ਪੰਜਾਬ ਦੀ ਰਿਪੋਰਟ: ਜਲੰਧਰ ਵਿਚ ਮਰੀਜ਼ਾਂ ਦੀ ਗਿਣਤੀ 'ਚ ਵੱਡਾ ਵਾਧਾ, ਟੈਸਟ ਕਰਨ ਵਿਚ ਪੰਜਾਬ ਫਾਡੀ

ਪੰਜਾਬ ਦੀ ਰਿਪੋਰਟ: ਜਲੰਧਰ ਵਿਚ ਮਰੀਜ਼ਾਂ ਦੀ ਗਿਣਤੀ 'ਚ ਵੱਡਾ ਵਾਧਾ, ਟੈਸਟ ਕਰਨ ਵਿਚ ਪੰਜਾਬ ਫਾਡੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾਵਾਇਰਸ ਦੇ ਪੰਜਾਬ ਵਿਚਲੇ ਮਰੀਜ਼ਾਂ ਦੀ ਗਿਣਤੀ ਬੀਤੇ ਕੱਲ੍ਹ ਜਾਰੀ ਹੋਏ ਅੰਕੜਿਆਂ ਮੁਤਾਬਕ 322 ਹੋ ਗਈ ਹੈ। ਬੀਤੇ ਕੱਲ੍ਹ ਜਲੰਧਰ ਵਿਚ 9 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਨਵਾਂਸ਼ਹਿਰ ਦੇ ਬਲਾਚੌਰ ਬਲਾਕ ਨਾਲ ਸਬੰਧਤ ਇੱਕ ਪਿੰਡ ਵਿੱਚ ਟਰੱਕ ਚਾਲਕ ਨੂੰ ਵਾਇਰਸ ਦੀ ਲਾਗ ਦੀ ਪੁਸ਼ਟੀ ਸਿਹਤ ਵਿਭਾਗ ਨੇ ਕਰ ਦਿੱਤੀ ਹੈ। ਇਹ ਟਰੱਕ ਚਾਲਕ ਪਿਛਲੇ ਦਿਨੀਂ ਹੀ ਹੋਰ ਸੂਬੇ ਤੋਂ ਚੱਕਰ ਲਾ ਕੇ ਵਾਪਸ ਪਰਤਿਆ ਸੀ ਤੇ ਹੁਣ ਇਸਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। 

ਜਲੰਧਰ ਵਿਚ ਸਾਹਮਣੇ ਆਏ ਮਾਮਲਿਆਂ 'ਚ ਸਭ ਤੋਂ ਵੱਧ ਮਾਮਲੇ ਪੰਜਾਬ ਕੇਸਰੀ-ਜਗ ਬਾਣੀ ਅਖਬਾਰ ਨਾਲ ਸਬੰਧਿਤ ਹੀ ਹਨ। ਕੱਲ੍ਹ ਵੀ ਨਵੇਂ 9 ਮਾਮਲਿਆਂ ਵਿਚੋਂ ਪੰਜ ਅਖਬਾਰ ਦੇ ਦਫਤਰ ਵਿਚੋਂ ਲੱਗੀ ਲਾਗ ਨਾਲ ਸਬੰਧਿਤ ਹਨ। ਜਲੰਧਰ ਵਿਚ ਹੁਣ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ ਵਧ ਕੇ 78 ਹੋ ਗਈ ਹੈ।

ਦੂਜੇ ਪਾਸੇ ਪਿਛਲੇ ਦਿਨਾਂ ਵਿਚ ਲਗਾਤਾਰ ਵਧੇ ਕੇਸਾਂ ਬਾਅਦ ਬੀਤੇ ਕੱਲ੍ਹ ਪਟਿਆਲਾ ਜ਼ਿਲ੍ਹੇ ਤੋਂ ਸੁੱਖ ਦੀ ਖਬਰ ਆਈ ਹੈ। ਪਟਿਆਲਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। 

ਮੁਹਾਲੀ ਵਿੱਚ 63 ਅਤੇ ਪਟਿਆਲਾ ਵਿੱਚ ਮਰੀਜ਼ਾਂ ਦਾ ਅੰਕੜਾ 61 ਹੈ। ਸੂਬੇ ਵਿੱਚ ਸਾਹਮਣੇ ਆਏ 322 ਮਾਮਲਿਆਂ ਵਿੱਚੋਂ 211 ਵਿਅਕਤੀ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਪੰਜਾਬ ਵਿੱਚ ਅਪਰੈਲ ਮਹੀਨੇ ਵਿੱਚ ਤੇਜ਼ੀ ਨਾਲ ਪੀੜਤਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਕਰੋਨਾਵਾਇਰਸ ਨਾਲ ਹੁਣ ਤੱਕ 18 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ ਕੁੱਲ 84 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। 

ਨਵਾਂ ਸ਼ਹਿਰ ਤੋਂ ਬਾਅਦ ਮੋਗਾ, ਰੋਪੜ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਤੇ ਇਲਾਜ ਅਧੀਨ ਵੀ ਕੋਈ ਨਹੀਂ ਹੈ। ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਇਸ ਵਾਇਰਸ ਦੀ ਮਾਰ ਤੋਂ ਬਚੇ ਹੋਏ ਹਨ। ਵਾਇਰਸ ਭਾਵੇਂ ਸੂਬੇ ਦੇ 19 ਜ਼ਿਲ੍ਹਿਆਂ ਤੱਕ ਪੈਰ ਪਸਾਰ ਚੁੱਕਾ ਹੈ ਪਰ ਜ਼ਿਆਦਾਤਰ ਜਗ੍ਹਾ ਇੱਕਾ-ਦੁੱਕਾ ਮਰੀਜ਼ਾਂ ਤੋਂ ਬਾਅਦ ਨਵੇਂ ਮਾਮਲੇ ਸਾਹਮਣੇ ਨਹੀਂ ਆਏ।

ਪੰਜਾਬ ਵਿਚ ਜਾਂਚ ਦੀ ਮੱਧਮ ਗਤੀ ਫਿਕਰਮੰਦ ਕਰਨ ਵਾਲੀ
ਕੋਰੋਨਾਵਾਇਰਸ ਨੂੰ ਹਰਾਉਣ ਦਾ ਸਭ ਤੋਂ ਕਾਰਗਰ ਤਰੀਕਾ ਵੱਧ ਤੋਂ ਵੱਧ ਗਿਣਤੀ 'ਚ ਲੋਕਾਂ ਦੀ ਜਾਂਚ ਕਰਨ ਨੂੰ ਮੰਨਿਆ ਗਿਆ ਹੈ ਪਰ ਪੰਜਾਬ ਵਿਚ ਇਹ ਗਿਣਤੀ ਬਹੁਤ ਹੌਲੀ ਹੈ ਜੋ ਫਿਕਰਮੰਦ ਕਰ ਰਹੀ ਹੈ। ਪੰਜਾਬ ਵਿਚ ਹੁਣ ਤੱਕ 3500 ਜਾਂਚ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। 

ਪੰਜਾਬ ਵਿਚ ਆਉਣ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿਚ ਜਾਂਚ ਦੇ ਪ੍ਰਬੰਧ ਹਨ। ਇਹਨਾਂ ਤਿੰਨਾਂ ਵਿਚ ਦਿਨ ਦੇ 1200 ਸੈਂਪਲਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਪਿਛਲੇ ਇਕ ਹਫਤੇ ਵਿਚ ਇਹ ਗਿਣਤੀ ਲਗਾਤਾਰ ਵਧੀ ਹੈ। 

ਟ੍ਰਿਬਿਊਨ ਅਖਬਾਰ ਦੀ ਰਿਪੋਰਟ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ ਦੇ ਸਿਹਤ ਮਹਿਕਮੇ ਦੇ ਅਫਸਰਾਂ ਦਾ ਕਹਿਣਾ ਹੈ ਕਿ ਜਾਂਚ ਕੇਂਦਰਾਂ ਵਿਚੋਂ ਜਾਂਚ ਲਈ ਭੇਜੇ ਸੈਂਪਲਾਂ ਨੂੰ ਬੇਲੋੜੇ ਅਧਾਰ ਬਣਾ ਕੇ ਵਾਪਸ ਭੇਜਿਆ ਜਾ ਰਿਹਾ ਹੈ। 

ਪੰਜਾਬ ਵਿਚ ਹੁਣ ਤਕ ਸਰਕਾਰੀ ਜਾਂਚ ਕੇਂਦਰਾਂ ਅੰਦਰ 14,317 ਟੈਸਟ ਕੀਤੇ ਗਏ ਹਨ ਜੋ ਕਿ ਗੁਆਂਢੀ ਸੂਬੇ ਹਰਿਆਣਾ ਨਾਲੋਂ 35 ਫੀਸਦੀ ਘੱਟ ਹੈ। ਹਰਿਆਣਾ ਵਿਚ 21,467 ਟੈਸਟ ਕੀਤੇ ਜਾ ਚੁੱਕੇ ਹਨ ਤੇ ਸਿਰਫ 1930 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।