ਲਵਾਰਿਸਾਂ ਦੇ ਵਾਰਿਸ ਨੂੰ ਜਾਣਦਿਆਂ.......

ਲਵਾਰਿਸਾਂ ਦੇ ਵਾਰਿਸ ਨੂੰ ਜਾਣਦਿਆਂ.......

ਸੰਤ ਰਾਮ ਉਦਾਸੀ ਇੱਕ ਥਾਂ ਲਿਖਦੇ ਹਨ। 
                            "ਸਾਨੂੰ ਪਤਾ ਹੈ ਸਾਹਾਂ ਦਾ ਅੰਤ ਸਾਡਾ
                            ਹੋਣਾ ਨਹਿਰ ਜਾਂ ਕਿਸੇ ਡਰੇਨ ਦਾ ਪੁਲ
                             ਮੇਰੀ ਅੰਮੀ ਨੇ ਕਿਹਾ,  'ਮੁਕਾਬਲਾ ਏ?'
                             ਸੌ ਬੋਕ ਤੇ ਇੱਕ ਸਰੋਂ ਦਾ ਫੁੱਲ।"

ਆਪਣੇ ਬੋਲਾਂ ਤੇ ਖਰੇ ਉੱਤਰਦੇ ਸੰਤ ਰਾਮ ਉਦਾਸੀ ਦੀ ਲਾਸ਼ ਵੀ 1986 ਵਿੱਚ ਨਾਂਦੇੜ ਦੇ ਰੇਲਵੇ ਸਟੇਸ਼ਨ ਤੇ ਮਿਲਦੀ ਹੈ, ਪਰਿਵਾਰ ਦੇ ਲੱਖ ਕਹਿਣ ਤੇ ਵੀ ਸਰਕਾਰ ਲਾਸ਼ ਨਹੀਂ ਲਿਆਉਂਦੀ। ਇਵੇਂ ਹੀ ਜਸਵੰਤ ਸਿੰਘ ਖਾਲੜਾ 25 ਫਰਵਰੀ 1995 ਦੇ ਪੰਜਾਬੀ ਟ੍ਰਿਬਿਊਨ ਵਿੱਚ ਇੱਕ ਪ੍ਰੈਸ ਨੋਟ ਵਿੱਚ ਆਪਣੇ ਮਾਰੇ ਜਾਣ ਦਾ ਖਦਸ਼ਾ ਪ੍ਰਗਟ ਕਰਦੇ ਹਨ। ਉਹਨਾਂ ਦੇ ਜਾਣ ਪਛਾਣ ਵਾਲੇ ਦੱਸਦੇ ਨੇ ਕਿ ਉਹ ਜਾਣਦਾ ਸੀ ਕਿ ਅਣਪਛਾਤੀਆਂ ਲਾਛਾਂ ਦੇ ਸਿਰਨਾਵੇਂ ਲੱਭਦੇ ਨੇ ਉਹਨੇ ਆਪ ਇੱਕ ਅਣਪਛਾਤੀ ਲਾਸ਼ ਬਣ ਜਾਣਾ ਏ। 

ਆਪਣੀ ਮੌਤ ਬਾਰੇ ਇੰਝ ਲਿਖਣਾ ਜਾਂ ਬੋਲਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਜਾਂ ਕਹਿ ਲਉ ਕਿ ਹਰ ਬੰਦਾ ਆਪਣੀ ਮੌਤ ਨਹੀਂ ਚੁਣ ਸਕਦਾ। ਮਰਨਾ ਹਰੇਕ ਨੇ ਹੈ, ਚੁੱਪ ਰਹਿਣ ਵਾਲਿਆਂ ਨੇ ਵੀ, ਅਣਜਾਣਾਂ ਨੇ ਵੀ, ਅਤੇ ਸਿਰਫ ਆਪਣੇ ਵਾਸਤੇ ਜਿਉਣ ਵਾਲਿਆਂ ਨੇ ਵੀ ਮਰ ਹੀ ਜਾਣਾ ਹੈ, ਪਰ ਆਪਣੀ ਮੌਤ ਚੁਣ ਸਕਣਾ ਹਰ ਕਿਸੇ ਦੇ ਹਿੱਸੇ ਨਹੀਂ ਆ ਸਕਦਾ। ਜਿਹੜੇ ਲੋਕ ਆਪਣੀ ਜ਼ਿੰਦਗੀ ਆਪਣੇ ਅਕੀਦਿਆਂ ਤੇ ਚੁਣਨਾ ਜਾਣਦੇ ਹਨ ਉਹ ਜ਼ਿੰਦਗੀ ਦੇ ਮੁੱਢਲੇ ਸਫ਼ਰਾਂ ਵਿੱਚ ਹੀ ਇਹਦਾ ਅੰਤ ਵੀ ਦੇਖ ਹੀ ਰਹੇ ਹੁੰਦੇ ਹਨ। ਵੈਸੇ ਕਿਸੇ ਅਜਿਹੇ ਦੌਰ ਵਿੱਚ ਬਹਾਦਰ ਬਣਨਾ ਬੜਾ ਸੌਖਾ ਹੁੰਦਾ ਜਦੋਂ ਜਿੱਤ ਦੀ ਆਸ ਹੋਵੇ ਜਾਂ ਬਚਣ ਦੀ ਆਸ ਹੋਵੇ, ਮੌਤ ਬਾਰੇ ਪਤਾ ਹੁੰਦਿਆਂ ਵੀ ਬਹਾਦਰ ਬਣਨਾ ਇਹ ਅਸਲ ਚੁਣੌਤੀ ਹੁੰਦੀ ਹੈ।

ਕੈਨੇਡਾ ਦੇ ਇੱਕ ਭਾਸ਼ਣ ਵਿੱਚ ਜਸਵੰਤ ਸਿੰਘ ਖਾਲੜਾ ਇੱਕ ਲਘੂ ਕਥਾ ਸੁਣਾਉਂਦੇ ਹਨ, "ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਸੀ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘਟ ਰਿਹਾ ਸੀ, ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸਨ। ਕਹਿੰਦੇ ਆ ਲੋਕਾਂ 'ਚ ਹਾਹਾਕਾਰ ਮੱਚ ਰਹੀ ਸੀ ਕਿ ਸੂਰਜ ਛਿਪ ਜਾਊਗਾ ਹਨੇਰਾ ਪੱਸਰ ਜਾਊਗਾ ਕਿਸੇ ਨੂੰ ਕੁਝ ਦਿਸੂ ਨਾ, ਤੇ ਸਾਡਾ ਕੀ ਬਣੂਗਾ। ਦੁਨੀਆਂ ਫਿਕਰਮੰਦ ਸੀ। ਪਰ ਸੂਰਜ ਅਸਤਿਆ ਹਨੇਰੇ ਨੇ ਆਪਣਾ ਜੋਹਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ। ਪਰ ਕਹਿੰਦੇ ਆ ਕਿ ਦੂਰ ਕਿਸੇ ਝੌਂਪੜੀ ਚੋਂ ਇੱਕ ਦੀਪਕ ਨੇ ਸਿਰ ਚੁੱਕਿਆ ਉਹਨੇ ਕਿਹਾ ਮੈਂ ਹਨੇਰੇ ਨੂੰ ਚੈਲੇਂਜ ਕਰਦਾਂ। ਹੋਰ ਕੁਝ ਨਹੀਂ ਤਾਂ ਆਪਣੇ ਆਲੇ ਦੁਆਲੇ ਤਾਂ ਇਸ ਨੂੰ ਆਉਣ ਨਹੀਂ ਦਿਆਗਾ। ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਆ ਕਿ ਹਰ ਝੁੱਗੀ ਝੌਂਪੜੀ ਵਿੱਚ ਇੱਕ ਦੀਪਕ ਉੱਠਿਆ ਤੇ ਦੁਨੀਆਂ ਹੈਰਾਨ ਰਹਿ ਗਈ, ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪਸਰਨੋਂ ਰੋਕਿਆ ਤੇ ਦੁਨੀਆਂ ਦੇਖ ਸਕੀ। ਤਾਂ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜੋਰ ਦੇ ਨਾਲ ਸੱਚ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਤਾਂ ਹੋਰ ਕੁਝ ਨਹੀਂ ਤਾਂ ਮੈਂ ਕਹੂੰਗਾ ਕਿ ਅਣਖੀਲਾ ਪੰਜਾਬ ਇੱਕ ਦੀਪਕ ਦੀ ਤਰ੍ਹਾਂ ਇਸ ਨੂੰ ਚੈਲੇਂਜ ਕਰ ਰਿਹਾ ਮੈਂ ਅਰਦਾਸ ਕਰਦਾਂ ਸਤਿਗੁਰੂ ਇਸ ਨੂੰ ਜਗਦਾ ਰੱਖੇ।"  ਇਸੇ ਤਕਰੀਰ ਵਿੱਚ ਉਹ ਅੱਗੇ ਕਹਿੰਦੇ ਹਨ , "ਮੈਂ ਕੋਈ ਸਿਆਸੀ ਲੀਡਰ ਨਹੀਂ ਮੈ ਤਾਂ ਮਨੁੱਖੀ ਅਧਿਕਾਰ ਕਾਰਕੁੰਨ ਹਾਂ, ਖਾਲਸਾ ਹੋਰਾਂ ਦੇ ਮਨੁੱਖੀ ਅਧਿਕਾਰ ਬਚਾਉਣ ਲਈ ਸਾਜਿਆ ਗਿਆ ਸੀ ਤੇ ਜੇ ਅਸੀਂ ਅੱਜ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕੇ ਤਾਂ ਦੁਨੀਆਂ ਵਿੱਚ ਤੁਸੀਂ ਖਾਲਸੇ ਨੂੰ ਪ੍ਰਭਾਸ਼ਿਤ ਨਹੀਂ ਕਰ ਸਕੋਗੇ।"

ਜਸਵੰਤ ਸਿੰਘ ਖਾਲੜੇ ਬਾਰੇ ਬਹੁਤੇ ਪੰਜਾਬੀਆਂ ਨੂੰ ਸਮੇਤ ਮੇਰੇ ਉਦੋਂ ਪਤਾ ਲੱਗਿਆ ਸੀ ਜਦੋਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬੀਬੀ ਖਾਲੜਾ ਚੋਣ ਮੈਦਾਨ ਵਿੱਚ ਉੱਤਰੇ ਸਨ। 90 ਵਿਆਂ ਵਿੱਚ ਮਨੁੱਖੀ ਅਧਿਕਾਰਾਂ ਲਈ ਲੜਣ ਵਾਲੇ ਵਕੀਲ ਨੀਤੀਆ ਰਾਮਾਕ੍ਰਿਸ਼ਨਾ ਇੱਕ ਥਾਂ ਆਖਦੇ ਹਨ, "ਪੰਜਾਬ ਵਿੱਚ ਹਾਲਾਤ ਇਹ ਹੋ ਗਏ ਹਨ ਕਿ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ ਤੁਹਾਨੂੰ ਅੱਤਵਾਦੀ ਕਿਹਾ ਜਾਂਦਾ ਹੈ।" ਪੰਜਾਬ ਦੇ ਪੁਲਸ ਮੁਖੀ ਅਫ਼ਸਰ ਕੇ.ਪੀ.ਐਸ ਗਿੱਲ ਤੇ ਜਦੋਂ ਝੂਠੇ ਮੁਕਾਬਲਿਆਂ ਦੇ ਦੋਸ਼ ਲੱਗਦੇ ਹਨ ਤਾਂ ਉਹ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਅਤੇ ਆਖਦਾ ਹੈ, "ਇਹ ਜਿੰਨੇ ਵੀ ਮਨੁੱਖੀ ਅਧਿਕਾਰਾਂ ਦੇ ਝੰਡਾਬਰਦਾਰ ਬਣੇ ਫਿਰਦੇ ਹਨ ਇਹ ਪ੍ਰਾਪੇਗੰਡਾ ਕਰ ਰਹੇ ਹਨ।"

ਜਸਵੰਤ ਸਿੰਘ ਖਾਲੜਾ ਕੌਣ ਸੀ? ਵਿਕੀਪੀਡੀਆ ਛੋਟੀ ਜਿਹੀ ਟਿੱਪਣੀ ਦਿੰਦਾ ਹੈ। 'ਉਹ ਸਿੱਖਾਂ ਦਾ ਮਨੁੱਖੀ ਅਧਿਕਾਰ ਕਾਰਕੁੰਨ ਸੀ।' ਇਹ ਟਿੱਪਣੀ ਬਹੁਤ ਸਟੀਕ ਹੈ। ਮਨੁੱਖੀ ਅਧਿਕਾਰ ਕਾਰਕੁੰਨ ਹੋਣਾ ਅਤੇ ਸਿੱਖਾਂ ਦਾ ਮਨੁੱਖੀ ਅਧਿਕਾਰ ਕਾਰਕੁੰਨ ਹੋਣਾ, ਫਰਕ ਤਾਂ ਦਿਖਦਾ ਹੈ। ਜਸਵੰਤ ਸਿੰਘ ਖਾਲੜਾ 1990 ਤੋਂ ਬਾਅਦ ਇੰਗਲੈਂਡ ਤੋਂ ਆਏ ਇੱਥੇ ਇੱਕ ਬੈਂਕ ਵਿੱਚ ਨੌਕਰੀ ਕਰ ਰਹੇ ਸਨ। ਬੀਬੀ ਖਾਲੜਾ ਯੂਨੀਵਰਸਿਟੀ ਵਿੱਚ ਸੇਵਾਂਵਾ ਨਿਭਾ ਰਹੇ ਸਨ। ਕੀ ਲੋੜ ਸੀ? ਜਿਆਦਾ ਹੀ ਕੁਝ ਸੀ ਤਾਂ ਛੋਟੀਆਂ ਮੋਟੀਆਂ ਟਿੱਪਣੀਆਂ ਕਰਦੇ ਰਹਿੰਦੇ ਹੋਰ ਨਹੀਂ ਤਾਂ ਹੁਣ ਤੱਕ 'ਕਲਮ ਨਵੀਸ' ਤਾਂ ਬਣ ਹੀ ਜਾਂਦੇ। ਪਰ ਪਤਾ ਨਹੀਂ ਕਿਉਂ?.... ਚਲੋ ਛੱਡੋ, ਹੋਇਆ ਇੰਝ ਕਿ ਜਸਵੰਤ ਸਿੰਘ ਖਾਲੜਾ ਬੈਂਕ ਵਿੱਚ ਡਾਇਰੈਕਟਰ ਸਨ। ਉਹਨਾਂ ਦੇ ਦੋ ਸਹਿ-ਕਰਮੀ ਲਾਪਤਾ ਹੋ ਗਏ। ਉਹਨਾਂ ਦਾ ਪਤਾ ਭਾਲਦਿਆਂ ਉਥੋਂ ਦੀਆਂ ਮੜੀਆਂ ਤੱਕ ਪਹੁੰਚੇ। ਮੜੀਆਂ 'ਚ ਜਾ ਕੇ ਪਤਾ ਲੱਗਿਆ ਕਿ ਇੱਥੇ ਤਾਂ ਰੋਜ਼ ਕਈ ਡੋਲੇ ਉੱਤਰਦੇ ਹਨ, ਤੁਸੀਂ ਕਿਹੜੇ ਦੀ ਰਾਖ ਭਾਲਦੇ ਹੋ? ਹਾਲਾਤ ਦਾ ਮੋਟਾ ਮੋਟਾ ਅੰਦਾਜ਼ਾ ਲੱਗ ਗਿਆ ਸੀ, ਪਰ ਬਿਨਾਂ ਕਿਸੇ ਤੱਥਾਂ, ਆਂਕੜਿਆਂ ਤੋਂ ਇਹ ਸਾਬਿਤ ਕਰਨਾ ਔਖਾ ਸੀ। ਆਖਿਰਕਾਰ ਉਹਨਾਂ ਨੂੰ ਪਤਾ ਲੱਗਿਆ ਕਿ ਅਣਪਛਾਤੀਆਂ ਲਾਸ਼ਾਂ ਦਾ ਖਰਚਾ ਮਿਊਂਸੀਪਲ ਕਮੇਟੀ ਚੁੱਕਦੀ ਹੈ, ਮਿਊਂਸੀਪਲ ਕਮੇਟੀ ਤੋਂ ਲੱਕੜਾਂ ਦਾ ਹਿਸਾਬ ਦੇਖਿਆ ਤਾਂ ਪਤਾ ਲੱਗਿਆ ਕਿ ਸਿਰਫ ਤਿੰਨ ਸ਼ਮਸ਼ਾਨ ਘਾਟਾਂ ਵਿੱਚ 6017 ਲਾਸ਼ਾਂ ਲਵਾਰਿਸ ਆਈਆਂ ਸਨ। 6017 ਲੋਕ ਤਿੰਨ ਸ਼ਮਸਾਨ ਘਾਟਾਂ ਵਿੱਚ ਸਨ, ਪੂਰੇ ਪੰਜਾਬ ਵਿੱਚ ਕਿੰਨੇ ਹੋਣਗੇ? ਕੁਝ ਹੋਰ ਥਾਈਂ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਕੁੱਲ 25000 ਲਾਸ਼ਾਂ ਸਨ ਜਿੰਨਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਉਹਨਾਂ ਨੇ ਇਸ ਬਾਰੇ ਜਦੋਂ ਹਾਈਕੋਰਟ ਅਪੀਲ ਕੀਤੀ ਤਾਂ ਹਾਈਕੋਰਟ ਨੇ ਇਹ ਕਹਿ ਕੇੇ ਖਾਰਿਜ ਕੀਤੀ ਸੀ ਕਿ ਇਹ 'ਪਬਲਿਕ ਇੰਟਰਸਟ ਲਿਟਿਗੇਸ਼ਨ' ਨਹੀਂ ਬਣਦਾ ਯਾਨਿ ਲੋਕ ਹਿੱਤ ਮੁਕੱਦਮਾ ਨਹੀਂ ਬਣਦਾ। ਇਹਦੇ ਲਈ ਲਾਸ਼ਾਂ ਦੇ ਵਾਰਿਸ ਆਪ ਆਉਣ...।

 1993 ਵਿੱਚ ਲੁਧਿਆਣੇ ਔਰਤ ਦਿਵਸ ਤੇ ਬੋਲਦਿਆਂ ਖਾਲੜਾ ਇੱਕ ਵਿਥਿਆ ਸੁਣਾਉਂਦੇ ਹਨ, "ਗੁਰਬਚਨ ਸਿੰਘ ਦੀ ਮਾਤਾ ਗੁਰਮੇਜ਼ ਕੋਰ ਦੀ ਵਿੱਥਿਆ ਇੱਕ ਦਿਨ ਜਦੋਂ ਆਪਣੇ ਘਰੋਂ ਬੇਘਰ ਰੁਲ ਰਹੀ ਸੀ ਤਾਂ ਉਸਨੂੰ ਕਿਸੇ ਨੇ ਦੱਸਿਆ ਕਿ ਉਹਦਾ ਪੁੱਤ ਚਲ ਵਸਿਆ, ਨੁਸ਼ਹਿਰੇ ਪੰਨੂਆਂ ਵਿੱਚ ਕੋਈ ਘਰ ਵੈਣ ਪਾਉਣ ਨੂੰ ਉਸ ਨੂੰ ਇਜ਼ਾਜ਼ਤ ਨਹੀਂ ਸੀ ਦਿੰਦਾ ਤਾਂ ਕੁਦਰਤੀ ਅਸੀਂ ਉੱਥੇ ਗਏ ਸੀ, ਆਪਣੀ ਭੈਣ ਦੇ ਘਰ। ਉੱਥੇ ਰਾਤ ਨੂੰ ਦਰਵਾਜ਼ਾ ਖੜਕਿਆ ਤੇ ਮਾਤਾ ਅੰਦਰ ਆਈ ਤੇ ਕਿਹਾ ਬੀਬੀ ਮੈਨੂੰ ਅੰਦਰ ਵੜ ਕੇ ਰੋ ਲੈਣ ਦੇ ਮੇਰਾ ਪੁੱਤ ਮਰਿਆ ਹੈ।"  ਇਹ ਕਹਿੰਦਿਆਂ ਖਾਲੜਾ ਦੀ ਆਵਾਜ਼ ਥਿੜਕ ਰਹੀ ਹੈ.....।

25000 ਲਾਸ਼ਾਂ ਦਾ ਵਾਰਿਸ ਕੌਣ ਸੀ? ਕੌਣ ਬਚਿਆ ਸੀ ਜੋ ਸਿਵਿਆਂ 'ਚੋਂ ਸਵਾਹ ਫੋਲ ਫੋਲ ਕੇ ਢਿੱਡ ਨਾਲ ਲਾਉਂਦਾ ਕਿ ਇਹ ਮੇਰਾ ਵਾਰਿਸ ਹੈ। ਕਿੰਨੀਆਂ ਹੀ ਮਾਵਾਂ ਉਡੀਕ ਰਹੀਆਂ ਸਨ ਕਿ ਉਹਨਾਂ ਦੇ ਪੁੱਤਾਂ ਦਾ ਜਿਉਣ ਮਰਨ ਦਾ ਕੋਈ ਸੁਨੇਹਾ ਆਵੇ। ਕੇ.ਪੀ.ਐਸ ਗਿੱਲ ਕਹਿ ਰਿਹਾ ਸੀ ਕਿ ਇਹ ਸਭ ਗੁੰਮਸ਼ੁਦਾ ਲੋਕ ਕੈਨੇਡਾ, ਅਮਰੀਕਾ, ਯੁਰਪ ਭੱਜ ਗਏ ਹਨ। ਜਸਵੰਤ ਸਿੰਘ ਖਾਲੜਾ ਦਾ ਗੁਨਾਹ ਸੀ ਕਿ ਉਹ 25000 ਲਵਾਰਿਸਾਂ ਦਾ ਵਾਰਿਸ ਬਣ ਰਿਹਾ ਸੀ, ਤੇ ਅੰਦਰ ਵੜ ਕੇ ਰੋਣ ਦੀ ਬਜਾਏ ਦੁਨੀਆਂ ਭਰ ਵਿੱਚ ਇਹਨਾਂ ਜ਼ਰਵਾਣਿਆਂ ਦੀਆਂ ਕਰਤੂਤਾਂ ਦੱਸ ਰਿਹਾ ਸੀ। 

ਜਦੋਂ ਇਹਨਾਂ ਖਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਆ ਕਟਹਿਰੇ ਵਿੱਚ ਖੜਾ ਕੀਤਾ ਹੋਇਆ ਸੀ, ਉਦੋਂ ਖਾਲੜਾ ਨੂੰ ਧਮਕੀਆਂ ਮਿਲ ਰਹੀਆਂ ਸਨ ਕਹਿ ਰਹੇ ਸਨ ਕਿ 25000 'ਚ ਜੇ ਇੱਕ ਹੋਰ ਜੁੜ ਜਾਵੇ ਤਾਂ ਕੋਈ ਫਰਕ ਪੈ ਸਕਦਾ ਭਲਾ? ਇੰਝ ਹੀ ਹੋਇਆ ਖਾਲੜਾ ਨੂੰ ਉਹਨਾਂ ਦੇ ਘਰ ਦੇ ਬਾਹਰ ਗੱਡੀ ਧੋਂਦਿਆਂ ਪੁਲਿਸ ਨੇ ਚੁੱਕ ਲਿਆ। ਜੋ ਹੁਣ ਬਹੁਤੀ ਥਾਵੇਂ ਕਥਿਤ ਤੌਰ ਤੇ ਹੀ ਲਿਖਿਆ ਆਉਂਦਾ ਹੈ ਕਿਉਂਕਿ ਪੁਲਿਸ ਨੇ ਕਿਤੇ ਵੀ ਇਹ ਮੰਨਿਆ ਨਹੀਂ। ਮੈਂ ਵੀ ਸ਼ਾਇਦ ਹੁਣ ਕਥਿਤ ਤੌਰ ਜਾਂ ਸ਼ੱਕ ਸ਼ੰਸਿਆਂ ਵਿੱਚ ਲਿਖਦਾ ਜੇ 3 ਸਾਲ ਬਾਅਦ ਕੁਲਦੀਪ ਸਿੰਘ ਬਚੜੇ ਦਾ ਬਿਆਨ ਨਾ ਆ ਜਾਂਦਾ। 1998 ਵਿੱਚ ਝਬਾਲ ਠਾਣੇ ਦੇ ਐਸ.ਐਚ.ਓ ਰਹੇ ਸਤਨਾਮ ਸਿੰਘ ਦੇ ਗੰਨਮੈਨ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜੇ ਨੂੰ ਪੁਲਿਸ ਨੇ ਝਬਾਲ ਠਾਣੇ ਰੱਖਿਆ ਸੀ ਅਤੇ ਲਾਸ਼ ਹਰੀਕੇ ਦਰਿਆ ਵਿੱਚ ਸੁੱਟ ਦਿੱਤੀ ਸੀ। ਗਵਾਚਿਆਂ ਨੂੰ ਭਾਲਦਾ ਇੱਕ ਦੀਪਕ ਹਨੇਰੇ ਵਿੱਚ ਉੱਚਾ ਉੱਠਿਆ ਬਾਕੀ ਦੀਪਕਾਂ ਦੀ ਝਾਕ ਵਿੱਚ ਤਾਰਾ ਬਣ ਗਿਆ।

ਜਸਵੰਤ ਸਿੰਘ ਖਾਲੜਾ ਗਵਾਚ ਗਿਆ, ਅਦਾਲਤੀ ਕਾਰਵਾਈਆਂ ਚੱਲੀਆਂ। 2005 ਵਿੱਚ "ਇਨਸਾਫ" ਹੋ ਗਿਆ। ਉਸ ਇਨਸਾਫ ਨੂੰ ਖਾਲੜਾ ਪਰਿਵਾਰ ਅਤੇ ਜੱਥੇਬੰਦੀਆਂ ਨੇ ਦੋਬਾਰਾ ਦੋਬਾਰਾ ਚੈਲੇੇਂਜ ਕੀਤਾ। ਅੱਜ ਜਦੋਂ ਖਾਲੜਾ ਜਾਂ ਇਹੋ ਜਿਹੇ ਹੋਰ ਮਨੁੱਖੀ ਅਧਿਕਾਰ ਕਾਰਕੁੰਨ ਸਿਰਫ ਖਾਸ ਧਿਰਾਂ ਨੂੰ ਹੀ ਯਾਦ ਆਉਂਦੇ ਹਨ। ਤਾਂ ਮੈਨੂੰ ਵਾਲਤੇਅਰ ਯਾਦ ਆਉਂਦਾ ਹੈ, "ਭਾਵੇਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਾ ਵੀ ਹੋਵਾਂ, ਪਰ ਤੁਸੀਂ ਆਪਣੀ ਗੱਲ ਕਹਿ ਸਕੋ ਇਸ ਲਈ ਮੈਂ ਜਾਨ ਵੀ ਦੇ ਸਕਦਾ ਹਾਂ।"  ਸਿਆਸੀ ਤੌਰ ਤੇ ਖਾਲੜਾ ਆਧੁਨਿਕ ਸਰਏਦਾਰੀ ਅਤੇ ਮਾਰਕਸਵਾਦ ਦੋਹਾਂ ਦੇ ਹੀ ਵਿਰੋਧੀ ਸਨ, ਉਹ ਕਿਸੇ ਧਾਰਮਿਕ ਰਾਜ ਦੀ ਕਲਪਨਾ ਕਰਦੇ ਸਨ। ਪਰ ਇਹ ਲੇਖ ਲਿਖਣ ਦਾ ਸਵਾਲ ਇਹ ਹੈ ਹੀ ਨਹੀਂ। ਆਪਣੇ ਓਟਾਵਾ ਦੇ ਭਾਸ਼ਣ ਵਿੱਚ ਉਹ ਇੱਕ ਥਾਂ ਕਹਿੰਦੇ ਹਨ, "ਤੁਸੀਂ ਸਾਡੇ ਨਾਲ ਸਿਆਸੀ ਤੌਰ ਤੇ ਮਤਭੇਦ ਰੱਖ ਸਕਦੇ ਹੋ, ਵੱਖਰੇ ਹੋ ਸਕਦੇ ਹੋ। ਪਰ ਘੱਟੋ ਘੱਟ ਸਾਡੇ ਮੌਲਿਕ ਹੱਕਾਂ ਲਈ ਸਾਡੇ ਨਾਲ ਖੜੇ ਹੋਵੋ। ਇੱਕ ਤਾਂ ਸਾਨੂੰ ਸਾਡਾ ਧਰਮ ਆਜ਼ਾਦੀ ਨਾਲ ਮੰਨਣ ਦਾ ਹੱਕ, ਦੂਜਾ ਸਾਨੂੰ ਵਿਚਾਰ ਪ੍ਰਗਟਾਉਣ ਦਾ ਹੱਕ।" ਆਪਣੇ ਉਸੇ ਭਾਸ਼ਣ ਵਿੱਚ ਉਹ ਕਹਿੰਦੇ ਹਨ, "ਕਿ ਭਾਰਤ ਨੇ ਮਿਜ਼ੋਰਾਮ, ਨਾਗਾਲੈਂਡ, ਕਸ਼ਮੀਰ ਤੇ ਪੰਜਾਬ ਵਿੱਚ ਫੌਜਾਂ ਚਾੜ੍ਹ ਕੇ ਇਹਨਾਂ ਸੂਬਿਆਂ ਦੀ ਸਵੈ-ਨਿਰਣੈ ਦੀ ਮੰਗ ਨੂੰ ਕੁਚਲਿਆ ਹੈ।ਉਹ ਮੰਗ ਜੋ ਕਾਨੂੰਨੀ ਹੈ। ਅਤੇ ਭਾਰਤ ਸਰਕਾਰ ਨੇ ਆਪਣੇ ਹੀ ਬਣਾਏ ਹੋਏ ਕਾਨੂੰਨਾਂ ਨੂੰ ਇਹਨਾਂ ਸੂਬਿਆਂ ਵਿੱਚ ਛਿੱਕੇ ਟੰਗ ਰੱਖਿਆ ਹੈ।"

ਮਿਜ਼ੋਰਾਮ, ਨਾਗਾਲੈਂਡ, ਕਸ਼ਮੀਰ, ਜਸਵੰਤ ਸਿੰਘ ਖਾਲੜਾ ਤੇ ਸੰਤ ਰਾਮ ਉਦਾਸੀ ਸਾਰੇ ਵੱਖੋ-ਵੱਖਰੀਆਂ ਲੀਹਾਂ ਤੇ ਸਨ। ਪਰ ਸਭ ਦਾ ਹਸ਼ਰ ਇੱਕੋ ਜਿਹਾ ਦਿਖਦਾ ਹੈ। ਸੱਤਾ ਦਾ ਕਿਰਦਾਰ ਸਾਰਿਆਂ ਲਈ ਇੱਕੋ ਜਿਹਾ ਦਿਖਦਾ ਹੈ। ਪਰ ਸੱਤਾ ਨੇ ਇਹਨਾਂ ਸਾਰਿਆਂ ਦੇ ਫਰਕ ਨੂੰ ਉਘਾੜ ਕੇ ਆਪਣੇ ਹਿੱਤਾਂ ਲਈ ਵੇਲੇ-ਕੁਵੇਲੇ ਵਰਤਿਆ ਵੀ ਤੇ ਹੁਣ ਵੀ ਵਰਤ ਲੈਂਦੇ ਹਨ। ਪਰ ਸਾਡੀ ਪੀੜੀ ਦੀ ਇਹ ਚੁਣੌਤੀ ਹੋਵੇਗੀ ਕਿ ਅਸੀਂ ਆਪਣੀਆਂ ਸਾਂਝਾਂ ਕਿੱਥੋਂ ਪਛਾਣੀਏ, ਕਿਹੜੇ ਧਰਾਤਲਾਂ ਤੇ ਖੜੇ ਹੋ ਕੇ ਅਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰੀਏ।

ਖ਼ੈਰ, ਜਸਵੰਤ ਸਿੰਘ ਖਾਲੜਾ ਨੇ ਜਿਨ੍ਹਾਂ ਲਵਾਰਿਸ ਲੋਕਾਂ ਦਾ ਮੁੱਦਾ ਚੁੱਕਿਆ ਸੀ, ਬਾਅਦ ਵਿੱਚ ਸੁਪਰੀਮ ਕੋਰਟ ਨੇ  ਮਨੁੱਖੀ ਅਧਿਕਾਰ ਕਮਿਸ਼ਨ ਬਣਾ ਕੇ ਉਹਦੀ ਜਾਂਚ ਕਰਨ ਨੂੰ ਕਿਹਾ। ਉਹਨਾਂ ਸਿਰਫ ਅਮ੍ਰਿਤਸਰ ਜ਼ਿਲੇ ਵਿੱਚ ਹੀ ਜਾਂਚ ਕੀਤੀ ਤੇ ਪੀੜਤਾਂ ਨੂੰ ਨਗ਼ਦ ਰਾਸ਼ੀ ਦੇਣ ਦਾ ਐਲਾਨ ਕੀਤਾ। ਆਪਣੇ ਕੈਨੇਡਾ ਵਾਲੇ ਭਾਸ਼ਣ ਵਿੱਚ ਉਹ ਕਹਿੰਦੇ ਸਨ, "ਚਾਹੇ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ ਚਾਹੇ ਕੋਈ ਕਾਨੂੰਨੀ ਕਾਰਵਾਈ ਕਰਾਂਗੇ। ਪਰ ਸਭ ਤੋਂ ਵੱਡੀ ਕਚਿਹਰੀ ਲੋਕਾਂ ਦੀ ਹੈ ਤੇ ਅਸੀਂ ਲੋਕਾਂ ਦੀ ਕਚਿਹਰੀ ਵਿੱਚ ਹੁਣ ਦੁਨੀਆਂ ਪੱਧਰ ਤੇ ਜਾਣਾ ਚਾਹੁੰਨੇ ਆ। ਐ ਦੁਨੀਆਂ ਵਾਲਿਓ, ਤੁਸਾਂ ਸਾਨੂੰ ਅੱਤਵਾਦੀ ਆਖਿਆ ਤਸਾਂ ਸਾਨੂੰ ਫਿਰਕਾਪ੍ਰਸਤ ਆਖਿਆ ਪਰ ਜਿੰਨਾਂ ਨੂੰ ਤੁਸੀਂ ਅਮਨ ਦੇ ਮਸੀਹੇ ਆਖਿਆ ਸੀ ਜਿੰਨਾਂ ਨੂੰ ਤੁਸੀਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਿਰ ਅੱਤਵਾਦੀ ਕੌਣ ਏ ਤੇ ਸੱਤਵਾਦੀ ਕੌਣ ਏ।"

ਬਲਤੇਜ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।