ਮੱਧ ਪ੍ਰਦੇਸ਼ 'ਚ ਪੁਲਿਸ ਨੇ ਸਿੱਖਾਂ ਦੇ ਘਰ ਢਾਹੇ 'ਤੇ ਖੜ੍ਹੀ ਫਸਲ ਵਾਹੀ; ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੀ ਪੈਰਵਾਈ ਦਾ ਭਰੋਸਾ ਦਿੱਤਾ

ਮੱਧ ਪ੍ਰਦੇਸ਼ 'ਚ ਪੁਲਿਸ ਨੇ ਸਿੱਖਾਂ ਦੇ ਘਰ ਢਾਹੇ 'ਤੇ ਖੜ੍ਹੀ ਫਸਲ ਵਾਹੀ; ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੀ ਪੈਰਵਾਈ ਦਾ ਭਰੋਸਾ ਦਿੱਤਾ

ਚੰਡੀਗੜ੍ਹ: ਪੰਜਾਬ ਤੋਂ ਜਾ ਕੇ ਮੱਧ ਪ੍ਰਦੇਸ਼ ਵਿੱਚ ਬੰਜਰ ਜ਼ਮੀਨਾਂ ਨੂੰ ਆਬਾਦ ਕਰਨ ਵਾਲੇ ਸਿੱਖ ਪਰਿਵਾਰਾਂ ਨੂੰ ਹੁਣ ਉੱਥੋਂ ਜ਼ਬਰਨ ਉਜਾੜਿਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸ਼ਿਓਪੁਰ ਦੇ ਪੱਤਰੀ, ਗੋਥਰਾ, ਪਨਵਾੜਾ ਅਤੇ ਲਹਿਰੋਨੀ ਨਾਮੀਂ ਪਿੰਡਾਂ ਵਿੱਚ ਸਰਕਾਰੀ ਪ੍ਰਸ਼ਾਸਨ ਵੱਲੋਂ ਸਿੱਖਾਂ ਦੇ ਘਰ ਢਾਹੁਣ ਅਤੇ 200 ਕਿੱਲ੍ਹੇ ਵਿੱਚ ਖੜ੍ਹੀ ਕਣਕ ਦੀ ਫਸਲ ਤਬਾਹ ਕਰ ਦਿੱਤੀ ਗਈ ਹੈ।

ਸਥਾਨਕ ਸਿੱਖ ਕਿਸਾਨ ਗੁਲਜ਼ਾਰ ਸਿੰਘ ਬਾਜਵਾ ਨੇ ਦੱਸਿਆ ਕਿ ਇੱਥੇ ਦੇ ਜੰਗਲਾਂ ਵਿੱਚ ਤਿੰਨ ਦਹਾਕੇ ਪਹਿਲਾਂ ਸਿੱਖ ਪੰਜਾਬ ਤੋਂ ਆ ਕੇ ਵਸੇ ਸਨ। ਉਹਨਾਂ ਕਿਹਾ, "ਅਸੀਂ ਇੱਥੇ ਆਪਣੇ ਘਰ ਬਣਾਏ ਅਤੇ ਜ਼ਮੀਨਾਂ ਅਬਾਦ ਕੀਤੀਆਂ। ਸਾਡੇ ਕੋਲ ਇਹਨਾਂ ਜ਼ਮੀਨਾਂ ਦੀਆਂ ਰਜਿਸਟਰੀਆਂ ਵੀ ਹਨ।"

ਇਸ ਸਿੱਖ ਨੇ ਦੱਸਿਆ ਕਿ ਸੋਮਵਾਰ ਦੀ ਸਵੇਰੇ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਐਸਡੀਐਮ ਆਇਆ ਅਤੇ ਉਨ੍ਹਾਂ ਸਿੱਖਾਂ ਦੇ ਘਰਾਂ ਅਤੇ ਫਸਲਾਂ 'ਤੇ ਜੇਸੀਬੀ ਮਸ਼ੀਨਾਂ ਤੇ ਟਰੈਕਟਰ ਚਲਾ ਦਿੱਤੇ। ਉਹਨਾਂ ਦੱਸਿਆ ਕਿ ਪੁਲਿਸ ਨੇ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ 'ਤੇ ਵੀ ਤਰਸ ਨਹੀਂ ਕੀਤਾ। ਸਿੱਖਾਂ ਵੱਲੋਂ ਵਿਰੋਧ ਕਰਨ 'ਤੇ ਕੁੱਝ ਸਿੱਖਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸ਼ਿਓਪੁਰ ਦੀ ਤਹਿਸੀਲ ਕਰਹਾਲ ਵਿਚ ਪੈਂਦੇ ਪਿੰਡਾਂ ਵਿੱਚੋਂ ਸਿੱਖਾਂ ਨੂੰ ਉਜਾੜਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਥਾਨਕ ਪ੍ਰਸ਼ਾਸਨ ਵੱਲੋਂ ਸਿੱਖਾਂ ਦੇ ਘਰ ਢਾਹੁਣ ਅਤੇ ਉਨ੍ਹਾਂ ਦੀ ਫਸਲ ਉਜਾੜ ਕੇ ਜ਼ਮੀਨਾਂ ‘ਤੇ ਕਬਜ਼ਾ ਕਰਨ ਨੂੰ ਸਿੱਖਾਂ ਨੂੰ ਦਬਾਉਣ ਦੀ ਕੋਝੀ ਹਰਕਤ ਕਰਾਰ ਦਿੰਦਿਆਂ ਆਖਿਆ ਕਿ ਇਹ ਬੇਹੱਦ ਨਿੰਦਣਯੋਗ ਹੈ ਅਤੇ ਸ਼੍ਰੋਮਣੀ ਕਮੇਟੀ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚ ਕਰੇਗੀ। 

ਭਾਈ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਦੀ ਮੁਕੰਮਲ ਜਾਣਕਾਰੀ ਲਈ ਜਾ ਰਹੀ ਹੈ, ਤਾਂ ਜੋ ਪ੍ਰਭਾਵਿਤ ਸਿੱਖ ਪਰਿਵਾਰਾਂ ਦੀ ਮੱਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਬ-ਕਮੇਟੀ ਗਠਤ ਕਰ ਦਿੱਤੀ ਗਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਇੰਦਰਮੋਹਨ ਸਿੰਘ ਲਖਮੀਰ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ ਸ਼ਾਮਲ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਤਿੰਨ ਮੈਂਬਰੀ ਵਫ਼ਦ ਜਲਦ ਮੱਧ ਪ੍ਰਦੇਸ਼ ਜਾਵੇਗਾ।

ਉਨ੍ਹਾਂ ਆਖਿਆ ਕਿ ਪਿਛਲੇ 30 ਸਾਲ ਤੋਂ ਮੱਧ ਪ੍ਰਦੇਸ਼ ਦੇ ਪਿੰਡਾਂ ਵਿਚ ਰਹਿ ਰਹੇ ਸਿੱਖਾਂ ਨੂੰ ਦਬਾਉਣ ਨਾਲ ਉਥੋਂ ਦੀ ਸਰਕਾਰ ਅਤੇ ਖ਼ਾਸਕਰ ਮੁੱਖ ਮੰਤਰੀ ਕਮਲ ਨਾਥ ਦਾ ਸਿੱਖ ਵਿਰੋਧੀ ਚਿਹਰਾ ਇਕ ਵਾਰ ਫਿਰ ਨੰਗਾ ਹੋਇਆ ਹੈ। ਇਸ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ਸਮੇਂ ਵੀ ਕਮਲ ਨਾਥ ਨੇ ਹੈਵਾਨੀਅਤ ਦਾ ਨੰਗਾ ਨਾਚ ਕਰਕੇ ਮਨੁੱਖਤਾ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਸੀ। ਹੁਣ ਇਕ ਵਾਰ ਫਿਰ ਉਸ ਵੱਲੋਂ ਸਿੱਖਾਂ ‘ਤੇ ਅੱਤਿਆਚਾਰ ਕੀਤਾ ਗਿਆ ਹੈ। 

ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤ ਦੇ ਕਿਸੇ ਵੀ ਸੂਬੇ ਅੰਦਰ ਵੱਸਦੇ ਘੱਟ ਗਿਣਤੀ ਸਿੱਖਾਂ ਦੀ ਹਿਫਾਜ਼ਤ ਕਰਨਾ ਭਾਰਤ ਸਰਕਾਰ ਦੇ ਨਾਲ-ਨਾਲ ਸਥਾਨਕ ਸੂਬਾਈ ਸਰਕਾਰਾਂ ਦੀ ਜ਼ੁੰਮੇਵਾਰੀ ਹੈ, ਪਰ ਮੱਧ ਪ੍ਰਦੇਸ਼ ਦੀ ਮੌਜੂਦਾ ਸਰਕਾਰ ਨੇ ਆਪਣੇ ਜ਼ੁੰਮੇਵਾਰੀ ਤੋਂ ਪਾਸਾ ਵੱਟਿਆ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮੱਧ ਪ੍ਰਦੇਸ਼ ਸਰਕਾਰ ਵੱਲੋਂ ਸਿੱਖਾਂ ‘ਤੇ ਕੀਤੇ ਜ਼ਬਰ ਵਿਰੁੱਧ ਸਖ਼ਤ ਕਾਰਵਾਈ ਕਰੇ ਅਤੇ ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।