ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਵਿਰੁੱਧ ਪੰਜਾਬ ਭਰ 'ਚ ਰੋਸ ਮੁਜ਼ਾਹਰੇ

ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਵਿਰੁੱਧ ਪੰਜਾਬ ਭਰ 'ਚ ਰੋਸ ਮੁਜ਼ਾਹਰੇ

ਜਲੰਧਰ/ਏਟੀ ਨਿਊਜ਼ :
ਨਵਾਂਸ਼ਹਿਰ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਵਿਰੁੱਧ ਸਤਿਕਾਰ ਕਮੇਟੀ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਸ਼ਟਰਪਤੀ ਦੇ ਨਾਂ 'ਤੇ ਮੰਗ ਪੱਤਰ ਭੇਜਿਆ ਗਿਆ। ਕਮੇਟੀ ਆਗੂਆਂ ਨੇ ਕਿਹਾ ਕਿ ਅਦਾਲਤ ਨੇ ਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਸਾਹਿਤ ਰੱਖਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਹੈ, ਜਦੋਂਕਿ ਸਾਹਿਤ ਰੱਖਣਾ ਕੋਈ ਗੁਨਾਹ ਨਹੀਂ ਹੈ।
ਉਨ੍ਹਾਂ ਮੰਗ ਪੱਤਰ ਵਿਚ ਕਿਹਾ ਹੈ ਕਿ ਅਦਾਲਤ ਵੱਲੋਂ ਸੁਣਾਏ 64 ਪੰਨਿਆਂ ਦੇ ਫ਼ੈਸਲੇ ਵਿਚ ਦੱਸਿਆ ਗਿਆ ਹੈ ਕਿ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਕੋਲੋਂ ਸਿਰਫ਼ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਵਿਚ ਸਿੱਖਾਂ ਦੀਆਂ ਤਸਵੀਰਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ 13 ਸਿੱਖਾਂ ਨੂੰ ਅਪਰੈਲ 1988 ਵਿਚ ਨਿਰੰਕਾਰੀ ਕਾਂਡ ਵਿਚ ਮਾਰ ਦਿੱਤਾ ਗਿਆ ਸੀ। ਇਨ੍ਹਾਂ ਕਿਤਾਬਾਂ ਤੋਂ ਇਲਾਵਾ ਨੌਜਵਾਨਾਂ ਕੋਲੋਂ ਪੁਲੀਸ ਨੇ ਕੋਈ ਵੀ ਗ਼ੈਰਕਾਨੂੰਨੀ ਹਥਿਆਰ ਜਾਂ ਗੋਲੀ ਬਰੂਦ ਨਹੀਂ ਫੜਿਆ। ਜਿਹੜੀਆਂ ਕਿਤਾਬਾਂ ਪੁਲੀਸ ਨੇ ਬਰਾਮਦ ਕੀਤੀਆਂ ਹਨ, ਉਹ ਬਾਜ਼ਾਰ 'ਚੋਂ ਬੇਰੋਕ-ਟੋਕ ਮਿਲ ਜਾਂਦੀਆਂ ਹਨ। ਇਹ ਕਿਤਾਬਾਂ ਪਾਬੰਦੀਸ਼ੁਦਾ ਵੀ ਨਹੀਂ ਹਨ। ਸਿੱਖ ਨੌਜਵਾਨਾਂ ਨੂੰ ਆਈਪੀਸੀ ਦੀ ਧਾਰਾ 121 ਅਤੇ 121 ਏ ਤਹਿਤ ਦੇਸ਼ ਧ੍ਰੋਹ ਦੇ ਦੋਸ਼ਾਂ ਹੇਠ ਹੀ ਉਮਰ ਕੈਦ ਸਜ਼ਾ ਸੁਣਾਈ ਗਈ ਹੈ।
ਸਤਿਕਾਰ ਕਮੇਟੀ ਦੀ ਅਗਵਾਈ ਕਰ ਰਹੇ ਸੁਖਜੀਤ ਸਿੰਘ ਖੋਸਾ ਅਤੇ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਤੇ ਅੱਜ ਸਿੱਖਾਂ ਨੂੰ ਹੀ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਤਿਕਾਰ ਕਮੇਟੀ ਦੇ ਕਾਰਕੁਨਾਂ ਦੇ ਹੱਥਾਂ ਵਿਚ ਕਾਲੇ ਰੰਗ ਦੀਆਂ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉੱਪਰ 'ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਕਰੋ', 'ਕਾਲਾ ਕਾਨੂੰਨ ਮੁਰਦਾਬਾਦ', 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਿਖੇ ਹੋਏ ਸਨ। ਇਹ ਰੋਸ ਮਾਰਚ ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਤੇ ਬੀਐਮਸੀ ਚੌਕ ਤੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫ਼ਤਰ ਪੁੱਜਿਆ, ਜਿੱਥੇ ਉਨ੍ਹਾਂ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਹਰਜਿੰਦਰ ਸਿੰਘ ਬਾਜੇਕੇ, ਤਰਲੋਚਨ ਸਿੰਘ, ਮਨਜੀਤ ਸਿੰਘ, ਗੁਰਦਿਆਲ ਸਿੰਘ, ਨਿਰਮਲ ਸਿੰਘ, ਚੈਂਚਲ ਸਿੰਘ, ਤੀਰਥ ਸਿੰਘ, ਰਾਜਵੀਰ ਸਿੰਘ, ਰਛਪਾਲ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਗੁਰਚੇਤਨ ਸਿੰਘ ਤੇ ਦਵਿੰਦਰ ਸਿੰਘ ਹਾਜ਼ਰ ਸਨ।
ਫਰੀਦਕੋਟ/ਏਟੀ ਨਿਊਜ਼ : ਨਵਾਂਸ਼ਹਿਰ ਅਦਾਲਤ ਦੇ ਜੱਜ ਰਣਧੀਰ ਵਰਮਾ ਵੱਲੋਂ ਤਿੰਨ ਸਿੱਖਾਂ ਨੂੰ ਭਾਰਤੀ ਰਾਜ ਵਿਰੁੱਧ ਜੰਗ ਵਿੱਢਣ ਦੇ ਦੋਸ਼ਾਂ ਤਹਿਤ ਜੋ ਸਜਾ ਸੁਣਾਈ ਗਈ ਹੈ, ਕਾਨੂੰਨੀ ਮਾਹਰਾਂ ਅਨੁਸਾਰ ਇਹਨਾਂ ਸਿੱਖਾਂ 'ਤੇ ਕਿਸੇ ਵੀ ਤਰ੍ਹਾਂ ਏਹ ਦੋਸ਼ ਸਿੱਧ ਨਹੀਂ ਹੁੰਦੇ।
ਦੁਨੀਆ ਭਰ 'ਚ ਵੱਸਦੇ ਸਿੱਖਾਂ ਅੰਦਰ ਇਸ ਅਦਾਲਤੀ ਫੁਰਮਾਨ ਬਾਰੇ ਰੋਸ ਵੇਖਿਆ ਜਾ ਰਿਹਾ ਹੈ। ਇਸ ਵਿਰੁੱਧ ਫਰੀਦਕੋਟ ਵਿਚਲੇ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ ਰੋਸ ਮਾਰਚ ਕੀਤਾ ਗਿਆ।
ਰੋਸ ਮਾਰਚ ਵਿੱਚ ਬੋਲਦਿਆਂ ਹੋਇਆ ਦਲੇਰ ਸਿੰਘ ਡੰਡ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ ਸਿਰਫ ਇੱਕ ਇਤਿਹਾਸਕ ਦਾਬਾ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਜੋ ਕਿ ਸਾਡੇ ਸਿੱਖ ਅਜਾਇਬ ਘਰਾਂ ਵਿੱਚ ਲੱਗੀਆ ਹਨ, ਪਰ ਇਸ ਮਸਲੇ ਤੇ ਅੱਜ ਤੱਕ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਅਵਾਜ਼ ਨਹੀ ਚੁੱਕੀ ਅਤੇ ਨਾ ਹੀ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਨਾਅਰਾ ਮਾਰਿਆ।ਇਸ ਮੌਕੇ ਬਾਬਾ ਅਵਤਾਰ ਸਿੰਘ ਸਾਧਾਵਾਲਾ ਨੇ ਕਿਹਾ ਕਿ ਤਿੰਨ ਸਿੱਖ ਨੌਜਵਾਨ ਭਾਈ ਅਰਵਿੰਦਰ ਸਿੰਘ, ਭਾਈ ਸੁਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨਾਮ ਨੂੰ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ ਭਾਰਤ ਦੇ ਸੰਵਿਧਾਨ ਤੋਂ ਪਰ੍ਹੇ ਹੈ।ਇਸ ਮੋਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ, ਸੁਰਜੀਤ ਸਿੰਘ ਅਰਾਈਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦਖਲ-ਅੰਦਾਜ਼ੀ ਕਰਕੇ ਨੌਜਵਾਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।
ਇਸ ਮੌਕੇ ਕੁਲਦੀਪ ਸਿੰਘ ਖਾਲਸਾ ਮਾਲਵਾ ਜ਼ੋਨ ਇੰਚਰਾਜ, ਫੈਡਰੇਸ਼ਨ, ਮੱਖਣ ਸਿੰਘ ਸ਼ੇਰ ਸਿੰਘ ਵਾਲਾ, ਜਸਵਿੰਦਰ ਸਿੰਘ ਸਾਦਿਕ, ਬਹਾਦੁਰ ਸਿੰਘ ਕਿਸਾਨ ਵਿੰਗ ਮਾਨ ਅਕਾਲੀ ਦਲ ਵੀ ਮੌਜੂਦ ਸਨ।
ਨਵਾਂਸ਼ਹਿਰ : ਤਿੰਨ ਸਿੱਖ ਕਾਰਕੁੰਨਾਂ ਨੂੰ ਸ਼ਹੀਦਾਂ ਦੀਆਂ ਜੀਵਨੀਆਂ, ਸਿੱਖ ਸੰਘਰਸ਼ ਨਾਲ ਜੁੜੀਆਂ ਕਿਤਾਬਾਂ ਅਤੇ ਤਸਵੀਰਾਂ ਦੇ ਅਧਾਰ 'ਤੇ ਉਮਰਕੈਦ ਦੀ ਸਜਾ ਸੁਣਾਏ ਜਾਣ ਦੇ ਫੈਸਲੇ ਵਿਰੁੱਧ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਇਥੇ ਦਲ ਖਾਲਸਾ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਿੱਖ ਜਥੇਬੰਦੀ ਦਲ ਖਾਲਸਾ ਦੇ ਕਾਰਕੁੰਨਾਂ ਨੇ ਸਿੱਖ ਸੰਘਰਸ਼ ਨਾਲ ਜੁੜਿਆ ਸਾਹਿਤ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ, ਜਿਨ੍ਹਾਂ ਨੂੰ ਆਧਾਰ ਬਣਾ ਕੇ ਨਵਾਂਸ਼ਹਿਰ ਕੋਰਟ ਦੇ ਵਧੀਕ ਜੱਜ ਨੇ ਤਿੰਨ ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਨੂੰ ਪਿਛਲੇ ਦਿਨੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਨੂੰ ਹੱਥਾਂ ਫੜ ਕੇ ਸ਼ਹਿਰ ਵਿੱਚ ਰੋਸ ਮਾਰਚ ਅਤੇ ਉਪਰੰਤ ਜਿਲਾ ਕਚਿਹਰੀਆਂ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।ਉਹਨਾਂ ਸਰਕਾਰ ਨੂੰ ਵੰਗਾਰ ਪਾਈ ਕਿ ਉਹ ਉਹਨਾਂ ਨੂੰ ਵੀ ਗ੍ਰਿਫਤਾਰ ਕਰੇ।
ਸਿੱਖ ਹਲਕਿਆਂ 'ਚ ਇਸ ਅਦਾਲਤੀ ਫੁਰਮਾਨ ਨੂੰ ਲੈ ਕੇ ਡਾਢਾ ਰੋਸ ਵੇਖਿਆ ਜਾ ਰਿਹਾ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ” ਜੱਜ ਰਣਧੀਰ ਵਰਮਾ ਦਾ ਫੈਸਲਾ ਬੋਲਣ ਦੀ ਆਜਾਦੀ ਦੇ ਸੰਵਿਧਾਨਕ ਹੱਕ ਨੂੰ ਮਨਫੀ ਕਰਨਾ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਕੰਧ ਵੱਲ ਧੱਕਣਾ ਹੈ। ਉਹਨਾਂ ਕਿਹਾ ਕਿ ਮਹਿਜ਼ ਖਾਲਿਸਤਾਨੀ ਸਾਹਿਤ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਰੱਖਣ ਨੂੰ ਆਧਾਰ ਬਣਾ ਕੇ ਤਿੰਨ ਨੌਜਵਾਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦੇਣਾ ਫਿਰਕਾਪ੍ਰਸਤੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਦੁਨੀਆਂ ਅੰਦਰ ਦੇਸ਼ਧ੍ਰਹ ਵਰਗੇ ਕਾਲੇ ਕਾਨੂੰਨ ਖਤਮ ਕੀਤੇ ਜਾ ਰਹੇ ਹਨ ਪਰ ਅਫਸੋਸ ਕਿ ਭਾਰਤ ਇਹਨਾਂ ਕਾਲੇ ਕਾਨੂੰਨਾਂ ਦੀ ਆੜ ਹੇਠ ਆਜ਼ਾਦੀ ਮੰਗਣ ਵਾਲਿਆਂ ਦੀ ਆਵਾਜ਼ ਨੂੰ ਅਦਾਲਤੀ ਪ੍ਰਕਿਰਆ ਰਾਂਹੀ ਖਾਮੋਸ਼ ਕਰ ਰਿਹਾ ਹੈ। “
ਜਥੇਬੰਦੀ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਨਵਾਂਸ਼ਹਿਰ ਜੱਜ ਨੇ ਨਿਆਂਪਾਲਿਕਾ ਦੀ ਸੀਮਾ ਤੋਂ ਅੱਗੇ ਜਾ ਕੇ ਸਰਕਾਰ ਦੀ ਭੂਮਿਕਾ ਨਿਭਾਈ ਹੈ । ਉਹਨਾਂ ਇਸ ਫੈਸਲੇ ਨੂੰ ਅਦਾਲਤੀ ਧੱਕਾ ਅਤੇ ਨਿਆਂ-ਵਿਰੋਧੀ ਦੱਸਿਆ ।
ਉਨ੍ਹਾਂ ਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕਤਰ ਪ੍ਰੋ ਮਹਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਪੰਥਕ ਫਰੰਟ ਦੇ ਆਗੂ ਸੁਖਦੇਵ ਸਿੰਘ ਭੌਰ ਵੀ ਧਰਨੇ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦ ਇਸ ਫੈਸਲੇ ਦੇ ਖਿਲਾਫ ਵਿਆਪਕ ਰੋਸ ਪਾਇਆ ਗਿਆ ਤਾਂ ਪੰਜਾਬ ਪੁਲਿਸ ਨੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਅਰਵਿੰਦਰ ਸਿੰਘ 'ਤੇ ਹਥਿਆਰਾਂ ਦੀ ਸਪਲਾਈ ਦਾ ਇੱਕ ਹੋਰ ਮੁਕੱਦਮਾ ਪਾ ਦਿੱਤਾ ਜਿਸ ਤੋਂ ਪੁਲਿਸ, ਸਰਕਾਰ ਅਤੇ ਨਿਆਂ ਪ੍ਰਣਾਲੀ ਦੀ ਮਿਲੀ ਭੁਗਤ ਸਪਸ਼ਟ ਨਜ਼ਰ ਆਉਂਦੀ ਹੈ।
ਜਥੇਦਾਰ ਸੁਖਦੇਵ ਸਿੰਘ ਭੌਰ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਰਤ ਮੁਲਕ ਵਿੱਚ ਵੱਖਰੀ ਰਾਏ ਰੱਖਣ ਅਤੇ ਬੋਲਣ ਵਾਲੀਆਂ ਧਿਰਾਂ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੱਜ ਰਣਧੀਰ ਵਰਮਾ ਦਾ ਇਹ ਫੈਸਲਾ ਬੋਲਣ ਦੇ ਹੱਕ ਨੂੰ ਦਬਾਉਣ ਅਤੇ ਫਿਰਕਾਪ੍ਰਸਤੀ ਵਾਲਾ ਨਜ਼ਰ ਆਉਂਦਾ ਹੈ।”
ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ, ਦੋਸ਼ੀਆਂ ਦੇ ਖਿਲਾਫ ਇਲਜ਼ਾਮ ਹੈ ਕਿ ਉਨ੍ਹਾਂ ਕੋਲ 97 ਕਿਤਾਬਾਂ, 198 ਤਸਵੀਰਾਂ, ਸਾਕਾ 1978 ਦੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਅਤੇ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਦੀਆਂ ਕਿਤਾਬਾਂ ਮਿਲੀਆਂ ਹਨ। ਉਨ੍ਹਾਂ ਨੇ ਵਿਅੰਗਮਈ ਅੰਦਾਜ ਵਿੱਚ ਪੁੱਛਿਆ ਕਿ ਇਸ ਨਾਲ ਦੇਸ਼ ਵਿਰੁੱਧ ਜੰਗ ਕਿਵੇਂ ਹੋਈ? ਉਹਨਾਂ ਕਿਹਾ ਕਿ ਕੋਈ ਵੀ ਕਿਤਾਬ ਜਾਂ ਤਸਵੀਰ ਨੂੰ ਸਰਕਾਰ ਨੇ ਪਾਬੰਦੀਸ਼ੁਦਾ ਨਹੀਂ ਕੀਤਾ ਹੈ।
ਸਿੱਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਮੰਡ ਨੇ ਕਿਹਾ ਬਹੁਤ ਹੈਰਾਨੀ ਦੀ ਗੱਲ ਹੈ ਕਿ ਜੱਜ ਨੇ ਤੱਥਾਂ ਨੂੰ ਅਧਾਰ ਬਣਾਉਣ ਦੀ ਬਜਾਏ ਦੋਸ਼ੀਆਂ ਦੇ ਦਿਮਾਗ ਨੂੰ ਪੜ੍ਹਨ ਨੂੰ ਦੋਸ਼ ਸਾਬਿਤ ਕਰਨ ਲਈ ਵਰਤਿਆ ਹੈ। ਉਹਨਾਂ ਵਿਰੁੱਧ ਕੋਈ ਵੀ ਹਿੰਸਕ ਕਾਰਵਾਈ ਸਾਬਿਤ ਨਹੀਂ ਹੋਈ ਜਿਸ ਨਾਲ ਕਿ ਉਨ੍ਹਾਂ ਨੂੰ ਇੰਨੀ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਤਿੰਨੋ ਨੌਜਵਾਨਾਂ ਨੂੰ ਗੈਰ-ਕਾਨੂੰਨੀ ਕਾਰਵਾਈ ਰੋਕਥਾਮ ਐਕਟ ਤਹਿਤ ਬਰੀ ਵੀ ਕੀਤਾ ਪਰ ਤਰਕ ਅਤੇ ਤੱਥਾਂ ਦੀ ਕਸਵੱਟੀ 'ਤੇ ਫੈਸਲਾ ਲੰਗੜਾ ਅਤੇ ਨਿਆਂ-ਵਿਰੋਧੀ ਹੀ ਜਾਪਦਾ ਹੈ।
ਰੋਸ ਮੁਜ਼ਾਹਰੇ ਵਿਚ ਰਣਵੀਰ ਸਿੰਘ, ਦਲਜੀਤ ਸਿੰਘ ਮੌਲ਼ਾ, ਜਰਨੈਲ ਸਿੰਘ, ਜਸਵੀਰ ਸਿੰਘ ਖੰਡੂਰ, ਦਿਲਬਾਗ ਸਿੰਘ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਗੁਰਦੀਪ ਸਿੰਘ ਕਾਲਕੱਟ, ਪੰਜਾਬ ਯੂਨੀਵਰਸਟੀ ਤੋਂ ਐਸ.ਐਫ.ਐਸ ਦੇ ਆਗੂ ਸੰਦੀਪ ਸਿੰਘ ਨੇ ਵੀ ਹਿੱਸਾ ਲਿਆ।