ਪੰਜਾਬ ਦੀ ਸਿਆਸੀ ਆਪਾ-ਧਾਪੀ  ਦੇ ਨਿਕਲਣਗੇ ਖ਼ਤਰਨਾਕ ਸਿੱਟੇ

ਪੰਜਾਬ ਦੀ ਸਿਆਸੀ ਆਪਾ-ਧਾਪੀ  ਦੇ ਨਿਕਲਣਗੇ ਖ਼ਤਰਨਾਕ ਸਿੱਟੇ

ਗੁਰਦੀਪ ਸਿੰਘ ਢੁੱਡੀ

ਇਤਿਹਾਸ ਦੇ ਥੋੜ੍ਹੇ ਜਿਹੇ ਜਾਣਕਾਰ ਵੀ ਇਸ ਗੱਲ ਦੇ ਜਾਣੂੰ ਹਨ ਕਿ ਸਿਆਸਤ ਵਿੱਚ ਕੁਰਸੀ ਦੀ ਖਾਤਰ ਪਿਓ, ਪੁੱਤਰ, ਭਰਾ ਜਾਂ ਹੋਰ ਕਿਸੇ ਰਿਸ਼ਤੇ ਦਾ ਆਪਸ ਵਿੱਚ ਨਾਤਾ ਉਨਾ ਚਿਰ ਹੀ ਬਣਿਆ ਰਹਿੰਦਾ ਹੈ ਜਿੰਨਾ ਚਿਰ ਕੁਰਸੀ ਅੱਖ ਤਿਣ ਨਾ ਦਿਸਣ ਲੱਗ ਪਵੇ। ਕੁਰਸੀ ਨੂੰ ਖ਼ਤਰਾ ਜਾਂ ਫਿਰ ਇਸ ਨੂੰ ਪ੍ਰਾਪਤ ਕਰਨ ਦੀ ਲਾਲਸਾ ਪਿਓ-ਪੁੱਤਰ, ਭਰਾ-ਭਰਾ ਜਾਂ ਫਿਰ ਮਾਲਕ ਨੌਕਰ ਵਿੱਚ ਖਾਨਾ-ਜੰਗੀ ਛੇੜ ਦਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਖਾਨਾ-ਜੰਗੀ ਵਿੱਚ ਕਈ ਵਾਰੀ ਕੋਈ ਤੀਸਰੀ ਧਿਰ ਆ ਕੇ ਫਾਇਦਾ ਲੈ ਜਾਇਆ ਕਰਦੀ ਹੈ। ਵਰਤਮਾਨ ਸਮੇਂ ਵਿਸ਼ਵ ਦੇ ਬਹੁਤੇ ਮੁਲਕਾਂ ਵਿੱਚ ਲੋਕਤੰਤਰੀ ਰਾਜ ਪ੍ਰਣਾਲੀ ਪ੍ਰਚੱਲਤ ਹੋ ਚੁੱਕੀ ਹੈ ਅਤੇ ਕੁਝ ਇੱਕ ਦੇਸ਼ਾਂ ਨੂੰ ਛੱਡ ਕੇ ਇਹ ਮਜ਼ਬੂਤੀ ਨਾਲ ਚੱਲ ਵੀ ਰਹੀ ਹੈ। ਇਸ ਲੋਕਤੰਤਰੀ ਰਾਜ ਪ੍ਰਣਾਲੀ ਨੇ ਸ਼ੁਰੂ-ਸ਼ੁਰੂ ਵਿੱਚ (ਹਰ ਥਾਂ) ਜਨ-ਸਧਾਰਨ ਨੂੰ ਵੀ ਸਿਆਸਤ ਵੱਲ ਖਿੱਚ ਲਿਆ ਅਤੇ ਕਿਧਰੇ ਕਿਧਰੇ ਜਨ-ਸਧਾਰਨ ਉੱਚੀ ਕੁਰਸੀ ਤਕ ਪਹੁੰਚ ਵੀ ਗਿਆ ਸੀ। ਅਸਲ ਵਿਚ ਅਜਿਹੇ ਸਮੇਂ ਵਿਚ ਸਿਆਸਤ ਦਾ ਧੁਰਾ ਕੋਈ ਨਾ ਕੋਈ ਵਿਚਾਰਧਾਰਾ ਹੋਇਆ ਕਰਦੀ ਸੀ। ਪ੍ਰੰਤੂ ਸਮੇਂ ਦੀ ਤੋਰ ਨਾਲ ਲੋਕਤੰਤਰੀ ਪ੍ਰਣਾਲੀ ਵਿਚ ਤਾਕਤ ਦਾ ਧੁਰਾ ਉੱਚੀਆਂ ਕੁਰਸੀਆਂ ਉੱਤੇ ਬਿਰਾਜਮਾਨ ਹੋਣ ਵਾਲੇ ਸਿਆਸੀ ਲੋਕਾਂ ਦੁਆਲੇ ਘੁੰਮਣ ਲੱਗ ਪਿਆ। ਤਾਕਤ ਦੇ ਇਸ ਧੁਰੇ ਨੇ ਲੋਕਤੰਤਰੀ ਪ੍ਰਣਾਲੀ ਵਿਚ ਫਿਰ ਰਾਜ ਘਰਾਣਿਆਂ/ਧਨਾਢਾਂ/ਸਰਮਾਏਦਾਰਾਂ ਦਾ ਕੁਰਸੀ 'ਤੇ ਅੱਖ ਵਾਲਾ ਮੁਹਾਵਰਾ ਪੈਦਾ ਕਰ ਦਿੱਤਾ। ਫਲਸਰੂਪ ਬਹੁਤੇ ਥਾਂਵਾਂ ਉੱਤੇ ਸਿਆਸਤ ਨਾਲ ਜੁੜੇ ਲੋਕਾਂ ਵਿਚ ਆਪਾ-ਧਾਪੀ ਵਾਲਾ ਮਾਹੌਲ ਪੈਦਾ ਕਰ ਦਿੱਤਾ। ਇਨ੍ਹਾਂ ਥਾਂਵਾਂ ਵਿੱਚੋਂ ਭਾਰਤ ਦਾ (ਹੁਣ) ਇੱਕ ਛੋਟਾ ਜਿਹਾ ਸੂਬਾ ਪੰਜਾਬ ਇਸ ਦੀ ਪੁਖ਼ਤਾ ਮਿਸਾਲ ਬਣ ਗਿਆ ਹੈ।
ਦੇਸ਼ ਦੇ ਅਜ਼ਾਦੀ ਸੰਗਰਾਮ ਵਿਚ ਕਾਂਗਰਸ ਪਾਰਟੀ ਨੇ ਪਹਿਲੀਆਂ ਵਿਚ ਜਨਤਾ ਦੀ ਅਗਵਾਈ ਕੀਤੀ। ਜਿਵੇਂ ਹੀ ਅਜ਼ਾਦੀ ਪ੍ਰਾਪਤੀ ਦੀ ਇਸ ਲੜਾਈ ਵਿਚ ਹੋਰ ਵਿਚਾਰਧਾਰਾਵਾਂ ਦਾ ਪ੍ਰਵੇਸ਼ ਹੋਇਆ, ਕਾਂਗਰਸ ਪਾਰਟੀ ਨੇ ਇਨ੍ਹਾਂ ਧਿਰਾਂ ਨੂੰ ਪਰਦੇ ਤੋਂ ਧਕੇਲਣ ਲਈ ਸਿਆਸੀ ਚਾਲਾਂ ਦਾ ਵੀ ਸਹਾਰਾ ਲਿਆ। ਇਸੇ ਕਰਕੇ ਸੰਨ 1947 ਵਿਚ ਜਦੋਂ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਮਿਲਿਆ ਤਾਂ ਦੇਸ਼ ਦੀ ਵੰਡ ਵਾਲਾ ਇਕ ਬਹੁਤ ਵੱਡਾ ਦੁਖਾਂਤ ਵੀ ਵਾਪਰ ਗਿਆ। ਖੈਰ! ਭਾਰਤ ਵਿੱਚ ਕੇਂਦਰ ਸਮੇਤ ਦੇਸ਼ ਦੇ ਸੂਬਿਆਂ ਵਿੱਚ ਕਾਂਗਰਸ ਪਾਰਟੀ ਨੂੰ ਰਾਜ ਭਾਗ ਨਸੀਬ ਹੋ ਗਿਆ। ਦੇਸ਼ ਲੋਕਤੰਤਰੀ ਸਿਆਸੀ ਢਾਂਚੇ ਵਿਚ ਪਰਿਵਰਤਿਤ ਹੋ ਗਿਆ ਅਤੇ ਸੰਨ 1952 ਵਿਚ ਅਜ਼ਾਦ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ। ਅੱਗੇ ਚੱਲ ਕੇ ਬਹੁਤਾ ਸਮਾਂ ਰਾਜ ਭਾਗ ਉੱਤੇ ਕਾਂਗਰਸ ਪਾਰਟੀ ਹੀ ਕਾਬਜ਼ ਰਹੀ। ਕਾਂਗਰਸ ਪਾਰਟੀ ਇੱਕ ਵਿਚਾਰਧਾਰਾ ਦਾ ਨਾਮ ਸੀ ਜਿਸ ਦੀ ਤਾਰ ਅਜ਼ਾਦੀ ਸੰਗਰਾਮ ਨਾਲ ਜੁੜਦੀ ਸੀ ਅਤੇ ਰਾਜਕੀ ਵਿਵਸਥਾ ਅੰਗਰੇਜ਼ੀ ਸ਼ਾਸਨ ਵਾਲੀ ਹੀ ਸੀ। ਜਮਹੂਰੀ ਤਰਜ਼ ਦੀ ਰਾਜਕੀ ਵਿਵਸਥਾ ਵਿਚ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਬਾਗੀ ਸੁਰਾਂ ਉੱਠੀਆਂ ਅਤੇ ਕਾਂਗਰਸ ਪਾਰਟੀ ਦੀ ਬਾਰਬਰੀ ਦੂਸਰੀਆਂ ਵਿਚਾਰਾਧਾਰਾਵਾਂ ਨੇ ਵੀ ਕਰਨੀ ਸ਼ੁਰੂ ਕੀਤੀ। ਸਮਾਂ ਪਾ ਕੇ ਕੇਂਦਰ ਸਮੇਤ ਕੁਝ ਸੂਬਿਆਂ ਵਿਚ ਕਾਂਗਰਸ ਪਾਰਟੀ ਦੇ ਇਲਾਵਾ ਹੋਰਨਾਂ ਪਾਰਟੀਆਂ ਨੂੰ ਰਾਜ ਭਾਗ ਮਿਲਣ ਲੱਗਾ। ਇਸ ਵਿਚ ਸਿਆਸੀ ਚਾਲਾਂ ਵੀ ਸ਼ੁਰੂ ਹੋ ਗਈਆਂ।
ਪੰਜਾਬ ਵਿਚ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਿਆਂ ਵਿਚੋਂ ਪੰਜਾਬ ਦੀ ਫਿਰ ਵੰਡ ਹੋਈ ਅਤੇ ਹੌਲੀ ਹੌਲੀ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਕਰਨ ਦਾ ਮੌਕਾ ਮਿਲ ਗਿਆ। ਭਾਵੇਂ ਰਾਖਵੇਂਕਰਨ ਦੀ ਨੀਤੀ ਕਾਰਨ ਕਥਿਤ ਛੋਟੀਆਂ ਜਾਤਾਂ ਨੂੰ ਵੀ ਸਿਆਸੀ ਤਾਕਤ ਵਿੱਚੋਂ ਹਿੱਸਾ ਨਸੀਬ ਹੋਣ ਲੱਗ ਪਿਆ ਸੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਉੱਤੇ ਅਸਲ ਕਬਜ਼ਾ ਵੱਡੇ ਜੱਟ ਸਿੱਖ ਘਰਾਣਿਆਂ ਦਾ ਹੀ ਰਿਹਾ ਅਤੇ ਛੋਟੀਆਂ ਛੋਟੀਆਂ ਬਗਾਵਤਾਂ ਨਾਲ ਇਸ ਦੀ ਵੰਡ ਵੀ ਹੁੰਦੀ ਗਈ ਪ੍ਰੰਤੂ ਅਸਲ ਤਾਕਤ ਸ਼੍ਰੋਮਣੀ ਅਕਾਲੀ ਦਲ ਦੇ ਦੁਆਲੇ ਹੀ ਘੁੰਮਦੀ ਰਹੀ।
ਸਮੇਂ ਦੀ ਤੋਰ ਨਾਲ ਖੱਬੀਆਂ ਧਿਰਾਂ ਦਾ ਉਭਾਰ ਤਾਂ ਹੋਇਆ ਪ੍ਰੰਤੂ ਪੰਜਾਬ ਵਿਚ ਉਹ ਸਿਆਸੀ ਤੌਰ 'ਤੇ ਹਾਸ਼ੀਏ ਉਤੇ ਜਾਣ ਵਾਲੀ ਸਥਿਤੀ ਵਿੱਚ ਪਹੁੰਚ ਗਈਆਂ। ਵਿੱਚ ਜਿਹੇ ਬਹੁਜਨ ਸਮਾਜ ਪਾਰਟੀ ਨੂੰ ਵੀ ਵਿਗਸਣ ਦਾ ਮੌਕਾ ਮਿਲਿਆ ਪ੍ਰੰਤੂ ਇਹ ਵੀ ਛੇਤੀ ਹੀ ਪੰਜਾਬ ਦੇ ਸਿਆਸੀ ਪਰਦੇ ਤੋਂ ਲੁਪਤ ਹੋਣ ਵਾਲੀ ਸਥਿਤੀ ਵਿੱਚ ਪਹੁੰਚ ਗਈ। ਖਾੜਕੂਵਾਦ ਦੇ ਸਮੇਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਾਨ ਧੜੇ ਨੂੰ ਵੀ ਉੱਭਰਨ ਦਾ ਮੌਕਾ ਦਿੱਤਾ ਪ੍ਰੰਤੂ ਛੇਤੀ ਹੀ ਇਹ ਵੀ ਪਿੱਛੇ ਪਹੁੰਚ ਗਿਆ। ਬਾਦਲ ਘਰਾਣੇ ਵਿੱਚੋਂ ਘਰੇਲੂ ਖਾਨਾਜੰਗੀ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਨੇ ਭਗਤ ਸਿੰਘ ਦੀ ਸੋਚ ਦਾ ਸਹਾਰਾ ਲੈ ਕੇ ਉੱਭਰਨ ਦਾ ਯਤਨ ਕੀਤਾ ਪ੍ਰੰਤੂ ਉਹ ਵੀ ਕੁਝ ਸਿਆਸੀ ਪ੍ਰਾਪਤੀ ਨਾ ਕਰ ਸਕਿਆ ਅਤੇ ਫਿਰ ਕਾਂਗਰਸ ਪਾਰਟੀ ਦੇ ਲੜ ਲੱਗ ਗਿਆ। ਅਸਲ ਵਿੱਚ ਕਾਂਗਰਸ ਪਾਰਟੀ ਕੇਂਦਰੀ ਪਾਰਟੀ ਹੋਣ ਕਰਕੇ ਹੇਠਾਂ ਉੱਤੇ ਤਾਂ ਹੁੰਦੀ ਰਹੀ ਪ੍ਰੰਤੂ ਨਵੇਂ ਹੋਂਦ ਵਿੱਚ ਆਏ ਪੰਜਾਬ ਵਿੱਚ ਉਹ ਬਾਦਲ ਧੜੇ ਨੂੰ ਟੱਕਰ ਦਿੰਦੀ ਆ ਰਹੀ ਹੈ। ਬਾਦਲ ਧੜੇ ਨੇ ਪਹਿਲਾਂ ਜਨਤਾ ਪਾਰਟੀ ਅਤੇ ਫਿਰ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਸਿਆਸੀ ਗਠਜੋੜ ਬਣਾਈ ਰੱਖਿਆ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਾਰੀ ਸਿਆਸੀ ਕਲਾਬਾਜ਼ੀਆਂ ਵਾਲੇ ਸਮਝੌਤੇ ਵੀ ਕੀਤੇ।
ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚੋਂ ਸਿਆਸੀ ਲਾਹਾ ਲੈਂਦਿਆਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਗਠਨ ਕਰ ਲਿਆ ਅਤੇ ਦਿੱਲੀ ਦੇ ਲੋਕਾਂ ਸਾਹਮਣੇ ਪਹਿਲਾਂ ਅੰਨਾ ਹਜ਼ਾਰੇ ਦੇ ਵਿਚਾਰ ਅਤੇ ਫਿਰ ਅਰਵਿੰਦ ਕੇਜਰੀਵਾਲ ਹੋਣ ਕਰਕੇ ਪੂਰੀ ਦੀ ਪੂਰੀ ਦਿੱਲੀ ਇੱਕ-ਦਮ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਣ ਪਈ। ਕੇਜਰੀਵਾਲ ਵੱਡੇ ਸੁਫ਼ਨੇ ਲੈਣ ਲੱਗ ਪਿਆ। ਬੇਸ਼ੱਕ ਹੋਰਨਾਂ ਸੂਬਿਆਂ ਵਿੱਚ ਵੀ ਇਸ ਨੂੰ ਕੁਝ ਸਹਾਰਾ ਮਿਲਿਆ ਪ੍ਰੰਤੂ ਅਸਲ ਵਿੱਚ ਪੰਜਾਬ ਵਿੱਚੋਂ ਇਸ ਨੂੰ ਵੱਡਾ ਹੁੰਗਾਰਾ ਮਿਲ ਗਿਆ। ਲੋਕ ਸਭਾ ਵਿੱਚ ਚਾਰ ਸੀਟਾਂ ਮਿਲਣ ਸਦਕਾ ਕੇਜਰੀਵਾਲ ਬੜੇ ਵੱਡੇ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਗਿਆ। ਪੰਜਾਬੀ ਮਾਨਸਿਕਤਾ ਨੂੰ ਸਮਝਣ ਵਿੱਚ ਉੱਕਣ ਕਰਕੇ ਉਹ ਆਪਣੇ ਆਪ ਨੂੰ ਕੇਂਦਰੀ ਤਾਕਤ ਸਮਝਦਿਆਂ ਗਲਤੀਆਂ ਕਰਦਾ ਗਿਆ ਅਤੇ ਪੰਜਾਬ ਵਿੱਚ 'ਆਪ' ਦੇ ਪੱਖ ਵਿੱਚ ਝੁੱਲ ਰਹੀ ਹਨੇਰੀ ਦਾ ਫਾਇਦਾ ਲੈਣ ਤੋਂ ਚੁੱਕ ਗਿਆ। ਆਪ ਦੇ ਹੱਕ ਵਿੱਚ ਝੁੱਲੀ ਹਨੇਰੀ ਨੇ ਫਿਰ ਵੀ ਵਿਧਾਨ ਸਭਾ ਵਿੱਚ ਆਪ ਨੂੰ 22 ਸੀਟਾਂ ਦਿਵਾ ਕੇ ਲੋਕਾਂ ਨੇ ਕੇਜਰੀਵਾਲ ਨੂੰ ਦੂਹਰਾ ਸੰਕੇਤ ਦਿੱਤਾ। ਪੰਜਾਬ ਦੇ ਲੋਕ ਦੂਸਰੇ ਵਿਅਕਤੀ ਦੀ ਅਗਵਾਈ ਤਾਂ ਮੰਨ ਲੈਂਦੇ ਹਨ ਪ੍ਰੰਤੂ ਇਹ ਪੂਰੀ ਤਰ੍ਹਾਂ ਈਨ ਨਹੀਂ ਮੰਨਦੇ। ਆਮ ਆਦਮੀ ਪਾਰਟੀ ਦੀ ਕੇਂਦਰੀ ਹਾਈ ਕਮਾਨ ਨੇ ਪੰਜਾਬ ਦੇ ਲੋਕਾਂ ਨੂੰ ਤਾਕਤ ਵਿੱਚੋਂ ਬਣਦਾ ਹਿੱਸਾ ਦੇਣ ਦੀ ਥਾਂ ਕੇਂਦਰੀ ਹਕੂਮਤ ਚਲਾਉਣ ਦੀ ਵੱਡੀ ਗਲਤੀ ਕਰ ਲਈ। ਫਲਸਰੂਪ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਵੀ ਬਿਖ਼ਰ ਗਈ। ਇੱਕ ਤੋਂ ਦੋ ਹੋਣ ਕਾਰਨ ਇਸ ਦੇ ਦੋਨਾਂ ਧੜਿਆਂ ਨੂੰ ਇੱਕ ਦੂਸਰੇ ਨੂੰ ਭੰਡਣ ਤੋਂ ਅੱਗੇ ਜ਼ਿਆਦਾ ਪ੍ਰਾਪਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹੋ ਸਕਦਾ ਹੈ ਕਿ ਕਨ੍ਹਈਆ ਕੁਮਾਰ ਪ੍ਰਚਾਰ ਵਾਸਤੇ ਪੰਜਾਬ ਵਿੱਚ ਆ ਕੇ ਖਹਿਰਾ ਧੜੇ ਨੂੰ ਕੇਜਰੀਵਾਲ ਧੜੇ ਤੋਂ ਕੁਝ ਬਿਹਤਰ ਸਥਿਤੀ ਵਿੱਚ ਲੈ ਆਵੇ ਪ੍ਰੰਤੂ ਫਿਲਹਾਲ ਤਾਕਤ ਦਾ ਤਵਾਜ਼ਨ ਕਿਸੇ ਦੇ ਵੀ ਹੱਥ ਆਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਕੋਟਕਪੂਰਾ-ਬਹਿਬਲ-ਬਰਗਾੜੀ ਕਾਂਡ ਬਾਦਲ ਧੜੇ ਦੀਆਂ ਜੜ੍ਹਾਂ ਵਿਚ ਤੇਲ ਦੇਣ ਵਾਲਾ ਸਾਬਤ ਹੋਇਆ ਹੈ। ਅਸਲ ਵਿਚ ਸੁਖਬੀਰ-ਮਜੀਠੀਆ ਨੀਤੀਆਂ ਅਤੇ ਫੜ੍ਹਾਂ ਵਿੱਚ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਵਾਲੀਆਂ ਲੋਕ ਲੁਭਾਊ ਗੱਲਾਂ ਹਨ ਅਤੇ ਨਾ ਹੀ ਦੋਨਾਂ (ਸੁਖਬੀਰ-ਮਜੀਠੀਆ) ਨੂੰ ਪ੍ਰਕਾਸ਼ ਸਿੰਘ ਬਾਦਲ ਵਾਂਗ ਮਿੱਠੀਆਂ ਮਾਰ ਕੇ ਲੋਕਾਂ ਦੇ ਢਿੱਡ ਵਿੱਚ ਵੜਨਾ ਆਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਵਡੇਰੀ ਉਮਰ, ਪੁੱਤਰ ਮੋਹ ਅਤੇ ਸੁਖਬੀਰ ਬਾਦਲ ਦੇ ਭਾਰੂ ਵਤੀਰੇ ਕਾਰਨ ਸਿਆਸੀ ਨਕਸ਼ੇ ਤੋਂ ਪਾਸੇ ਹੋਣਾ ਪੈ ਗਿਆ ਹੈ ਅਤੇ ਸੁਖਬੀਰ-ਮਜੀਠੀਆ ਦੀਆਂ ਨੀਤੀਆਂ ਦੇ ਭਵਿੱਖ ਵਿਚ ਜਨਤਕ ਲਾਮਬੰਦੀ ਕਰਨ ਦੀ ਉਮੀਦ ਬੱਝਦੀ ਨਜ਼ਰ ਨਹੀਂ ਆਉਂਦੀ। ਸਿੱਖ ਧੜਿਆਂ ਦੇ ਨਾਮ 'ਤੇ ਹੋਰਨਾਂ ਅਕਾਲੀ ਗਰੁੱਪਾਂ ਦਾ ਸਿਆਸੀ ਅਧਾਰ ਵੀ ਥੋੜ੍ਹੇ ਖਿੱਤੇ ਤੋਂ ਅੱਗੇ ਵਧਣ ਦੀ ਭੋਰਾ ਵੀ ਆਸ ਨਹੀਂ ਕੀਤੀ ਜਾ ਸਕਦੀ। ਕਾਂਗਰਸ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਬਾਦਲ ਦਲ ਵੱਲ ਨਰਾਜ਼ਗੀ ਦੇ ਸਿੱਟੇ ਵਜੋਂ ਮਿਲੇ ਬਹੁਮੱਤ ਨੂੰ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਕੋਈ ਵਿਸ਼ੇਸ਼ ਆਕਰਸ਼ਣ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਹੋਏ ਹਨ।
ਉਪਰੋਕਤ ਸਾਰੇ ਦੇ ਸਿੱਟੇ ਵਜੋਂ ਪੰਜਾਬ ਵਿਚ ਸਿਆਸੀ ਆਪਾ-ਧਾਪੀ ਵਾਲਾ ਮਾਹੌਲ ਬਣ ਗਿਆ ਹੈ।
ਕਿਸੇ ਵੀ ਦੇਸ਼ ਅਥਵਾ ਸੂਬੇ ਵਿੱਚ ਸਿਆਸੀ ਸਥਿਰਤਾ ਸੂਬੇ ਦੇ ਵਿਕਾਸ ਵਿਚ ਵੱਡਾ ਰੋਲ ਅਦਾ ਕਰਦੀ ਹੈ ਜਦੋਂ ਕਿ ਸਿਆਸੀ ਅਸਥਿਰਤਾ ਸੂਬੇ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਸਿਰਜ ਦਿੰਦੀ ਹੈ। ਪੰਜਾਬ ਨੇ ਸੰਤਾਪ ਬੜਾ ਝੱਲਿਆ ਹੈ, ਜਿਸ ਨੇ ਪੰਜਾਬ ਨੂੰ ਬਹੁਤ ਪਿੱਛੇ ਧੱਕ ਦਿੱਤਾ ਹੈ। ਬਾਦਲਾਂ ਦੇ ਪਿਛਲੇ ਦਸ ਸਾਲਾਂ ਦੇ ਰਾਜ ਵਿਚ ਰੇਤ-ਬਜਰੀ ਮਾਫ਼ੀਆ, ਨਸ਼ਾ ਤਸਕਰੀ, ਗੈਂਗਸਟਰ ਰਾਜ, ਟ੍ਰਾਂਸਪੋਰਟ ਮਾਫ਼ੀਆ ਪ੍ਰਮੁੱਖ ਰਹੇ ਹਨ ਜਿਸ ਦੇ ਸਿੱਟੇ ਵਜੋਂ ਦਸਾਂ ਨਹੁੰਆਂ ਦੀ ਕਮਾਈ ਕਰਕੇ ਦੋ ਡੰਗ ਦੀ ਰੋਟੀ ਖਾਣ ਵਾਲੇ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਏ ਅਤੇ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਮੂੰਹ ਕਰ ਚੁੱਕੀ ਹੈ। ਆਰਥਿਕ ਤੰਗੀ ਅਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਨਿੱਤ ਦਿਹਾੜੇ ਪੰਜਾਬ ਵਿਚ ਸਿਵੇ ਬਲ਼ਦੇ ਹਨ। ਜੇਕਰ ਸਿਆਸੀ ਆਪਾ-ਧਾਪੀ ਇਸੇ ਤਰ੍ਹਾਂ ਰਹੀ ਤਾਂ ਵਿਕਾਸ ਪੱਖੋਂ ਪੰਜਾਬ ਦੇ ਹੋਰ ਨਿਵਾਣਾਂ ਵੱਲ ਜਾਣ ਦੇ ਦਿਨ ਵੇਖਣੇ ਸਾਡੇ ਨਸੀਬਾਂ ਵਿਚ ਹੋਣਗੇ। ਅਸੀਂ ਹੋਰ ਵੱਡੇ ਦੁਖਾਂਤ ਹੰਢਾਉਣ ਨੂੰ ਤਿਆਰ ਰਹੀਏ।