ਕਸ਼ਮੀਰ ਦੇ ਮਾਮਲੇ ਸਬੰਧੀ: ਸਿੱਖ ਮਾਨਸਿਕਤਾ ਬਨਾਮ ਹਿੰਦੂ ਮਾਨਸਿਕਤਾ

ਕਸ਼ਮੀਰ ਦੇ ਮਾਮਲੇ ਸਬੰਧੀ: ਸਿੱਖ ਮਾਨਸਿਕਤਾ ਬਨਾਮ ਹਿੰਦੂ ਮਾਨਸਿਕਤਾ

ਸਿੱਖਾਂ ਲਈ ਇਹ ਇਤਿਹਾਸਕ ਮੌਕਾ ਹੈ ਕਿ ਅਸੀਂ ਕਸ਼ਮੀਰ ਘਟਨਾ ਨੂੰ ਕਈ ਪਾਸਿਆਂ ਤੋਂ ਖੜੋ ਕੇ ਵੇਖੀਏ, ਤਾਂ ਹੀ ਸਾਡੀ ਰਾਜਨੀਤਕ ਸੋਚ ਪੁੱਖਤਾ ਤੇ ਬਹੁਪੱਖੀ ਬਣ ਸਕੇਗੀ। ਧਿਆਨ ਨਾਲ ਦੇਖੋ। ਪੰਜਾਬ ਦੇ ਹਿੰਦੂ ਦੀ ਮਾਨਸਿਕਤਾ ਪੰਜਾਬ ਦੇ ਸਿੱਖ ਦੀ ਮਾਨਸਿਕਤਾ ਨਾਲੋਂ ਵੱਖਰੀ ਹੈ ਪਰ ਅਜੇ ਉਲਟ ਨਹੀਂ ਹੋਈ। ਪੰਜਾਬ ਦਾ ਹਿੰਦੂ ਕਸ਼ਮੀਰ ਬਾਰੇ ਹੋਏ ਫੈਸਲੇ ਦੇ ਹੱਕ ਵਿੱਚ ਸਰਗਰਮ ਹੈ, ਪੂਰੀ ਤਰ੍ਹਾਂ ਐਕਟਿਵ ਹੈ। ਪਰ ਪੰਜਾਬ ਦਾ ਸਿੱਖ ਇਸ ਫੈਸਲੇ ਤੋਂ ਗ਼ੈਰ ਸਰਗਰਮ ਅਤੇ ਪੈਸਿਵ (passive) ਹੈ।

ਅਕਾਲੀ ਰਾਜਨੀਤੀ ਦੇ ਦੋਗਲੇਪਨ ਦਾ ਵੀ ਗੰਭੀਰ ਵਿਸ਼ਲੇਸ਼ਣ ਕਰੋ। ਇੱਕ ਸਮੇਂ ਫੈਡਰਲ ਢਾਂਚੇ ਦਾ ਸਮਰਥਕ ਵੱਡਾ ਬਾਦਲ ਹੁਣ ਕਸ਼ਮੀਰ ਫੈਸਲੇ ਤੋਂ ਚੁੱਪ ਹੈ, ਪਰ ਛੋਟਾ ਬਾਦਲ ਫੈਸਲੇ ਦੇ ਹੱਕ ਵਿੱਚ ਹੈ ਤੇ ਨਾਲ ਹੀ ਰਾਜਾਂ ਦੇ ਅਧਿਕਾਰਾਂ ਬਾਰੇ ਵੀ ਗੋਲ ਮੋਲ ਗੱਲਾਂ ਕਰ ਰਿਹਾ ਹੈ ਕਿਉਂਕਿ ਉਹ ਕੰਬਲ ਨੂੰ ਅਜੇ ਛੱਡਣਾ ਨਹੀਂ ਚਾਹੁੰਦਾ। ਦੂਜੇ ਪਾਸੇ ਅਕਾਲੀ ਵਰਕਰ ਕਸ਼ਮੀਰ ਦੇ ਹੱਕ ਵਿੱਚ ਪੈਸਿਵ ਹੈ ਪਰ ਖੁੱਲ੍ਹ ਕੇ ਮੈਦਾਨ ਵਿੱਚ ਨਹੀਂ ਆਉਣਾ ਚਾਹੁੰਦਾ ਕਿਉਂਕਿ ਲੀਡਰਸ਼ਿਪ ਦੂਜੇ ਪਾਸੇ ਖਲੋਤੀ ਹੈ।

ਇੱਕ ਹੋਰ ਗੱਲ ਨੂੰ ਵੀ ਆਪਣੀ ਯਾਦ ਵਿੱਚ ਸ਼ਾਮਿਲ ਕਰੋ। ਪੰਜਾਬ ਦੇ ਦੋਵਾਂ ਧਰਮਾਂ ਦੀ ਸਮੂਹਿਕ-ਮਾਨਸਿਕਤਾ ਅਤੇ ਵਿਅਕਤੀਗਤ-ਮਾਨਸਿਕਤਾ ਵਿੱਚ ਵੀ ਬਹੁਤ ਵੱਡਾ ਫਰਕ ਹੈ। ਹਿੰਦੂਆਂ ਦੀ ਸਮੂਹਿਕ-ਮਾਨਸਿਕਤਾ ਪੂਰੀ ਤਰ੍ਹਾਂ ਕਸ਼ਮੀਰ ਫੈਸਲੇ ਦੇ ਹੱਕ ਵਿੱਚ ਹੈ ਪਰ ਕਿਤੇ ਕਿਤੇ ਵਿਅਕਤੀਗਤ-ਮਾਨਸਿਕਤਾ ਦਾ ਦਿਮਾਗੀ-ਪੱਖ ਕੇਂਦਰ ਦੇ ਫੈਸਲੇ ਦੇ ਵਿਰੁੱਧ ਹੈ। ਪਰ ਇਸ ਮਾਨਸਿਕਤਾ ਦਾ ਦਿਲ ਕੇਂਦਰ ਦੇ ਫੈਸਲੇ ਦੇ ਹੱਕ ਵਿੱਚ ਹੈ। ਸਿੱਖਾਂ ਦੀ ਸਮੂਹਿਕ-ਮਾਨਸਿਕਤਾ ਕਸ਼ਮੀਰੀਆਂ ਨਾਲ ਹੋ ਰਹੇ ਧੱਕਿਆਂ ਤੇ ਬੇਇਨਸਾਫੀਆਂ ਦੇ ਸਵਾਲ 'ਤੇ ਉਨ੍ਹਾਂ ਦੇ ਹੱਕ ਵਿੱਚ ਹੈ। ਪਰ ਸਿਰਫ ਉਨ੍ਹਾਂ ਦੇ ਹਕ ਵਿੱਚ ਹਾਅ ਦਾ ਨਾਅਰਾ ਹੀ ਮਾਰਦੀ ਹੈ, ਪੂਰੀ ਤਰ੍ਹਾਂ ਸੜਕਾਂ ਤੇ ਨਹੀਂ ਆਉਂਦੀ ਅਤੇ ਆਵੇਗੀ ਵੀ ਨਹੀਂ। ਪਰ ਸਿੱਖਾਂ ਦੀ ਵਿਅਕਤੀਗਤ-ਮਾਨਸਿਕਤਾ ਦੋ ਹਿੱਸਿਆਂ ਚ ਵੰਡੀ ਹੋਈ ਹੈ। ਇੱਕ ਹਿੱਸਾ ਡੱਟ ਕੇ ਕਸ਼ਮੀਰੀਆਂ ਦੇ ਹੱਕ ਵਿੱਚ ਖੜ੍ਹਾ ਹੈ, ਖੁੱਲ੍ਹ ਕੇ ਸੋਸ਼ਲ ਮੀਡੀਆ ਤੇ ਪ੍ਰਗਟ ਵੀ ਹੋ ਰਿਹੈ, ਪਰ ਦ੍ਰਿੜ੍ਹਤਾ ਨਾਲ ਜਥੇਬੰਦ ਨਹੀਂ, ਲੇਕਿਨ ਸਿਰ ਤੋਂ ਪੈਰਾਂ ਤੱਕ ਕਸ਼ਮੀਰੀਆਂ ਦੇ ਹਕ ਵਿੱਚ ਐਕਟਿਵ ਹੈ। ਦੂਜਾ ਹਿੱਸਾ ਕਸ਼ਮੀਰੀਆਂ ਦੇ ਹੱਕ ਵਿੱਚ ਪੈਸਿਵ ਹੈ। ਦੂਜੇ ਸ਼ਬਦਾਂ ਵਿੱਚ ਇਹ ਹਿੱਸਾ ਆਕਰਮਕ ਹੈ, ਆਲਸੀ ਹੈ, ਕਿਸੇ ਹਦ ਤੱਕ ਬੇਲਾਗ ਵੀ ਹੈ ਡਰੂ ਵੀ ਹੈ, ਸਵਾਰਥੀ ਵੀ ਹੈ, ਅਲਗਰਜ਼ ਵੀ ਹੈ, ਨਾ ਚੰਗਾ ਨਾ ਮੰਦਾ ਦੀ ਬਿਰਤੀ ਵਾਲਾ ਹੈ।

ਸਿੱਖ ਕਾਮਰੇਡਾਂ ਦੀ ਸਮੂਹਿਕ ਮਾਨਸਿਕਤਾ ਕਸ਼ਮੀਰੀਆਂ ਦੇ ਹੱਕ ਵਿੱਚ ਖੜ੍ਹੀ ਹੈ ਪਰ ਇਹ ਮਾਨਸਿਕਤਾ ਸਾਵਧਾਨ ਤੇ ਚੌਕਸ ਵੀ ਹੈ, ਕਿਉਂਕਿ ਇਸ ਮਾਨਸਿਕਤਾ ਨੇ ਸਿੱਖਾਂ ਤੋਂ ਇੱਕ ਦੂਰੀ ਵੀ ਬਣਾਈ ਹੋਈ ਹੈ। ਉਹ ਇਸ ਮਸਲੇ 'ਤੇ ਸਿੱਖਾਂ ਨਾਲ ਗੂੜੀ ਸਾਂਝ ਨਹੀਂ ਪਾਉਣਾ ਚਾਹੁੰਦੇ। ਇਸ ਦਾ ਇੱਕ ਕਾਰਨ ਜੁਝਾਰੂ ਲਹਿਰ ਦੌਰਾਨ ਜੁਝਾਰੂ ਸਿੰਘਾਂ ਦੇ ਹੱਥੋਂ ਕਾਮਰੇਡਾਂ ਦਾ ਹੋਇਆ ਜਾਨੀ ਨੁਕਸਾਨ ਹੈ, ਜੋ ਇਸ ਏਕਤਾ ਵਿੱਚ ਵੱਡੀ ਰੁਕਾਵਟ ਹੈ। ਇਸ ਲਈ ਕਾਮਰੇਡ ਭਰਾਵਾਂ ਦੀ ਸਮੂਹਿਕ- ਮਾਨਸਿਕਤਾ ਲਗਾਤਾਰ ਡਿੱਕੋ ਡੋਲੇ ਖਾਂਦੀ ਰਹੇਗੀ ਅਤੇ ਅੰਤ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਭਾਰਤੀ ਸਟੇਟ ਦੇ ਹੱਕ ਵਿੱਚ ਭੁਗਤੇgI, ਭਾਵੇਂ ਤਕਨੀਕੀ ਤੌਰ ਤੇ ਕਸ਼ਮੀਰੀਆਂ ਦੇ ਨਾਲ ਹੀ ਖਲੋਤੀ ਨਜ਼ਰ ਆਵੇਗੀ।

ਕਰਮਜੀਤ ਸਿੰਘ ਚੰਡੀਗੜ੍ਹ