਥਾਨ ਬੰਦ ਹੋ ਗਏ ਸਨ ਅਤੇ ਗੁਰਦੁਆਰਾ ਸਾਹਿਬ ਵਿਚ ਲੰਗਰ ਵੀ ਬੰਦ ਕਰਨੇ ਪਏ ਤਾਂ ਮਹਾਂਮਾਰੀ ਦੇ ਸਮੇਂ ਨਿਊ ਯਾਰਕ ਦੇ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਾਂਗ ਅਨੇਕਾਂ ਗੁਰਦੁਆਰਾ ਸਾਹਿਬਾਨ ਵਿਚੋਂ ਲੋੜਵੰਦਾਂ ਦੀ ਮਦਦ ਲਈ ਲੰਗਰਾਂ ਨੂੰ ਧਾਰਮਿਕ ਸਥਾਨਾਂ ਤੋਂ ਬਾਹਰ ਚਲਾ ਦਿੱਤਾ ਗਿਆ। 

ਪੱਤਰਕਾਰ ਨੇ ਜ਼ਿਕਰ ਕੀਤਾ ਕਿ ਸਿਰਫ ਕੋਰੋਨਾਵਾਇਰਸ ਮਹਾਂਮਾਰੀ ਦੇ ਸਮੇਂ ਹੀ ਨਹੀਂ ਬਲਕਿ ਪੁਲਸ ਵੱਲੋਂ ਕਤਲ ਕੀਤੇ ਗਏ ਕਾਲੇ ਨੌਜਵਾਨ ਜੌਰਨ ਫਲੋਇਡ ਦੇ ਕਤਲ ਮਗਰੋਂ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਉੱਤਰੇ ਹੋਏ ਲੋਕਾਂ ਨੂੰ ਵੀ ਸਿੱਖ ਲੰਗਰ ਛਕਾ ਰਹੇ ਹਨ। ਰਿਪੋਰਟ ਵਿਚ ਦੱਸਿਆ ਗਿਆ ਕਿ ਕੁਈਨਜ਼ ਸੈਂਟਰ ਵਿਚ ਸਿੱਖ ਸੇਵਾਦਾਰਾਂ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਟਰ ਪਨੀਰ, ਰਾਜਮਾ ਚੌਲ, ਜਲ ਅਤੇ ਖੀਰ ਦੇ ਲੰਗਰ ਵਰਤਾਏ।

ਪੱਤਰਕਾਰ ਨਾਲ ਗੱਲ ਕਰਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੱਮਤ ਸਿੰਘ ਨੇ ਕਿਹਾ ਕਿ ਸਿੱਖ ਹਮੇਸ਼ਾ ਇਨਸਾਫ ਚਾਹੁੰਦੇ ਹਨ ਅਤੇ ਉਹ ਇਨਸਾਫ ਮੰਗ ਰਹੇ ਇਹਨਾਂ ਲੋਕਾਂ ਦਾ ਸਮਰਥਨ ਕਰਦੇ ਹਨ।

ਗੁਰੂ ਨਾਨਕ ਮਿਸ਼ਨ ਸੋਸਾਇਟੀ ਆਫ ਅਟਲੰਟਾ ਦੇ ਸੰਤੋਖ ਸਿੰਘ ਢਿੱਲੋਂ ਨੇ ਦੱਸਿਆ ਕਿ ਅਮਰੀਕਾ ਵਿਚ ਜਦੋਂ ਉਹ ਲੋਕਾਂ ਨੂੰ ਲੰਗਰ ਦਿੰਦੇ ਹਨ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਮੁਫਤ ਹੈ ਤਾਂ ਲੋਕ ਹੈਰਾਨ ਹੁੰਦੇ ਹਨ। ਉਹਨਾਂ ਦੱਸਿਆ ਕਿ ਬਹੁਤ ਲੋਕ ਸਿੱਖ ਧਰਮ ਤੋਂ ਅਣਜਾਣ ਹਨ।

ਰਿਪੋਰਟ ਮੁਤਾਬਕ ਅਮਰੀਕਾ ਵਿਚ 80 ਤੋਂ ਵੱਧ ਗੁਰਦੁਆਰਾ ਸਾਹਿਬਾਨ ਲੋੜਵੰਦਾਂ ਦੀ ਮਦਦ ਲਈ ਇਸ ਤਰ੍ਹਾਂ ਲੰਗਰ ਚਲਾ ਰਹੇ ਹਨ। ਅਹਿਮ ਗੱਲ ਇਹ ਹੈ ਕਿ ਬਿਪਤਾ ਦੇ ਸਮੇਂ ਜਿੱਥੇ ਹੋਰ ਸਭ ਪ੍ਰਣਾਲੀਆਂ ਢਿੱਲੀਆਂ ਪੈ ਗਈਆਂ ਸੀ, ਉਦੋਂ ਸਿੱਖਾਂ ਵੱਲੋਂ ਬੜੇ ਸੁਚੱਜੇ ਢੰਗ ਨਾਲ ਇਹ ਸੇਵਾਵਾਂ ਚਲਾਈਆਂ ਗਈਆਂ। ਪੱਤਰਕਾਰ ਨੇ ਇਸ ਸਬੰਧੀ ਸਿੱਖ ਬੀਬੀ ਸੱਤਜੀਤ ਕੌਰ ਦੀ ਗੱਲ ਦਾ ਜ਼ਿਕਰ ਕੀਤਾ ਹੈ ਜੋ ਕਹਿੰਦੇ ਹਨ ਕਿ ਇਸ ਪਿੱਛੇ ਉਹ ਭਾਵਨਾ ਹੈ ਕਿ ਸਿੱਖਾਂ ਨੇ ਲੋੜਵੰਦਾਂ ਦੀ ਸੇਵਾ ਲਈ ਸਮੇਂ ਅਤੇ ਕਿਰਤ ਕਮਾਈ ਦਾ ਦਸਵੰਧ ਕੱਢਣਾ ਹੈ, ਜੋ ਉਹਨਾਂ ਨੂੰ ਧਰਮ ਸਿਖਾਉਂਦਾ ਹੈ।

ਪੱਤਰਕਾਰ ਨੇ ਫਰੀਮਾਂਟ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਹਾਂਮਾਰੀ ਦੇ ਚਲਦਿਆਂ ਮਾਰਚ ਮਹੀਨੇ ਵਿਚ ਗੁਰਦੁਆਰਾ ਸਾਹਿਬ ਅੰਦਰ ਸੇਵਾਵਾਂ ਬੰਦ ਹੋਣ ਦੇ ਸਮੇਂ ਤੋਂ ਹੀ ਸੇਵਾਦਾਰਾਂ ਨੇ ਹਾਲਾਤਾਂ ਨੂੰ ਦੇਖਦਿਆਂ ਲੰਗਰ ਤਿਆਰ ਕਰਕੇ ਲੋੜਵੰਦਾਂ ਤਕ ਪਹੁੰਚਾਉਣ ਦਾ ਕਾਰਜ ਸ਼ੁਰੂ ਕੀਤਾ ਅਤੇ ਰਾਹਗੀਰਾਂ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਡਰਾਈਵ-ਥਰੂ ਰਾਹੀਂ ਲੰਗਰ ਦੇ ਪ੍ਰਬੰਧ ਦਾ ਬੰਦੋਬਸਤ ਕੀਤਾ।

ਰਿਪੋਰਟ ਵਿਚ ਦੱਸਿਆ ਗਿਆ ਕਿ ਇਹ ਲੰਗਰ ਤਿਆਰ ਕਰਨ ਸਮੇਂ ਸੇਵਾਦਾਰਾਂ ਵੱਲੋਂ ਸਾਰੀਆਂ ਸਿਹਤ ਸਬੰਧੀ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਤੇ ਲੰਗਰ ਦਾ ਸਾਰਾ ਭੋਜਨ ਸ਼ਾਕਾਹਾਰੀ ਹੁੰਦਾ ਹੈ।

ਅਮਰੀਕਾ ਵਿਚ ਲੰਗਰ ਰਾਹੀਂ ਸਿੱਖੀ ਦਾ ਅਕਾਲੀ ਸੁਨੇਹਾ ਵਰਤਾ ਰਹੇ ਸਿੱਖਾਂ ਬਾਰੇ ਨਿਊ ਯਾਰਕ ਟਾਈਮਜ਼ ਦੀ ਪੂਰੀ ਰਿਪੋਰਟ ਤੁਸੀਂ ਇਸ ਲਿੰਕ ਨੂੰ ਖੋਲ੍ਹ ਕੇ ਪੜ੍ਹ ਸਕਦੇ ਹੋ:

How to Feed Crowds in a Protest or Pandemic? The Sikhs Know