ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਐਨਆਈਏ ਨੇ ਚਾਰਜਸ਼ੀਟ ਦਾਖ਼ਲ ਕੀਤੀ
ਚੰਡੀਗੜ੍ਹ: ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਐਨਆਈਏ ਅਦਾਲਤ ’ਚ ਸ਼ਿਵ ਸੈਨਾ ਦੇ ਆਗੂ ਅਮਿਤ ਅਰੋੜਾ ’ਤੇ ਲੁਧਿਆਣਾ ਵਿਚ ਕਰੀਬ ਚਾਰ ਸਾਲ ਪਹਿਲਾਂ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਸਮੇਤ ਅੱਠ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਬਾਕੀ ਮੁਲਜ਼ਮਾਂ ਵਿਚ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ, ਧਰਮਿੰਦਰ ਸਿੰਘ, ਅਨਿਲ ਕੁਮਾਰ, ਹਰਮੀਤ ਸਿੰਘ, ਗੁਰਜਿੰਦਰ ਸ਼ਾਸਤਰੀ, ਗੁਰਸ਼ਰਨਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ’ਚੋਂ ਕਈ ਵਿਅਕਤੀਆਂ ਖ਼ਿਲਾਫ਼ ਹਿੰਦੂ ਨੇਤਾ ਰਵਿੰਦਰ ਗੋਸਾਈਂ ’ਤੇ ਹਮਲੇ ਦੇ ਮਾਮਲੇ ਵਿਚ ਪਿਛਲੇ ਸਾਲ 4 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।
ਐਨਆਈਏ ਨੇ ਹਰਮੀਤ ਹੈਪੀ ਦੇ ਪਾਕਿਸਤਾਨ ਵਿੱਚ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਜਦਕਿ ਗੁਰਜਿੰਦਰ ਸ਼ਾਸਤਰੀ ਦੇ ਇਟਲੀ ਅਤੇ ਗੁਰਸ਼ਰਨਬੀਰ ਦੇ ਯੂਕੇ ਵਿਚ ਹੋਣ ਦਾ ਖ਼ਦਸ਼ਾ ਹੈ।
ਪੁਲਿਸ ਦਾਅਵੇ ਮੁਤਾਬਿਕ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ’ਤੇ ਹਥਿਆਰਾਂ ਦਾ ਪ੍ਰਬੰਧ ਕਰਨ ਦਾ ਦੋਸ਼ ਹੈ। ਹਰਦੀਪ ਵਿਦੇਸ਼ੀ ਨਾਗਰਿਕ ਹੈ ਜਦਕਿ ਰਮਨਦੀਪ ਲੁਧਿਆਣਾ ਦਾ ਵਸਨੀਕ ਹੈ। ਪੁਲਿਸ ਮੁਤਾਬਿਕ ਇਨ੍ਹਾਂ ਨੂੰ ਸਿਖਲਾਈ ਯੂਕੇ ਦੇ ਨਾਗਰਿਕ ਗੁਰਸ਼ਰਨਬੀਰ ਨੇ ਦਿੱਤੀ ਸੀ। ਪੁਲਿਸ ਕਹਾਣੀ ਅਨੁਸਾਰ ਜਗਤਾਰ ਸਿੰਘ ਜੱਗੀ ਜੌਹਲ ’ਤੇ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ ਜਦਕਿ ਸਾਜ਼ਿਸ਼ਾਂ ਦੀ ਨਜ਼ਰਸਾਨੀ ਹਰਮੀਤ ਸਿੰਘ ’ਤੇ ਪਾਕਿਸਤਾਨ ਵਿੱਚ ਬੈਠ ਕੇ ਕਰਨ ਦਾ ਇਲਜ਼ਾਮ ਹੈ।
ਜ਼ਿਕਰਯੋਗ ਹੈ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਪੰਜਾਬ ਵਿਆਹ ਕਰਾਉਣ ਆਏ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਜੱਗੀ ਦੀ ਗ੍ਰਿਫਤਾਰੀ ਖਿਲਾਫ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਦੀ ਧਰਤੀ ਤਕ ਸਿੱਖਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ।
Comments (0)