ਨਿਊਜਰਸੀ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨਾ ਐਲਾਨਣ ਦਾ ਕਾਨੂੰਨ ਪਾਸ

ਨਿਊਜਰਸੀ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨਾ ਐਲਾਨਣ ਦਾ ਕਾਨੂੰਨ ਪਾਸ

ਟਰੈਨਟਨ (ਨਿਊਜਰਸੀ)/ਬਲਵਿੰਦਰਪਾਲ ਸਿੰਘ ਖਾਲਸਾ :
ਅਮਰੀਕਾ ਦੇ ਨਿਊਜਰਸੀ ਰਾਜ ਦੀ ਸਰਕਾਰ ਨੇ ਹਰ ਸਾਲ ਦੀ14 ਅਪ੍ਰੈਲ ਨੂੰ ਸਿੱਖ ਦਿਵਸ ਅਤੇ ਇਸੇ ਮਹੀਨੇ ਨੂੰ ਸਿੱਖ ਅਵੇਅਰਨੈਸ ਤੇ ਕਦਰਦਾਨੀ ਮਹੀਨਾ ਐਲਾਨਣ ਲਈ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ। ਰਾਜ ਦੇ ਗਵਰਨਰ ਜਨਾਬ ਫਿਲ ਮਰਫੀ ਨੇ ਰਾਜ ਦੇ ਦੋਵਾਂ ਸਦਨਾਂ ਵੱਲੋਂ ਪਾਸ ਬਿੱਲ ਨੂੰ ਆਪਣੇ ਦਸਤਖਤਾਂ ਨਾਲ ਕਾਨੂੰਨ ਬਣਾ ਕੇ ਇਤਿਹਾਸ ਸਿਰਜ ਦਿੱਤਾ। ਇਸ ਕਾਨੂੰਨ ਦੇ ਬਣਨ ਨਾਲ ਹਰ ਸਾਲ ਅਪ੍ਰੈਲ ਮਹੀਨੇ ਵਿਚ ਦੁਨੀਆ ਦੇ ਪੰਜਵੇਂ ਵੱਡੇ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਇਆ ਕਰੇਗੀ। ਸਕੂਲਾਂ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਬੱਚਿਆਂ ਤੇ ਨੌਜਵਾਨਾਂ ਵਿਚ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਸੂਚਨਾ ਦਾ ਅਦਾਨ ਪ੍ਰਦਾਨ ਹੋਵੇਗਾ। ਇਸ ਕਾਨੂੰਨ ਦੇ ਪਾਸ ਹੋਣ ਨਾਲ ਨਿਊਜਰਸੀ ਸਮੇਤ ਨਿਊਯਾਰਕ, ਡੈਲਾਵੇਅਰ, ਕਨੈਕਟੀਕਟ ਤੇ ਪੈਨਸਿਲਵੇਨੀਆ ਰਾਜ ਦੇ ਸਿੱਖਾਂ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਇਲਾਵਾ ਕੈਲੀਫੋਰਨੀਆ, ਮੈਰੀਲੈਂਡ, ਵਰਜੀਨੀਆ ਤੇ ਵਾਸ਼ਿੰਗਟਨ ਡੀਸੀ. ਦੇ ਸਿੱਖ ਭਾਈਚਾਰੇ ਵਿਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ। ਸੋਸ਼ਲ ਮੀਡੀਆ, ਜੱਸ ਪੰਜਾਬੀ ਟੀਵੀ.ਨੈਟਵਰਕ ਅਤੇ ਟੀਵੀ. 84 ਰਾਹੀਂ ਇਸ ਖਬਰ ਨੂੰ ਲੋਕਾਂ ਵਿਚ ਦਿਲਚਸਪੀ ਨਾਲ ਦੇਖਿਆ-ਸੁਣਿਆ ਗਿਆ ਹੈ।
ਨਿਊਜਰਸੀ ਰਾਜ ਵਿਚ ਸਿੱਖ ਅਵੇਅਰਨੈਸ ਕਾਨੂੰਨ ਬਣਨ ਨੂੰ ਇਤਿਹਾਸਕ ਫੈਸਲਾ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਫੈਸਲੇ ਉਤੇ ਸਟੇਟ ਸੈਨੇਟਰ ਪਰੈਜ਼ੀਡੈਂਟ ਸਟੀਵ ਸਵਿੰਨੀ, ਡਿਪਟੀ ਸਪੀਕਰ ਮਿਸਟਰ ਜਾਨ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਹਾਊਸ ਦੇ ਲੀਡਰ ਲੂਈਸ ਗਰੀਨਵਰਡ, ਘੱਟ ਗਿਣਤੀ ਆਗੂ ਥਾਮਸ ਕੀਨ, ਨਿਊਜਰਸੀ ਸਟੇਟ ਦੇ ਅਟਾਰਨੀ ਜਨਰਲ ਸ. ਗੁਰਬੀਰ ਸਿੰਘ ਗਰੇਵਾਲ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਰਵਿੰਦਰ ਸਿੰਘ ਰਿਆੜ ਡਾਇਰੈਕਟਰ ਪ੍ਰੋਗਰਾਮਿੰਗ ਜੱਸ ਪੰਜਾਬੀ, ਨਿਊਜਰਸੀ ਚੈਂਬਰ ਆਫ ਕਾਮਰਸ ਤੇ ਏਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਯਾਦਵਿੰਦਰ ਸਿੰਘ, ਰਾਜਭਲਿੰਦਰ ਸਿੰਘ ਬਦੇਸ਼ਾ, ਡਾ. ਅਮਰਜੀਤ ਸਿੰਘ ਟੀਵੀ. 84, ਜੁਗਰਾਜ ਸਿੰਘ ਗਰੇਵਾਲ, ਸ. ਹਰਜਿੰਦਰ ਸਿੰਘ ਤੇ ਇਲਾਕੇ ਦੇ  ਹੋਰ ਪਤਵੰਤੇ ਸੱਜਣ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣੇ। ਦੂਰ ਨੇੜੇ ਦੇ ਸ਼ਹਿਰਾਂ ਵਿਚੋਂ ਸਿੱਖਾਂ ਨੇ ਇਸ ਵਿਸ਼ੇਸ਼ ਸਮਾਗਮ ਵਿਚ ਭਰਵੀਂ ਸ਼ਿਰਕਤ ਕੀਤੀ।