ਯਹੂਦੀਆਂ ਤੋਂ ਸਿੱਖ ਕੌਮ ਸਬਕ ਸਿੱਖੇ

ਯਹੂਦੀਆਂ ਤੋਂ ਸਿੱਖ ਕੌਮ ਸਬਕ ਸਿੱਖੇ


ਬੁੱਧ ਧਰਮ ਵਾਂਗ ਭਾਰਤ ਵਿੱਚੋਂ ਖਤਮ ਹੋਣ ਦਾ ਮੰਡਰਾ ਰਿਹਾ ਹੈ ਖਤਰਾ 

ਪ੍ਰੋ. ਹਰਦੇਵ ਸਿੰਘ ਵਿਰਕ


ਸਿੱਖਾਂ ਵਾਂਗ ਯਹੂਦੀਆਂ ਦਾ ਵੀ ਕੋਈ ਹੋਮਲੈਂਡ ਨਹੀਂ ਸੀ। ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਉਹ ਇਜ਼ਰਾਈਲ ਦੀ ਧਰਤੀ 'ਤੇ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸਨ। ਜਦੋਂ ਦੇਸ਼ ਵਿੱਚ ਕਾਲ ਪੈ ਗਿਆ, ਤਾਂ ਉਹ ਮਿਸਰ ਜਾ ਵੱਸੇ। ਜਦੋਂ ਉਨ੍ਹਾਂ ਨੂੰ ਉੱਥੋਂ ਦੇਸ਼ ਨਿਕਾਲਾ ਮਿਲਿਆ ਤਾਂ ਉਨ੍ਹਾਂ ਹਜ਼ਰਤ ਮੂਸਾ ਦੀ ਅਗਵਾਈ ਵਿੱਚ ਚਾਲੀ ਸਾਲ ਖੱਜਲ ਹੁੰਦੇ-ਹੁੰਦੇ ਫਿਰ ਇਜ਼ਰਾਈਲ ਵਿੱਚ ਰਾਜ ਭਾਗ ਕਾਇਮ ਕਰ ਲਿਆ। ਸੁਲੇਮਾਨ ਬਾਦਸ਼ਾਹ ਨੇ ਯੂਰੋਸ਼ਲਮ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾ ਕੇ ਯਹੂਦੀਆਂ ਦਾ ਪਹਿਲਾ ਧਾਰਮਿਕ ਸਥਾਨ ਕਾਇਮ ਕੀਤਾ। ਇਹ ਸਮਾਂ ਯਹੂਦੀ ਧਰਮ ਲਈ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ। ਯਹੂਦੀਆਂ ਤੋਂ ਵੀ ਸਿੱਖਾਂ ਵਾਂਗ ਰਾਜਭਾਗ ਸਾਂਭਿਆ ਨਾ ਗਿਆ। ਪਹਿਲਾਂ ਦੇਸ਼ ਦੇ ਦੋ ਟੁਕੜੇ ਹੋਏ ਅਤੇ ਆਪਸੀ ਫੁੱਟ ਦਾ ਫ਼ਾਇਦਾ ਚੁੱਕ ਕੇ ਧਾੜਵੀਆਂ ਨੇ ਹਮਲਾ ਕੀਤਾ। ਇਜ਼ਰਾਈਲ 2700 ਸਾਲ ਦੀ ਗ਼ੁਲਾਮੀ ਭੋਗਦਾ ਰਿਹਾ, ਜਿਸ ਵਿੱਚ ਅਸੀਰੀਅਨ, ਈਰਾਨੀ, ਯੂਨਾਨੀ, ਰੋਮਨ, ਅਰਬ ਅਤੇ ਤੁਰਕ ਹੁਕਮਰਾਨ ਕਾਬਜ਼ ਹੁੰਦੇ ਰਹੇ। ਯਹੂਦੀਆਂ ਨੂੰ ਅਜਿਹੀ ਮਾਰ ਪਈ ਕਿ 19ਵੀਂ ਸਦੀ ਦੇ ਅਖ਼ੀਰ ਤਕ ਉਨ੍ਹਾਂ ਦੀ ਗਿਣਤੀ ਸਿਰਫ਼ ਪੰਜ ਲੱਖ ਹੀ ਰਹਿ ਗਈ। ਉਹ ਈਸਾਈਆਂ ਅਤੇ ਮੁਸਲਮਾਨਾਂ ਤੋਂ ਮਾਰ ਖਾਂਦੇ ਰਹੇ। ਇਹੋ ਹਾਲ ਪੰਜਾਬ ਵਿੱਚ ਸਿੱਖਾਂ ਦਾ ਹੋਇਆ ਸੀ ਜਦੋਂ ਹਕੂਮਤ ਉਨ੍ਹਾਂ ਦੇ ਸਿਰਾਂ ਦਾ ਮੁੱਲ ਪਾ ਕੇ ਕਤਲੇਆਮ ਕਰਵਾ ਰਹੀ ਸੀ।
ਸੰਨ 1918 ਈਸਵੀ ਵਿਚ ਅੰਗ੍ਰੇਜ਼ਾਂ ਨੇ ਤੁਰਕੀ ਨੂੰ ਹਰਾ ਕੇ ਫ਼ਿਲਸਤੀਨ ਉੱਪਰ ਕਬਜ਼ਾ ਕਰ ਲਿਆ ਅਤੇ ਸੰਨ 1948 ਵਿੱਚ ਯਹੂਦੀਆਂ ਨੂੰ ਆਪਣਾ ਹੋਮਲੈਂਡ ਵਾਪਸ ਮਿਲ ਗਿਆ। ਇਸ ਹੋਮਲੈਂਡ ਲਈ ਯਹੂਦੀਆਂ ਨੇ ਬੇਮਿਸਾਲ ਕੁਰਬਾਨੀਆਂ ਕੀਤੀਆਂ। ਦੂਸਰੇ ਵਿਸ਼ਵ ਯੁੱਧ ਦੌਰਾਨ ਹਿਟਲਰ ਨੇ ਵੀਹ ਲੱਖ ਯਹੂਦੀ, ਕੈਂਪਾਂ ਵਿਚ ਕੈਦ ਕਰਕੇ ਕਤਲ ਕੀਤੇ। ਉਸ ਨੇ ਇਸ ਕੌਮ ਦਾ ਬੀਜ ਨਾਸ਼ ਕਰਨ ਦੀ ਤਜਵੀਜ਼ ਬਣਾ ਰੱਖੀ ਸੀ। ਉਸ ਸਮੇਂ ਜੋ ਹਿਟਲਰ ਦੀ ਮਾਰ ਤੋਂ ਬਚ ਨਿਕਲੇ, ਉਹ ਸ਼ਰਨਾਰਥੀ ਬਣ ਕੇ ਇਜ਼ਰਾਈਲ ਪਹੁੰਚ ਗਏ। ਬਹੁਤੇ ਯਹੂਦੀ ਪੋਲੈਂਡ ਤੇ ਰੂਸ ਵਿੱਚੋਂ ਇਜ਼ਰਾਈਲ ਆਏ। ਸੰਨ 1948 ਵਿੱਚ ਯਹੂਦੀਆਂ ਦੀ ਆਬਾਦੀ 6 ਲੱਖ ਸੀ ਅਤੇ ਹੁਣ ਇਹ 60 ਲੱਖ ਹੋ ਗਈ ਹੈ। ਇਸ ਦੇ ਦੋ ਕਾਰਨ ਹਨ। ਇੱਕ ਤਾਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਕੋਈ ਵੀ ਯਹੂਦੀ ਪਰਿਵਾਰ ਇਜ਼ਰਾਈਲ ਜਾ ਕੇ ਵਸ ਸਕਦਾ ਹੈ ਅਤੇ ਹੁਣ ਵੀ ਰੂਸ ਦੇ ਯਹੂਦੀ ਵਿਗਿਆਨੀ ਇਜ਼ਰਾਈਲ ਆ ਰਹੇ ਹਨ, ਦੂਜਾ ਉਹ ਪਰਿਵਾਰ ਨਿਯੋਜਨ ਨਹੀਂ ਅਪਣਾਉਂਦੇ। ਦੂਜਾ ਕਾਰਨ ਵਧੇਰੇ ਕਾਰਗਰ ਸਾਬਤ ਹੋਇਆ ਹੈ।
ਯਹੂਦੀ ਪਰਿਵਾਰ ਨਿਯੋਜਨ ਨਹੀਂ ਕਰਦੇ ਅਤੇ ਵੱਧ ਬੱਚੇ ਪੈਦਾ ਕਰਨੇ ਕੌਮ ਦੀ ਬਿਹਤਰੀ ਲਈ ਜ਼ਰੂਰੀ ਸਮਝਦੇ ਹਨ। 

ਇਜ਼ਰਾਈਲ ਦੇਸ਼ ਯਹੂਦੀ ਹੋਮਲੈਂਡ ਬਣ ਕੇ ਉਭਰਿਆ-
ਯਹੂਦੀਆਂ ਨੂੰ ਆਪਣਾ ਹੋਮਲੈਂਡ ਕਿਵੇਂ ਮਿਲ ਗਿਆ ਜਦਕਿ ਸਿੱਖ ਕੌਮ ਇਸ ਤੋਂ ਕਿਵੇਂ ਵਾਂਝੀ ਰਹਿ ਗਈ? ਯੂਰਪ ਅਤੇ ਅਮਰੀਕਾ ਵਿੱਚ ਸਭ ਤੋਂ ਚੰਗੇ ਵਿਗਿਆਨੀ ਯਹੂਦੀਆਂ ਵਿੱਚੋਂ ਪੈਦਾ ਹੋਏ ਹਨ। ਹਿਟਲਰ ਦੀ ਮਾਰੂ ਨੀਤੀ ਦਾ ਵਿਰੋਧ ਕਰ ਕੇ ਸਾਰੇ ਯਹੂਦੀ ਵਿਗਿਆਨੀ ਅਮਰੀਕਾ ਜਾ ਵਸੇ ਤੇ ਹਿਟਲਰ ਐਟਮ ਬੰਬ ਤਿਆਰ ਕਰਨ ਵਿਚ ਨਾਕਾਮਯਾਬ ਰਿਹਾ, ਜਦਕਿ ਅਮਰੀਕਾ ਕਾਮਯਾਬ ਹੋ ਗਿਆ। ਲੀਗ ਆਫ ਨੇਸ਼ਨਜ਼ ਤੇ ਯੂ. ਐਨ. ਓ. 'ਚ ਅਮਰੀਕਾ ਦਾ ਬੋਲਬਾਲਾ ਰਿਹਾ ਹੈ। ਯਹੂਦੀ ਅਮਰੀਕਾ ਦੀ ਬੈਂਕਿੰਗ ਇੰਡਸਟਰੀ, ਉੱਥੋਂ ਦੇ ਅਖ਼ਬਾਰਾਂ 'ਤੇ ਕਾਬਜ਼ ਹੋ ਗਏ ਤੇ ਇਸ ਤਰ੍ਹਾਂ ਉੱਥੋਂ ਦੀ ਸਿਆਸਤ ਉੱਪਰ ਵੀ ਹਾਵੀ ਹੋ ਗਏ। ਭਾਵੇਂ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, ਪਰੰਤੂ ਵਿਗਿਆਨ, ਟੈਕਨਾਲੋਜੀ ਤੇ ਵਪਾਰਕ ਖੇਤਰ ਵਿਚ ਮੋਹਰੀ ਹਨ। ਅੰਗ੍ਰੇਜ਼ ਸਰਕਾਰ ਨੇ ਫ਼ਿਲਸਤੀਨ ਦੀ ਵੰਡ ਤੋਂ ਪਹਿਲਾਂ ਯਹੂਦੀਆਂ ਅੱਗੇ ਸੁਝਾਅ ਰੱਖਿਆ ਕਿ ਉਹ ਅਫ਼ਰੀਕਾ ਦੇ ਯੂਗਾਂਡਾ ਦੇਸ਼ ਨੂੰ ਹੋਮਲੈਂਡ ਬਣਾ ਲੈਣ, ਪਰ ਯਹੂਦੀ ਅੜ ਗਏ ਅਤੇ ਆਪਣੇ ਜੱਦੀ ਪੁਸ਼ਤੀ ਦੇਸ ਇਜ਼ਰਾਈਲ ਦੀ ਮੰਗ ਕਰਨ ਲੱਗੇ। ਅਮਰੀਕਾ ਤੇ ਯੂ. ਐਨ. ਓ. ਦੀ ਮਦਦ ਨਾਲ ਉਹ ਅੰਗ੍ਰੇਜ਼ ਸਰਕਾਰ ਉੱਪਰ ਹਾਵੀ ਹੋ ਗਏ ਅਤੇ ਇਜ਼ਰਾਈਲ ਦੇਸ਼ ਦੁਨੀਆ ਦੇ ਨਕਸ਼ੇ 'ਤੇ ਯਹੂਦੀ ਹੋਮਲੈਂਡ ਬਣ ਕੇ ਉਭਰਿਆ। ਈਸਾਈ ਧਰਮ ਵਾਲੇ ਵੀ ਅਰਬਾਂ ਵਾਂਗ ਯਹੂਦੀਆਂ ਦੇ ਜਾਨੀ ਦੁਸ਼ਮਣ ਹੀ ਰਹੇ ਹਨ, ਪਰ ਯਹੂਦੀ ਲਾਬੀ ਦੇ ਜ਼ੋਰਦਾਰ ਪ੍ਰਭਾਵ ਕਾਰਨ ਇਸਾਈ ਦੇਸਾਂ ਨੇ ਇਜ਼ਰਾਈਲ ਘੜਨ ਵਿੱਚ ਯੋਗਦਾਨ ਪਾਇਆ।

ਸਿੱਖ ਕੀ ਕਰਨ?
ਯਹੂਦੀਆਂ ਨੇ ਆਪਣੇ ਧਰਮ ਅਤੇ ਦੇਸ਼ ਪ੍ਰਤੀ ਜੋ ਵਤੀਰਾ ਅਪਣਾ ਰੱਖਿਆ ਹੈ, ਉਹ ਬੇਮਿਸਾਲ ਹੈ। ਹਰ ਮਰਦ ਅਤੇ ਔਰਤ ਇਜ਼ਰਾਈਲ ਦੀ ਆਜ਼ਾਦੀ ਲਈ ਜਾਨ ਨਿਛਾਵਰ ਕਰਨ ਲਈ ਤਿਆਰ ਰਹਿੰਦਾ ਹੈ। ਘਰਾਂ 'ਚ ਧਰਮ ਦੀ ਪਕੜ ਕਾਇਮ ਹੈ ਅਤੇ ਪੁਰਾਤਨ ਖ਼ਾਲਸੇ ਵਾਂਗ ਕੁਰਬਾਨ ਹੋਣ ਦੀ ਪਰੰਪਰਾ ਧਰਮ ਤੋਂ ਹੀ ਮਿਲਦੀ ਹੈ। ਸਿੱਖਾਂ ਦੀ ਸਮੱਸਿਆ ਇਹ ਹੈ ਕਿ ਇਨ੍ਹਾਂ ਦੀ ਸਿਆਸੀ ਪਾਰਟੀ ਅਕਾਲੀ ਦਲ ਹੁਣ ਸਿੱਖਾਂ ਦੀ ਅਗਵਾਈ ਨਹੀਂ ਕਰ ਰਹੀ, ਸਗੋਂ ਕੱਟੜ ਹਿੰਦੂ ਪਾਰਟੀ ਦੀ ਭਾਈਵਾਲ ਬਣ ਕੇ ਸਿੱਖੀ ਦਾ ਨਿਘਾਰ ਕਰ ਰਹੀ ਹੈ। ਸਾਡੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ 'ਤੇ ਅਕਾਲੀ ਦਲ ਦਾ ਕਬਜ਼ਾ ਹੋਣ ਕਰ ਕੇ ਇਸ ਤੋਂ ਕੋਈ ਚੰਗੀ ਆਸ ਰੱਖਣੀ ਪਾਣੀ ਵਿੱਚ ਮਧਾਣੀ ਮਾਰਨ ਵਾਲੀ ਗੱਲ ਹੈ।
ਜੋ ਸੱਭਿਆਚਾਰ ਇਸ ਦੀ ਸਿੱਖਿਆ 'ਤੇ ਆਧਾਰਿਤ ਹੋਵੇਗਾ, ਉਹ ਵਿਸ਼ਵ ਪੱਧਰੀ ਹੋਣ ਦਾ ਦਾਅਵਾ ਕਰ ਸਕਦਾ ਹੈ। ਸਿਧਾਂਤਕ ਤੌਰ 'ਤੇ ਇਹ ਗੱਲ ਠੀਕ ਹੈ, ਪਰੰਤੂ ਨਿਰੇ ਸਿਧਾਂਤ ਦੇ ਆਸਰੇ ਜਿਊਣਾ ਨਿਰਾਰਥਕ ਸਿੱਧ ਹੁੰਦਾ ਹੈ। ਬੁੱਧ ਧਰਮ ਚੰਗੇ ਸਿਧਾਂਤਾਂ ਦੇ ਬਾਵਜੂਦ ਭਾਰਤ ਵਿੱਚੋਂ ਕੂਚ ਕਰ ਗਿਆ। ਹੁਣ ਇਹ ਖ਼ਤਰਾ ਭਾਰਤ 'ਚ ਸਿੱਖ ਧਰਮ ਉੱਪਰ ਮੰਡਰਾ ਰਿਹਾ ਹੈ। ਪ੍ਰੋ. ਪੂਰਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਿੱਖ ਆਪਣੇ ਸੱਭਿਆਚਾਰ ਦੀ ਖ਼ੈਰ ਚਾਹੁੰਦੇ ਹਨ, ਤਾਂ ਸਿੱਖ ਹੋਮਲੈਂਡ ਦੀ ਲੋੜ ਵੀ ਪੈ ਸਕਦੀ ਹੈ। ਪ੍ਰੋ. ਪੂਰਨ ਸਿੰਘ ਤਾਂ ਖ਼ਾਲਸਾ ਕਾਮਨਵੈਲਥ ਦੀ ਰੂਪ-ਰੇਖਾ ਵੀ ਪੇਸ਼ ਕਰਦੇ ਹਨ, ਜੋ 'ਸਪਿਰਟ ਆਫ਼ ਦੀ ਸਿੱਖ' 'ਚ ਅੰਕਿਤ ਹੈ।