ਫੇਸਬੁੱਕ ਟਿੱਪਣੀ ਕਰਕੇ ਦੇਸ਼-ਧ੍ਰੋਹ ਦੇ ਦੋਸ਼ 'ਚ ਜੇਲ੍ਹ ਸੁੱਟੇ ਵਿਦਿਆਰਥੀਆਂ ਨੇ ਲਿਆ ਧਰਮ ਦਾ ਸਹਾਰਾ

ਫੇਸਬੁੱਕ ਟਿੱਪਣੀ ਕਰਕੇ ਦੇਸ਼-ਧ੍ਰੋਹ ਦੇ ਦੋਸ਼ 'ਚ ਜੇਲ੍ਹ ਸੁੱਟੇ ਵਿਦਿਆਰਥੀਆਂ ਨੇ ਲਿਆ ਧਰਮ ਦਾ ਸਹਾਰਾ

ਰੀਤੀਕਾ ਚੋਪੜਾ
14 ਫਰਵਰੀ, 2019 ਦਾ ਦਿਨ ਹਰੀਸ ਮਨਜ਼ੂਰ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਵਾਲਾ ਬਣ ਗਿਆ।

ਉਸ ਦਿਨ ਤੋਂ ਬਾਅਦ ਹੁਣ ਨੌ ਮਹੀਨੇ ਬਾਅਦ, ਮਨਜ਼ੂਰ ਇੱਕ ਬਦਲਿਆ ਹੋਇਆ ਇਨਸਾਨ ਹੈ। ਉਹ ਹੁਣ ਧਾਰਮਿਕ ਹੋ ਗਿਆ ਹੈ ਅਤੇ ਦਿਨ ਵਿੱਚ ਪੰਜ ਵਾਰ ਨਮਾਜ਼ ਪੜ੍ਹਦਾ ਹੈ। ਉਹ ਘਰੋਂ ਬਾਹਰ ਘੱਟ ਹੀ ਨਿਕੱਲਦਾ ਹੈ। ਅਤੇ, 20 ਸਾਲਾਂ ਦੇ ਨੌਜਵਾਨ ਲਈ ਬੜੀ ਵਿਲੱਖਣ ਜਿਹੀ ਗੱਲ ਹੈ, ਕਿ ਉਹ ਹੁਣ ਕਿਸੇ ਸੋਸ਼ਲ ਨੈਟਵਰਕਿੰਗ ਸਾਈਟ ਨੂੰ ਨਹੀਂ ਵਰਤਦਾ। 

ਪ੍ਰਧਾਨ ਮੰਤਰੀ ਸਪੈਸ਼ਲ ਸਕੋਲਰਸ਼ਿਪ ਸਕੀਮ ਅਧੀਨ ਬੈਂਗਲੁਰੂ ਵਿਖੇ ਨਰਸਿੰਗ ਦੀ ਪੜ੍ਹਾਈ ਕਰਦੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਦਾਹਾਮਾ ਪਿੰਡ ਦੇ ਮਨਜ਼ੂਰ ਨੇ ਕਿਹਾ, "ਮੇਰਾ ਧਰਮ ਨੇ ਮੈਨੂੰ ਉਸ ਮਾੜੇ ਸਮੇਂ ਤੋਂ ਬਾਹਰ ਨਿੱਕਲਣ ਲਈ ਸਹਿਜ ਸਿਖਾਇਆ।"

ਪੁਲਵਾਮਾ ਹਮਲੇ ਤੋਂ ਦੋ ਦਿਨ ਬਾਅਦ 16 ਫਰਵਰੀ ਵਾਲੇ ਦਿਨ ਮਨਜ਼ੂਰ ਨੂੰ ਉਸਦੇ ਦੋ ਦੋਸਤਾਂ ਮੁਸ਼ਤਾਕ (22) ਅਤੇ ਮਕਬੂਲ (24) ਸਮੇਤ ਦੇਸ਼ ਧ੍ਰੋਹ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ 'ਤੇ ਦੋਸ਼ ਸੀ ਕਿ ਇਹਨਾਂ ਆਪਣੇ ਇੱਕ ਜਮਾਤੀ ਨਾਲ ਫੇਸਬੁੱਕ 'ਤੇ ਪੁਲਵਾਮਾ ਹਮਲੇ ਬਾਰੇ ਬਹਿਸ ਕੀਤੀ ਸੀ।

7 ਮਹੀਨੇ ਬੈਂਗਲੁਰੂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਰੱਖੇ ਜਾਣ ਮਗਰੋਂ, ਮਨਜ਼ੂਰ ਨੂੰ 20 ਸਤੰਬਰ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਤੇ ਉਹ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਦਾ ਸੰਘਰਸ਼ ਕਰ ਰਿਹਾ ਹੈ।

ਉਸ ਨੂੰ ਨਰਸਿੰਗ ਕਾਲਜ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਉਸ ਦੀ ਸਕੋਲਰਸ਼ਿਪ ਬੰਦ ਕਰ ਦਿੱਤੀ ਗਈ। ਅਤੇ ਇਸ ਸਮੇਂ ਦੌਰਾਨ ਜਿੱਥੇ ਉਹ ਆਪਣੀ ਬੇਗੁਨਾਹੀ ਸਾਬਿਤ ਕਰਨ ਲਈ ਅਦਾਲਤੀ ਸੁਣਵਾਈਆਂ 'ਤੇ ਹਾਜ਼ਰੀ ਭਰ ਰਿਹਾ ਸੀ ਉੱਥੇ ਹੀ ਸਰਕਾਰ ਨੂੰ ਉਸਦੀ ਸਕੋਲਰਸ਼ਿਪ ਬਹਾਲ ਕਰਨ ਲਈ ਅਤੇ ਕਾਲਜ ਤੋਂ ਬਰਖਾਸਤਗੀ ਖਤਮ ਕਰਨ ਲਈ ਅਪੀਲਾਂ ਕਰ ਰਿਹਾ ਸੀ।

ਮਨਜ਼ੂਰ ਦੀ ਸ਼ਿਕਾਇਤ ਕਰਨ ਵਾਲੇ ਸਪੂਰਥੀ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਨੇ ਬਾਬੂ ਧਰਮਰਾਜ ਨੇ ਕਿਹਾ, "ਜਦੋਂ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਸਾਨੂੰ ਨਹੀਂ ਪਤਾ ਸੀ ਕਿ ਇਹ ਮਾਮਲਾ ਦੇਸ਼-ਧ੍ਰੋਹ ਦਾ ਬਣ ਜਾਵੇਗਾ।" ਗ੍ਰਿਫਤਾਰੀ ਮੌਕੇ ਮਨਜ਼ੂਰ ਬੀਐਸਸੀ (ਨਰਸਿੰਗ) ਦੇ ਦੂਜੇ ਸਾਲ ਅਤੇ ਮੁਸ਼ਤਾਕ ਨਰਸਿੰਗ ਦੀ ਜਨਰਲ ਡਿਗਰੀ ਦਾ ਵਿਦਿਆਰਥੀ ਸੀ। ਮਕਬੂਲ ਚਿੱਨਾਈ ਕਾਲਜ ਆਫ ਨਰਸਿੰਗ ਦਾ ਵਿਦਿਆਰਥੀ ਸੀ।

ਪਿੰ੍ਰਸੀਪਲ ਨੇ ਕਿਹਾ, "ਮਨਜ਼ੂਰ ਅਤੇ ਮੁਸ਼ਤਾਕ ਪੜ੍ਹਾਈ ਵਿੱਚ ਅਤੇ ਸੁਭਾਅ ਦੇ ਚੰਗੇ ਸਨ। ਉਸ ਘਟਨਾ ਵਾਲੇ ਦਿਨ ਤੱਕ ਉਹਨਾਂ ਖਿਲਾਫ ਕਦੇ ਕੋਈ ਅਨੁਸ਼ਾਸਨੀ ਮਾਮਲਾ ਨਹੀਂ ਹੋਇਆ ਸੀ।"

ਧਰਮਰਾਜ ਦੇ ਦੱਸਣ ਮੁਤਾਬਿਕ 14 ਫਰਵਰੀ ਸ਼ਾਮ ਨੂੰ ਪੁਲਵਾਮਾ ਹਮਲੇ ਦੀ ਖਬਰ ਆਉਣ ਤੋਂ ਕੁੱਝ ਸਮਾਂ ਬਾਅਦ ਕਾਲਜ ਦੇ ਤੀਜੇ ਸਾਲ ਦੇ ਇੱਕ ਵਿਦਿਆਰਥੀ ਨੇ ਫੇਸਬੁੱਕ 'ਤੇ ਇਸ ਹਮਲੇ ਦਾ ਬਦਲਾ ਲੈਣ ਲਈ ਪੋਸਟ ਪਾਈ ਜਿਸ ਪੋਸਟ 'ਤੇ ਮਨਜ਼ੂਰ, ਮਕਬੂਲ ਅਤੇ ਮੁਸ਼ਤਾਕ ਦੀ ਬਹਿਸ ਹੋ ਗਈ।

ਅਗਲੇ ਦਿਨ ਕਾਲਜ ਮੈੱਸ ਵਿੱਚ ਵਿਦਿਆਰਥੀਆਂ ਦੀ ਝੜਪ ਹੋ ਗਈ। 16 ਫਰਵਰੀ ਨੂੰ, ਇਹਨਾਂ ਤਿੰਨਾਂ ਵਿਦਿਆਰਥੀਆਂ ਅਤੇ ਦੇਬਨਾਥ ਨੂੰ ਪ੍ਰਿੰਸੀਪਲ ਦਫਤਰ ਬੁਲਾਇਆ ਗਿਆ। ਮਨਜ਼ੂਰ ਨੇ ਕਿਹਾ, "ਉਸ ਸਮੇਂ ਤੱਕ ਇਹ ਸਿਰਫ ਵਿਦਿਆਰਥੀਆਂ ਦੀ ਆਪਸੀ ਲੜਾਈ ਸੀ। ਅਸੀਂ ਹੈਰਾਨ ਹੋ ਗਏ ਜਦੋਂ ਕਾਲਜ ਪ੍ਰਸ਼ਾਸਨ ਨੇ ਕਾਲਜ ਵਿੱਚ ਪੁਲਿਸ ਬੁਲਾ ਲਈ।"

ਇਸ ਤੋਂ ਕੁੱਝ ਘੰਟਿਆਂ ਵਿੱਚ ਹੀ, ਪ੍ਰਿੰਸੀਪਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾ ਕੇ ਮਨਜ਼ੂਰ ਅਤੇ ਉਸਦੇ ਦੋਸਤਾਂ ਮੁਸ਼ਤਾਕ ਅਤੇ ਮਕਬੂਲ ਖਿਲਾਫ ਭਾਰਤੀ ਫੌਜ ਬਾਰੇ ਸੁਨੇਹੇ ਭੇਜਣ ਅਤੇ ਰਾਸ਼ਟਰੀ ਅਖੰਡਤਾ ਨੂੰ ਭੰਗ ਕਰਨ ਲਈ "ਜ਼ਰੂਰੀ ਕਾਨੂੰਨੀ ਕਾਰਵਾਈ" ਕਰਨ ਵਾਸਤੇ ਕਿਹਾ। 

ਕਾਲਜ ਵਿੱਚ ਪੁਲਿਸ ਬੁਲਾਉਣ ਨੂੰ ਜਾਇਜ਼ ਦੱਸਣ ਲਈ ਪ੍ਰਿੰਸੀਪਲ ਧਰਮਰਾਜ ਨੇ ਕਿਹਾ, "ਲੋਕ ਸਾਡੇ ਕਾਲਜ ਬਾਹਰ ਪ੍ਰਦਰਸ਼ਨ ਕਰ ਰਹੇ ਸਨ।" ਉਹਨਾਂ ਕਿਹਾ, "ਅਫਵਾਹਾਂ ਫੈਲ ਰਹੀਆਂ ਸਨ ਕਿ ਸਾਡੇ ਕਾਲਜ ਵਿੱਚ ਕਸ਼ਮੀਰੀ ਵਿਦਿਆਰਥੀ ਪੁਲਵਾਮਾ ਹਮਲੇ 'ਤੇ ਖੁਸ਼ੀ ਮਨਾ ਰਹੇ ਹਨ। ਸਾਨੂੰ ਆਪਣੇ ਬਾਕੀ ਵਿਦਿਆਰਥੀ ਦੀ ਸੁਰੱਖਿਆ ਲਈ ਪੁਲਿਸ ਬੁਲਾਉਣੀ ਪਈ।"

'ਕਿਸ ਨੇ ਸੋਚਿਆ ਸੀ ਕਿ ਇਹ ਹੋ ਜਾਵੇਗਾ'

ਬੈਂਗਲੁਰੂ ਵਿਖੇ ਆਪਣੇ ਵਕੀਲ ਦੇ ਦਫਤਰ ਵਿੱਚ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਮਨਜ਼ੂਰ ਨੇ ਕਿਹਾ ਉਸਨੂੰ ਹੁਣ ਵੀ ਯਾਦ ਹੈ, "ਉਹ ਸਮਾਂ ਜਦੋਂ ਮੈਂ ਆਪਣੇ ਹੱਥ ਵਿੱਚ ਆਪਣੇ ਬਾਰੇ ਲਿਖੀ ਜਾਣਕਾਰੀ ਦੀ ਸਲੇਟ ਫੜ੍ਹੀ ਖੜ੍ਹਾ ਸੀ ਤੇ ਪੁਲਿਸ ਅਫਸਰ ਮੇਰੀਆਂ ਤਸਵੀਰਾਂ ਖਿੱਚ ਰਹੇ ਸਨ।" ਉਸਨੇ ਕਿਹਾ, "ਮੈਂ ਅਜਿਹਾ ਸਿਰਫ ਫਿਲਮਾਂ ਵਿੱਚ ਹੀ ਦੇਖਿਆ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ।"

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀਆਂ ਵੱਖ-ਵੱਖ ਥਾਵਾਂ 'ਤੇ ਕਈ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਲਜਾਂ ਤੋਂ ਕੱਢ ਦਿੱਤਾ ਗਿਆ ਜਾਂ ਬਰਖਾਸਤ ਕਰ ਦਿੱਤਾ ਗਿਆ ਅਤੇ ਕਈਆਂ 'ਤੇ ਸੋਸ਼ਲ ਮੀਡੀਆ ਉਤੇ ਦੇਸ਼ ਵਿਰੋਧੀ ਪੋਸਟਾਂ ਪਾਉਣ ਦੇ ਦੋਸ਼ ਹੇਠ ਦੇਸ਼-ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ।

ਮਨਜ਼ੂਰ ਨੇ ਦੱਸਿਆ ਕਿ ਉਸਨੂੰ ਕਾਲਜ ਦੇ ਸਮੇਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਕਾਲਜ ਦੀ ਵਰਦੀ ਵਿਚ ਹੀ ਉਸਨੂੰ ਜੇਲ੍ਹ ਲਿਜਾਇਆ ਗਿਆ। ਉਸਨੇ ਕਿਹਾ, "ਕੌਣ ਚਾਹੇਗਾ ਕਿ ਉਸ ਨਾਲ ਅਜਿਹਾ ਹੋਵੇ। ਜੇਲ੍ਹ ਵਿੱਚ ਪਹਿਲੇ ਕੁੱਝ ਦਿਨ ਅਸੀਂ ਰੋ ਕੇ ਬਤੀਤ ਕੀਤੇ।"

ਮਨਜ਼ੂਰ ਨੇ ਕਿਹਾ, “ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ 'ਤੇ ਕੀ ਦੋਸ਼ ਲਾਏ ਹਨ ਤਾਂ ਅਸੀਂ ਹੋਰ ਦੁੱਖ ਵਿੱਚ ਡੁੱਬ ਗਏ। ਦੇਸ਼-ਧ੍ਰੋਹ ਦੇ ਦੋਸ਼ਾਂ ਬਾਰੇ ਸਾਨੂੰ ਹਫਤੇ ਬਾਅਦ ਪਤਾ ਲੱਗਿਆ ਜਦੋਂ ਮੇਰਾ ਭਰਾ ਸਾਨੂੰ ਮਿਲਣ ਲਈ ਜੇਲ੍ਹ ਆਇਆ।" ਉਸ ਦੇ ਭਰਾ ਮੁਦਾਸਿਰ ਨੂੰ ਆਪਣੇ ਭਰਾ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਬੇਂਗਲੁਰੂ ਰਹਿਣ ਕਰਕੇ ਆਪਣੀ ਪੜ੍ਹਾਈ ਵਿਚਾਲੇ ਛੱਡਣੀ ਪਈ। 

ਮਨਜ਼ੂਰ ਮੁਤਾਬਿਕ, ਇਹ ਸਮਾਂ ਸੀ ਜਦੋਂ ਤਿੰਨ ਲੋਕਾਂ ਨੇ ਮਦਦ ਲਈ ਧਰਮ ਦਾ ਸਹਾਰਾ ਲਿਆ। ਉਸਨੇ ਕਿਹਾ, "ਜੇਲ੍ਹ ਪ੍ਰਸ਼ਾਸਨ ਸਾਡੇ ਨਾਲ ਸਹਿਯੋਗ ਕਰਦਾ ਸੀ। ਨਾਲ ਦੇ ਕੈਦੀਆਂ ਨੇ ਸਾਨੂੰ ਪੜ੍ਹਨ ਲਈ ਕਿਤਾਬਾਂ ਦਿੱਤੀਆਂ। ਅਸੀਂ ਉੱਥੇ ਕੁਰਾਨ ਅਤੇ ਸਾਹੀ ਅਲ-ਬੁਖਾਰੀ ਪੜ੍ਹੀਆਂ। ਅਸੀਂ ਦਿਨ ਵਿੱਚ ਪੰਜ ਵਾਰ ਨਮਾਜ਼ ਪੜ੍ਹਨ ਲੱਗੇ। ਉਸ ਨੇ ਸਾਨੂੰ ਸਹਿਜ ਦਿੱਤਾ ਅਤੇ ਜ਼ਮਾਨਤ ਦੀ ਇੱਕ ਆਸ ਜਗਾਈ।"

ਮਾਰਚ ਮਹੀਨੇ ਉਹਨਾਂ ਦੀ ਜ਼ਮਾਨਤ ਦੀ ਪਹਿਲੀ ਅਪੀਲ ਰੱਦ ਹੋ ਗਈ ਸੀ, ਪਰ 20 ਸਤੰਬਰ ਨੂੰ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਆਪਣੇ ਫੈਂਸਲੇ ਵਿੱਚ ਕਿਹਾ, "ਦੋਸਤਾਂ ਦਰਮਿਆਨ ਫੇਸਬੁੱਕ ਬਹਿਸ ਤੋਂ ਬਿਨ੍ਹਾ, ਦੋਸ਼ੀ ਨੰ. 1 ਤੋਂ 3 ਖਿਲਾਫ ਕੋਈ ਗੰਭੀਰ ਦੋਸ਼ ਨਹੀਂ ਬਣਦਾ। ਦੋਸ਼ੀ ਨੰ. 1 ਤੋਂ 3 ਦੀ ਉਮਰ ਅਤੇ ਉਹਨਾਂ ਦੀ ਪੜ੍ਹਾਈ ਦੇ ਤੱਥਾਂ ਨੂੰ ਦੇਖਦਿਆਂ, ਮੈਂ ਮਹਿਸੂਸ ਕਰਦਾਂ ਹਾਂ ਕਿ ਦੋਸ਼ੀ ਨੰ. 1 ਤੋਂ 3 ਦੇ ਭਵਿੱਖ ਲਈ ਉਹਨਾਂ ਨੂੰ ਸਖਤ ਸ਼ਰਤਾਂ ਉੱਤੇ ਜ਼ਮਾਨਤ 'ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਜੰਮੂ ਕਸ਼ਮੀਰ ਨਾਲ ਸਬੰਧ ਰੱਖਦੇ ਹਨ।"

ਇਹਨਾਂ ਨੂੰ ਪ੍ਰਤੀ ਵਿਅਕਤੀ 1 ਲੱਖ ਰੁਪਏ ਮੁਚੱਲਕੇ ਅਤੇ 25,000 ਰੁਪਏ ਨਗਦ ਭਰੋਸਗੀ 'ਤੇ ਜ਼ਮਾਨਤ ਦਿੱਤੀ ਗਈ। ਇਸ ਤੋਂ ਇਲਾਵਾ ਸ਼ਰਤ ਲਾਈ ਗਈ ਕਿ ਉਹ ਅਦਾਲਤ ਦੇ ਖੇਤਰ ਤੋਂ ਬਾਹਰ ਨਹੀਂ ਜਾਣਗੇ ਅਤੇ ਹਰ ਮਹੀਨੇ ਪੁਲਿਸ ਥਾਣੇ ਹਾਜ਼ਰੀ ਲਵਾਉਣਗੇ ਅਤੇ ਅਦਾਲਤ ਦੀਆਂ ਸਾਰੀਆਂ ਸੁਣਵਾਈਆਂ ਵਿੱਚ ਹਾਜ਼ਰ ਰਹਿਣਗੇ। ਮਾਮਲੇ ਦੀ ਅਗਲੀ ਸੁਣਵਾਈ ਅੱਜ ਸੋਮਵਾਰ ਨੂੰ ਹੈ।

'ਲਗਦਾ ਹੈ ਕਿ ਹੌਲੀ-ਹੌਲੀ ਵੱਡਾ ਹੋ ਰਿਹਾ ਹਾਂ'

ਕਿਉਂਕਿ ਮਨਜ਼ੂਰ ਮਾਮਲਾ ਖਤਮ ਹੋਣ ਤੱਕ ਕਸ਼ਮੀਰ ਆਪਣੇ ਘਰ ਵਾਪਿਸ ਨਹੀਂ ਜਾ ਸਕਦਾ, ਉਸਦਾ ਬੇਂਗਲੂਰੂ ਰਹਿਣ ਦਾ ਖਰਚ ਕੁਪਵਾੜਾ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਉਸਦੇ ਪਿੱਤਾ ਚੁੱਕ ਰਹੇ ਹਨ। ਉਹ ਮਕਬੂਲ ਅਤੇ ਮੁਸ਼ਤਾਕ ਨਾਲ ਆਪਣਾ ਜ਼ਿਆਦਾ ਸਮਾਂ ਬੇਂਗਲੁਰੂ ਵਿੱਚਲੇ ਆਪਣੇ ਕਮਰੇ ਵਿੱਚ ਹੀ ਬਤੀਤ ਕਰਦਾ ਹੈ।"

ਬਾਹਰ ਹਮਲੇ ਦੇ ਡਰ ਦਾ ਖਦਸ਼ਾ ਪ੍ਰਗਟ ਕਰਦਿਆਂ ਮਨਜ਼ੂਰ ਨੇ ਕਿਹਾ, "ਅਸੀਂ 7 ਮਹੀਨੇ ਜੇਲ੍ਹ ਦੀ ਕੋਠੜੀ ਵਿੱਚ ਇਕੱਠੇ ਰਹੇ। ਸਾਨੂੰ ਬਾਹਰ ਘੁੰਮਣ ਦੀ ਤਲਬ ਨਹੀਂ ਹੁੰਦੀ ਹੁਣ। ਅਸੀਂ ਇੱਕ ਦੂਜੇ ਦੀ ਸੰਗਤ ਮਾਣਦੇ ਹਾਂ।" ਮਕਬੂਲ ਅਤੇ ਮੁਸ਼ਤਾਕ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਮਨਜ਼ੂਰ ਨੇ ਜ਼ਮਾਨਤ ਮਿਲਣ ਤੋਂ ਬਾਅਦ 4 ਵਾਰ ਕਾਲਜ ਨੂੰ ਬੇਨਤੀਆਂ ਕੀਤੀਆਂ ਹਨ ਕਿ ਉਸ ਨੂੰ ਪੜ੍ਹਨ ਦੀ ਦੁਬਾਰਾ ਪ੍ਰਵਾਨਗੀ ਦਿੱਤੀ ਜਾਵੇ ਪਰ ਇਹ ਮਨਜ਼ੂਰੀ ਵੀ ਨਹੀਂ ਮਿਲੀ। 

(ਨੋਟ: ਇਹ ਲੇਖ ਮੂਲ ਰੂਪ ਵਿੱਚ ਅੰਗਰੇਜ਼ੀ ਭਾਸ਼ਾ 'ਚ ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ ਛਪਿਆ ਸੀ ਜਿਸ ਦਾ ਪੰਜਾਬੀ ਤਰਜ਼ਮਾ ਅਸੀਂ ਪਾਠਕਾਂ ਦੇ ਪੜ੍ਹਨ ਲਈ ਛਾਪ ਰਹੇ ਹਾਂ।)