ਇਰਾਕ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਅੰਬੈਸੀ 'ਤੇ ਕਬਜ਼ਾ ਕੀਤਾ

ਇਰਾਕ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਅੰਬੈਸੀ 'ਤੇ ਕਬਜ਼ਾ ਕੀਤਾ

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸਥਿਤ ਅਮਰੀਕਾ ਦੀ ਅੰਬੈਸੀ 'ਤੇ ਕਬਜ਼ਾ ਕਰਕੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਆਪਣਾ ਝੰਡਾ ਝੁਲਾ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਇਰਾਕ ਵਿੱਚ ਅਮਰੀਕੀ ਦਖਲਅੰਦਾਜ਼ੀ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਇਰਾਕ ਵਿੱਚ ਬੀਤੇ ਕਈ ਮਹੀਨਿਆਂ ਤੋਂ ਸਰਕਾਰ ਖਿਲਾਫ ਪ੍ਰਦਰਸ਼ਨ ਚੱਲ ਰਹੇ ਹਨ। ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਰਾਕ ਦਾ ਮੋਜੂਦਾ ਨਿਜ਼ਾਮ ਅਮਰੀਕਾ ਦਾ ਗੁਲਾਮ ਹੈ। 

ਅਮਰੀਕੀ ਅੰਬੈਸੀ 'ਤੇ ਕਬਜ਼ਾ ਕਰਨ ਵਾਲੀ ਇਸ ਭੀੜ ਵਿੱਚ ਜ਼ਿਆਦਾ ਤਰ ਲੋਕਾਂ ਦੇ ਫੌਜੀ ਵਰਦੀ ਪਾਈ ਹੋਈ ਦੱਸੀ ਜਾ ਰਹੀ ਹੈ। ਅਤਿ ਸੁਰੱਖਿਅਤ ਖੇਤਰ ਵਿੱਚ ਸਥਿਤ ਇਸ ਅੰਬੈਸੀ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ ਇਹ ਲੋਕ ਅੰਬੈਸੀ ਅੰਦਰ ਦਾਖਲ ਹੋਏ। ਇਸ ਦੌਰਾਨ ਅੰਬੈਸੀ ਦੇ ਰਿਸੈਪਸ਼ਨ 'ਤੇ ਅੱਗ ਲੱਗਣ ਦੀਆਂ ਵੀ ਖਬਰਾਂ ਹਨ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਬੀਤੇ ਦਿਨੀਂ ਇਰਾਕ ਅੰਦਰ ਹਿਜ਼ਬੋਲਾ ਦੇ ਟਿਕਾਣਿਆਂ 'ਤੇ ਕੀਤੀ ਗਈ ਹਵਾਈ ਬੰਬਾਰੀ ਦੇ ਰੋਸ ਵਜੋਂ ਉਹਨਾਂ ਅੱਜ ਅਮਰੀਕੀ ਅੰਬੈਸੀ 'ਤੇ ਕਬਜ਼ਾ ਕੀਤਾ ਹੈ। ਇਸ ਅਮਰੀਕੀ ਹਮਲੇ ਵਿੱਚ ਹਿਜ਼ਬੋਲਾ ਦੇ 25 ਮੈਂਬਰਾਂ ਦੇ ਮਾਰੇ ਜਾਣ ਦੀ ਖਬਰ ਹੈ। 

ਜ਼ਿਕਰਯੋਗ ਹੈ ਕਿ ਇਹ ਲੋਕ ਇਰਾਨ ਦੇ ਸਮਰਥਨ ਵਾਲੇ ਸ਼ੀਆ ਲੜਾਕੂ ਧੜੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਜਿਹੜਾ ਕਿ ਇਰਾਕ ਸਰਕਾਰ ਨਾਲ ਮਿਲ ਕੇ ਆਈਐਸਆਈਐਲ (ਇਸਲਾਮਿਕ ਸਟੇਟ) ਖਿਲ਼ਾਫ ਲੜ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰਦਰਸ਼ਨਕਾਰੀ ਕਹਿ ਰਹੇ ਹਨ ਕਿ ਜਦੋਂ ਤੱਕ ਅਮਰੀਕਾ ਇਰਾਕ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿੱਕਲਦਾ ਉਦੋਂ ਤੱਕ ਉਹ ਅੰਬੈਸੀ ਤੋਂ ਕਬਜ਼ਾ ਨਹੀਂ ਛੱਡਣਗੇ।

ਅਮਰੀਕਾ ਨੇ ਕਬਜ਼ੇ ਪਿੱਛੇ ਇਰਾਨ ਦਾ ਹੱਥ ਦੱਸਿਆ
ਅਮਰੀਕਨ ਅੰਬੈਸੀ 'ਤੇ ਹਮਲੇ 'ਤੇ ਟਿੱਪਣੀ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਤਹਿਰਾਨ (ਇਰਾਨ) ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਰਾਨ ਆਪਣੀ ਫੌਜ ਦੀ ਮਦਦ ਨਾਲ ਅਮਰੀਕੀ ਅੰਬੈਸੀ ਦੀ ਸੁਰੱਖਿਆ ਨੂੰ ਯਕੀਨੀ ਬਣਾਵੇਗਾ।

ਪਰ ਟਰੰਪ ਨੇ ਇਰਾਨ ਨਾਲ ਅਮਰੀਕਾ ਵੱਲੋਂ ਜੰਗ ਛੇੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੀ ਕੋਈ ਸੰਭਾਵਨਾ ਨਹੀਂ ਹੈ। 

ਅਮਰੀਕਾ ਵੱਲੋਂ ਇਰਾਕ ਵਿੱਚ ਹੋਰ 750 ਫੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਤਾਂ ਕਿ ਅੰਬੈਸੀ ਵਿੱਚ ਮੋਜੂਦ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।