ਸਿਧਾਂਤਾਂ ਤੋਂ ਥਿੜਕ ਚੁੱਕੀ ਸ਼੍ਰੋਮਣੀ ਕਮੇਟੀ ਲਈ ਸਿਰਦਰਦੀ ਬਣੀ "ਦਾਸਤਾਨ-ਏ-ਮੀਰੀ-ਪੀਰੀ" ਫਿਲਮ

ਸਿਧਾਂਤਾਂ ਤੋਂ ਥਿੜਕ ਚੁੱਕੀ ਸ਼੍ਰੋਮਣੀ ਕਮੇਟੀ ਲਈ ਸਿਰਦਰਦੀ ਬਣੀ
ਫਿਲਮ ਦਾ ਪੋਸਟਰ ਪਾੜ੍ਹਦੇ ਹੋਏ ਸਿੱਖ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਐਨੀਮੇਟਡ ਫਿਲਮ ਦਾਸਤਾਨ ਏ ਮੀਰੀ ਪੀਰੀ ਦੇ ਪ੍ਰਦਰਸ਼ਨ ਲਈ ਇਜਾਜਤ ਦੇਣ ਸਬੰਧੀ ਸ਼੍ਰੋਮਣੀ ਕਮੇਟੀ ਦੁਵਿਧਾ ਵਿੱਚ ਫਸ ਗਈ ਹੈ ਕਿ ਜੇ ਫਿਲਮ ਨੂੰ ਇਜਾਜਤ ਦਿੰਦੀ ਹੈ ਤਾਂ ਸੰਗਤਾਂ ਦਾ ਵਿਰੋਧ ਜੇ ਨਾਂਹ ਕਰਦੀ ਹੈ ਤਾਂ ਐਨੀਮੇਟਡ ਫਿਲਮ ਚਾਰ ਸਾਹਿਬਜਾਦੇ ਨੂੰ ਦਿੱਤੀ ਪ੍ਰਵਾਨਗੀ ਸਵਾਲਾਂ ਦੇ ਘੇਰੇ ਵਿੱਚ। ਇੱਕ ਪਾਸੇ ਤਾਂ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰ ਨਾਲ ਜੁੜੀਆਂ ਸਤਿਕਾਰਤ ਤੇ ਪੂਜਣ ਯੋਗ ਸ਼ਖਸ਼ੀਅਤਾਂ ਬਾਰੇ ਫਿਲਮਾਂ ਆਦਿ ਦੀ ਜਾਂਚ ਲਈ ਕਮੇਟੀ ਦੁਆਰਾ ਗਠਿਤ ਸਬ ਕਮੇਟੀ ਦੇ ਮੈਂਬਰਾਨ ਦਰਮਿਆਨ ਸਹਿਮਤੀ ਨਹੀ ਬਣ ਰਹੀ ਤੇ ਦੂਸਰੇ ਪਾਸੇ ਕੁਝ ਸਿੱਖ ਜਥੇਬੰਦੀਆਂ ਅਜੇਹੀਆਂ ਫਿਲਮਾਂ ਵਿੱਚ ਗੁਰੂ ਸਾਹਿਬਾਨ ਜਾਂ ਗੁਰੂ ਪਰਿਵਾਰ ਲਈ ਕਿਸੇ ਜੀਵੰਤ ਕਲਾਕਾਰ ਦੀ ਭੂਮਿਕਾ ਤੇ ਡਾਇਲਾਗ ਦੀ ਚੋਣ ਬਾਰੇ ਵਿਰੋਧ ਜਿਤਾ ਰਹੀਆਂ ਹਨ। 

ਕਮੇਟੀ ਦੀ ਇਹ ਹਾਲਤ ਤਾਂ ਬੀਤੇ ਕਲ੍ਹ ਹੀ ਵੇਖਣ ਨੂੰ ਮਿਲ ਗਈ ਸੀ ਜਦੋਂ ਜਥੇਦਾਰ ਅਕਾਲ ਤਖਤ ਦੇ ਆਦੇਸ਼ ਤੇ ਫਿਲਮ ਦੀ ਸਮੀਖਿਆ ਲਈ ਜੁੜੇ ਸਬ ਕਮੇਟੀ ਮੈਂਬਰ ਹੀ ਕੋਈ ਸਹਿਮਤੀ ਨਾ ਬਣਾ ਸਕੇ। ਆਖਿਰ ਕਮੇਟੀ ਅਧਿਕਾਰੀਆਂ ਨੇ ਇਹ ਕਹਿ ਕੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਬ ਕਮੇਟੀ ਦਾ ਕੋਰਮ ਪੂਰਾ ਨਹੀ ਹੋ ਸਕਿਆ। ਇਸ ਲਈ ਸਬ ਕਮੇਟੀ ਦੀ ਇੱਕ ਹੋਰ ਮੀਟਿੰਗ ਅਗਲੇ ਹਫਤੇ ਸੱਦ ਲਈ ਗਈ ਹੈ।


ਸ਼੍ਰੋਮਣੀ ਕਮੇਟੀ ਵੱਲੋਂ 7 ਅਗਸਤ 1940 ਨੂੰ ਪਾਸ ਕੀਤਾ ਗਿਆ ਮਤਾ

ਖੁਦ ਸਬ ਕਮੇਟੀ ਮੈਂਬਰ ਮੀਡੀਆ ਨਾਲ ਗਲ ਕਰਨ ਤੋਂ ਕੰਨੀ ਕਤਰਾਉਂਦੇ ਰਹੇ। ਦੇਰ ਸ਼ਾਮ ਸਬ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਆਪਣੇ ਫੇਸ ਬੁੱਕ ਖਾਤੇ ਤੇ ਇੰਦਰਾਜ ਕੀਤਾ ਕਿ ਜੇਕਰ ਐਨੀਮੇਸ਼ਨ ਫਿਲਮ ਚਾਰ ਸਾਹਿਬਜਾਦੇ ਨੂੰ ਲੋਕ ਭਰਵਾਂ ਹੁੰਗਾਰਾ ਦਿੰਦੇ ਹਨ ਤਾਂ ਇਸ ਫਿਲਮ ਤੇ ਇਤਰਾਜ ਕਿਉਂ? ਬੱਸ ਫਿਰ ਕੀ ਸੀ ਬੀਬੀ ਕਿਰਨਜੋਤ ਕੌਰ ਦੀ ਇਸ ਟਿਪਣੀ ਤੇ ਸਵਾਲਾਂ ਦੀ ਝੜੀ ਲੱਗ ਗਈ? ਸਿੱਖ ਗੁਰੂ ਸਾਹਿਬਾਨ ਤੇ ਗੁਰੂ ਸਾਹਿਬਾਨ ਨਾਲ ਸਬੰਧਤ ਫਿਲਮਾਂ ਨਾ ਬਨਾਉਣ ਬਾਰੇ ਕਮੇਟੀ ਦੇ ਸਾਲ 20 ਫਰਵਰੀ 1934 ਤੇ 1940 ਵਿਚ ਲਏ ਗਏ ਫੈਸਲਿਆਂ ਦੇ ਹਵਾਲੇ ਰੱਖ ਦਿੱਤੇ ਗਏ। ਦੂਸਰੇ ਪਾਸੇ ਕਮੇਟੀ ਦੇ ਮੈਂਬਰ ਸ੍ਰ:ਹਰਦੀਪ ਸਿੰਘ ਮੋਹਾਲੀ ਨੇ ਸਬ ਕਮੇਟੀ ਸਾਹਮਣੇ ਪੰਜ ਪੰਨਿਆਂ ਦੀ ਲਿਖਤੀ ਰਾਏ ਰੱਖ ਦਿੱਤੀ ।

ਜਿਕਰਯੋਗ ਹੈ ਕਿ ਫਿਲਮ ਦਸਾਤਾਨ ਏ ਮੀਰੀ-ਪੀਰੀ ਦੇ ਸਕਰਿਪਟ ਲੇਖਕ ,ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ:ਇੰਦਰਜੀਤ ਸਿੰਘ ਗੋਗਆਣੀ ਹਨ।ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ। ਇਹ ਵੀ ਜਿਕਰ
ਕਰਨਾ ਜਰੂਰੀ ਹੈ ਕਿ ਜਦੋਂ ਫਿਲਮ ਤਿਆਰ ਕਰਨ ਵਾਲਿਆਂ ਨੇ ਅਕਾਲ ਤਖਤ ਸਾਹਿਬ ਸਕੱਤਰੇਤ ਨੂੰ ਫਿਲਮ ਦਾ ਟਰੇਲਰ ਭੇਜ ਕੇ ਪ੍ਰਦਰਸ਼ਨ ਦੀ ਇਜਾਜਤ ਮੰਗੀ ਤਾਂ ਸਕੱਤਰੇਤ ਨੇ ਜਥੇਦਾਰ ਦੇ ਹਵਾਲੇ ਨਾਲ 7 ਮਈ ਨੂੰ ਹੀ ਸਾਫ ਕਰ ਦਿੱਤਾ ਸੀ ਕਿ ਕੋਈ ਵੀ ਫੈਸਲਾ ਪੂਰੀ ਫਿਲਮ ਵੇਖਣ ਬਾਅਦ ਹੀ ਲਿਆ ਜਾ ਸਕਦਾ ਹੈ। ਲੇਕਿਨ ਇਸੇ ਦੌਰਾਨ ਫਿਲਮ ਨੂੰ ਲੈਕੇ ਯੂਨਾਈਟਡ ਸਿੱਖ ਪਾਰਟੀ ਤੋਂ ਇਲਾਵਾ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਕੁਝ ਵਿਦਿਆਰਥੀ ਜਥੇਬੰਦੀਆਂ ਨੇ ਫਿਲਮ ਦਾ ਪ੍ਰਦਰਸ਼ਨ ਰੋਕਣ ਦੀ ਤਾੜਨਾ ਹਿੱਤ ਰੋਸ ਪ੍ਰਦਰਸ਼ਨ ਵੀ ਕਰ ਦਿੱਤੇ ਹਨ। 

ਸ਼੍ਰੋਮਣੀ ਕਮੇਟੀ ਲਈ ਦੁਵਿਧਾ ਹੈ ਕਿ ਜੇਕਰ ਉਹ ਫਿਲਮ ਤੇ ਪਾਬੰਦੀ ਲਗਾਉਂਦੀ ਹੈ ਤਾਂ ਫਿਰ ਉਸ ਵਲੋਂ ਫਿਲਮ ਚਾਰ ਸਾਹਿਬਜਾਦੇ ਨੂੰ ਦਿੱਤੀ ਇਜਾਜਤ 'ਤੇ ਸਵਾਲ ਉਠਦੇ ਹਨ ਤੇ ਜੇ ਨਹੀ ਤਾਂ ਫਿਲਮ ਦੇ ਲੇਖਕ ਤੇ ਅਕਾਲ ਤਖਤ ਸਾਹਿਬ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਦੀ ਸੂਝ ਬੂਝ ਤੇ ਸਵਾਲੀਆ ਚਿੰਨ੍ਹ ਲਗਦਾ ਹੈ ਜੋ ਅਜੇਹੀਆਂ ਫਿਲਮਾਂ ਦੀ ਸਮੀਖਿਆ ਕਮੇਟੀ ਦੇ ਮੈਂਬਰ ਵੀ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ