ਸਿੱਖ ਕਾਰਕੁੰਨ ਕਦੇ ਵੀ ਡਰ ਕੇ ਘਰ ਨਹੀਂ ਬੈਠਣਗੇ ਤੇ ਸਿੱਖ ਰਾਜ ਲਈ ਸੰਘਰਸ਼ ਕਰਦੇ ਰਹਿਣਗੇ: ਵਿਦੇਸ਼ੀ ਸਿੱਖ ਜਥੇਬੰਦੀਆਂ

ਸਿੱਖ ਕਾਰਕੁੰਨ ਕਦੇ ਵੀ ਡਰ ਕੇ ਘਰ ਨਹੀਂ ਬੈਠਣਗੇ ਤੇ ਸਿੱਖ ਰਾਜ ਲਈ ਸੰਘਰਸ਼ ਕਰਦੇ ਰਹਿਣਗੇ: ਵਿਦੇਸ਼ੀ ਸਿੱਖ ਜਥੇਬੰਦੀਆਂ

ਸਿਮਰਨਜੀਤ ਸਿੰਘ ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 2 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਕਨੈਡਾ ਅੰਦਰ ਸਿਮਰਨਜੀਤ ਸਿੰਘ ਜੋ ਕਿ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਸਨ, ਦੇ ਘਰ ਉਪਰ ਬੀਤੀ ਰਾਤ ਕੀਤੀ ਗਈ ਦੋ ਨਕਾਬਪੋਸ਼ਾ ਵਲੋਂ ਗੋਲੀਬਾਰੀ ਦੀ ਵਿਦੇਸ਼ਾਂ ਅੰਦਰ ਰਹਿ ਰਹੇ ਸਿੱਖਾਂ ਨੇ ਸਖ਼ਤ ਸ਼ਬਦਾਂ ਅੰਦਰ ਨਿੰਦਾ ਕਰਦਿਆਂ ਇਸ ਪਿੱਛੇ ਹਿੰਦੁਸਤਾਨ ਦੇ ਹੱਥ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ ।

ਵਿਦੇਸ਼ੀ ਧਰਤੀ 'ਤੇ ਭਾਰਤ ਦਾ ਅੰਤਰ-ਰਾਸ਼ਟਰੀ ਦਮਨ ਅਤੇ ਅੱਤਵਾਦ ਦੀਆਂ ਕਾਰਵਾਈਆਂ ਜਾਰੀ ਹਨ। ਸਿੱਖ ਫੈਡਰੇਸ਼ਨ (ਯੂ.ਕੇ.) ਦੇ ਪ੍ਰਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਕੈਨੇਡਾ ਵਿੱਚ ਇੱਕ ਸਿੱਖ ਕਾਰਕੁਨ ਦੇ ਕਤਲ ਦੀ ਤਾਜ਼ਾ ਕੋਸ਼ਿਸ਼ ਦੀਆਂ ਖਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਇਹ ਸਪੱਸ਼ਟ ਹੈ ਕਿ ਭਾਰਤ ਸਰਕਾਰ ਸਿੱਖ ਹੋਮਲੈਂਡ ਦੀ ਮੁੜ ਸਥਾਪਨਾ ਦੀ ਵਕਾਲਤ ਕਰ ਰਹੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ 'ਤੇ ਤੁਲੀ ਹੋਈ ਹੈ।

ਵਿਸ਼ਵ ਭਰ ਦੀਆਂ ਸਰਕਾਰਾਂ, ਖਾਸ ਤੌਰ 'ਤੇ ਅਮਰੀਕਾ ਦੀ ਅਗਵਾਈ ਵਾਲੇ ਫਾਈਵ ਆਈਜ਼ ਦੇਸ਼ਾਂ ਨੂੰ ਹਰਦੀਪ ਸਿੰਘ ਨਿੱਝਰ ਦੇ ਨਜ਼ਦੀਕੀ ਦੋਸਤ ਦੀ ਕੈਨੇਡਾ ਵਿੱਚ ਹੋਈ ਤਾਜ਼ਾ ਗੋਲੀਬਾਰੀ ਅਤੇ ਹੱਤਿਆ ਦੀ ਕੋਸ਼ਿਸ਼ ਲਈ ਜ਼ਿੰਮੇਵਾਰ ਲੋਕਾਂ ਦੀ ਸਖ਼ਤ ਨਿੰਦਾ ਕਰਨ ਦੀ ਲੋੜ ਹੈ।ਸਮਾਂ ਆ ਗਿਆ ਹੈ ਕਿ ਸਰਕਾਰਾਂ ਉਨ੍ਹਾਂ ਭਾਰਤੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਜੋ ਸਪੱਸ਼ਟ ਤੌਰ 'ਤੇ ਕਾਨੂੰਨ ਦੇ ਸ਼ਾਸਨ, ਹੋਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸਿੱਖ ਹੋਮਲੈਂਡ, ਖਾਲਿਸਤਾਨ ਲਈ ਮੁਹਿੰਮ ਚਲਾਉਣ ਲਈ ਆਪਣੇ ਜਮਹੂਰੀ ਅਧਿਕਾਰਾਂ ਦੀ ਵਰਤੋਂ ਕਰਨ ਵਾਲਿਆਂ ਦਾ ਕੋਈ ਸਤਿਕਾਰ ਨਹੀਂ ਕਰਦੇ ਹਨ। ਬਰਤਾਨਵੀ ਸਿੱਖ ਹੋਣ ਦੇ ਨਾਤੇ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਕੀ ਯੂਕੇ ਸਰਕਾਰ ਭਾਰਤੀ ਅਧਿਕਾਰੀਆਂ ਨਾਲ ਖੜ੍ਹੀ ਹੁੰਦੀ ਹੈ ਜਾ ਫੇਰ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨਾਲ, ਬਲਕਿ ਸਿੱਖ ਕਾਰਕੁਨਾਂ ਨਾਲ ਵੀ ਇੱਕਮੁੱਠਤਾ ਦਿਖਾਉਂਦੀ ਹੈ ਜੋ ਇਹਨਾਂ ਵਲੋਂ ਕੀਤੀ ਜਾ ਰਹੀ ਦਹਿਸ਼ਤੀ ਕਾਰਵਾਈਆਂ ਤੋਂ ਖਤਰੇ ਵਿੱਚ ਹਨ।

ਸਰੀ ਵਿੱਚ ਸਿੱਖ ਕਾਰਕੁੰਨ ਦੇ ਘਰ ‘ਤੇ ਚੱਲੀਆਂ ਗੋਲੀਆਂ ਬਾਰੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਬੀਸੀ ਗੁਰਦੁਆਰਾ ਕੌਂਸਲ ਦੇ ਮੁਖੀ ਮੋਨਿੰਦਰ ਸਿੰਘ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਯਕੀਨ ਨਾਲ ਕਿਹਾ ਕਿ ਇਸ ਵਾਰਦਾਤ ਪਿੱਛੇ ਹਿੰਦ ਸਰਕਾਰ ਦਾ ਹੀ ਹੱਥ ਹੈ। ਉਹ ਸਾਨੂੰ ਡਰਾ ਕੇ ਘਰ ਬਿਠਾਉਣਾ ਚਾਹੁੰਦੇ ਹਨ ਪਰ ਸਿੱਖ ਕਾਰਕੁੰਨ ਕਦੇ ਵੀ ਡਰ ਕੇ ਘਰ ਨਹੀਂ ਬੈਠਣਗੇ ਤੇ ਸਿੱਖ ਰਾਜ ਲਈ ਸੰਘਰਸ਼ ਕਰਦੇ ਰਹਿਣਗੇ। ਉਹਨਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਕਾਰਵਾਈ ਸਿੱਖਾਂ ਨੂੰ ਡਰਾਉਣ ਧਮਕਾਉਣ ਜਾਂ ਖੌਫਜ਼ਾਦਾ ਕਰਨ ਲਈ ਹੈ, ਜਿਸ ਵਿੱਚ ਇੰਡੀਅਨ ਸਟੇਟ ਬਿਲਕੁਲ ਕਾਮਯਾਬ ਨਹੀਂ ਹੋ ਸਕੇਗੀ।