ਸਿੱਖ ਰੈਫਰੈਂਸ ਲਾਇਬਰੇਰੀ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਨੇ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ

ਸਿੱਖ ਰੈਫਰੈਂਸ ਲਾਇਬਰੇਰੀ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਨੇ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ

ਅੰਮ੍ਰਿਤਸਰ: ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਸਿੱਖ ਰੈਫਰੈਂਸ ਲਾਇਬਰੇਰੀ ਦੇ ਅਮੁੱਲ ਖਜ਼ਾਨੇ ਦੀ ਵਾਪਸੀ ਸਬੰਧੀ ਅਤੇ ਸਰੂਪ ਨੂੰ ਵੇਚੇ ਜਾਣ ਸਬੰਧੀ ਚਲ ਰਹੇ ਵਿਵਾਦ ਦੌਰਾਨ ਸਮੁੱਚੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵਲੋਂ ਪੰਜ ਮੈਂਬਰੀ ਉਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਜਾਂਚ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਬੀਬੀ ਜਗੀਰ ਕੌਰ, ਸਾਬਕਾ ਸਕੱਤਰ ਦਲਮੇਘ ਸਿੰਘ, ਮੌਜੂਦਾ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ.ਅਮਰ ਸਿੰਘ ਸ਼ਾਮਲ ਹਨ। 

ਇਹ ਪੰਜ ਮੈਂਬਰੀ ਕਮੇਟੀ ਫੌਜ ਵਲੋਂ ਵਾਪਸ ਕੀਤੇ ਗਏ ਸਾਮਾਨ ਅਤੇ ਰੈਫਰੈਂਸ ਲਾਇਬਰੇਰੀ ਵਿਚ ਪੁੱਜੇ ਸਮਾਨ ਦੀ ਜਾਂਚ ਕਰੇਗੀ ਤੇ 1984 ਤੋਂ ਲੈ ਕੇ ਹੁਣ ਤਕ ਦੇ ਸਮੁੱਚੇ ਰਿਕਾਰਡ ਨੂੰ ਵਾਚੇਗੀ। ਇਸੇ ਤਰ੍ਹਾਂ ਪਾਵਨ ਸਰੂਪ ਵੇਚੇ ਜਾਣ ਦੀ ਵੀ ਜਾਂਚ ਕੀਤੀ ਜਾਵੇਗੀ। ਇਹ ਕਮੇਟੀ ਜਾਂਚ ਉਪਰੰਤ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪੇਗੀ।

ਉਨ੍ਹਾਂ ਸਪਸ਼ਟ ਕੀਤਾ ਕਿ ਜਾਂਚ ਦੌਰਾਨ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਊਣਤਾਈ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਇਸ ਸਬੰਧੀ ਲਾਏ ਗਏ ਦੋਸ਼ ਸਾਬਤ ਨਾ ਹੋਏ ਤਾਂ ਸਬੰਧਿਤ ਲੋਕਾਂ ਖਿਲਾਫ ਵੀ ਅਦਾਲਤੀ ਕਾਰਵਾਈ ਕੀਤੀ ਜਾਵੇਗੀ। 

ਇੱਥੇ ਜ਼ਿਕਰਯੋਗ ਹੈ ਕਿ ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸਿੱਖ ਲਾਇਬਰੇਰੀ ਦਾ ਅਮੁੱਲਾ ਖਜ਼ਾਨਾ ਫੌਜ ਚੁੱਕ ਕੇ ਲੈ ਗਈ ਸੀ, ਜਿਸ ਵਿਚ 500 ਤੋਂ ਵੱਧ ਹੱਥ ਲਿਖਤ ਸਰੂਪ ਅਤੇ 12 ਹਜ਼ਾਰ ਤੋਂ ਵੱਧ ਦੁਰਲੱਭ ਪੁਸਤਕਾਂ ਤੇ ਹੋਰ ਸਮਾਨ ਸ਼ਾਮਲ ਸੀ। ਇਹ ਮਾਮਲਾ ਉਸ ਸਮੇਂ ਉਭਰਿਆ ਸੀ ਜਦੋਂ ਫੌਜ ਵਲੋਂ ਇਥੋਂ ਲਾਇਬਰੇਰੀ ਦਾ ਚੁੱਕਿਆ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਜਿਸ ਵਿਚੋਂ ਚੁਪ ਚਪੀਤੇ ਇਕ ਸਰੂਪ ਵਿਦੇਸ਼ ਵਿਚ ਵੇਚਣ ਦੇ ਦੋਸ਼ ਲੱਗੇ ਸਨ। 

ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਸਮੁੱਚੀ ਸਥਿਤੀ ਦਾ ਪਤਾ ਲਾਉਣ ਲਈ 1984 ਤੋਂ ਬਾਅਦ ਦੇ ਅਧਿਕਾਰੀਆਂ ਤੇ ਮੌਜੂਦਾ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਜਿਸ ਵਿਚ ਖੁਲਾਸਾ ਹੋਇਆ ਕਿ ਫੌਜ ਵਲੋਂ ਹੁਣ ਤਕ 7 ਵਾਰ ਸਾਮਾਨ ਵਾਪਸ ਕੀਤਾ ਗਿਆ ਹੈ ਪਰ ਉਸ ਵਿਚ ਸਿੱਖ ਰੈਫਰੈਂਸ ਲਾਇਬਰੇਰੀ ਨਾਲ ਸਬੰਧਿਤ ਸਾਮਾਨ ਸਿਰਫ ਦੋ ਵਾਰ ਹੀ ਵਾਪਸ ਕੀਤਾ ਗਿਆ ਹੈ, ਜਿਸ ਵਿਚ 205 ਹੱਥ ਲਿਖਤ ਸਰੂਪ ਅਤੇ ਕੁਝ ਪੁਸਤਕਾਂ ਸ਼ਾਮਲ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ