ਆਪਣੇ ਪਿੰਡ ਦੇ ਉਜਾੜੇ ਨੂੰ ਰੋਕਣ ਲਈ ਸਰਕਾਰ ਖਿਲਾਫ ਇਕਮੁੱਠ ਹੋਇਆ ਸੇਖੋਵਾਲ ਪਿੰਡ

ਆਪਣੇ ਪਿੰਡ ਦੇ ਉਜਾੜੇ ਨੂੰ ਰੋਕਣ ਲਈ ਸਰਕਾਰ ਖਿਲਾਫ ਇਕਮੁੱਠ ਹੋਇਆ ਸੇਖੋਵਾਲ ਪਿੰਡ
ਕੰਮਾਂ ਵਿਚ ਰੁੱਝੀ ਪਿੰਡ ਦੀ ਬੀਬੀ (ਤਸਵੀਰ- ਸੁਖਵਿੰਦਰ ਸਿੰਘ)

ਸੁਖਵਿੰਦਰ ਸਿੰਘ

ਪੰਜਾਬ ਸਰਕਾਰ ਵੱਲੋਂ ਜ਼ਬਰਦਸਤੀ ਐਕਵਾਇਰ ਕੀਤੀ ਜਾ ਰਹੀ ਸੇਖੋਵਾਲ ਪਿੰਡ ਦੀ ਜ਼ਮੀਨ ਖਿਲਾਫ ਪਿੰਡ ਸੰਘਰਸ਼ ਕਰਨ ਦਾ ਜਨਤਕ ਐਲਾਨ ਕਰ ਦਿੱਤਾ ਹੈ। ਬੀਤੇ ਕੱਲ੍ਹ ਪਿੰਡ ਸੇਖੋਵਾਲ ਦੀ ਗ੍ਰਾਮ ਸਭਾ ਨੇ ਪਿੰਡ ਦੇ ਪੰਚਾਇਤ ਘਰ ਵਿਚ ਇਕੱਤਰਤਾ ਕਰਕੇ ਡੀਸੀ ਦਫਤਰ ਵਿਖੇ ਜ਼ਮੀਨ ਐਕਵਾਇਰ ਕਰਨ ਲਈ ਪੰਚਾਇਤ ਤੋਂ ਪਵਾਏ ਗਏ ਮਤੇ ਨੂੰ ਰੱਦ ਕਰ ਦਿੱਤਾ ਹੈ। ਇਹ ਗ੍ਰਾਮ ਸਭਾ ਪਿੰਡ ਦੀ ਸਰਪੰਚ ਵੱਲੋਂ ਬੁਲਾਈ ਗਈ ਸੀ, ਜਿਸ ਲਈ 17 ਜੁਲਾਈ ਨੂੰ ਪੰਚਾਇਤ ਸੈਕਟਰੀ ਅਤੇ ਸਬੰਧਿਤ ਜ਼ਿਲ੍ਹਾ ਅਫਸਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹ ਨਿਯਮਾਂ ਮੁਤਾਬਕ 21 ਜੁਲਾਈ ਨੂੰ ਪਿੰਡ ਸੇਖੋਵਾਲ ਪਹੁੰਚ ਕੇ ਗ੍ਰਾਮ ਸਭਾ ਕਰਾਉਣ। ਪਰ ਬੀਤੇ ਕੱਲ੍ਹ ਕੋਈ ਵੀ ਸਬੰਧਿਤ ਅਫਸਰ ਸੇਖੋਵਾਲ ਪਿੰਡ ਨਹੀਂ ਪਹੁੰਚਿਆ ਅਤੇ ਇਸ ਦੇ ਚਲਦਿਆਂ ਪਿੰਡ ਦੀ ਗ੍ਰਾਮ ਸਭਾ ਨੇ ਨਿਯਮਾਂ ਮੁਤਾਬਕ ਅਫਸਰਾਂ ਦੀ ਗੈਰ-ਹਾਜ਼ਰੀ ਵਿਚ ਸਰਬਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ। 

ਗ੍ਰਾਮ ਸਭਾ ਦੇ ਮਤੇ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਪੰਚਾਇਤ ਅਫਸਰ ਨੂੰ ਕਾਰਵਾਈ ਰਜਿਸਟਰ ਲੈ ਕੇ ਪਿੰਡ ਪਹੁੰਚਣ ਲਈ ਕਿਹਾ ਗਿਆ ਸੀ, ਪਰ ਅਫਸਰ ਦੇ ਨਾ ਪਹੁੰਚਣ ਦੇ ਚਲਦਿਆਂ ਪਿੰਡ ਦੀ ਗ੍ਰਾਮ ਸਭਾ ਨੇ ਬਲਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਗ੍ਰਾਮ ਸਭਾ ਇਜਲਾਸ ਦੀ ਕਾਰਵਾਈ ਰਿਕਾਰਡ ਕਰਨ ਦਾ ਹੱਕ ਦਿੱਤਾ ਗਿਆ।

ਗ੍ਰਾਮ ਸਭਾ ਦੇ ਮਤੇ ਵਿਚ ਲਿਖਿਆ ਗਿਆ ਕਿ ਪਿੰਡ ਦੀ ਸਰਪੰਚ ਅਮਰੀਕ ਕੌਰ ਦੀ ਪ੍ਰਧਾਨਗੀ ਵਿਚ ਹੋਈ ਇਸ ਗ੍ਰਾਮ ਸਭਾ ਨੂੰ ਪਤਾ ਲੱਗਿਆ ਹੈ ਕਿ ਇੰਡਸਟਰੀਅਲ ਪਾਰਕ ਬਣਾਉਣ ਲਈ ਪਿੰਡ ਸੇਖੋਵਾਲ ਦੀ 407 ਏਕੜ ਜ਼ਮੀਨ ਲੈਣ ਵਾਸਤੇ ਬੀਡੀਪੀਓ ਦਫਤਰ ਵਿਚ ਮਤਾ ਪਵਾਇਆ ਗਿਆ ਹੈ। ਮਤੇ ਵਿਚ ਲਿਖਿਆ ਗਿਆ ਕਿ ਜਦੋਂ ਪਿੰਡ ਦੀ ਗ੍ਰਾਮ ਸਭਾ ਵਿਚ ਪੰਚਾਂ ਅਤੇ ਸਰਪੰਚ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਉਹਨਾਂ ਅਜਿਹਾ ਕੋਈ ਮਤਾ ਪਾਸ ਕੀਤਾ ਹੈ ਤਾਂ ਸਰਪੰਚ ਅਮਰੀਕ ਕੌਰ ਅਤੇ ਪੰਚਾਂ ਨੇ ਕਿਹਾ ਕਿ ਉਹਨਾਂ ਨੂੰ ਅਜਿਹੇ ਕਿਸੇ ਮਤੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 


ਇੰਡਸਟਰੀਅਲ ਪਾਰਕ ਬਣਾਉਣ ਦੇ ਸਰਕਾਰੀ ਫੈਂਸਲੇ ਖਿਲਾਫ ਪਿੰਡ ਦੇ ਲੋਕਾਂ ਨਾਲ ਮੋਜੂਦਾ ਸਰਪੰਚ ਅਤੇ ਸਾਬਕਾ ਸਰਪੰਚ

ਸਰਪੰਚ ਅਤੇ ਪੰਚਾਂ ਨੇ ਗ੍ਰਾਮ ਸਭਾ ਨੂੰ ਦੱਸਿਆ ਕਿ ਉਹਨਾਂ ਨੂੰ ਪੰਚਾਇਤ ਸਕੱਤਰ ਨੇ ਕਿਹਾ ਕਿ ਉਹਨਾਂ ਨੂੰ ਬੀਡੀਪੀਓ ਨੇ ਆਪਣੇ ਦਫਤਰ ਬੁਲਾਇਆ ਹੈ। ਪੰਚਾਇਤ ਅਤੇ ਸਰਪੰਚ ਪੰਚਾਇਤ ਸਕੱਤਰ ਦੇ ਕਹਿਣ 'ਤੇ ਬੀਡੀਪੀਓ ਦਫਤਰ ਪਹੁੰਚੇ ਜਿੱਥੋਂ ਬੀਡੀਪੀਓ ਉਹਨਾਂ ਨੂੰ ਨਾਲ ਲੈ ਲੇ ਡੀਸੀ ਦਫਤਰ ਵਿਚ ਗਏ ਅਤੇ ਡੀਸੀ ਸਾਹਬ ਨੇ ਉਹਨਾਂ ਨੂੰ ਕਾਰਵਾਈ ਰਜਿਸਟਰ 'ਤੇ ਦਸਤਖਤ ਕਰਨ ਲਈ ਕਿਹਾ। ਜਦੋਂ ਪੰਚਾਂ ਅਤੇ ਸਰਪੰਚ ਨੇ ਡੀਸੀ ਅਤੇ ਬੀਡੀਪੀਓ ਨੂੰ ਪੁੱਛਿਆ ਕਿ ਇਹ ਮਤਾ ਕਿਸ ਸਬੰਧਤ ਹੈ ਤਾਂ ਡੀਸੀ ਦੇ ਕਹਿਣ 'ਤੇ ਬੀਡੀਪੀਓ ਨੇ ਕਿਹਾ ਕਿ ਇਹ ਮਤਾ ਪਿੰਡ ਦੀ ਭਲਾਈ ਲਈ ਹੈ। ਪੰਚਾਇਤ ਨੇ ਗ੍ਰਾਮ ਸਭਾ ਨੂੰ ਦੱਸਿਆ, "ਅਸੀਂ ਡੀਸੀ ਅਤੇ ਬੀਡੀਪੀਓ ਉਪਰ ਵਿਸ਼ਵਾਸ ਕਰਕੇ ਮਤੇ ਪਰ ਦਸਤਖਤ ਕਰ ਦਿੱਤੇ। ਇਹ ਮਤਾ ਨਾ ਹੀ ਸਾਡੇ ਸਾਹਮਣੇ ਲਿਖਿਆ ਗਿਆ ਅਤੇ ਨਾ ਹੀ ਸਾਨੂੰ ਪੜ੍ਹ ਕੇ ਸੁਣਾਇਆ ਗਿਆ। ਸਾਨੂੰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਮਤਾ ਪਿੰਡ ਦੀ ਸ਼ਾਮਲਾਟ ਜ਼ਮੀਨ ਨੂੰ ਇੰਡਸਟਰੀਅਲ ਪਾਰਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ।"

ਮਤੇ ਵਿਚ ਲਿਖਿਆ ਗਿਆ ਹੈ ਕਿ ਪਿੰਡ ਸੇਖੋਵਾਲ ਦੀ ਸਾਰੀ ਵਸੋਂ ਅਨਸੂਚਿਤ ਜਾਤੀ ਨਾਲ ਸਬੰਧ ਰੱਖਦੀ ਹੈ। ਪਿੰਡ ਵਾਸੀ ਇਸ ਜ਼ਮੀਨ ਨੂੰ ਠੇਕੇ ਪਰ ਲੈ ਕੇ ਖੇਤੀ ਕਰਦੇ ਹਨ। ਇਸ ਜ਼ਮੀਨ ਹੀ ਪਿੰਡ ਵਾਸੀਆਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ। ਇਸ ਪਿੰਡ ਦੇ ਸਾਰੇ ਵਸਨੀਕਾਂ ਦੀ ਕਿਤੇ ਵੀ ਕੋਈ ਨਿਜੀ ਜਾਇਦਾਦ ਨਹੀਂ ਹੈ। ਸਾਰਾ ਪਿੰਡ ਪੰਚਾਇਤ ਦੀ ਲਾਲ ਲਕੀਰ ਅੰਦਰ ਹੀ ਵਸਿਆ ਹੋਇਆ ਹੈ।

ਮਤੇ ਵਿਚ ਦੱਸਿਆ ਗਿਆ ਕਿ ਪਿੰਡ ਦੇ ਵਸਨੀਕਾਂ ਨੇ ਆਪ ਪੈਸੇ ਖਰਚ ਕਰਕੇ ਇਹ ਜ਼ਮੀਨ ਮਾਣਯੋਗ ਸੁਪਰੀਮ ਕੋਰਟ ਤਕ ਕੇਸ ਲੜ੍ਹ ਕੇ ਪੰਚਾਇਤ ਦੇ ਨਾਮ ਕਰਵਾਈ ਹੈ। ਇਹ ਜ਼ਮੀਨ ਪਿੰਡ ਵਾਸੀਆਂ ਨੇ ਅਬਾਦ ਕੀਤੀ ਹੈ। ਜੇਕਰ ਇਸ ਜ਼ਮੀਨ ਵਿਚ ਇੰਡਸਟਰੀਅਲ ਪਾਰਕ ਬਣਦਾ ਹੈ ਤਾਂ ਪਿੰਡ ਦੀ ਹੋਂਦ ਖਤਰੇ ਵਿਚ ਪੈ ਜਾਵੇਗੀ।

ਪਿੰਡ ਦੀ ਗ੍ਰਾਮ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਿਹਾ ਕਿ ਜਿਹੜਾ ਮਤਾ ਪੰਚਾਇਤ ਵੱਲੋਂ ਪਾਇਆ ਗਿਆ ਦਿਖਾਇਆ ਗਿਆ ਹੈ ਉਹ ਡੀਸੀ ਦਫਤਰ ਅਤੇ ਬੀਡੀਪੀਓ ਦਫਤਰ ਵੱਲੋਂ ਹੇਰਾ ਫੇਰੀ, ਧੋਖੇ ਅਤੇ ਤੱਥਾਂ ਨੂੰ ਲੁਕਾ ਕੇ ਤਿਆਰ ਕੀਤਾ ਗਿਆ ਹੈ, ਜੋ ਨਾ ਤਾਂ ਸਰਪੰਚ ਅਤੇ ਪੰਚਾਂ ਦੇ ਸਾਹਮਣੇ ਲਿਖਿਆ ਗਿਆ ਹੈ। ਇਸ ਲਈ ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਉਸ ਉਪਰੋਕਤ ਮਤੇ ਨੂੰ ਰੱਦ ਕਰਦੀ ਹੈ ਅਤੇ ਗ੍ਰਾਮ ਸਭਾ ਵਿਚ ਪਏ ਇਸ ਮਤੇ ਦੀਆਂ ਕਾਪੀਆਂ ਸਬੰਧਤ ਅਫਸਰਾਂ ਅਤੇ ਸਰਕਾਰ ਨੂੰ ਭੇਜ ਕੇ ਜੋ ਮਤਾ ਹੇਰਾ ਫੇਰੀ, ਧੋਖੇ ਅਤੇ ਤੱਥਾਂ ਨੂੰ ਲੁਕਾ ਕੇ ਤਿਆਰ ਕੀਤਾ ਗਿਆ ਹੈ, ਉਸ ਮਤੇ ਨੂੰ ਰੱਦ ਕਰਨ ਦੀਆਂ ਮੰਗ ਕਰਦੀਆਂ ਹਨ। 

ਪਿੰਡ ਦੀ ਗ੍ਰਾਮ ਸਭਾ ਨੇ ਮਤਾ ਪਾ ਕੇ ਮੰਗ ਕੀਤੀ ਕਿ ਪਿੰਡ ਦੀ ਇਹ ਪੰਚਾਇਤੀ ਜ਼ਮੀਨ ਕਿਸੇ ਵੀ ਇੰਡਸਟਰੀਅਲ ਪਾਰਕ ਨੂੰ ਨਾ ਦਿੱਤੀ ਜਾਵੇ। 

ਮਤੇ ਵਿਚ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਅਤੇ ਸਬੰਧਤ ਅਫਸਰ ਉਸ ਮਤੇ ਨੂੰ ਰੱਦ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਗ੍ਰਾਮ ਸਭਾ ਪੰਚਾਇਤ ਇਸ ਸਬੰਧੀ ਕਾਨੂੰਨੀ ਕਾਰਵਾਈ ਕਰੇਗੀ। 

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਇਹ ਪਿੰਡ ਸੇਖੋਵਾਲ ਦੀ ਜ਼ਮੀਨ ਜਿੱਥੇ ਇਕ ਪਾਸੇ ਮੱਤੇਵਾੜਾ ਜੰਗਲ ਨਾਲ ਲਗਦੀ ਹੈ ਉੱਥੇ ਦੂਜੇ ਪਾਸੇ ਸਤਲੁੱਜ ਦਰਿਆ ਨਾਲ ਲਗਦੀ ਹੈ। ਪੰਜਾਬ ਦੇ ਵਾਤਾਵਰਨ ਪ੍ਰੇਮੀਆਂ ਅਤੇ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਇਸ ਜ਼ਮੀਨ ਵਿਚ ਕਾਰਖਾਨੇ ਲੱਗਣ ਦੇ ਚਲਦਿਆਂ ਹੋਣ ਵਾਲੇ ਕੁਦਰਤੀ ਉਜਾੜੇ ਦਾ ਵੀ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। 

ਮੱਤੇਵਾੜਾ ਬਚਾਉਣ ਦੀ ਮੁਹਿੰਮ ਨਾਲ ਜੁੜੇ ਹੋਏ ਸੱਥ ਦੇ ਵਿਦਿਆਰਥੀ ਆਗੂ ਜੁਝਾਰ ਸਿੰਘ ਨੇ ਕਿਹਾ ਕਿ ਪਿੰਡ ਸੇਖੋਵਾਲ ਦੀ ਗ੍ਰਾਮ ਸਭਾ ਵੱਲੋਂ ਪਾਇਆ ਗਿਆ ਇਹ ਮਤਾ ਲੋਕ ਅਵਾਜ਼ ਹੈ ਅਤੇ ਸਰਕਾਰ ਨੂੰ ਲੋਕਾਂ ਦੀ ਅਵਾਜ਼ ਸੁਣਦਿਆਂ ਇਸ ਜ਼ਮੀਨ ਵਿਚ ਇੰਡਸਟਰੀਅਲ ਪਾਰਕ ਲਾਉਣ ਦਾ ਫੈਂਸਲਾ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਜ਼ਮੀਨ ਵਿਚ ਇੰਡਸਟਰੀਅਲ ਪਾਰਕ ਬਣਨ ਨਾਲ ਇਕ ਪੂਰਾ ਵਸਦਾ ਪਿੰਡ ਸੇਖੋਵਾਲ, ਇਕ ਪੂਰਾ ਵਸਦਾ ਜੰਗਲ ਮੱਤੇਵਾੜਾ ਅਤੇ ਪੰਜਾਬ ਨੂੰ ਵਸਦਾ ਰੱਖਣ ਲਈ ਅਤਿ ਅਹਿਮ ਸਤਲੁੱਜ ਦਰਿਆ ਬਰਬਾਦ ਹੋ ਰਹੇ ਹਨ। ਉਹਨਾਂ ਕਿਹਾ ਕਿ ਉਹ ਇਸ ਸੰਘਰਸ਼ ਨੂੰ ਲੋਕਾਂ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਰੱਖਣਗੇ।