ਸਰਕਾਰੀ ਨਲਾਇਕੀ ਕਾਰਨ ਤਖ਼ਤ ਦਮਦਮਾ ਸਾਹਿਬ ਦੇ ਆਲੇ-ਦੁਆਲੇ ਇਕੱਠਾ ਹੋਇਆ ਗੰਦਾ ਪਾਣੀ

ਸਰਕਾਰੀ ਨਲਾਇਕੀ ਕਾਰਨ ਤਖ਼ਤ ਦਮਦਮਾ ਸਾਹਿਬ ਦੇ ਆਲੇ-ਦੁਆਲੇ ਇਕੱਠਾ ਹੋਇਆ ਗੰਦਾ ਪਾਣੀ

ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ): ਬੀਤੇ ਦਿਨ ਪਏ ਭਾਰੀ ਮੀਂਹ ਤੋਂ ਬਾਅਦ ਹੁਣ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਠੱਪ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਦਰਵਾਜੇ 'ਤੇ ਖੜੇ ਵੱਡੀ ਪੱਧਰ 'ਤੇ ਗੰਦੇ ਪਾਣੀ ਨੂੰ ਕੱਢਣ ਦੀ ਕਾਰਵਾਈ ਵੀ ਸਿਰੇ ਨਹੀ ਚੜੀ ਤੇ ਹੁਣ ਇਹ ਮਾਮਲਾ ਸਰਕਾਰ ਤੇ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਮੀਂਹ ਦੇ ਨਾਲ ਨਾਲ ਸੀਵਰੇਜ ਓਵਰਫਲੋ ਕਾਰਣ ਤਖਤ ਸਾਹਿਬ ਦੇ ਬਾਹਰ ਖੜਾ ਗੰਦਾ ਪਾਣੀ ਸ਼੍ਰੋਮਣੀ ਕਮੇਟੀ ਨੇ ਨਗਰ ਪੰਚਾਇਤ ਦੀ ਮਦੱਦ ਨਾਲ ਬੀਤੀ ਸ਼ਾਮ ਕੱਢਣਾ ਸ਼ੁਰੂ ਕਰ ਦਿੱਤਾ ਸੀ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ ਦੇ ਦੱਸਣ ਅਨੁਸਾਰ ਸਾਰੇ ਹੀਲੇ ਉਦੋਂ ਫੇਲ੍ਹ ਹੋ ਗਏ ਜਦੋਂ ਸੀਵਰੇਜ ਸਿਸਟਮ ਦੇ ਕੰਮ ਨਾ ਕਰਨ ਕਾਰਣ ਸੀਵਰੇਜ ਦੀਆਂ ਪਾਈਪਾਂ ਰਾਹੀਂ ਕੱਢਿਆ ਜਾ ਰਿਹਾ ਪਾਣੀ ਵਾਪਿਸ ਮੁੜਨ ਲੱਗ ਪਿਆ ਤੇ ਚੌਥੇ ਦਿਨ ਵੀ ਅੱਜ ਪਾਣੀ ਦੀ ਸਥਿਤੀ ਜਿਉਂ ਦੀ ਤਿਉਂ ਬਨਣ ਕਾਰਣ ਸੰਗਤਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਸੀਵਰੇਜ ਸਿਸਟਮ ਦੇ ਫੇਲ ਹੋਣ ਦੀ ਪੁਸ਼ਟੀ ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਵੀ ਕਰਦਿਆਂ ਕਿਹਾ ਕਿ ਨਵੀਂ ਦਰਸ਼ਨੀ ਡਿਊਢੀ ਬਣਨ ਸਮੇਂ ਸੀਵਰੇਜ ਦਾ ਸਿਸਟਮ ਖਰਾਬ ਹੋ ਗਿਆ ਜਿਸ ਕਰਕੇ ਪਾਣੀ ਨਹੀ ਨਿਕਲ ਸਕਿਆ। ਉਹਨਾਂ ਕਿਹਾ ਕਿ ਸਾਡੇ ਮੁਲਾਜਮ ਅਤੇ ਸੀਵਰੇਜ ਵਿਭਾਗ ਇਸੇ ਕੰਮ 'ਤੇ ਲੱਗਿਆ ਹੋਇਆ ਹੈ ਪਰ ਰਾਤ ਸਮੇਂ ਪਾਈਪਾਂ ਫਟ ਜਾਣ ਕਰਕੇ ਪਾਣੀ ਵਾਪਸ ਆਉਣ ਲੱਗ ਗਿਆ ਸੀ ਜੋ ਠੀਕ ਕਰਵਾਇਆ ਗਿਆ ਹੈ ਤੇ ਹੁਣ ਜਲਦੀ ਪਾਣੀ ਕੱਢ ਦਿੱਤਾ ਜਾਵੇਗਾ। ਪ੍ਰਧਾਨ ਨੇ ਇੱਕ ਤਰ੍ਹਾਂ ਬੇਵਸੀ ਜਾਹਿਰ ਕਰਦਿਆਂ ਇਹ ਵੀ ਕਿਹਾ ਕਿ ਜੇ ਹੋਰ ਮੀਂਹ ਆ ਗਿਆ ਤਾਂ ਫਿਰ ਪਾਣੀ ਦੀ ਨਿਕਾਸੀ ਮੁਸ਼ਕਿਲ ਹੋ ਸਕਦੀ ਹੈ।

ਦੂਜੇ ਪਾਸੇ ਤਖਤ ਸਾਹਿਬ ਦੇ ਬਾਹਰੋਂ ਮੀਂਹ ਪੈਣ ਦੇ ਚੌਥੇ ਦਿਨ ਤੱਕ ਵੀ ਗੰਦਾ ਪਾਣੀ ਨਾ ਨਿਕਲਣ 'ਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲਦਿਆਂ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਤਖਤ ਸਾਹਿਬ ਦੇ ਗੇਟ ਦੇ ਬਾਹਰ ਬਣੇ ਸੀਵਰੇਜ ਮੇਨਹੋਲ ਦਾ ਪੱਕਾ ਹੱਲ ਕੱਢਣ ਲਈ ਕਿਹਾ ਗਿਆ ਸੀ ਤਾਂਕਿ ਉੱਥੋਂ ਓਵਰਫਲੋ ਹੁੰਦੇ ਗੰਦੇ ਪਾਣੀ ਨੂੰ ਤਖਤ ਸਾਹਿਬ ਦੀ ਹਦੂਦ ਅੰਦਰ ਆਉਣੋ ਰੋਕਿਆ ਜਾ ਸਕੇ ਪਰ ਹੈਰਾਨੀ ਹੈ ਕਿ ਸਿੰਘ ਸਾਹਿਬ ਵੱਲੋਂ ਪੱਤਰ ਲਿਖਣ ਦੇ ਬਾਵਜੂਦ ਸੀਵਰੇਜ ਦਾ ਕੋਈ ਠੋਸ ਹੱਲ ਨਹੀ ਕੱਢਿਆ ਗਿਆ ਜਿਸ ਕਾਰਨ ਹੁਣ ਭਾਰੀ ਬਾਰਿਸ਼ ਨਾਲ ਸਮੁੱਚਾ ਤਖਤ ਸਾਹਿਬ ਕੰਪਲੈਕਸ ਗੰਦੇ ਪਾਣੀ ਵਿੱਚ ਘਿਰ ਗਿਆ ਹੈ। ਉਨਾਂ ਕਿਹਾ ਕਿ ਉਕਤ ਕਾਰੇ ਨਾਲ ਕਾਂਗਰਸ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਫਿਰ ਨੰਗਾ ਹੋਇਆ ਹੈ। ਦੇਸ਼ ਵਿਦੇਸ਼ ਤੋਂ ਰੋਜਾਨਾ ਤਖਤ ਸਾਹਿਬ ਨਤਮਸਤਕ ਹੋਣ ਆਉਂਦੀਆਂ ਹਜ਼ਾਰਾਂ ਸੰਗਤਾਂ ਬਦਬੂਦਾਰ ਪਾਣੀ ਵਿੱਚੋਂ ਲੰਘ ਕੇ ਦਰਸ਼ਨ ਕਰ ਰਹੀਆਂ ਹਨ ਪਰ ਸਰਕਾਰ ਜਾਂ ਪ੍ਰਸ਼ਾਸਨ ਤਖਤ ਸਾਹਿਬ ਦੀ ਮਹੱਤਤਾ ਦੇ ਬਾਵਜੂਦ ਗੰਦਾ ਪਾਣੀ ਕੱਢਣ ਲਈ ਸੰਜੀਦਾ ਨਹੀ ਜਾਪਦੇ।

ਉਨਾਂ ਕਿਹਾ ਕਿ ਹੋਰ ਤਾਂ ਹੋਰ ਮੀਂਹ ਪੈਣ ਦੇ ਚਾਰ ਦਿਨ ਬਾਅਦ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਵੱਡਾ ਅਧਿਕਾਰੀ ਅਜੇ ਤੱਕ ਸਥਿੱਤੀ ਦਾ ਜਾਇਜਾ ਤੱਕ ਲੈਣ ਨਹੀ ਪੁੱਜਾ ਕਾਰਵਾਈ ਤਾਂ ਦੂਰ ਦੀ ਗੱਲ। ਉਨਾਂ ਕਿਹਾ ਕਿ ਜਿਹੜੀ ਸਰਕਾਰ ਤਖਤ ਸਾਹਿਬ ਨੂੰ ਪੇਸ਼ ਸਮੱਸਿਆ ਦਾ ਹੱਲ ਕੱਢਣ ਤੋਂ ਇਨਕਾਰੀ ਹੈ ਉਸਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਨਗਰ ਦੀਆਂ ਸਿੱਖ ਸੰਗਤਾਂ ਨੇ ਵੀ ਸਰਕਾਰ ਤੇ ਪ੍ਰਸ਼ਾਸਨ ਤੋਂ ਤਖਤ ਸਾਹਿਬ ਦੇ ਦੁਆਲੇ ਖੜੇ ਗੰਦੇ ਪਾਣੀ ਨੂੰ ਤੁਰੰਤ ਕੱਢਣ ਦੀ ਮੰਗ ਕੀਤੀ ਹੈ।